Headlines News :
Home » » ਅਜ਼ਾਦੀ ਦਾ ਪ੍ਰਵਾਨਾ ਸ਼ਹੀਦ ਊਧਮ ਸਿੰਘ - ਕੰਵਲਜੀਤ ਕੌਰ ਢਿੱਲੋ

ਅਜ਼ਾਦੀ ਦਾ ਪ੍ਰਵਾਨਾ ਸ਼ਹੀਦ ਊਧਮ ਸਿੰਘ - ਕੰਵਲਜੀਤ ਕੌਰ ਢਿੱਲੋ

Written By Unknown on Thursday 14 August 2014 | 08:54

ਪੰਜਾਬ ਦੀ ਧਰਤੀ ਨੂੰ ਗੁਰੂਆਂ, ਪੀਰਾਂ, ਯੋਧਿਆਂ ਅਤੇ ਸ਼ਹੀਦਾ ਦੀ ਧਰਤੀ ਹੋਣ ਦਾ ਮਾਣ ਹਾਸਿਲ ਹੈ। ਇਸ ਧਰਤੀ ਨੇ ਅਜਿਹੇ ਸੂਰਮਿਆਂ ਨੂੰ ਜਨਮ ਦਿੱਤਾ ਜਿੰਨ੍ਹਾਂ ਦੇਸ਼ ਨੂੰ ਅਜ਼ਾਦ ਕਰਾਉਣ ਦੀ ਖਾਤਿਰ ਹੱਸਦਿਆਂ -ਹੱਸਦਿਆਂ ਆਪਣੀਆਂ ਜਾਨਾਂ ਵਾਰ ਦਿੱਤੀਆਂ। ਫ਼ਾਂਸੀ ਚੜ੍ਹਨ ਲੱਗਿਆ ਫ਼ਾਸੀ ਦੇ ਰੱਸੇ ਨੂੰ ਚੁੰਮਦਿਆਂ ਆਪਣੇ ਗੱਲ ਵਿੱਚ ਆਪਣੇ ਹੱਥੀ ਆਪ ਪਾਇਆ ਅਤੇ ਮੌਤ ਨੂੰ ਮੌਤ ਨਾ ਸਮਝ ਲਾੜੀ ਸਮਝਿਆ। ਇਹੋ ਜਿਹੇ  ਸ਼ਹੀਦਾ ਵਿੱਚੋ ਹੀ ਇੱਕ ਸੀ ਸ਼ਹੀਦ ਊਧਮ ਸਿੰਘ।
ਸ਼ਹੀਦ ਊਧਮ ਸਿੰਘ ਦਾ ਜਨਮ 26 ਦਸੰਬਰ 1899 ਈ.ਨੂੰ ਸੁਨਾਮ(ਪੰਜਾਬ) ਵਿੱਚ ਸ. ਟਹਿਲ ਸਿੰਘ ਦੇ ਘਰ ਹੋਇਆ। ਸ.ਟਹਿਲ ਸਿੰਘ ਰੇਲਵੇ ਫਾਟਕ ਤੇ ਡਿਊਟੀ ਕਰਦਾ ਸੀ। ਊਧਮ ਸਿੰਘ ਦੇ ਬਚਪਨ ਦਾ ਨਾਂ ਸ਼ੇਰ ਸਿੰਘ ਸੀ ਅਤੇ ਉਸਦਾ ਇੱਕ ਭਰਾ ਮੁਕਤਾ ਸਿੰਘ ਸੀ। ਸ਼ੇਰ ਸਿੰਘ ਅਤੇ ਉਸਦੇ ਭਰਾ ਤੇ ਮੁਸੀਬਤਾਂ ਦਾ ਪਹਾੜ ਉਸ ਵੇਲੇ ਡਿੱਗਾ ਜਦੋਂ ਉਹਨਾਂ ਦੇ ਮਾਤਾ -ਪਿਤਾ ਬਚਪਨ ਵਿਚ ਹੀ ਪ੍ਰਲੋਕ ਸੁਧਾਰ ਗਏ। ਇਸ ਸਮੇਂ ਸ਼ੇਰ ਸਿੰਘ ਦੀ ਉਮਰ ਕੇਵਲ ਸੱਤ ਸਾਲ ਸੀ।24 ਅਕਤੂਬਰ 1907 ਨੂੰ ਸ਼ੇਰ ਸਿੰਘ ਅਤੇ ਉਸਦਾ ਭਰਾ ਮੁਕਤਾ ਸਿੰਘ ਅੰਮ੍ਰਿਤਸਰ ਦੇ ਸੈਂਟਰਲ ਖਾਲਸਾ ਯਤੀਮਖਾਨੇ ਪਹੁੰਚ ਗਏ। ਯਤੀਮਖਾਨੇ ਦੇ ਨਿਯਮਾਂ ਅਨੁਸਾਰ ਸ਼ੇਰ ਸਿੰਘ ਦਾ ਨਾਮ ਬਦਲ ਕੇ ਊਧਮ ਸਿੰਘ ਅਤੇ ਮੁਕਤਾ ਸਿੰਘ ਦਾ ਨਾਮ ਬਦਲ ਕੇ ਸਾਧੂ ਸਿੰਘ ਰੱਖ ਦਿੱਤਾ ਗਿਆ।ਦੁਨੀਆਂ ਵਿੱਚ ਮੌਜੂਦ ਖੂਨ ਦਾ ਇੱਕੋ ਇੱਕ ਰਿਸ਼ਤਾ ਵੀ ਉਸ ਵੇਲੇ ਖਤਮ ਹੋ ਗਿਆ ਜਦੋਂ 1917 ਵਿੱਚ ਸਾਧੂ ਸਿੰਘ ਦੀ ਮੌਤ ਹੋ ਗਈ।
13 ਅਪ੍ਰੈਲ 1919 ਈ. ਨੂੰ ਅੰਮ੍ਰਿਤਸਰ ਦੇ ਜਲ੍ਹਿਆਵਾਲੇ ਬਾਗ ਵਿੱਚ ਸ਼ਾਨਤੀਪੂਰਵਕ ਇੱਕਠੇ ਹੋਏ ਨਿਹੱਥੇ ਲੋਕਾਂ ਦੇ ਭਾਰੀ ਇੱਕਠ ਉਪਰ ਜਨਰਲ ਰੀਜਨਲਡ ਐਡਵਰ ਹੈਰੀ ਡਾਇਰ ਦੁਆਰਾ ਅੰਨੇਵਾਹ ਗੋਲੀਆਂ ਦੀ ਬੁਛਾਰ ਕੀਤੀ ਗਈ। ਇਸ ਇਕੱਠ ਵਿਚ ਸ਼ਾਮਿਲ ਮਸੂਮ ਬੱਚੇ, ਬਜ਼ੁਰਗ, ਮਰਦ ਅਤੇ ਔਰਤਾਂ ਵਿੱਚ ਗੋਲੀਆਂ ਚੱਲਣ ਕਾਰਨ ਭੱਜ-ਦੜ ਮੱਚ ਗਈ। ਤਰਾਸਦੀ ਇਹ ਸੀ ਕਿ ਜਲ੍ਹਿਆਵਾਲੇ ਬਾਗ ਦਾ ਇੱਕ ਹੀ ਦਰਵਾਜਾ ਹੋਣ ਕਾਰਨ ਲੋਕ ਆਪਣੀਆਂ ਜਾਨਾਂ ਨਾ ਬਚਾ ਪਾਏ। ਬਹੁਤ ਸਾਰੇ ਲੋਕਾਂ ਖੂਹ ਵਿੱਚ ਛਾਲਾਂ ਮਾਰ ਦਿੱਤੀਆ ਅਤੇ ਇੱਕ ਹਜ਼ਾਰ ਤੋਂ ਵੱਧ ਮਜ਼ਲੂਮ ਲੋਕ ਗੋਲੀਆਂ ਦਾ ਸ਼ਿਕਾਰ ਹੋ ਗਏ। ਜਲ੍ਹਿਆਵਾਲੇ ਬਾਗ ਦੀਆਂ ਕੰਧਾਂ ਤੇ ਮੌਜ਼ੂਦ ਗੋਲੀਆਂ ਦੇ ਨਿਸ਼ਾਨ ਅੱਜ ਵੀ ਉਸ ਦਿਲ ਕੰਂਬਾਊ ਘਟਨਾ ਦਾ ਪ੍ਰਤੱਖ ਪ੍ਰਮਾਣ ਹਨ। ਇਸ ਅਣਮਨੁੱਖੀ ਘਟਨਾ ਦੀ ਖਬਰ ਜੰਗਲ ਦੀ ਅੱਗ ਵਾਂਗ ਚਾਰ - ਚੁਫ਼ੇਰੇ ਫੈਲਣ ਦੇ ਨਾਲ-ਨਾਲ ਸੱਤ ਸਮੁੰਦਰ ਪਾਰ ਦੁਨੀਆਂ ਦੇ ਕੋਨੇ-ਕੋਨੇ ਵਿਚ ਪਹੁੰਚ ਗਈ। ਇਸ ਮੰਦਭਾਗੀ ਘਟਨਾ ਦੇ ਕਾਰਨ ਨੌਜਵਾਨ ਵਰਗ ਵਿੱਚ ਬਗਾਵਤ ਦੀ ਲਹਿਰ ਹੋਰ ਜੋੜ ਫੜ ਗਈ। ਇਹਨਾਂ ਨੌਜਵਾਨਾ ਵਿੱਚੋ ਹੀ ਇੱਕ ਨਾਮ ਸ਼ਹੀਦ ਊਧਮ ਸਿੰਘ ਦਾ ਸੀ। ਜਿਸ ਦੇ ਦਿਲ-ਦਿਮਾਗ ਤੇ ਇਸ ਘਟਨਾ ਨੇ ਬਹੁਤ ਡੂੰਘਾ ਪ੍ਰਭਾਵ ਪਾਇਆ ਅਤੇ ਉਹ ਬਦਲੇ ਦੀ ਚਿਣਗ ਨੂੰ ਦਿਲ ਵਿੱਚ ਲੈ ਅਜਾਦੀ ਦੇ ਰਾਹ ਤੇ ਤੁਰ ਪਿਆ।
1920 ਵਿੱਚ ਊਧਮ ਸਿੰਘ ਭਾਰਤ ਨੂੰ ਛੱਡ ਅਮਰੀਕਾ ਚਲਿਆ ਗਿਆ। ਊਧਮ ਸਿੰਘ ਦੇ ਜੀਵਨ ਉਪਰ ਸ. ਭਗਤ ਸਿੰਘ ਦਾ ਬਹੁਤ ਜਿਆਦਾ ਪ੍ਰਭਾਵ ਪਿਆ। ਉਹ ਸ.ਭਗਤ ਸਿੰਘ ਦੀ ਤਰ੍ਹਾਂ ਹੀ ਗਰਮ ਖਿਆਲੀ ਕ੍ਰਾਂਤੀਕਾਰੀ ਸੀ। ਊਧਮ ਸਿੰਘ ਸੰਨ 1924 ਵਿਚ ਵਿਦੇਸ਼ਾਂ ਵਿਚ ਭਾਰਤ ਦੀ ਅਜ਼ਾਦੀ ਦੀ ਲੜਾਈ ਲੜਨ ਵਾਲੀ ਗਦਰ ਪਾਰਟੀ ਵਿਚ ਸ਼ਾਮਿਲ ਹੋ ਗਿਆ। ਸ.ਭਗਤ ਸਿੰਘ ਦੇ ਕਹਿਣ ਉੱਤੇ 27 ਜੁਲਾਈ 1927 ਨੂੰ ਊਧਮ ਸਿੰਘ ਆਪਣੇ ਸਾਥੀਆਂ ਅਤੇ ਕੁੱਝ ਅਸਲੇ ਸਮੇਤ ਭਾਰਤ ਵਾਪਸ ਆ ਗਿਆ।30ਅਗਸਤ 1927 ਨੂੰ ਗੈਰ ਕੰਨੂਨੀ ਅਸਲਾ ਰੱਖਣ ਦੇ ਦੋਸ਼ ਵਿੱਚ ਊਧਮ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਿਸ ਵਿੱਚ ਉਸ ਨੂੰ 4 ਸਾਲ ਦੀ ਕੈਦ ਹੋ ਗਈ।ਜਦੋਂ ਭਗਤ ਸਿੰਘ ਨੂੰ ਫ਼ਾਂਸੀ ਦਿੱਤੀ ਗਈ ਤਾਂ ਉਸ ਸਮੇਂ ਊਧਮ ਸਿੰਘ ਜੇਲ੍ਹ ਵਿੱਚ ਸੀ।ਸੰਨ 1931 ਵਿਚ ਆਪਣੀ ਸਜਾ ਪੂਰੀ ਕਰ ਜਦੋਂ ਊਧਮ ਸਿੰਘ ਜੇਲ੍ਹ ਵਿੱਚੋਂ ਬਾਹਰ ਆਇਆ ਤਾਂ ਉਹ ਸੁਨਾਮ ਜਾ ਕੇ ਰਹਿਣ ਲੱਗਾ।ਪਰ ਸੁਨਾਮ ਦੀ ਪੁਲਿਸ ਦੁਆਰਾ ਊਧਮ ਸਿੰਘ ਨੂੰ ਤੰਗ ਕੀਤਾ ਜਾਣ ਲੱਗਾ।ਊਧਮ ਸਿੰਘ ਦੁਬਾਰਾ ਅੰਮ੍ਰਿਤਸਰ ਆ ਕੇ ਰਹਿਣ ਲੱਗਾ ਜਿੱਥੇ ਉਸ ਨੇ ਪੇਂਟਰ ਦੀ ਦੁਕਾਨ ਖੋਲੀ।ਇਸ ਦੁਕਾਨ ਦਾ ਨਾਮ ਰਾਮ ਮੁਹੰਮਦ ਸਿੰਘ ਅਜ਼ਾਦ ਰੱਖਿਆ।ਇਹ ਨਾਮ ਊਧਮ ਸਿੰਘ ਦੁਆਰਾ ਧਰਮ-ਨਿਰਪੱਖ ਅਤੇ ਅਗਾਂਹਵਧੂ ਸੋਚ ਦਾ ਪ੍ਰਤੀਕ ਸੀ।ਅੰਮ੍ਰਿਤਸਰ ਤੋਂ ਬਾਅਦ ਕੁੱਝ ਦੇਰ ਕਸ਼ਮੀਰ ਵਿੱਚ ਰਹਿਣ ਤੋਂ ਪਿੱਛੋ ਊਧਮ ਸਿੰਘ ਘੁੰਮਦਾ -ਘੁੰਮਾਉਂਦਾ ਇੰਗਲੈਂਡ ਪਹੁੰਚ ਗਿਆ।ਇੰਗਲੈਂਡ ਪਹੁੰਚਣ ਤੱਕ ਜਲ੍ਹਿਆਵਾਲੇ ਬਾਗ ਦੇ ਸਾਕੇ ਦੀ ਚਿੰਗਆੜੀ ਜੋ 20 ਸਾਲ ਤੱਕ ਊਧਮ ਸਿੰਘ ਦੇ ਸੀਨੇ ਵਿੱਚ ਧੁੱਖਦੀ ਰਹੀ ਇੱਕ ਭਿਆਨਕ ਅੱਗ ਦਾ ਰੂਪ ਅਖਤਿਆਰ ਕਰ ਚੁੱਕੀ ਸੀ।
ਆਖਿਰ ਕਾਰ 13 ਮਾਰਚ 1940 ਨੂੰ ਉਹ ਦਿਨ ਆ ਗਿਆ ਜਿਸ ਦੀ ਊਧਮ ਸਿੰਘ 20 ਸਾਲਾਂ ਤੋਂ ਉਡੀਕ ਕਰ ਰਿਹਾ ਸੀ।13 ਮਾਰਚ 1940 ਨੂੰ ਸ਼ਾਮ ਦੇ 4:30 ਵਜੇਂ ਈਸਟ ਐਸੋਸੀਏਸ਼ਨ ਅਤੇ ਸੈਂਟਰਲ ਏਸ਼ੀਅਨ ਸੁਸਾਇਟੀ ਦੀ 10 ਕੈਕਸਟਨ ਹਾਲ ਲੰਡਨ ਵਿਖੇ ਮੀਟਿੰਗ ਹੋ ਰਹੀ ਸੀ।ਇਸ ਮੀਟਿੰਗ ਵਿੱਚ ਊਧਮ ਸਿੰਘ ਭੇਸ ਬਦਲ ਕੇ ਆਪਣੇ ਨਾਲ ਰਿਵਾਲਵਰ ਲਿਜਾਣ ਵਿੱਚ ਸਫਲ ਹੋਇਆ।ਜਦੋਂ ਮਾਈਕਲ ਅਡਵਾਈਰ ਜੋ ਜਲ੍ਹਿਆਵਾਲੇ ਬਾਗ ਦੇ ਸਾਕੇ ਦੌਰਾਨ ਪੰਜਾਬ ਦਾ ਗਵਰਨਰ ਸੀ ਮੀਟਿੰਗ ਨੂੰ ਸੰਬੋਧਨ ਕਰਨ ਲੱਗਾ ਤਾਂ ਊਧਮ ਸਿੰਘ ਨੇ ਆਪਣੇ ਰਿਵਾਲਵਰ ਵਿਚਲੀਆਂ ਛੇ ਗੋਲੀਆਂ ਉਸ ਉਪਰ ਦਾਗ ਦਿੱਤੀਆਂ।ਗੋਲੀਆਂ ਲੱਗਣ ਕਾਰਨ ਅਡਵਾਈਰ ਜਮੀਨ ਉੱਪਰ ਡਿੱਗ ਪਿਆ ’ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।ਲਾਰਡ ਜੈਂਟਲੈਂਡ ਜੋ ਭਾਰਤ ਦਾ ਸੈਂਕਟਰੀ ਸੀ ਗੋਲੀਆਂ ਲੱਗਣ ਨਾਲ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ।ਸ਼ਹੀਦ ਊਧਮ ਸਿੰਘ ਦੁਆਰਾ ਮਾਈਕਲ ਉਡਵਾਇਰ ਦਾ ਕਤਲ ਕਰਨ ਤੋਂ ਬਾਅਦ ਆਪਣੇ ਜੁਲਮ ਦਾ ਇਕਬਾਲ ਕਰਨਾ ਉਸ ਦੀ ਸੂਰਬੀਰਤਾ ਦੀ ਨਿਸ਼ਾਨੀ ਸੀ।ਗ੍ਰਿਫਤਾਰੀ ਸਮੇਂ ਊਧਮ ਸਿੰਘ ਇਹੀ ਕਹਿ ਰਿਹਾ ਸੀ ਕਿ ਉਸ ਨੇ ਆਪਣੇ ਦੇਸ਼ ਪ੍ਰਤੀ ਆਪਣਾ ਫ਼ਰਜ ਨਿਭਾਇਆ ਹੈ।ਜਦੋਂ ਉਸ ਕੋਲੋ ਉਸ ਦਾ ਨਾਮ ਪੁੱਛਿਆ ਗਿਆ ਤਾਂ ਊਧਮ ਸਿੰਘ ਨੇ ਆਪਣਾ ਨਾਮ ਰਾਮ ਮੁਹੰਮਦ ਸਿੰਘ ਅਜ਼ਾਦ ਦੱਸਿਆ।
ਸ਼ਹੀਦ ਊਧਮ ਸਿੰਘ ਵੱਲੋ ਮਾਈਕਲ ਉਡਵਾਇਰ ਦੇ ਕੀਤੇ ਕਤਲ ਨੂੰ ਵਿਸ਼ਵ ਪੱਧਰ ਦੀਆਂ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਕੀਤਾ ਗਿਆ।ਲੰਡਨ ਤੋਂ ਪ੍ਰਕਾਸ਼ਿਤ ਅਖ਼ਬਾਰ ’’ਦੀ ਟਾਈਮਜ਼ ਆਫ ਲੰਡਨ’’ਨੇ ਸ਼ਹੀਦ ਊਧਮ ਸਿੰਘ ਨੂੰ ’’ਅਜ਼ਾਦੀ ਦਾ ਲੜਾਕਾ’’ ਅਤੇ ਉਸ ਦੇ ਕਾਰਨਾਮੇ ਨੂੰ ਗੁਲਾਮ ਭਾਰਤੀਆਂ ਦੇ ਦੱਬੇ ਗੁੱਸੇ ਦਾ ਇਜ਼ਹਾਰ ਕਿਹਾ।ਜਰਮਨੀ ਦੇ ਰੇਡੀਓ ਤੋਂ ਵਾਰ -ਵਾਰ ਇਹੀ ਕਿਹਾ ਗਿਆ ਕਿ ’’ ਹਾਥੀਆਂ ਦੀ ਤਰ੍ਹਾਂ ਭਾਰਤੀ ਆਪਣੇ ਦੁਸ਼ਮਣਾਂ ਨੂੰ ਕਦੇ ਮੁਆਫ਼ ਨਹੀ ਕਰਦੇ, ਉਹ ਵੀਹ ਸਾਲ ਤੋਂ ਲੰਮੇ ਵਕਫ਼ੇ ਬਾਅਦ ਵੀ ਉਨ੍ਹਾਂ ਨੂੰ ਮਾਰ ਮੁਕਾਉਂਦੇ ਹਨ।’’ ਸੁਭਾਸ਼ ਚੰਦਰ ਬੋਸ ਦੁਆਰਾ ਊਧਮ ਸਿੰਘ ਦੇ ਇਸ ਕਾਰਨਾਮੇ ਦੀ ਪ੍ਰਸ਼ੰਸ਼ਾ ਕੀਤੀ ਗਈ।
ਪਹਿਲੀ ਅਪ੍ਰੈਲ 1940 ਨੂੰ ਊਧਮ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਦਿਆ ਗਿਆ।ਮਾਈਕਲ ਉਡਵਾਇਰ ਦੇ ਕਤਲ ਲਈ ਉਸ ਨੂੰ ਦੋਸ਼ੀ ਠਹਿਰਾਇਆ ਗਿਆ।4 ਜੂਨ 1940 ਸੈਟਰਲ ਕਰਿਮੀਨਲ ਕੋਰਟ, ਓਲਡ ਬੈਲੇ ਵਿਚ ਜਸਟਿਸ ਐਂਟਕਨਸਨ ਦੇ ਸਾਹਮਣੇ ਊਧਮ ਸਿੰਘ ਨੇ ਆਪਣੇ ਜੁਰਮ ਦਾ ਇਕਬਾਲ ਕੀਤਾ।ਜੱਜ ਦੁਆਰਾ ਮਾਈਕਲ ਉਡਵਾਇਰ ਦੇ ਕਤਲ ਦਾ ਕਾਰਨ ਪੁੱਛਣ ਤੇ ਊਧਮ ਸਿੰਘ ਨੇ ਜਵਾਬ ਦਿੱਤਾ ਕਿ ਉਹ ਸਾਡੇ ਦੇਸ਼ ਦਾ ਪੁਰਾਣਾ ਦੁਸ਼ਮਣ ਸੀ ਅਤੇ ਇਸ ਸਜ਼ਾ ਦਾ ਹੱਕਦਾਰ ਸੀ।ਇਸ ਪਿੱਛੋ ਜੱਜ ਨੇ ਊਧਮ ਸਿੰਘ ਨੂੰ ਮੌਤ ਦੀ ਸ਼ਜਾ ਸੁਣਾ ਦਿੱਤੀ ।31 ਜੁਲਾਈ 1940 ਨੂੰ ਊਧਮ ਸਿੰਘ ਨੂੰ ਪੈਟੋਨਵਿਲੇ ਜੇਲ੍ਹ ਲੰਡਨ ਵਿੱਚ ਫ਼ਾਂਸੀ ਦੇ ਦਿੱਤੀ ਗਈ ਅਤੇ ਉਸ ਦੀ ਮ੍ਰਿਤਕ ਦੇਹ ਨੂੰ ਜੇਲ੍ਹ ਦੇ ਅੰਦਰ ਹੀ ਦਬਾ ਦਿੱਤਾ ਗਿਆ।
ਬੇਸ਼ਕ ਪੰਜਾਬ ਦਾ ਇਹ ਮਹਾਨ ਸਪੂਤ 31 ਜੁਲਾਈ 1940 ਨੂੰ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਪਰ ਉਸਦੀ ਯਾਦ ਹਮੇਸ਼ਾ ਸਾਡੇ ਦਿਲਾਂ ਵਿੱਚ ਉਸਨੂੰ ਜੀਉਂਦਾ ਰੱਖੇਗੀ।ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਸਾਡੀਆ ਆਉਣ ਵਾਲੀਆਂ ਨਸਲਾਂ ਲਈ ਪ੍ਰੇਰਣਾ ਸ੍ਰੋਤ ਹੈ।
ਕੰਵਲਜੀਤ ਕੌਰ ਢਿੱਲੋ



ਤਰਨ ਤਾਰਨ          
 94787-93231         

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template