ਮੈਨੂੰ ਪਿਛਲੇ ਕਈ ਸਾਲਾਂ ਤੋਂ ਇਹ ਆਦਤ ਹੈ ਕਿ ਕਿਸੇ ਵੀ ਖੁਸ਼ੀ ਵਿੱਚ ਜਨਮ ਦਿਨ ਹੋਵੇ,ਸ਼ਗਨ ਹੋਵੇ ਜਾਂ ਫਿਰ ਵਿਆਹ ਹੋਵੇ; ਸ਼ਗਨ ਸਲਾਮੀ ਵਿੱਚ ਰੂਪੈ ਨਾ ਦੇ ਕੇ, ਕਿਤਾਬਾਂ ਦਾ ਸ਼ਗਨ ਹੀ ਦਿੰਦਾ ਆ ਰਿਹਾ ਹਾਂ ਭਾਵੇਂ ਵਿਆਹ ਕਿਸੇ ਅਮੀਰ ਦਾ ਹੋਵੇ ਜਾਂ ਗਰੀਬ ਦਾ ।ਨੇੜੇ ਤੋਂ ਨੇੜੇ ਰਿਸ਼ਤੇਦਾਰੀ ਵਾਲਾ ਕੋਈ ਵੀ ਸੰਬੰਧੀ ਵੱਧ ਤੋਂ ਵੱਧ ਹਜਾਰ-ਪੰਜ ਸੌ ਰੂਪੈ ਲਿਫਾਫੇ ਵਿੱਚ ਪਾ ਕੇ ਸ਼ਗਨ ਦੇ ਦੇਵੇਗਾ ਨਹੀਂ ਤਾਂ ਬਹੁਤੇ ਲਿਫਾਫੇ ਵਿੱਚ ਸੌ-ਪੰਜਾਹ ਦਾ ਨੋਟ ਪਾ ਕੇ ਸ਼ਗਨ ਦੇ ਦਿੰਦੇ ਨੇ ਜਾਂ ਫਿਰ ਕਈ ਕਾਹਲੀ ਵਿੱਚ ਦਸ-ਵੀਹ ਦਾ ਨੋਟ ਹੀ ਜੋੜੀ ਦੀ ਝੋਲੀ ਵਿੱਚ ਸੁੱਟ ਤੁਰਦੇ ਬਣਦੇ ਨੇ ਜਾਂ ਫਿਰ ਕਈ ਭਲੇਮਾਣਸ ਇਹ ਸਮਝ ਕੇ ਕਿ ਕਿਹੜਾ ਇੰਨੇ ਇਕੱਠ ਵਿੱਚ ਪਤਾ ਲੱਗਦੈ, ਕੀਹਨੇ ਸ਼ਗਨ ਸਲਾਮੀ ਦਿੱਤੀ ਤੇ ਕੀਹਨੇ ਨਾ ਦਿੱਤੀ,ਮਠਿਆਈਆਂ ਖਾਹ,ਚਾਹ ਪੀ,ਵੱਖ-ਵੱਖ ਤਰ੍ਹਾਂ ਦੇ ਪਕਵਾਨ ਖਾਹ ਕੇ ਮੂੰਹ ਪੂੰਝ ਤੁਰਦੇ ਬਣਦੇ ਨੇ? ਮੇਰੇ ਪੁਸਤਕਾਂ ਸ਼ਗਨ ਦੇਣ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੁਸਤਕਾਂ ਹਮੇਸ਼ਾਂ ਸ਼ਗਨ ਰੂਪ ਵਿੱਚ ਪਾਸ ਮੌਜੂਦ ਰਹਿੰਦੀਆਂ ਹਨ ਜਦੋਂ ਕਿ ਸ਼ਗਨ ਵਾਲੇ ਰੂਪੈ ਮਗਰੋਂ ਘਰ ਵਾਲੇ ਟੈਕਸੀ ਵਾਲਿਆ ਜਾਂ ਹਲਵਾਈ ਵਗੈਰਾ ਨੂੰ ਦੇ ਕੇ ਸੱਤਨਾਮ ਬੋਲ ਦਿੰਦੇ ਹਨ।ਪਰ ਸਿਤਮਗਿਰੀ ਹੈ ਕਿ ਬਹੁਤ ਘੱਟ ਲੋਕ ਸੰਗ ਸ਼ਰਮ ਦੇ ਮਾਰੇ ਸ਼ਗਨ ਚ ਪੁਸਤਕਾਂ ਦਿੰਦੇ ਹਨ ਅਤੇ ਦੂਜਾ ਕਾਰਨ ਕਿ ਕੁੱਝ ਕੁ ਵਿਦਵਾਨਾਂ ਨੂੰ ਛੱਡ ਕੇ ਬਾਕੀ ਸਾਰੇ ਪੁਸਤਕਾਂ ਦਾ ਸ਼ਗਨ ਦੇਣਾ ਵਾਜਬ ਨਹੀਂ ਸਮਝਦੇ,ਉਹ ਆਪਣੀ ਨਾ-ਸਮਝੀ ਕਾਰਨ ਪੁਸਤਕਾਂ ਦਾ ਸ਼ਗਨ ਦੇਣ ਵਾਲੇ ਕੋਲ ਪੈਸਿਆਂ ਦੀ ਘਾਟ ਸਮਝ ਕੇ ਗਲਤ ਅੰਦਾਜਾ ਲਾ ਬੈਠਦੇ ਹਨ।ਕਿਸੇ ਵੇਲੇ ਮੇਰੇ ਨਾਲ ਵੀ ਅਜਿਹਾ ਵਾਪਰਿਆ ਜਦੋਂ ਕਿਸੇ ਨੇ ਕਹਿ ਦਿੱਤਾ ਕਿ ਲੈ! ਇਹ ਕਿਤਾਬਾਂ ਹੀ ਸ਼ਗਨ ‘ਚ ਦਿੰਦਾ ਫਿਰਦੈ,ਇਸ ਦੀਆਂ ਵਿਕਦੀਆਂ ਨੀ ਹੋਣੀਆਂ ਜਾਂ ਇਸ ਪਾਸ ਪੈਸੇ ਨਹੀਂ ਹੋਣੇ,ਕਿਤਾਬ ਦਾ ਕੀ ਐ? ਤਾਂ ਮੈਂ ਤੁਰੰਤ ਉਸ ਨੂੰ ਸੁਣਾਇਆ:-‘ਨੀ ਏਹ ਕਿਤਾਬ ਕਰੋੜਾਂ ਦੀ,ਨੀ ਏਹੇ,ਕਿਤਾਬ ਕਰੋੜਾਂ ਦੀ;ਅੱਖਰਾਂ ਦੀ ਆਮਦ ਏ,ਮਖਾਂ ਅੱਖਰਾਂ ਦੀ ਆਮਦ ਏ; ਨੀ ਗੱਲ ਸ਼ਬਦਾਂ ਦੇ ਜੋੜਾਂ ਦੀ;ਨੀ ਗੱਲ! ਗੋਬਿੰਦ ਦੇ ਸ਼ਬਦਾਂ ਦੇ ਜੋੜਾਂ ਦੀ।’ ਜੀ ਹਾਂ,ਇਹ ਜੀਹਨੂੰ ਅੱਖਰਾਂ ਦੀ ਆਮਦ ਹੁੰਦੀ ਐ, ਸ਼ਬਦਾਂ ਦੇ ਜੋੜ ਕਰਨੇ ਆਉਂਦੇ ਨੇ,ਵਾਕ ਬਨਾਉਣੇ ਆਉਂਦੇ ਨੇ,ਕਈ-ਕਈ ਸਾਲਾਂ ਦੀ ਮਿਹਨਤ ਮੁਸ਼ੱਕਤ ਤੋਂ ਬਾਅਦ,ਕਿੰਨਾ ਕੀਮਤੀ ਸਮਾਂ ਲਾ ਕੇ ਪੁਸਤਕ ਛਪਾਈ ਹੋਣੀ ਐਂ ਜਿਹੜੀ ਸੱਚੀਓਂ ਕਰੋੜਾ ਤੋਂ ਘੱਟ ਕੀਮਤ ਦੀ ਨਹੀਂ ਹੋਣੀ! ਮੈਂ ਤਾਂ ਕਹਿੰਦਾ ਹੁੰਨੈਂ ਕਿ ਲੋਕੋ! ਇੱਕ ਪੁਸਤਕ ਛਪਾਉਣ ਤੇ ਜਿੰਨਾ ਮਾਨਸਿਕ,ਸਮਾਜਿਕ,ਆਰਥਿਕ,ਸਰੀਰਿਕ ਸਰਮਾਇਆ ਕਿਸੇ ਸਖਸ਼ ਦਾ ਛਪਾਉਣ ਤੱਕ ਲੱਗ ਜਾਂਦੈ,ਉਨੇਂ ਬਲ ਨਾਲ ਉਹ ਆਦਮੀ ਆਪਣੀ ਲੜਕੀ ਦਾ ਵਧੀਆ ਤੋਂ ਵਧੀਆ ਵਿਆਹ ਕਰ ਸਕਦਾ ਹੈ।ਖੈਰ ਇਹ ਕਿਤਾਬ ਕਰੋੜਾਂ ਦੀ……….. ਤੋਂ ਮੇਰੇ ਯਾਦ ਆ ਗਿਆ,’ਇਹ ਕਬੱਡੀ ਕਰੋੜਾਂ ਦੀ………….?’ਜੀ ਹਾਂ,ਪਿੰਡਾਂ ਵਿੱਚ ਗਲੀਆਂ,ਟਿੱਬਿਆਂ,ਕੱਲਰਾਂ ਚ ਖੇਡੀ ਜਾਣ ਵਾਲੀ ਖੇਡ ਕਬੱਡੀ,ਹੁਣ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਦੇ ਹਰੇ-ਕਚਾਰ ਘਾਹ ਨਾਲ ਲੱਦੇ ਮੈਦਾਨ ਵਿੱਚ ਖੇਡੀ ਜਾਣ ਲੱਗੀ ਐ।
ਬਿਨਾ ਸ਼ੱਕ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਖਾਸ ਕਰਕੇ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਇਸ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਪ੍ਰਫੁੱਲਤ ਕਰਨ ਲਈ ਵਧਾਈ ਦੇ ਪਾਤਰ ਹਨ,ਪ੍ਰੰਤੂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹਨਾਂ ਨਾਲ ਮੈਂ ਇਸ ਲੇਖ ਜਰੀਏ ਸਾਂਝੀਆਂ ਕਰਨਾ ਚਾਹੁੰਨਾ ਕਿ ਪਹਿਲੀ ਗੱਲ ਕੁੱਝ ਚੋਣਵੇਂ ਲੋਕਾਂ ਨੂੰ ਛੱਡ ਬਹੁਤ ਸਾਰੇ ਲੋਕ ਇਸ ਨੂੰ ਮਾਣ ਨਹੀਂ ਸਕੇ,ਇਹ ਤਾਂ ਧੰਨਵਾਦ ਐ ਅਜੋਕੇ ਟੈਲੀਵਿਯਨ ਦੇ ਜਿਸ ਵਿੱਚ ਸਾਰੇ ਲੋਕਾਂ ਨੇ ਇਸ ਖੇਡ ਅਤੇ ਇਸ ਨਾਲ ਜੁੜੀਆਂ ਦੂਜੀਆਂ ਗਤੀਵਿਧੀਆਂ ਨੂੰ ਦੇਖ ਲਿਆ।ਜੇਕਰ ਇਹ ਵਿਸ਼ਵ ਕਬੱਡੀ ਕੱਪ ਸੀ ਅਤੇ ਅਠਾਰਾਂ ਮੁਲਕਾਂ ਚੋਂ ਤੇਈ ਟੀਮਾਂ ਭਾਗ ਲੈਣ ਪਹੁੰਚੀਆਂ ਸਨ,ਤਾਂ ਭਾਰਤ ਦੀ ਕੇਂਦਰ ਸਰਕਾਰ ਨੇ ਇਸ ਵਿੱਚ ਰੁਚੀ ਕਿਓਂ ਨਹੀਂ ਵਿਖਾਈ ? ਕੀ ਬਾਹਰਲੇ ਮੁਲਕਾਂ ਦੀਆਂ ਕਬੱਡੀ ਟੀਮਾਂ ਵਿੱਚ ਵਾਕਈ ਉਧਰਲੇ ਮੁਲਕਾਂ ਦੇ ਮੂਲ ਜੰਮਪਲ ਕਬੱਡੀ ਖਿਡਾਰੀ ਸਨ ਜਾਂ ਫਿਰ ਇਧਰੋਂ ਹੀ ਗਏ ਜਾਂ ਤਿਆਰ ਕੀਤੇ ਖਿਡਾਰੀਆਂ ਨੇ ਆਪਣਿਆਂ ਨਾਲ ਹੀ ‘ਕੁੰਢੀਆਂ ਦੇ ਸਿੰਗ ਫੱਸਗੇ,ਕੋਈ ਨਿੱਤਰੂ ਵੜੇਵੇਂ ਖਾਣੀ’ ਵਾਲੀ ਕਹਾਉਤ ਬਣਾਈ ਰੱਖੀ।ਕਬੱਡੀ ਦੇ ਸ਼ੁਰੂਆਤ ਵਿੱਚ ਆਏ ਅਕਸ਼ੈ ਕੁਮਾਰ ਨੂੰ ਢਾਈ ਕਰੋੜ ਦੇਣਾ ਅਤੇ ਉਸ ਦੁਆਰਾ ਆਪਣੀ ਆਉਣ ਵਾਲੀ ਫਿਲਮ ‘ਖਿਲਾੜੀ 786’ ਦੀ ਮੁਫਤੋ-ਮੁਫਤੀ ਮਸ਼ਹੂਰੀ ਕਰ ਜਾਣਾ,ਦਾ ਕਬੱਡੀ ਖੇਡ ਨਾਲ ਕੀ ਸਬੰਧ ਸੀ;ਇਹ ਬਹੁਤ ਸਾਰੇ ਲੋਕਾਂ ਦੇ ਸੰਘੋਂ ਹੇਠਾਂ ਨਹੀਂ ਉਤਰਿਆ।ਜਿਹੜਾ ਪੈਸਾ ਕੈਟਾਰੀਨਾ ਕੈਫ ਤੇ ਹੋਰ ਫਿਲਮੀ ਕਲਾਕਾਰਾਂ ਨੂੰ ਮਹਿਜ ਇਕੱਠ ਕਰਨ ਲਈ ਲਿਆਉਣ ਤੇ ਦਸ-ਦਸ ਮਿੰਟਾਂ ਦਾ ਕਈ ਕਰੋੜ ਐਵੇਂ ਗਵਾਇਆ ਗਿਆ,ਉਸ ਨਾਲ ਪੰਜਾਬ ਦੇ ਨਹੀਂ ਤਾਂ ਬਠਿੰਡਾ ਜਿਲ੍ਹੇ ਦੇ ਕਿੰਨੇ ਹੀ ਪਿੰਡਾਂ ਵਿੱਚ ਸਥਾਈ ਤੌਰ ਤੇ ਪੇਂਡੂਆਂ ਨੂੰ ਕਬੱਡੀ ਦੇ ਗਰਾਉਂਡ,ਖੇਡ ਕਿੱਟਾਂ ਜਾਂ ਹੋਰ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਸਨ।ਚਾਹੀਦਾ ਤਾਂ ਇਹ ਸੀ ਕਿ ਇੰਨਾ ਅਡੰਬਰ ਤੇ ਖਰਚ ਕਰਨ ਨਾਲੋਂ ਉਪ ਮੁੱਖ ਮੰਤਰੀ ਜੀ ਸਾਰੇ ਪਿੰਡਾਂ ਦੇ ਪੰਚਾਂ-ਸਰਪੰਚਾਂ,ਜਥੇਦਾਰਾਂ ਤੇ ਮੁਹਤਬਰਾਂ ਨੂੰ ਟੈਲੀਵਿਯਨ ਰਾਹੀਂ ਹੀ ਇਹ ਅਪੀਲ ਜਾਂ ਹਦਾਇਤ ਕਰ ਦਿੰਦੇ ਕਿ ਸਭ ਸਰਪੰਚ ਆਪਣੇ-ਆਪਣੇ ਪਿੰਡ ਵਿੱਚ ਵੀਹ-ਵੀਹ ਮੁੰਡਿਆਂ ਦੀਆਂ ਕਬੱਡੀ ਟੀਮਾਂ ਤਿਆਰ ਕਰਨ ਅਤੇ ਗਰਾਉਂਡ ਬਣਾ ਕੇ ਆਪਣੇ ਹੀ ਪਿੰਡ ਉਹਨਾਂ ਨੂੰ ਕਬੱਡੀ ਖੇਡਣ ਲਈ ਪ੍ਰੇਰਨਾ ਕਰਨ,ਘੱਟੋ-ਘੱਟ ਹਫਤੇ ਵਿੱਚ ਇੱਕ ਵਾਰ ਪਿੰਡ ਦਾ ਮੂਹਰਲਾ ਜਥੇਦਾਰ ਅਤੇ ਸਰਪੰਚ ਆਪ ਬੈਠ ਕੇ ਤੇ ਲੋਕਾਂ ਨੂੰ ਬਿਠਾ ਕੇ ਕਬੱਡੀ ਖੇਡ ਦੇਖੇ ਤਾਂ ਕਿ ਘੱਟੋ-ਘੱਟ ਹਰੇਕ ਪਿੰਡ ਵਿੱਚ ਨੌਜੁਆਨ ਅਮਲੀ ਤੌਰ ਤੇ ਕਬੱਡੀ ਖੇਡਣ,ਤੇ ਜਿਹੜੇ ਕਰੋੜਾਂ ਰੂਪੈ ਪਹਿਲਾਂ ਹੀ ਕਰੋੜਾਂ ਦੇ ਟੈਕਸ ਭਰਨ ਵਾਲਿਆਂ ਨੂੰ ਦਸ-ਵੀਹ ਮਿੰਟਾਂ ਵਿੱਚ ਪਾਣੀ ਵਾਂਗ ਵਹਾ ਦਿੱਤੇ ਗਏ,ਉਹ ਹੀ ਰੂਪੈ ਸਾਰੇ ਪਿੰਡਾਂ ਵਿੱਚ ਵੰਡ ਕੇ ਇਸ ਖੇਡ ਨੂੰ ਪਿੰਡਾਂ ਤੱਕ ਪ੍ਰਫੁੱਲਤ ਕਰਨ ਲਈ ਉਪਰਾਲੇ ਕੀਤੇ ਜਾਂਦੇ ਜਿਹਨਾਂ ਪਿੰਡਾਂ ਦੇ ਲੱਖਾਂ ਨੌਜੁਆਨਾਂ ਦਾ ਹਾਲ ਇਹ ਹੋਇਆ ਪਿਐ ਕਿ ‘ਨੀ ਏਹ ਕਬੱਡੀ ਕਰੋੜਾਂ ਦੀ,ਨੀ ਏਹੇ,ਕਬੱਡੀ ਕਰੋੜਾਂ ਦੀ; ਨਸ਼ਿਆਂ ਨੇ ਨੌਜੁਆਨੀ ਗਾਲਤੀ,ਨੀ ਨੌਜੁਆਨੀ ਨਸ਼ਿਆਂ ਨੇ ਗਾਲਤੀ,ਨੀ ਗੱਲ,ਦੁਖਦਿਆਂ ਜੋੜਾਂ ਦੀ’ ਬੇਰੁਜਗਾਰੀ ਭਾਰੂ ਪੈ ਗਈ,ਨੀ ਗੱਲ,ਨੌਕਰੀ ਲਈ ਲੱਗੀਆਂ ਹੋੜਾਂ ਦੀ,ਕਿਸਾਨ ਤਾਂ ਕਰਜਈ ਕਰਤੇ-ਕਿਸਾਨ ਤਾਂ ਕਰਜਈ ਕਰਤੇ,ਨੀ ਗੱਲ,ਕਮਾਈਆਂ ਚ ਆਈਆਂ ਤੋੜਾਂ ਦੀ………..’ਮਹਿਜ ਸੌ ਕੁ ਨੌਜੁਆਨਾਂ ਦੁਆਰਾ ਕਬੱਡੀ ਖੇਡ ਲੈਣ ਨਾਲ ਪਿੰਡਾਂ ਤੇ ਸ਼ਹਿਰਾਂ ਵਿੱਚ ਵੱਸਦੇ ਲੱਖਾਂ ਨੌਜੁਆਨਾਂ ਤੇ ਕੀ ਅਸਰ ਹੋਣ ਲੱਗਿਆ ਹੈ,ਇਹ ਗੱਲ ਵੀ ਮੇਰੇ ਸੰਘੋਂ ਥੱਲੇ ਨਹੀਂ ਉਤਰੀ!ਤੇ ਹਾਂ ਸੱਚ! ਨਾਲੇ ਉਹਨਾਂ ਪਿੰਡਾਂ ਦੇ ਪੰਚਾਂ-ਸਰਪੰਚਾਂ ਅਤੇ ਜਥੇਦਾਰਾਂ ਨੂੰ ਇਹ ਹਦਾਇਤ ਵੀ ਕਰ ਦਿੱਤੀ ਜਾਂਦੀ ਕਿ ਜਿਸ ਪਿੰਡ ਵਿੱਚ ਵੀਹ-ਵੀਹ ਕਬੱਡੀ ਦੇ ਖਿਡਾਰੀ ਤਿਆਰ ਕਰਕੇ ਖੇਡ ਸ਼ੁਰੂ ਨਾ ਕਰਾਈ ਗਈ ਤਾਂ ਉਹਨਾਂ ਪਿੰਡਾਂ ਦੇ ਜਥੇਦਾਰਾਂ ਦੀ ਛੁੱਟੀ………..?
ਜਿਥੇ ਖੇਡ ਦੇ ਆਰੰਭ ਵੇਲੇ ਸਾਡੇ ਪੰਜਾਬੀ ਸੱਭਿਆਚਾਰ ਤੋਂ ਹਟ ਕੇ ਜਿਆਦਾ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਪਾਇਆ ਗਿਆ ਨੱਚਣ-ਗਾਉਣ ਨਾਲ,ਉਥੇ ਸਮਾਪਤੀ ਤੇ ਪੰਜਾਬੀ ਸੱਭਿਆਚਾਰ ਖਾਸ ਕਰ ‘ਗੱਤਕਾ’ ਦੀ ਪੇਸ਼ਕਾਰੀ ਨੇ ਸਾਡੀ ਇੱਜਤ ਰੱਖ ਦਿੱਤੀ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਦੇ ਸਜੇ ਸਿੰਘਾਂ ਨੇ ਕਮਾਲ ਦੇ ਕਰਤਵ ਦਿਖਾ ਕੇ ਮਰ ਰਹੀ ਸਿੱਖ ਕੌਮ ਵਿੱਚ ਨਵੀਂ ਰੂਹ ਫੂਕ ਦਿੱਤੀ।ਅੱਗ ਨਾਲ ਕੀਤਾ ਨਾਚ ਇੱਕ ਵਿਲੱਖਣ ਪੇਸ਼ਕਾਰੀ ਸੀ ਜਦੋਂ ਕਿ ਦੋ ਮੋਟਰ ਸਾਈਕਲਾਂ ਤੇ ਖੜ੍ਹ ਕੇ ਪੰਜਾਬੀ ਨੌਜਵਾਨ ਵੱਲੋਂ ਪੱਗ ਬੰਨਣਾ ਪੰਜਾਬ ਦੇ ਭਈਏ ਬਣ ਰਹੇ ਅਤੇ ਘੋਨ-ਮੋਨ ਹੋ ਰਹੇ ਸਿੱਖ-ਸਰਦਾਰਾਂ ਨੂੰ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੀ ਆਨ-ਸ਼ਾਨ ਪੱਗ ਬੰਨਣ ਦਾ ਸੰਦੇਸ਼ ਦੇ ਗਿਆ,ਉਥੇ ਸੰਤ ਫਤਹਿ ਸਿੰਘ ਤੋਂ ਪਹਿਲਾਂ ਅਤੇ ਮਗਰੋਂ ਦੇ ਸ਼੍ਰੋਮਣੀ ਅਕਾਲੀ ਦਲ ਵੱਲ ਘੋਨ-ਮੋਨ ਜਥੇਦਾਰਾਂ ਦੀ,ਅਹੁਦੇਦਾਰਾਂ ਦੀ ਵਧ ਰਹੀ ਪ੍ਰਵਿਰਤੀ ਨੂੰ ਠੱਲਣ ਲਈ ਵੀ ਕਹਿ ਗਿਆ।‘ਮੇਰੇ ਪੰਜਾਬ ਦੇ ਗੱਭਰੂ,ਹਮੇਸ਼ਾਂ ਜਾਗਦੇ ਗੱਭਰੂ’ ਪੰਜਾਬ ਦੇ ਬਹੁਤਾਤ ਨੌਜੁਆਨਾਂ ਨੂੰ ,ਜਿਹੜੇ ਨਸ਼ੇ ਖਾ ਕੇ ਸੁੱਤੇ ਰਹਿੰਦੇ ਹਨ,ਆਪਣੇ ਹੱਕ-ਹਕੂਕਾਂ ਲਈ ਜਾਗਣ ਦੀ ਜੋਤ ਜਗਾ ਗਿਆ ।‘ਸ਼ੇਰਾਂ ਦੀ ਕੌਮ ਪੰਜਾਬੀ’ਵੀ ਸ਼ੇਰਾਂ ਤੋਂ ਗਿੱਦੜ ਬਣਨ ਜਾ ਰਹੇ ਪੰਜਾਬੀਆਂ ਨੂੰ ਮੁੜ ਸ਼ੇਰ ਬਣਕੇ ਮੁੱਠੀ ਭਰ ਲੋਕਾਂ ਦੀ ਝੋਲੀ ਵਿੱਚ ਪਈ ਅਜਾਦੀ ਲੈਣ ਲਈ ਉਹਨਾਂ ਦੀ ਆਤਮਾ ਨੂੰ ਹਲੂਣ ਗਿਆ।ਸੁਰਜੀਤ ਪਾਤਰ ਦੇ ਸਟੇਜ ਤੇ ਆਕੇ ‘ਅਸੀਂ ਮੰਗਦੇ ਹਾਂ ਖੈਰਾਂ,ਸੁਭਾ ਸ਼ਾਮ ਆਖਣਾਂ,ਜੀ ਸਲਾਮ ਆਖਣਾਂ’ ਵੀ ਇਹ ਆਖ ਗਿਆ ਕਿ ਸੁਰਜੀਤ ਪਾਤਰ ਵਰਗੇ ਹੋਰ ਬਹੁਤ ਸਾਰੇ ਸਾਹਿਤਕਾਰ ਪੰਜਾਬ ਵਿੱਚ ਹਨ, ਜਿਹੜੇ ਸੁਖਬੀਰ ਜੀ ! ਕਦੇ ਵੀ ਤੁਹਾਡੀ ਜਾਂ ਕਿਸੇ ਹੋਰ ਸ਼ਾਸ਼ਕ ਦੀ ਕ੍ਰਿਪਾ ਦੇ ਪਾਤਰ ਨਹੀਂ ਬਣੇ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ-ਕਰਦੇ ਐਂਵੇਂ ਹੀ ਦੁਨੀਆਂ ਨੂੰ ਅਲਵਿਦਾ ਸਲਾਮ ਬੁਲਾ ਜਾਂਦੇ ਹਨ,ਉਹਨਾਂ ਦੀ ਕੋਈ ਪੁੱਛ-ਪ੍ਰਤੀਤ ਨਹੀਂ ਕਰਦਾ।
‘ਅੱਜ ਏਹ ਗੱਲ ਪੱਕੀ ਐ ਕਿ ਪੰਜਾਬ ਦੀ ਤਰੱਕੀ ਐ’ ਬੇਸ਼ੱਕ ਚਾਰੇ ਪਾਸੇ ਬਣੀਆਂ ਸੜਕਾਂ,ਸਹੂਲਤਾਂ,ਨਹਿਰਾਂ,ਪੁਲਾਂ,ਥਰਮਲਾਂ,ਝੀਲਾਂ,ਖਾਲਿਆਂ,ਨਾਲਿਆਂ,ਹਸਪਤਾਲਾਂ,ਓਵਰ ਬਰਿਜਾਂ,ਰਿਫਾਈਨਰੀਆਂ ਦੀ ਤਰੱਕੀ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਹਨ ਪ੍ਰੰਤੂ ਕੁੱਝ ਮੁੱਠੀ ਭਰ ਲੋਕਾਂ ਵੱਲੋਂ ਕੀਤੀਆਂ ਤਰੱਕੀਆਂ ਅਤੇ ਆਮ ਲੋਕਾਂ ਦੀਆਂ ਮਹਿੰਗਾਈ ਦੁਆਰਾ ਭੰਨੀਆਂ ਵੱਖੀਆਂ ਵੀ ਕਿਸੇ ਤੋਂ ਭੁਲਾਈਆਂ ਨਹੀਂ ਜਾਂਦੀਆਂ ਕਿ ਕਿਵੇਂ ਨਿੱਤ ਦਿਨ ਪੰਜਾਬ ਦੇ ਕਿਸਾਨਾਂ,ਮਜਦੂਰਾਂ,ਮੁਲਾਜਮਾਂ ਅਤੇ ਹੋਰ ਕਿਰਤੀ ਜਮਾਤਾਂ ਦਾ ਕਚੂੰਮਰ ਕੱਢਿਆ ਜਾ ਰਿਹਾ ਹੈ।ਦਲਜੀਤ ਸਿੰਘ ਦੇ ਗਾਏ ਗੀਤ ‘ਆਗੇ ਪੱਗਾਂ ਪੋਚਵੀਆਂ ਵਾਲੇ’ ਨੇ ਵੀ ਪੰਜਾਬੀਆਂ ਦੇ ਸਿਰਾਂ ਤੋਂ ਲੱਥ ਰਹੀਆਂ ਪੱਗਾਂ ਅਤੇ ਘੋਨ-ਮੋਨ ਹੋ ਰਹੀ ਮੁੰਡੀਹਰ ਨੂੰ ਜਿਥੇ ਪੱਗਾਂ ਬੰਨਣ ਦਾ ਸੰਦੇਸ਼ ਦਿੱਤਾ ਉਥੇ ਅਕਾਲੀ ਦਲ ਵਿੱਚ ਵੀ ਦਿਨੋ-ਦਿਨ ਮੋਨਿਆਂ ਦੀ ਹੋ ਰਹੀ ਭਰਮਾਰ ਨੂੰ ਰੋਕਣ ਦਾ ਇਸ਼ਾਰਾ ਕਰ ਦਿੱਤਾ ।ਜਿਸ ਨਾਲ ਪੰਥ ਤੇ ਸਿੱਖ ਕੌਮ ਦੀ ਮੁਦਈ ਕਹਾਉਂਦੀ ਘੱਟੋ-ਘੱਟ ਇਸ ਪਾਰਟੀ ਵਿੱਚ ਪੱਗਾਂ ਵਾਲੇ ਅਤੇ ਦਾਹੜੀਆਂ ਕੇਸਾਂ ਵਾਲਿਆਂ ਨੂੰ ਅਹੁਦੇਦਾਰੀਆਂ ਦਿੱਤੀਆਂ ਜਾਣ,ਨਾ ਕਿ ਘੋਨਿਆਂ,ਮੋਨਿਆਂ ਨੂੰ ?
‘ਐਂਵੇਂ ਤਾਂ ਨੀ ਮਿੱਤਰੋ ਪੰਜਾਬ ਸਾਨੂੰ ਆਖੇਗਾ ਕਿ ਸਾਡੀ ਗਲੀ ਭੁੱਲ ਕੇ ਵੀ ਆਇਆ ਕਰੋ’ ਜਿਵੇਂ ਕਹਿ ਰਹੇ ਹੋਣ ਕਿ ਸਾਨੂੰ ਵੀ ਮਿਲਣ ਕਦੇ ਆਇਆ ਕਰੋ,ਸਭ ਪੰਜਾਬ ਦੀ ਜੰਤਾ ਨੂੰ ਇੱਕ ਸਮਾਨ ਸਮਝਿਆ ਕਰੋ, ਮਹਾਰਾਜਾ ਰਣਜੀਤ ਸਿੰਘ ਦੇ ਸਭਨੂੰ ਇੱਕ ਅੱਖ ਨਾਲ ਵੇਖਣ ਦੇ ਸੁਪਨੇ ਨੂੰ ਸਾਕਾਰ ਕਰਾਇਆ ਕਰੋ।ਕਬੱਡੀ ਕੱਪ ਬੇਸ਼ੱਕ ਸੁਖਬੀਰ ਬਾਦਲ ਨੇ ਸ਼ੁਰੂ ਕਰਾਇਆ ਪਰ ਇਤਫਾਕ ਕਿ ਭਾਰਤੀ ਟੀਮ ਦਾ ਕਪਤਾਨ ਵੀ ਸੁਖਬੀਰ ਸਿੰਘ ਹੀ ਸੀ ਜਿਸ ਦੀ ਪੇਸ਼ਕਾਰੀ ਬਿਹਤਰ ਸੀ।ਗਗਨਦੀਪ ਵੀ ਕਬੱਡੀ ਪਾਉਣ ਵਿੱਚ ਗਗਨ ਚ ਦੀਪ ਵਾਂਗ ਚਮਕਿਆ ਅਤੇ ਏਕਮ ਨੇ ਵੀ ਇੱਕ ਅੱਧਾ ਚੰਗਾ ਜਾਫਾ ਲਾਇਆ।ਅੰਤਮ ਸਮਾਗਮ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਾਕਿਸਤਾਨ ਤੋਂ ਆਏ ਮੰਤਰੀ ਸਹਿਬਾਨ ਦਾ ਜਿਥੇ ਜੀ ਆਇਆਂ ਆਖ ਕੇ ਧੰਨਵਾਦ ਕੀਤਾ ਉਥੇ ਕਿਹਾ ਕਿ ‘ਮੈਂ ਕਬੱਡੀ ਤਾਂ ਨਹੀਂ ਖੇਡੀ ਪਰ ਸਿਆਸਤ ਦੀ ਕਬੱਡੀ ਜਰੂਰ ਖੇਡੀ ਐ ਜਿਸ ਵਿੱਚ ਜੇਤੂ ਵੀ ਰਿਹਾ ਹਾਂ’ਬਿਲਕੁਲ ਸੋਲਾਂ ਆਨੇ ਸੱਚ ! ਸਭ ਤੋਂ ਛੋਟੀ ਉਮਰ ਦਾ ਮੁੱਖ ਮੰਤਰੀ ਬਣਨ ਦਾ ਮਾਣ ਲੈਣ ਵਾਲਾ ਸ੍ਰ: ਪ੍ਰਕਾਸ਼ ਸਿੰਘ ਬਾਦਲ ਅੱਜ ਅੱਸੀਵਿਆਂ ਨੂੰ ਟੱਪ ਕੇ ਵੀ ਪੰਜਵੀਂ ਵਾਰ ਸਭ ਤੋਂ ਵਡੇਰੀ ਉਮਰ ਦਾ ਮੁੱਖ ਮੰਤਰੀ ਹੁੰਦਿਆਂ ਜਿੰਦਗੀ ਦੀ ਚੜ੍ਹਦੀ ਕੌਡੀ ਪਾ ਰਿਹਾ ਹੈ ਅਤੇ ਪੰਜਾਬ ਦੇ ਨੌਜੁਆਨਾਂ ਨੂੰ ਨਸ਼ਿਆਂ ਚੋਂ ਕੱਢ ਕੇ,ਪਿੰਡ-ਪਿੰਡ ਵਿੱਚ ਕਬੱਡੀ ਖੇਡ ਨੂੰ ਹਰਮਨ ਪਿਆਰਾ ਬਨਾਉਣ,ਸਭ ਨੂੰ ਇੱਕ ਅੱਖ ਨਾਲ ਵੇਖਣ ਦਾ ਯਤਨ ਕਰਦਾ ਕੁਝ ਹੰਕਾਰੀ,ਹਉਂਮੇਂ ਵਿੱਚ ਗ੍ਰਸਤ ਸਿਆਸਤਦਾਨਾਂ ਨੂੰ ਸਮਝਦਾਰੀ,ਸ਼ਰਾਫਤ,ਸੁਹਿਰਦਤਾ,ਸਪੱਸ਼ਟਤਾ ਆਦਿ ਗੁਣਾਂ ਦਾ ਪਾਠ ਪੜਾਉਣ ਲਈ ਯਤਨਸ਼ੀਲ ਹੈ ਪਰ ਕਲਯੁੱਗ ਦੇ ਬੁਰੇ ਪ੍ਰਭਾਵ ਕਾਰਨ ਸਾਰੇ ਸਿਆਸਤਦਾਨ ਉਸ ਵਾਲਾ ਪੱਲਾ ਨਹੀਂ ਫੜ੍ਹ ਸਕਦੇ ਇਸੇ ਕਰਕੇ ਤਾਂ ‘ਕਰੋੜਾਂ ਦੀ ਕਬੱਡੀ’ ਤੇ ਲਾਏ ਕਰੋੜਾਂ ਰੂਪੈ ਕੈਟਰੀਨਾ ਕੈਫ ਅਤੇ ਅਕਸ਼ੈ ਕੁਮਾਰ ਦੀ ਫੇਰੀ ਤੇ ਲਾਉਣ ਨਾਲੋਂ ਪੰਜਾਬ ਦੇ ਸਮੁੱਚੇ ਪਿੰਡਾਂ ਵਿੱਚ ਕਬੱਡੀ ਦੀਆਂ ਟੀਮਾਂ ਬਣਾਕੇ ਖਿਡਾਉਣ ਦਾ ਉਪਰਾਲਾ ਕਰਨੋਂ ਖੁੰਝ ਨਾ ਗਏ ਹੋਣ,ਇਸ ਲਈ ਸਾਡੀ ਅਪੀਲ ਹੈ ਕਿ ਸਹੀ ਮਾਅਨਿਆਂ ਨਾਲ ਪੰਜਾਬ ਚ ਵਗ ਰਿਹਾ ਨਸ਼ਿਆਂ ਦਾ ਹੜ੍ਹ ਰੋਕ ਕੇ,ਨੌਜੁਆਨਾਂ ਨੂੰ ਸਿਰਾਂ ਤੇ ਪੱਗਾਂ ਬੰਨਾ ਕੇ,ਕੇਸ ਰਖਾ ਕੇ,ਸਹੀ ਮਾਅਨਿਆਂ ਵਿੱਚ ਪੰਜਾਬੀ ਬਨਾਉਣ ਦਾ ਸਾਰਥਕ ਯਤਨ ਕਰਨ,ਇਹ ਨਾ ਹੋਵੇ ਕਿ ਇਸ ਚਾਲ ਚੱਲਦਾ ਪੰਜਾਬ ਕੁਝ ਹੀ ਸਾਲਾਂ ਨੂੰ ਭਈਆਂ ਦੀ ਬਸਤੀ ਬਣਿਆ ਦਿਸੇ ?
ਹਰਗੋਬਿੰਦ ਸਿੰਘ ਸ਼ੇਖਪੁਰੀਆਸਾਹਮਣੇ ਗੁਰੂ ਕਾਸ਼ੀ ਕਾਲਜ,
ਤਲਵੰਡੀ ਸਾਬੋ(ਬਠਿੰਡਾ)
94171-19492


0 comments:
Speak up your mind
Tell us what you're thinking... !