Headlines News :
Home » » ਜਨਮ ਦਿਨ ‘ਤੇ ਵਿਸ਼ੇਸ਼ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ - ਧਰਮਿੰਦਰ ਸਿੰਘ ਵੜ੍ਹੈਚ

ਜਨਮ ਦਿਨ ‘ਤੇ ਵਿਸ਼ੇਸ਼ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ - ਧਰਮਿੰਦਰ ਸਿੰਘ ਵੜ੍ਹੈਚ

Written By Unknown on Thursday, 19 September 2013 | 01:13

       ਭਾਈ ਸੰਤੋਖ ਸਿੰਘ ਜੀ ਉਨਵੀਂ ਸਦੀ ਦੇ ਇੱਕ ਵਿਦਵਾਨ ਕਵੀ ਸਨ। ਆਪ ਗੁਰੂ ਚਰਨਾਂ ਨਾਲ ਜੁੜੇ ਹੋਏ ਸਨ। ਆਪ ਦਾ ਜਨਮ 22 ਸਤੰਬਰ 1788 ਨੂੰ (ਵੱਖ-ਵੱਖ ਵਿਦਵਾਨਾਂ ਅਨੁਸਾਰ ਜਨਮ ਮਿਤੀ ਵੱਖ-ਵੱਖ ਹੈ)ਪਿਤਾ ਸ੍ਰ. ਦੇਵਾ ਸਿੰਘ ਤੇ ਮਾਤਾ ਰਾਜ ਦੇਵੀਂ ਦੀ ਕੁੱਖੋਂ ਪਿੰਡ ਨੂਰਦੀਨ ਦੀ ਸਰ੍ਹਾਂ ਜਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਆਪ ਦੇ ਪਿਤਾ ਵੀ ਇੱਕ ਮਹਾਨ ਵਿਦਵਾਨ ਕਵੀ ਸਨ ਅਤੇ ਗੁਰੂ ਘਰ ਪ੍ਰਤੀ ਅਥਾਹ ਸ਼ਰਧਾ ਰੱਖਦੇ ਸਨ। ਉਹ ਆਪਣੇ ਪੁੱਤਰ ਨੂੰ ਵੀ ਇੱਕ ਵਿਦਵਾਨ ਦੇ ਰੂਪ ਵਿੱਚ ਵੇਖਣਾ ਚਾਹੁੰਦੇ ਸਨ। ਉਹਨਾਂ ਨੇ ਆਪਣੇ ਪੁੱਤਰ ਦੀ ਪੜ੍ਹਾਈ ਦਾ ਪ੍ਰਬੰਧ ਅੰਮ੍ਰਿਤਸਰ ਜਿਲ੍ਹੇ ਵਿੱਚ ਮਹਾਂਪੁਰਸ਼ ਭਾਈ ਸੰਤ ਸਿੰਘ ਜੀ ਨੂੰ ਸੌਂਪਿਆ। ਭਾਈ ਸੰਤ ਸਿੰਘ ਜੀ ਵੀ ਇੱਕ ਬਹੁਤ ਸੰਤ ਸੁਭਾਅ ਅਤੇ ਭਗਤੀ ਵਿੱਚ ਲੀਨ ਰਹਿਣ ਵਾਲੇ ਨਾਮ ਬਾਣੀ ਦੇ ਰਸੀਏ ਸਨ। ਭਾਈ ਸੰਤੋਖ ਸਿੰਘ ਜੀ ਨੇ ਭਾਈ ਸੰਤ ਸਿੰਘ ਜੀ ਕੋਲ ਲਗਭਗ ਪੰਦਰਾਂ ਸਾਲ ਤੱਕ ਵਿਦਿਆ ਪ੍ਰਾਪਤ ਕੀਤੀ। ਪੰਦਰਾਂ  ਸਾਲ ਬਾਅਦ ਵਿਦਿਆ ਪ੍ਰਾਪਤ ਕਰਨ ਉਪਰੰਤ ਆਪ ਬੂੜੀਆ ਜਿਲ੍ਹਾ ਅੰਬਾਲਾ ਜਗਾਧਰੀ ਦੇ ਕੋਲ ਰਹਿਣ ਲਈ ਚਲੇ ਗਏ ਤੇ ਲਗਭਗ ਦਸ ਸਾਲ ਤੱਕ ਇੱਥੇ ਹੀ ਰਹੇ। ਇੱਥੇ ਹੀ ਆਪ ਦਾ ਵਿਆਹ ਰਾਮ ਕੌਰ ਨਾਲ ਹੋ ਗਿਆ। ਇਸ ਤੋਂ ਬਾਅਦ ਆਪ ਕਰਤਾਰਪੁਰ, ਖਿਆਲਾ, ਬਾਰਨ, ਹਡਿਆਲਾ, ਬਦਰਪੁਰ, ਮੁਕੰਦਪੁਰ ਰਾਣੀ ਕਾ ਤੇ ਰਾਏ ਪੁਰ ਆਦਿ ਸਥਾਨਾਂ ਤੇ ਵੀ ਗਏ। ਪਟਿਆਲੇ ਜਾ ਕੇ ਆਪ ਨੂੰ ਸ਼ੋਹਰਤ ਮਿਲੀ। ਇੱਥੇ ਹੀ ਆਪ ਨੂੰ ਕੈਂਥਲ ਨਰੇਸ਼ ਭਾਈ ਉਦੈ ਸਿੰਘ ਨੇ ਆਪਣੇ ਕੋਲ ਬੁਲਾ ਲਿਆ, ਜਿੱਥੇ ਬਾਦ ਵਿੱਚ ਆਪ ਕੈਂਥਲ ਵਿੱਚ ਹੀ ਸਾਰੀ ਉਮਰ ਹੀ ਰਹੇ। ਇੱਥੇ ਹੀ ਆਪ ਨੇ ‘ਗੁਰ ਪ੍ਰਤਾਪ ਸੂਰਜ’ ਨਾਂਅ ਦੇ ਗ੍ਰੰਥ ਦੀ ਰਚਨਾ ਕੀਤੀ। ਕੈਂਥਲ ਨਰੇਸ਼  ਸਾਹਿਤ ਪੜ੍ਹਨ ਵਿੱਚ ਬੇਹੱਦ ਰੁਚੀ ਰੱਖਦੇ ਸਨ। ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਗੁਰ ਪਰਤਾਪ ਸੂਰਜ ਗ੍ਰੰਥ, ਗਰਬ ਗੰਜਨੀ, ਰਮਾਇਣ, ਨਾਮ ਕੋਸ਼ ਤੇ ਰਾਮ ਚਰਿਤਰ ਮਾਨਸ ਦਾ ਉਲੱਥਾ ਕੀਤਾ। ਆਪ ਦੀ ਬਿਬੇਕ ਬੁੱਧ ਤੇ ਵਿਦਵਤਾ ਨੂੰ ਬਹੁਤ ਉ ੱਚ ਦਰਜਾ ਪ੍ਰਾਪਤ ਹੈ। ਗੁਰਮਿਤ ਸਾਹਿਤ ਦੀ ਇਸੇ ਵਿਲੱਖਣ ਪ੍ਰੰਪਰਾ ਨੂੰ ਜੀਵਤ ਰੱਖਣ ਵਾਲੇ ਮੋਢੀ ਕਵੀਆਂ ‘ਚੌਂ ਭਾਈ ਸੰਤੋਖ ਸਿੰਘ ਜੀ ਪ੍ਰਮੁੱਖ ਹਨ। ਆਪ ਦਾ ਸਿਰਜਿਆ ਮਹਾਂਕਾਵਿ ‘ਗੁਰ ਪ੍ਰਤਾਪ ਸੂਰਜ’ ਗ੍ਰੰਥ ਵਿਲੱਖਣ ਹੈ। ‘ਗੁਰ ਪ੍ਰਤਾਪ ਸੂਰਜ ਗ੍ਰੰਥ’ ਵਿੱਚ ਸਿੱਖ ਗੁਰੂਆਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਨੂੰ ਰੂਪਮਾਨ ਕੀਤਾ ਹੈ। ਆਪ ਦੀ ਇਹ ਰਚਨਾ ਬਹੁਤ ਹਰਮਨ ਪਿਆਰੀ ਹੋਈ। ਇੱਕ ਥਾਂ ਕਵੀ ਨੇ ਗੁਰੂ ਨਾਨਕ ਦੇਵ ਜੀ ਨੂੰ ਪਾਰ ਬ੍ਰਹਮ ਕਰਤਾ ਪੁਰਖ ਕਿਹਾ ਹੈ:
ਪਾਰ ਬ੍ਰਹਮ ਕਰਤਾ ਪੁਰਖ ਸ੍ਰੀ ਨਾਨਕ ਅਵਤਾਰ।
ਦਾਸਨ ਬ੍ਰਿੰਦ ਉਨੰਦ ਦੇ ਤਿਨ ਪਦ ਬੰਦਨ ਧਾਰ।
ਇੱਕ ਥਾਂ ਹੋਰ ਭਾਈ ਸਾਹਬ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮੁੱਕਤੀ ਦਾਤਾ ਕਹਿੰਦੇ ਹੋਏ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਨ ਕਿ: 
ਮਿਟਿ ਕੈ ਬਿਕਾਰਨਿ ਤੇ ਸ਼ਰਨ ਪਰੀਜੈ ਨਿੱਤ,
ਨਾਮ ਕੇ ਉਚਾਰਨ ਤੇ ਮੋਹ ਜਾਤਿ ਘਟਿ ਕੇ।
ਘਟ ਕੇ ਮਝਾਰ ਧਯਾਨ ਧਾਰਨਿ ਤੇ ਪਾਰ ਹੋਹਿ, 
ਮਨ ਟਿਕ ਜਾਇ ਇਸਿਯਾਨ ਤੇ ਉਲਟਿ ਕੈ।
ਲਟਕੇ ਨ ਸਿਰ ਤਰਵਾਯੋ ਹਵੈ ਗਰਭ ਬੀਚ,
ਪਰਯੋ ਬਸਿ ਸਦਾ ਬਹੁ ਬੰਧਨਿ ਬਿਕਟ ਕੈ।
ਕਟਿ ਕੈ ਸੁ ਦੇਹਿ ਮੋਖ, ਐਸੇ, ਗੁਰੂ ਨਾਨਕ ਜੀ,
ਬੰਦ ਹੋ ਪਟਾਰਬਿੰਦ ਇੰਦ੍ਰਿਨਿ ਸਿਮਟਿ ਕੈ।
       ਆਪ ਨੇ ‘ਗਰਬ ਗੰਜਨੀ’ ਨਾਂਅ ਦਾ ਟੀਕਾ 1829 ਵਿੱਚ ਕੀਤਾ। ਜਦ ਪੰਡਿਤ ਅਨੰਦ ਘਨ ਨੇ ਜਪੁਜੀ ਦੇ ਅਰਥ ਮਨਮਰਜ਼ੀ ਅਨੁਸਾਰ ਕਰਕੇ ਗੁਰੂ ਸਹਿਬਾਨ ਦੀ ਸ਼ਾਨ ਦੇ ਖਿਲਾਫ ਅਪਮਾਨਜਨਕ ਸ਼ਬਦ ਕਹੇ ਤਾਂ ਕੈਂਥਲ ਨਰੇਸ਼ ਭਾਈ ਉਦੈ ਸਿੰਘ ਨੇ ਅਪਣੇ ਦਰਬਾਰੀ ਕਵੀ ਭਾਈ ਸੰਤੋਖ ਸਿੰਘ ਨੂੰ ਆਗਿਆ ਕੀਤੀ ਕਿ ਤੁਸੀ ਜਪੁਜੀ ਸਾਹਿਬ ਜੀ ਦੇ ਅਰਥ ‘ਅਲੰਕਾਰ ਯੁਕਤ’ ਅਤੇ ਸ਼ੁੱਧ ਤੇ ਸਪੱਸ਼ਟ ਟੀਕਾ ਗੁਰਮਿਤ ਦੀ ਰੌਸ਼ਨੀ ਵਿੱਚ ਰਚੋ। ਇਉਂ ਅਭਿਮਾਨੀ ਪੰਡਿਤ ਦੀ ਪੰਡਿਤਾਈ ਦੇ ਗਰਬ ਦਾ ਗੰਜਨ ਹੋਇਆ। ਇਸ ਲਈ ਇਸ ਟੀਕੇ ਦਾ ਨਾਂ ‘ਗਰਬ ਗੰਜਨੀ’ ਮਸ਼ਹੂਰ ਹੋ ਗਿਆ। ਪੰਜਾਬੀ, ਹਿੰਦੀ, ਸੰਸਕ੍ਰਿਤ ਕਾਵਿ ਸਾਸ਼ਤਰ, ਵੇਦਾਂਤ ਅਤੇ ਗੁਰਬਾਣੀ ਦਾ ਆਪ ਨੇ ਡੂੰਘਾਈ ਵਿੱਚ ਅਧਿਐਨ ਕੀਤਾ। ਆਪ ਦੀ ਸਾਰੀ ਕਵਿਤਾ ਬ੍ਰਿਜ਼ ਭਾਸ਼ਾ ਵਿੱਚ ਹੈ। ਡਾ: ਮਹੀਪ ਸਿੰਘ ਇਸ ਬਾਰੇ ਲਿੱਖਦੇ ਹਨ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਭਾਈ ਸੰਤੋਖ ਸਿੰਘ ਜਿਹੀ ਮਹਾਨ ਪ੍ਰਤਿਭਾ ਦਾ ਅਜੇ ਤੀਕ ਸਹੀ ਮੁੱਲਅੰਕਣ ਨਹੀ ਹੋਇਆ। ਉਹਨਾਂ ਦੀ ਸਾਰੀ ਕਵਿਤਾ ਬ੍ਰਿਜ਼ ਭਾਸ਼ਾ ਵਿੱਚ ਹੈ। ਇਸ ਲਈ ਉਹ ਹਿੰਦੀ ਸਾਹਿਤ ਦਾ ਹਿੱਸਾ ਬਣਦੀ ਹੈ, ਪਰ ਉਹ ਗੁਰਮੁੱਖੀ ਲਿਪੀ ਵਿੱਚ ਹੈ ਤੇ ਅਜੇ ਤੀਕ ਉਸਨੂੰ ਸਹੀ ਤਰ੍ਹਾਂ ਸੰਕਾਰਪਿਤ ਕਰਕੇ ਦੇਵਨਾਗਰੀ ਲਿਪੀ ਵਿੱਚ ਲਿਆਉਣ ਦਾ ਕੋਈ ਚੰਗਾ ਕਦਮ ਨਹੀ ਪੁੱਟਿਆ ਗਿਆ। ਸਤਾਰਵੀਂ, ਅਠਾਰਵੀਂ ਤੇ ਉ ੱਨੀਵੀਂ ਸਦੀ ਵਿੱਚ ਲਿਖਿਆ ਗਿਆ ਬਹੁਤ ਸਾਰਾ ਸਾਹਿਤ ਬ੍ਰਿਜ਼ ਭਾਸ਼ਾ ਤੇ ਗੁਰਮੁੱਖੀ ਲਿਪੀ ਵਿੱਚ ਹੈ। ਇੰਨ੍ਹਾਂ ਕਾਰਨਾਂ ਕਰਕੇ ਭਾਈ ਸੰਤੋਖ ਸਿੰਘ ਦੀ ਪ੍ਰਤਿਭਾ ਦੱਬੀ ਰਹੇ, ਕਿਸੇ ਵੀ ਦੇਸ਼ ਜਾਂ ਕੌਮ ਦੀ ਸਭਿਆਚਾਰਕ ਸੋਚ ਲਈ ਇਸ ਤੋਂ ਭੈੜੀ ਗੱਲ ਹੋਰ ਕੋਈ ਨਹੀ।  ਭਾਈ ਸੰਤੋਖ ਸਿੰਘ ਜੀ ਦੇ ਪੰਜ ਪੁੱਤਰ ਤੇ ਤਿੰਨ ਧੀਆਂ ਦਾ ਜ਼ਿਕਰ ਇਤਹਾਸ ਵਿੱਚ ਆਉਂਦਾ ਹੈ। ਆਪ ਸਾਰੀ ਉਮਰ ਕੈਂਥਲ ਵਿੱਚ ਹੀ ਰਹੇ। ਅੰਤ  ਆਪ 19 ਅਕਤੂਬਰ 1843 ਨੂੰ ਉਸ ਮਾਲਕ ਵੱਲੋਂ ਬਖਸ਼ੀ ਹੋਈ ਆਰਯੂ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ। 




                                                                                        ਧਰਮਿੰਦਰ ਸਿੰਘ ਵੜ੍ਹੈਚ, 
ਪਿੰਡ ਤੇ ਡਾਕ: ਚੱਬਾ, 
ਤਰਨਤਾਰਨ ਰੋਡ, 
ਅੰਮ੍ਰਿਤਸਰ-143022 , 
ਮੋਬਾ: 97817-51690 
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template