ਅਜੋਕਾ ਯੁੱਗ ਵਿਗਿਆਨ ਦਾ ਯੁੱਗ ਹੈ। ਮਸ਼ੀਨਰੀ ਅਤੇ ਤਕਨਾਲੌਜੀ ਨੇ ਬਹੁਤ ਉਨੱਤੀ ਕਰ ਲਈ ਹੈ। ਪੁਰਾਣੀਆਂ ਚੀਜਾਂ ਸਾਡੀ ਵਿਰਾਸਤ ਦਾ ਹਿੱਸਾ ਬਣ ਗਈਆਂ ਹਨ। ਐਸੀ ਹੀ ਇੱਕ ਯਾਦ ਬਾਰੇ ਜਿਕਰ ਹੈ ਇਸ ਲੇਖ ਵਿੱਚ!!
ਇਹ ਉਸ ਸਮੇਂ ਦੀ ਗੱਲ ਹੈ , ਜਦੋਂ ਸਿੰਚਾਈ ਖੂਹਾਂ ਰਾਹੀਂ ਹੁੰਦੀ ਸੀ,ਪੀਣ ਦਾ ਪਾਣੀ ਵੀ ਖੂਹਾਂ ਤੋਂ ਲਿਆ ਜਾਂਦਾ ਸੀ।ਇਹ ਲੱਗਭੱਗ ਛੇ ਤੋਂ ਦਸ ਦਹਾਕੇ ਪਹਿਲਾਂ ਦੀ ਗੱਲ ਹੈ।ਭਾਵੇਂ ਅੱਜ ਵੀ ਕਈ ਥਾਵਾਂ ਤੇ ਖੁਹ ਮਿਲ ਜਾਂਦੇ ਹਨ,ਪਰ ਚਲਦੇ ਬਹੁਤ ਘੱਟ ਹਨ।ਫਿਰ ਵੀ ਜੇ ਅਸੀਂ ਖੂਹ ਦੇਖੇ ਵੀ ਹਨ,ਭਾਵੇਂ ਇਤਿਹਾਸਕ ਸਥਾਨ ਛੇਹਰਟਾ ਸਾਹਿਬ ਵਰਗੇ ਥਾਂ ਤੇ ਜਾਂ ਕਿਧਰੇ ਹੋਰ,ਇੱਕ ਜਾਣਕਾਰੀ ਫਿਰ ਵੀ ਸਾਡੇ ਸਾਰਿਆਂ ਨੂੰ ਸ਼ਾਇਦ ਨਾ ਹੋਵੇਉਹ ਹੈ ਕਿ ਇਸ ਖੁਹ ਨੂੰ ਬਣਾਇਆ ਕਿਵੇਂ ਜਾਂਦਾ ਸੀ?ਇਸ ਦੀ ਤਿਆਰੀ ਕਿਵੇਂ ਹੁੰਦੀ ਸੀ ?
ਇਸ ਸਵਾਲ ਦਾ ਜਵਾਬ ਮੈਂਨੂੰ ਮੇਰੇ ਫੁੱਫੜ ਜੀ ਤੋਂ ਮਿਲਿਆ,ਜੋਆਪਣੀ ਉਮਰ ਦੇ ਸੱਤਵੇਂ ਦਹਾਕੇ ਚੋਂ ਗੁਜ਼ਰ ਰਹੇ ਹਨ ਅਤੇ ਇੱਕ ਸੇਵਾ ਮੁਕਤ ਪਟਵਾਰੀ ਹਨ।ਪਿੰਡਾਂ ਨਾਲ਼ ਨੇੜਿਓਂ ਵਾਹ ਪੈਂਦਾ ਰਿਹਾ ਹੋਣ ਕਰਕੇ ਉਨ੍ਹਾਂ ਨੇ ਬਹੁਤ ਸਾਰੇ ਖੂਹ ਪੁੱਟੇ ਜਾਂਦੇ ਦੇਖੇ ਹਨ।ਜੋ ਜਾਣਕਾਰੀ ਮੈਂਨੂੰ ਉਨ੍ਹਾਂ ਤੋ ਮਿਲੀ,ਉਹ ਆਪ ਦੇ ਸਾਹਮਣੇ ਰੱਖਣ ਦੀ ਖੁਸ਼ੀ ਲੈ ਰਿਹਾ ਹਾਂ।
ਖੂਹ ਪੁੱਟਣ ਸਮੇਂ ਸਭ ਤੋਂ ਪਹਿਲਾ ਕੰਮ ਹੁੰਦਾ ਸੀ ਉਸ ਦਾ ਚੱਕ ਬਣਾਉਣਾ। ਚੱਕ ,ਲੱਕੜ ਦੀ ਇੱਕ ਗੋਲ਼ ਆਕ੍ਰਿਤੀ ਰੂਪੀ ਰਚਨਾ ਹੁੰਦੀ ਸੀ,ਜਿਸ ਨੂੰ ਖੁਹ ਦੇ ਬਿਲਕੁਲ ਹੇਠਾਂ ਪਹੁੰਚਾਉਣਾ ਹੁੰਦਾ ਸੀ।ਇਸ ਦਾ ਰੋਲ ਓਹੀ ਹੁੰਦਾ ਹੈ,ਜੋ ਇੱਕ ਇਮਾਰਤ ਵਿੱਚ ਨੀਂਹਾਂ ਦਾ ਹੁੰਦਾ ਹੈ।ਹੈਰਾਨੀ ਦੀ ਗੱਲ ਇਹ ਹੈ ਕਿ ਇਹ ਰਚਨਾ ਕਿਸੇ ਲੰਮੀ ਮੋਟੀ ਗੋਲ਼ ਲੱਕੜ ਚੋਂ ਨਹੀਂ ਸੀ ਹੁੰਦੀ,ਸਗੋਂ ਸਿੱਧੀਆਂ ਆਇਤਾਕਾਰ ਰਚਨਾਵਾਂ ਨੂੰ ਆਪਸ ਵਿੱਚ ਟੇਢੇ ਅਤੇ ਕਲਮੀ ਜੋੜ ਪਾ ਕੇ ਬਣਾਇਆ ਜਾਂਦਾ ਸੀ।ਇਹਦੇ ਲਈ ਪੂਰੇ ਮਾਹਿਰ ਮਿਸਤਰੀ ਦੀ ਲੋੜ ਹੁੰਦੀ ਸੀ।ਪਾਠਕਾਂ ਨੇ ਸ਼ਇਦ ਲੱਕੜੀ ਦੇ ਪਹੀਆਂ ਵਾਲ਼ੇ ਗੱਡੇ ਵਿੱਚ ਇਸ ਤਰਾਂ ਦੇ ਲੱਕੜੀ ਦੇ ਟੇਢੇ ਜੋੜ ਲੱਗੇ ਦੇਖੇ ਹੋਣਗੇ।ਖੂਹ ਦੇ ਚੱਕ ਵਿੱਚ ਵੀ 10-12ਲੱਕੜੀ ਦੇ ਟੁਕੜੇਬੜੀ ਮਿਹਨਤ ਅਤੇ ਕਾਰੀਗਰੀ ਨਾਲ਼ ਜੋੜੇ ਜਾਂਦੇ ਸਨ।ਸੁਆਦਲੀ ਗੱਲ ਇਹ ਕਿ ਲੱਕੜ ਨੂੰ ਲੱਕੜ ਨਾਲ਼ ਹੀ ਜੋੜਿਆ ਜਾਂਦਾ ਸੀ,ਲੋਹੇ ਦੇ ਕਿੱਲ ਆਦਿ ਨਹੀਂ ਸੀ ਵਰਤੇ ਜਾਂਦੇ।ਕੁਦਰਤੀ ਹੈ,ਕਿ ਵਰਤੀ ਜਾਂਦੀ ਲੱਕੜੀ ਦੀ ਚੋਣ ਇਸ ਤਰਾਂ ਦੀ ਸੀ,ਜਿਹੜੀ ਵਧੇਰੇ ਸਮਾਂ ਪਾਣੀ ਵਿੱਚ ਸੁਰੱਖਿਅਤ ਰਹਿ ਸਕੇ।
ਇਸ ਤਰਾਂ ਇਹ ਚੱਕ ਜਮੀਨ ਤੇ ਹੀ ਤਿਆਰ ਕੀਤਾ ਜਾਂਦਾ ਸੀ।ਫਿਰ ਖੂਹ ਦੀ ਪੁਟਾਈ ਸੁਰੂ ਹੁੰਦੀ ਸੀ,ਜਿਹੜੀ ਕਿ ਲੋੜੀਂਦੇ ਘੇਰੇ ਨਾਲ਼ੋਂ ਥੋੜ੍ਹੀਵੱਧ ਰੱਖ ਕੇ ਕੀਤੀ ਜਾਂਦੀ ਸੀ।ਖੂਹ ਨੂੰ ਉਨਾ ਪੁੱਟਿਆ ਜਾਂਦਾ ਸੀ ਜਿੱਥੋਂ ਤੱਕ ਪਾਣੀ ਦਾ ਪੱਧਰ ਹੋਵੇ।ਕੁਦਰਤੀ ਹੀ ਇਹ ਵੱਖ ਵੱਖ ਥਾਵਾਂ ਤੇ ਵੱਖ ਵੱਖ ਹੁੰਦਾ ਸੀ।
ਹੁਣ ਮਹੱਤਵਪੂਰਨ ਅਤੇ ਔਖਾ ਕੰਮ ਇਸ ਚੱਕ ਨੂੰ ,ਜਿਹੜਾ ਕਾਫ਼ੀ ਭਾਰਾ ਹੁੰਦਾ ਸੀ,ਖੁਹ ਦੇ ਅੰਦਰ ਪੁਚਾਉਣਾ ਹੁੰਦਾ ਸੀ।ਇਸ ਮਕਸਦ ਲਈ ਚੱਕ ਦੇ ਚਾਰੇ ਪਾਸਿਓਂ ਮੋਟੀਆਂ ਲੱਜਾਂ ਲਪੇਟ ਲਈਆਂ ਜਾਂਦੀਆਂ ਸਨ। ਲੱਜਾਂ ਦੇ ਚੱਕ ਦੁਆਲ਼ੇ ਨਾਗ-ਵਲ਼(ਇੱਕ ਐਸੀ ਗੰਢ,ਜਿਹੜੀ ਬਹੁੱ ਜੋਰ ਲਗਾਉਣ ਤੇ ਵੀ ਨਹੀਂ ਖੁੱਲਦੀ-ਸਭ ਤੋਂ ਮਜ਼ਬੂਤ ਮੰਨੀ ਗਈ ਗੰਢ)ਪਾ ਕੇ ਸਿਰੇ ਬਾਹਰ ਛੱਡ ਦਿੱਤੇ ਜਾਂਦੇ ਸਨ।10-12 ਰਿਸ਼ਟ-ਪੁਸ਼ਟ ਆਦਮੀ ਲੱਜਾਂ ਤੋਂ ਫੜ ਕੇ ਹੌਲ਼ੀ ਹੌਲ਼ੀ ਖਿੱਚਦੇ ਹੋਏ ਖੂਹ ਦੇ ਕੰਢੇ ਤੱਕ ਲਿਆਉਂਦੇ ਸਨ।3-4 ਆਦਮੀ ਪਹਿਲਾਂ ਹੀ ਖੂਹ ਦੇ ਅੰਦਰ ਉਤਾਰ ਦਿੱਤੇ ਜਾਂਦੇ ਸਨ,ਜਿਨ੍ਹਾਂ ਕੋਲ਼ ਲੱਕੜੀ ਦੇ ਮੋਟੇ ਬਾਲੇ ਹੁੰਦੇ ਸਨ।ਇਨ੍ਹਾਂ ਬਾਲਿਆਂ ਦੀ ਸਹਾਇਤਾ ਨਾਲ਼ ਇਨ੍ਹਾਂ ਹੇਠਲੇ ਆਦਮੀਆਂ ਨੇ ਉੱਪਰ ਤੋਂ ਹੇਠਾਂ ਆਊਣ ਵਾਲੇ ਚੱਕ ਦੀ ਦਿਸ਼ਾ ਠੀਕ ਰੱਖਣੀ ਹੁੰਦੀ ਸੀ ਅਤੇ ਸੰਤੁਲਨ ਬਣਾਈ ਰੱਖਣਾ ਹੁੰਦਾ ਸੀ।ਉੱਪਰਲੇ ਵਿਅਕਤ ਿਬਹੁਤ ਹੀ ਆਰਾਮ ਨਾਲ ਼ਹੌਲ਼ੀ ਹੌਲ਼ੀ ਇਸ ਚੱਕ ਨੂੰ ਖੂਹ ਦੇ ਅੰਦਰ ਵੱਲ ਜਾਣ ਦਿੰਦੇ ਸਨ ।ਕੋਣ ਅਤੇ ਦਿਸ਼ਾ ਦਾ ਖਿਆਲ ਰੱਖਦੇ ਹੋਏ,ਗੁਰੂਤਾ-ਆਕਰਸ਼ਣ ਦੇ ਉਲਟ ਜ਼ੋਰ ਲਗਾਉਂਦੇ ਹੋਏ ਚੱਕ ਨੂੰ ਹੇਠਾਂ ਜਾਣ ਦਿੱਤਾ ਜਾਂਦਾ ਸੀ ਤਾਂ ਕਿ ਚੱਕ ਹੇਠਾਂ ਸਿੱਧਾ ਰੱਖਿਆ ਜਾ ਸਕੇ।ਬਹੁਤ ਹੀ ਸੰਘਰਸ਼ ਵਾਲ਼ਾ ਅਤੇ ਸ਼ਾਨਾਮੱਤਾ ਕੰਮ ਹੁੰਦਾ ਸੀ ਇਹ,ਜਿਸ ਨੂੰ ਵੇਖਣ ਲਈ ਪਿੰਡ ਇੱਕਠਾ ਹੋ ਜਾਂਦਾ ਸੀ।ਕਾਮਿਆਂ ਦਾ ਹੌਂਸਲਾ ਬਣਾਈ ਰੱਖਣ ਲਈ ਢੋਲ ਵੀ ਵਜਾਇਆ ਜਾਂਦਾ ਸੀ।ਇਸ ਤਰਾਂ ਚੱਕ ਨੂੰ ਹੇਠਾਂ ਤੱਕ ਪਹੁੰਚਾ ਦਿੱਤਾ ਜਾਂਦਾ ਸੀ।ਹੇਠਾਂ ਖੜ੍ਹੇ ਵਿਅਕਤੀ ਉਸ ਦੀਸਥਿਤੀ ਨੂੰ ਪੂਰੀ ਤਰਾਂ ਠੀਕ ਕਰ ਦੇਂਦੇ ਸਨ।ਚੱਕ ਬਣਾਉਣ ਵਾਲ਼ੇ ਮਿਸਤਰੀ ਦਾ ਸਨਮਾਨ ਵੀ ਕੀਤਾ ਜਾਂਦਾ ਸੀ ਅਤੇ ਹੁਣ ਰਾਜ਼ ਮਿਸਤਰੀ ਦੀ ਪਰਖ਼ ਦਾ ਸਮਾਂ ਆ ਜਾਂਦਾ ਸੀ।
ਹਰ ਮਿਸਤਰੀ ਇਸ ਕੰਮ ਨੂੰ ਹੱਥ ਨਹੀਂ ਸੀ ਪਾਉਂਦਾ।ਇਸ ਦੀ ਚਿਣਾਈ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ।ਮਿਤਰੀ ਨੇ ਇੱਕ ਲੱਕੜ ਦੇ ਚੱਕ ਉੱਪਰ ਚਿਣਾਈ ਕਰਨੀ ਹੁੰਦੀ ਸੀ।ਪਹਿਲੇ 3-4 ਫੁੱਟ ਤਾਂ ਉਹ ਜ਼ਮੀਨ ਤੇ ਖੜ੍ਹੇ ਹੋ ਕੇ ਚਿਣਾਈ ਕਰ ਦਿੰਦਾ ਸੀ।ਪਰ ਉਸ ਤੋਂ ਬਾਅਦ ਉਸ ਨੇ ਉਸੇ ਕੰਧ ਤੇ ਬੈਠ ਕੇ ਚਿਣਾਈ ਕਰਨੀ ਹੁੰਦੀ ਸੀ ਜਿਸ ਨੂੰ ਉਹ ਬਣਾ ਰਿਹਾ ਹੁੰਦਾ ਸੀ। ਗਜ਼ਬ ਦੀ ਗੱਲ ਇਹ ਕਿ ਚਿਣਾਈ ਅੱਜ ਵਾਂਗ ਸੀਮਿੰਟ ਨਾਲ਼ ਨਹੀਂ ਸੀ ,ਸਗੋਂ ਗਾਰੇ ਨਾਲ਼ ਹੁੰਦੀ ਸੀ।ਸੱਚਮੁੱਚ ਉਹ ਕਾਰੀਗਰ ਧੰਨ ਸਨ ਜੋ ਆਪਣੀ ਜਾਨ ਜੌਖਿਮ ਵਿੱਚ ਪਾ ਕੇ ਲੋਕ ਭਲਾਈ ਦਾ ਕੰਮ ਕਰਦੇ ਸਨ।(ਯਾਦ ਰਹੇ,ਉਦੋਂ ਸਾਂਝੇ ਖੂਹ ਦਾ ਅਤੇ ਸਾਂਝੇ ਕੰਮਾਂ ਦਾ ਰਿਵਾਜ਼ ਸੀ।)ਇਸ ਮਿਸਤਰੀ ਨੂੰ ਵੀ ਪਿੰਡ ਵਾਸੀਆਂ ਵੱਲੋਂ ਅਨਾਜ,ਵਸਤਾਂ ਆਦਿ ਨਾਲ਼ ਸਨਮਾਨਿਆ ਜਾਂਦਾ ਸੀ।
ਮੈਂ ਸੋਚਦਾ ਹਾਂ ਕਿ ਅੱਜ ਮਸ਼ੀਨਰੀ ਦਾ ਯੁੱਗ ਹੈ,ਕੰਪਿਊਟਰ ਦਾ ਯੁੱਗ ਹੈ,ਇਸ ਕਿਰਿਆ ਨੂੰ ਜੇਕਰ ਫਿਲਮਾ ਕੇ ਦਰਸ਼ਕਾਂ ਸਾਹਮਣੇ ਰੱਖਿਆ ਜਾਵੇ,ਤਾਂ ਹੋਰ ਵੀ ਜਿਆਦਾ ਵਧੀਆ ਢੰਗ ਨਾਲ਼ਸਮਝ ਆ ਸਕਦੀ ਹੈ।ਸ਼ਬਦਾਂ ਰਾਹੀਂ ਕਈ ਵਾਰ ਪੂਰੀ ਗੱਲ ਨਹੀਂ ਕਹੀ ਜਾ ਸਕਦੀ,ਭਾਵੇਂ ਕੋਸਿ਼ਸ਼ ਤਾਂ ਕੀਤੀ ਗਈ ਹੈ।ਪਾਠਕਾਂ ਪਾਸੋਂ ਟਿੱਪਣੀ ਦੀ ਆਸ ਰੱਖਦਾ ਹਾਂ।
ਜਸਵਿੰਦਰ ਸਿੰਘ “ਰੁਪਾਲ”
9814715796
ਲੈਕਚਰਰ ਅਰਥ-ਸ਼ਾਸ਼ਤਰ,
ਸਰਕਾਰੀ ਸੀਨੀ.ਸੈਕੰਡਰੀ ਸਕੂਲ,
ਭੈਣੀ ਸਾਹਿਬ(ਲੁਧਿਆਣਾ) -141126


0 comments:
Speak up your mind
Tell us what you're thinking... !