ਛੋਟੀ ਉਮਰੇ ਹੀ ਕਿਤਾਬੀ ਗਿਆਨ ਹਾਸਲ ਕਰਨ ਵਾਲੇ ਭਾਈ ਮੋਹਨ ਸਿੰਘ ਵੈਦ ਇੱਕ ਪ੍ਰਸਿੱਧ ਵੈਦ, ਉ ੱਘੇ ਲੇਖਕ, ਪੰਥ ਦਰਦੀ, ਲੋਕ ਹਿਤੈਸ਼ੀ, ਪ੍ਰਸਿੱਧ ਪੱਤਰਕਾਰ ਤੇ ਸਾਹਿਤ ਸੇਵਕ ਵੀ ਸਨ। ਉਨ੍ਹਾਂ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਤੇ ਪਾਸਾਰ ਨੂੰ ਹੋਰ ਪ੍ਰਫੁਲਿਤ ਕਰਨ ਲਈ ਬਹੁਤ ਘਾਲਣਾ ਘਾਲੀ। ਇਸ ਪ੍ਰਤਿਭਾਵਾਨ ਲੇਖਕ ਨੇ ਆਪਣੇ ਨਿੱਜੀ ਖਰਚੇ ਤੇ ਪੰਜਾਬੀ ਸਾਹਿਤ ਦੀ ਝੋਲੀ ਵੱਖ-ਵੱਖ ਵਿਸ਼ਿਆਂ ਤੇ ਖੇਤਰਾਂ ਤੇ 200 ਤੋਂ ਵੱਧ ਪੁਸਤਕਾਂ ਲਿੱਖ ਜਾਂ ਲਿੱਖਵਾ ਕੇ ਪ੍ਰਕਾਸ਼ਿਤ ਕਰਵਾਈਆਂ । ਭਾਈ ਮੋਹਨ ਸਿੰਘ ਵੈਦ ਦਾ ਜਨਮ 7 ਫੱਗਣ , 1937 ਬਿ: (7 ਮਾਰਚ 1881) ਨੂੰ ਭਾਈ ਜੈਮਲ ਸਿੰਘ ਦੇ ਗ੍ਰਹਿ ਤਰਨਤਾਰਨ ਉਦੋਂ ਜਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਆਪ ਦੇ ਪਿਤਾ ਬਹੁਤ ਹੀ ਦਇਆਵਾਨ, ਗੁਰੂ ਘਰ ਦੇ ਪ੍ਰੇਮੀ, ਬਾਣੀ ਵਿੱਚ ਅਥਾਹ ਸ਼ਰਧਾ ਰੱਖਣ ਵਾਲੇ ਨਿੱਤਨੇਮੀ ਤੇ ਆਪਣੇ ਸਮੇਂ ਦੇ ਇੱਕ ਮੰਨੇ-ਪ੍ਰਮੰਨੇ ਵੈਦ ਸਨ। ਆਪ ਦੀ ਪੜ੍ਹਾਈ ਲਈ ਆਪ ਨੂੰ ਪਾਠਸ਼ਾਲਾ ਵਿੱਚ ਭਾਈ ਨਰਾਇਣ ਸਿੰਘ, ਭਾਈ ਮੰਗਲ ਸਿੰਘ, ਭਾਈ ਜੀਵਨ ਸਿੰਘ ਤੇ ਭਾਈ ਗੁਰਮੁੱਖ ਸਿੰਘ ਜਿਹੇ ਵਿਦਵਾਨਾਂ ਕੋਲ ਭੇਜਿਆ ਗਿਆ। ਭਾਈ ਮੋਹਨ ਸਿੰਘ ਵੈਦ ਵੀ ਆਪਣੇ ਪਿਤਾ ਦੀ ਤਰਜ਼ ਤੇ ਪੜ੍ਹਾਈ ਸਮੇਂ ਤੋਂ ਹੀ ਲੋਕ ਭਲਾਈ ਦੇ ਕੰਮਾਂ ਵਿੱਚ ਅਤੇ ਪਿਤਾ ਪੁਰਖੀ ਕਿੱਤਾ ‘ਵੈਦਗੀ’ ਵਿੱਚ ਵਧੇਰੇ ਦਿਲਚਸਪੀ ਲੈਣ ਲੱਗ ਪਏ ਸਨ। ਆਪ ਨੇ ‘ਵੈਦਗੀ’ ਦੇ ਗੁਰ ਪੰਡਿਤ ਸ਼ਿਵ ਦਿਆਲ ਕੋਲੋਂ ਸਿੱਖੇ ਤੇ ਇੱਕ ਉ ੱਚਕੋਟੀ ਦੇ ਵੈਦ ਦੀ ਪੱਦਵੀ ਹਾਸਲ ਕੀਤੀ। ਜਿਸ ਦੀ ਬਦੌਲਤ ਅੱਗੇ ਜਾ ਕੇ ਆਪ ਭਾਈ ਮੋਹਨ ਸਿੰਘ ਤੋਂ ਭਾਈ ਮੋਹਨ ਸਿੰਘ ਵੈਦ ਦੇ ਨਾਂਅ ਨਾਲ ਜਾਣੇ ਜਾਣ ਲੱਗੇ। ਛੋਟੀ ਉਮਰ ਵਿੱਚ ਹੀ ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੋਰ ਧਰਮਾਂ ਦੇ ਮਹਾਨ ਗ੍ਰੰਥਾਂ ਦੀ ਡੂੰਘਾਈ ਨਾਲ ਖੋਜ ਕਰ ਲਈ ਸੀ। ਆਪ ਪੰਜਾਬੀ ਮਾਂ-ਬੋਲੀ ਤੇ ਸਾਹਿਤ ਦੀ ਨਿਰੰਤਰ ਤੇ ਨਿਰਮਾਣ ਸੇਵਾ ਵਿੱਚ ਸਾਰੀ ਉਮਰ ਹੀ ਲੱਗੇ ਰਹੇ। ਪੰਜਾਬੀ ਦੇ ਨਾਲ-ਨਾਲ ਆਪ ਨੇ ਉਰਦੂ, ਹਿੰਦੀ ਤੇ ਇੰਗਲਿਸ਼ ਦੀਆਂ ਪੁਸਤਕਾਂ ਦੇ ਅਨੁਵਾਦਨ ਤੇ ਪ੍ਰਕਾਸ਼ਨ ਵੱਲ ਵੀ ਉਚੇਚਾ ਧਿਆਨ ਦਿੱਤਾ। ਪੰਜਾਬੀ ਵਿੱਚ ਆਪ ਨੇ ਨਾਵਲ, ਕਹਾਣੀਆਂ, ਨਾਟਕ, ਗਿਆਨ-ਵਿਗਿਆਨ, ਸੁਧਾਰਕ, ਧਾਰਮਿਕ, ਆਤਮਿਕ, ਵੈਦਿਕ, ਵਿਵਾਦਾਤਮਕ, ਇਸਤਰੀ ਸਿੱਖਿਆ ਬਾਰੇ ਬਹੁਤ ਕੁਝ ਲਿੱਖਿਆ। ਆਪ ਨੇ 1894 ਈ: ਵਿੱਚ ‘ਖਾਲਸਾ ਵਿਦਿਆਰਥੀ’ ਸਭਾ ਬਣਾਈ। ਸੰਨ 1905 ਈ: ਵਿੱਚ ‘ਖਾਲਸਾ ਭੁਝੰਗੀ’ ਸਭਾ ਬਣਾਈ। ਸੰਨ 1906 ਈ: ਵਿੱਚ ‘ਦੁੱਖ ਨਿਵਾਰਨ’ ਨਾਂ ਦੀ ਪ੍ਰੱਤਿਕਾ ਕੱਢੀ। ਸੰਨ 1916 ਵਿੱਚ ‘ਚੀਫ ਖਾਲਸਾ ਦੀਵਾਨ’ ਦੀ ਸਰਬ ਹਿੰਦ ਵਿਦਿਅਕ ਕਾਨਫਰੰਸ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਸੰਨ 1921 ਈ: ਵਿੱਚ ਆਪ ਐ ੱਸ. ਜੀ. ਪੀ. ਸੀ ਦੇ ਮੈਂਬਰ ਵੀ ਬਣੇ ਤੇ 1924 ਅਤੇ 1936 ਵਿੱਚ ਆਪ ਨੇ ਦੋ ਵਾਰ ਗ੍ਰਿਫਤਾਰੀ ਵੀ ਦਿੱਤੀ।ਅੰਤ ਆਪ 3 ਅਕਤੂਬਰ 1936 ਨੂੰ ਤਰਨਤਾਰਨ ਵਿੱਚ ਹੀ ਆਪਣੀ ਜੀਵਨ ਯਾਤਰਾ ਪੂਰੀ ਕਰਦੇ ਹੋਏ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ।
ਪਿੰਡ ਤੇ ਡਾਕ: ਚੱਬਾ,
ਤਰਨਤਾਰਨ ਰੋਡ,
ਅੰਮ੍ਰਿਤਸਰ- 143022,
ਮੋ: 97817-51690


0 comments:
Speak up your mind
Tell us what you're thinking... !