Headlines News :
Home » » ਚਿਤਰਕਾਰ ਤੋਂ ਸ਼ਾਇਰੀ ਦਾ ਸਫਰ ਤੈਅ ਕਰਨ ਵਾਲਾ ਕਲਾਕਾਰ ਸੁਖਵਿੰਦਰ ਰਾਜ - ਹੈਪੀ ਫਤੇਹਪੁਰੀਆ

ਚਿਤਰਕਾਰ ਤੋਂ ਸ਼ਾਇਰੀ ਦਾ ਸਫਰ ਤੈਅ ਕਰਨ ਵਾਲਾ ਕਲਾਕਾਰ ਸੁਖਵਿੰਦਰ ਰਾਜ - ਹੈਪੀ ਫਤੇਹਪੁਰੀਆ

Written By Unknown on Saturday 13 September 2014 | 00:09

ਸੁਖਵਿੰਦਰ ਰਾਜ ਸਿੰਘ ਦਾ ਜਨਮ ਪਿਤਾ ਸ੍ਰ. ਦਰਸ਼ਨ ਸਿੰਘ ਅਤੇ ਮਾਤਾ ਜਸਪਾਲ ਕੌਰ ਦੀ ਕੁੱਖੋਂ ਹੋਇਆ। ਜਿਲ੍ਹਾ ਮਾਨਸਾ ਵਿਚ ਜਨਮੇ ਸੁਖਵਿੰਦਰ ਨੂੰ ਬਚਪਨ ਤੋਂ ਹੀ ਕਲਾ ਅਤੇ ਸੱਭਿਆਚਾਰ ਨਾਲ ਬਹੁਤ ਪਿਆਰ ਰਿਹਾ ਹੈ। ਬਚਪਨ ਤੋਂ ਹੀ ਉਸਨੂੰ ਚਿਤਰਕਾਰੀ ਕਰਨ ਦਾ ਬਹੁਤ ਸ਼ੌਂਕ ਸੀ। ਰਾਤ ਨੂੰ ਸੋਂਦੇ ਸਮੇਂ ਖਿਆਲਾਂ ਵਿਚ ਕਿਸੇ ਫਿਲਮ ਜਾਂ ਕਿਸੇ ਨਾਟਕ ਦੀ ਕਲਪਨਾ ਕਰਨਾ, ਬਚਪਨ ਦੇ ਆੜੀਆਂ ਨਾਲ ਫਿਲਮ ਫਿਲਮ ਖੇਡਣਾਂ ਤੇ ਹਰ ਸਾਥੀ ਨੂੰ ਕੋਈ ਨਾ ਕੋਈ ਪਾਤਰ ਬਣਾ ਕੇ ਸ਼ੁਰੂ ਤੋਂ ਅਖੀਰ ਤੱਕ ਫਿਲਮ ਵਰਗੀ ਕਿਸੇ ਖੇਡ ਨੂੰ ਤਿਆਰ ਕਰਕੇ ਘਰ ਤੇ ਕੋਲ ਰੋਹੀਆਂ ਵਿਚ ਖੇਡਣਾ, ਚੱਲਦੀ ਬੱਸ ਦੀ ਤਾਕੀ ਵਿਚੋਂ ਲਹਿਰਾ ਰਹੇ ਖੇਤਾਂ ਨਾਲ ਗੱਲਾਂ ਕਰਨਾਂ ਤੇ ਗੁਣਗੁਣਾਉਣਾ, ਇਹ ਸਾਰੇ ਸ਼ੌਕ ਉਸ ਅੰਦਰ ਇਕ ਕਲਾਕਾਰ ਹੋਣ ਦਾ ਸਬੂਤ ਪੇਸ਼ ਕਰਦੇ ਹਨ। ਉਸ ਨੂੰ ਆਪਣੇ ਘਰ ਵਿਚ ਅਜਿਹਾ ਕੋਈ ਵੀ ਕਲਾਕਾਰੀ ਵਾਲਾ ਮਹੌਲ ਨਹੀਂ ਸੀ ਮਿਲਿਆ ਤੇ ਨਾ ਹੀ ਪਹਿਲਾਂ ਉਸਦੇ ਘਰ ਵਿਚ ਕੋਈ ਕਲਾਕਾਰ ਸੀ ਜਾਂ ਕਿਸੇ ਨੂੰ ਸ਼ੌਕ ਸੀ। ਅੱਠ ਜਮਾਤਾਂ ਪ੍ਰਾਈਵੇਟ ਸਕੂਲ ਵਿਚ ਪਾਸ ਕਰਨ ਤੋਂ ਬਾਅਦ ਉਸਨੇ ਆਪਣੀ ਬਾਰ੍ਹਵੀਂ ਤੱਕ ਦੀ ਪੜ੍ਹਾਈ ਸਰਕਾਰੀ ਸਕੂਲ (ਲੜਕੇ) ਮਾਨਸਾ ਤੋਂ ਪੂਰੀ ਕੀਤੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਪਣੀ ਗ੍ਰੇਜੂਏਸ਼ਨ ਪਾਸ ਕਰਨ ਤੋਂ ਬਾਅਦ ਅੱਜਕੱਲ੍ਹ ਉਹ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਦਾ ਵਿਦਿਆਰਥੀ ਹੈ। ਬਾਰ੍ਹਵੀਂ ਕਲਾਸ ਵਿਚ ਪੜ੍ਹਦਿਆਂ ਉਸਨੂੰ ਸ਼ਾਇਰੀ ਦਾ ਸ਼ੌਂਕ ਪੈ ਗਿਆ, ਸ਼ੌਂਕ ਦੇ ਜਨੂੰਨ ਬਣ ਜਾਣ ਤੋਂ ਬਾਅਦ ਉਸਨੇ ਸ਼ਾਇਰੀ ਵਿਚ ਮੁਹਾਰਤ ਹਾਸਲ ਕਰਨ ਲਈ ਖੂਬ ਮਿਹਨਤ ਕੀਤੀ। ਸ਼ੁਰੂ ਸ਼ੁਰੂ ਵਿਚ ਕੁਝ ਲੋਕਾਂ ਨੇ ਉਸਨੂੰ ਗੁਮਰਾਹ ਵੀ ਕੀਤਾ ਪਰ ਉਸਨੇ ਹਰ ਨਾਕਾਮਯਾਬੀ ਅਤੇ ਹਰ ਠੋਕਰ ਤੋਂ ਵੀ ਕੁਝ ਨਾ ਕੁਝ ਸਿੱਖਣ ਦੀ ਕੋਸ਼ਿਸ਼ ਕੀਤੀ। ਉਸ ਵਿਚ ਸਿੱਖਣ ਦੀ ਲਗਨ ਹੈ, ਸਿੱਖ ਕੇ ਕੰਮ ਕਰਨ ਦੀ ਲਗਨ ਹੈ।ਆਪਣੀ ਆਰਥਿਕ ਹਾਲਤ ਅਨੁਸਾਰ ਜਿੰਨੀਆਂ ਕੁ ਸਾਹਿਤਕ ਕਿਤਾਬਾਂ ਉਹ ਪੜ੍ਹ ਸਕਿਆ ਉਸਨੇ ਰੀਝ ਨਾਲ ਪੜ੍ਹੀਆਂ। ਸਾਲ 2012 ਵਿਚ ਆਈ ਧਾਰਮਿਕ ਐਲਬਮ ‘ਅਰਦਾਸਾਂ’ ਵਿਚ ਉਸਦੀ ਪਹਿਲੀ ਲਿਖੀ ਭੇਂਟ ਰਿਲੀਜ਼ ਹੋਈ, ਜੋ ਕਿ ਅਮ੍ਰਿਤ ਬਰਾੜ ਅਤੇ ਨੀਤੂ ਭੱਲਾ ਨੇ ਗਾਈ। ਇਹ ਐਲਬਮ ਜੈ ਮਾਂ ਫਿਲਮਜ਼ ਨੋਇਡਾ ਵੱਲੋਂ ਰਿਲੀਜ਼ ਕੀਤੀ ਗਈ। ਉਸਤੋਂ ਬਾਅਦ ਅਗਸਤ 2013 ਵਿਚ ਉਸਨੇ ਇਕ ਸਾਂਝੀ ਕਿਤਾਬ ‘ਮੰਜ਼ਿਲ’ ਰਾਹੀਂ ਆਪਣੀ ਸ਼ਾਇਰੀ ਦੀ ਹਾਜ਼ਰੀ ਲਗਵਾਈ। ਇਸ ਕਿਤਾਬ ਵਿਚਲੀ ਉਸਦੀ ਸ਼ਾਇਰੀ ਪੜ੍ਹਨ ਵਾਲਿਆਂ ਨੇ ਕਾਫੀ ਪਸੰਦ ਕੀਤੀ। ਪ੍ਰਵਾਸੀ ਦੋਸਤਾਂ ਦੀ ਮਦਦ ਨਾਲ ਉਸਨੇ ਇਹ ਕਿਤਾਬ ਇਟਲੀ ਵਿਚ ਵੀ ਰਿਲੀਜ਼ ਕਰਵਾਈ। ਅਖ਼ਬਾਰਾਂ ਵਿਚ ਅਕਸਰ ਉਸਦੀਆਂ ਰਚਨਾਵਾਂ ਛਪਦੀਆਂ ਰਹਿੰਦੀਆਂ ਨੇ। ਲਗਭਗ 170 ਦੇ ਕਰੀਬ ਗੀਤਾਂ ਦੀ ਰਚਨਾਂ ਕਰਨ ਵਾਲੇ ਸੁਖਵਿੰਦਰ ਦਾ ਕਹਿਣਾ ਹੈ ਕਿ ਗਾਇਕ ਅਕਸਰ ਗੀਤ ਰਿਕਾਰਡ ਕਰਵਾਉਣ ਬਦਲ ਪੈਸੇਆਂ ਦੀ ਮੰਗ ਕਰਦੇ ਨੇ, ਪੈਸੇ ਦੇਣ ਵਾਲਿਆਂ ਦੇ ਗੀਤ ਪਾ ਕੇ ਉਸਦੇ ਗੀਤ ਐਲਬਮ ਚੋਂ ਕੱਢੇ ਵੀ ਜਾ ਚੁੱਕੇ ਨੇ। ਇਸਲਈ ਇਹਨੀ ਦਿਨੀ ਉਹ ਆਪਣੇ ਗੀਤ ਰਿਕਾਰਡ ਕਰਵਾਉਣ ਲਈ ਕੋਈ ਵੀ ਕਦਮ ਨਹੀਂ ਪੁੱਟ ਰਿਹਾ ਤੇ ਕਿਸੇ ਕੋਲ ਵੀ ਨਹੀਂ ਜਾ ਰਿਹਾ। ਉਹ ਆਪਣੇ ਗੀਤਕਾਰੀ ਅਤੇ ਸ਼ਾਇਰੀ ਵਿਚ ਨਿਖਾਰ ਲਿਆਉਣ ਵਿਚ ਮਸ਼ਹੂਰ ਗੀਤਕਾਰ ਅਤੇ ਫਿਲਮ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦਾ ਯੋਗਦਾਨ ਮੰਨਦਾ ਹੈ। ਉਹ ਮਿਊਜ਼ਿਕ ਖੇਤਰ ਵਿਚ ਸ਼ਾਰਟਕੱਟ ਅਪਨਾਉਣ ਦੇ ਹੱਕ ਵਿਚ ਨਹੀਂ ਹੈ, ਉਸਦਾ ਕਹਿਣਾ ਹੈ ਕਿ ਇਕ ਸਹੀ ਗੀਤਕਾਰ ਹਮੇਸ਼ਾ ਡਰਦਾ ਹੈ ਕਿ ਉਸਦਾ ਗੀਤ ਕਿਸੇ ਗਲਤ ਅਨਸਰ ਦੇ ਧੱਕੇ ਚੜ੍ਹਕੇ ਚੋਰੀ ਨਾ ਹੋਵੇ ਜਾਂ ਉਸਤੇ ਗੀਤ ਨਾਲ ਛੇੜ ਛਾੜ ਨਾ ਹੋਵੇ, ਕਿਉਂਕਿ ਰਚਨਾ ਨਾਲ ਛੇੜਛਾੜ ਲੇਖਕ ਦੀ ਸੋਚ ਨਾਲ ਖਿਲਵਾੜ ਕਰਨਾ ਹੈ। ਇਨ੍ਹੀ ਦਿਨੀ ਉਹ ਆਪਣੀ ਇਕ ਨਵੀਂ ਖੁੱਲੀਆਂ ਕਵਿਤਾਵਾਂ ਦੀ ਕਿਤਾਬ ਉਪਰ ਕੰਮ ਕਰ ਰਿਹਾ ਹੈ ਜੋ ਕਿ ਆਉਣ ਵਾਲੇ ਦਿਨਾਂ ਵਿਚ ਜਾਰੀ ਕੀਤੀ ਜਾਵੇਗੀ। ੳਹ ਮਿਊਜ਼ਿਕ ਖੇਤਰ ਦੇ ਅਜੋਕੇ ਹਾਲਾਤਾਂ ਤੋਂ ਫਿਕਰਮੰਦ ਹੈ। ਉਸਨੇ ਕਿਹਾ ਕਿ ਪ੍ਰਮਾਤਮਾ ਨੇ ਚਾਹਿਆ ਤਾਂ ਆਉਣ ਵਾਲੇ ਸਮੇਂ ਵਿਚ ਉਹ ਆਪਣੇ ਗੀਤ ਰਿਕਾਰਡ ਕਰਵਾ ਕੇ ਵਪਾਰੀ ਕਲਾਕਾਰਾਂ ਅੱਗੇ ਮਿਸਾਲ ਪੈਦਾ ਕਰੇਗਾ। ਸਾਨੂੰ ਵੀ ਉਸ ਕੋਲੋਂ ਬਹੁਤ ਉਮੀਦਾਂ ਨੇ।




ਹੈਪੀ ਫਤੇਹਪੁਰੀਆ
ਜਿਲ੍ਹਾ ਮਾਨਸਾ (ਪੰਜਾਬ)
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template