ਪੁਰਾਣੇ ਲੋਕ ਗੀਤਾਂ,ਬੋਲੀਆਂ,ਸੁਹਾਗ ਆਦਿ ਵਿੱਚ ਇਕ ਮੁਟਿਆਰ ਜੋ ਵਿਆਹ ਦੇ ਕਾਬਿਲ ਹੋ ਗਈ ਹੋਵੇ ਉਸ ਲਈ ਵਰ ਲੱਭਣ ਸੰਬੰਧੀ ਬਹੁਤ ਕੁਝ ਕਿਹਾ ਗਿਆ ਹੈ।ਲੋਕ ਗੀਤਾਂ ਵਿਚ ਮੁਟਿਆਰ ਆਪਣੇ ਬਾਬਲ ਨੂੰ ਆਪਣੇ ਲਈ ਢੁਕਵਾਂ ਵਰ ਲਭਣ ਦੀ ਅਰਜੋਈ ਕਰਦੀ ਦਰਸਾਈ ਗਈ ਹੈ।ਜਿਵੇਂ ਇਕ ਬੋਲੀ ਵਿਚ ਧੀ ਬਾਬਲ ਨੂੰ ਕਹਿੰਦੀ ਹੈ “ਇਕ ਕੰਤ ਸਹੇੜੀਂ ਵੇ ਬਾਬਲਾ ਗੁਟਕੂਂ ਗੁਟਕੂਂ ਕਰਦਾ”।
ਹਰ ਮਾਂ ਬਾਪ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਆਪਣੀ ਲਾਡਲੀ ਬੱਚੀ ਲਈ ਹਰ ਪਖੋਂ ਚੰਗਾ ਵਰ ਘਰ ਲਭਿਆ ਜਾਏ।ਇਸ ਸਿਲਸਿਲੇ ਵਿੱਚ ਬੱਚੀ ਦਾ ਬਾਪ ਹਰ ਰਿਸ਼ਤੇਦਾਰ ਅਤੇ ਸੱਜਣ ਦੇ ਕੰਨੀ ਬੱਚੀ ਲਈ ਇਕ ਚੰਗਾ ਘਰ ਧਿਆਨ ਵਿਚ ਰਖਣ ਦੀ ਗੱਲ ਪਾ ਛਡਦਾ ਹੈ।ਇਥੇ ਚੰਗਾ ਵਰ ਦੀ ਥਾਂ ਚੰਗਾ ਘਰ ਸ਼ਬਦ ਇਸ ਲਈ ਵਰਤਿਆ ਗਿਆ ਹੈ ਕਿਉਂਕਿ ਬਹੁਤੇ ਲੋਕ ਰਿਸ਼ਤੇ ਲੱਭਣ ਸਮੇਂ ਵਰ ਤੋਂ ਪਹਿਲਾਂ ਘਰ ਲਫਜ਼ ਹੀ ਵਰਤਦੇ ਹਨ।ਅਸੀਂ ਆਮ ਹੀ ਇਹ ਸ਼ਬਦ ਸੁਣਦੇ ਹਾਂ ਕਿ ਫਲਾਣੇ ਨੇ ਜਿਥੇ ਰਿਸ਼ਤਾ ਕੀਤਾ ਹੈ ਉਹ ਘਰ ਬੜਾ ਤਕੜਾ ਹੈ ਜਾਂ ਚੰਗਾ ਹੈ।ਆਮ ਤੌਰ ਤੇ ਚੰਗੇ ਘਰ ਨੂੰ ਹੀ ਚੰਗੇ ਵਰ ਦੀ ਗਰੰਟੀ ਵਜੋਂ ਮਿੱਥ ਲਿਆ ਜਾਂਦਾ ਹੈ।ਚੰਗੇ ਘਰ ਤੋਂ ਮਤਲਬ ਚੰਗੀ ਜ਼ਮੀਨ ਜ਼ਾਯਦਾਦ,ਪੈਸੇ ਧੇਲੇ ਵਲੋਂ ਕਮੀ ਨਾ ਹੋਣਾ,ਪਰਿਵਾਰਕ ਪਛੋਕੜ ਚੰਗਾ ਹੋਣਾ,ਮੁੰਡੇ ਦੀਆਂ ਭੈਣਾ ਇਕ ਤੋਂ ਵੱਧ ਨਾ ਹੋਣਾ,ਮੁੰਡਾ ਇਕਲਾ ਹੋਵੇ ਤੇ ਹੋਰ ਵਧੀਆ ਆਦਿ ਹੁੰਦਾ ਹੈ।ਪਰ ਇਹ ਸਾਰਾ ਕੁਝ. ਵੇਖਣ ਦੇ ਆਹਰ ਵਿੱਚ ਚੰਗੇ ਵਰ ਵਾਲੀ ਗੱਲ ਸ਼ਾਇਦ ਕਿਤੇ ਨਿਗੁਣੀ ਹੀ ਰਹਿ ਜਾਂਦੀ ਹੈ।ਜਿਸ ਲੜਕੇ ਨੂੰ ਅਸੀਂ ਆਪਣੀ ਬੱਚੀ ਦਾ ਜੀਵਨ ਸਾਥੀ ਬਣਾਉਨ ਜਾ ਰਹੇ ਹਾਂ ਉਸਦਾ ਸੁਭਾ ਕਿਨਾਂ ਚੰਗਾ ਹੈ?ਉਸ ਵਿਚ ਕਿਹੜੇ ਗੁਣ ਅਤੇ ਅਉਗਣ ਹਨ?ਕੀ ਉਹ ਸਾਡੀ ਬੱਚੀ ਨੂੰ ਖੁਸ਼ ਰਖੇਗਾ?ਉਸ ਦੀ ਰਹਿਣੀ ਬਹਿਣੀ ਕਿਸ ਤਰਾਂ ਦੀ ਹੈ?ਉਹ ਨਸ਼ੇ ਦਾ ਆਦੀ ਤਾਂ ਨਹੀਂ?ਸਾਡੀ ਬੱਚੀ ਆਪਣੇ ਹੋਣ ਵਾਲੇ ਵਰ ਵਿਚ ਕੀ ਕੁਜ ਗੁਣ ਲੋਚਦੀ ਹੈ?ਇਹ ਸਭ ਗਲਾਂ ਵਲ ਸ਼ਾਇਦ ਹੀ ਕੋਈ ਧਿਆਨ ਦਿੰਦਾ ਹੋਵੇਗਾ ਵਰ ਦੀ ਭਾਲ ਕਰਦਿਆਂ।ਹੁਣ ਅਸੀਂ ਇਨ੍ਹਾਂ ਸਵਾਲਾਂ ਤੇ ਤਰਤੀਬ ਨਾਲ ਵਿਚਾਰ ਕਰਦੇ ਹਾਂ।ਪਹਿਲਾਂ ਲੜਕੇ ਦੇ ਸੁਭਾ ਬਾਰੇ ਗਲ ਕਰੀਐ ਤਾਂ ਸਿਰਫ ਇਕ ਵਾਰ ਦੇਖਣ ਨਾਲ ਕਿਸੇ ਦੇ ਸੁਭਾ ਦਾ ਅੰਦਾਜ਼ਾ ਨਹੀਂ ਲਗ ਸਕਦਾ।ਪਰ ਜੇਕਰ ਥੋੜੀ ਬਹੁਤ ਪੁੱਛ ਪੜਤਾਲ ਇਧਰ ਉਧਰ ਤੋਂ ਕਰ ਲਈ ਜਾਵੇ ਤਾਂ ਲੜਕੇ ਦੇ ਸੁਭਾ ਬਾਰੇ ਕੁਜ ਹੱਦ ਤਕ ਪਤਾ ਲਗ ਜਾਂਦਾ ਹੈ ਤੇ ਇਸ ਤਰਾਂ ਦੀ ਪੁੱਛ ਗਿੱਛ ਕਰਨ ਵਿਚ ਕੋਈ ਹਰਜ਼ ਨਹੀਂ।ਇਸੇ ਤਰਾਂ ਲੜਕੇ ਦੇ ਗੁਣ ਅਉਗੁਣ ਵੀ ਅਤੇ ਨਸ਼ਿਆਂ ਦੀ ਵਰਤੋਂ ਬਾਰੇ ਵੀ ਬਾਹਰੋਂ ਪਤਾ ਲਗ ਸਕਦਾ ਹੈ ਜੋ ਅਸੀਂ ਇਹ ਸੋਚ ਕੇ ਨਹੀਂ ਕਰਦੇ ਕੀ ਲੋਕ ਤਾਂ ਐਵੇਂ ਹੀ ਭਾਨੀ ਮਾਰ ਕੇ ਰਿਸ਼ਤੇ ਛੁਡਾ ਦਿੰਦੇ ਨੇ।ਇਹ ਡਰ ਕਈ ਵਾਰ ਸੱਚ ਵੀ ਹੁੰਦਾ ਹੈ ਪਰ ਬਹੁਤੀ ਵਾਰ ਨਹੀਂ।ਹੁਣ ਜੇਕਰ ਉਸ ਵਿਚ ਚੰਗੇ ਗੁਣ ਹਨ,ਚੰਗੇ ਮਾੜੇ ਦੀ ਸੋਝੀ ਹੈ,ਨਸ਼ਿਆਂ ਤੋਂ ਦੂਰ ਹੈ ਤਾਂ ਸਾਡੀ ਬੱਚੀ ਨੂੰ ਜ਼ਰੂਰ ਖੁਸ਼ ਰਖੇਗਾ।ਹੁਣ ਸਵਾਲ ਹੈ ਕਿ ਬੱਚੀ ਆਪਣੇ ਹੋਣ ਵਾਲੇ ਵਰ ਬਾਰੇ ਕੀ ਸੋਚਦੀ ਹੈ?ਇਸ ਤਰਾਂ ਬਹੁਤ ਘਟ ਵੇਖਣ ਨੂੰ ਮਿਲਦਾ ਹੈ ਕਿ ਵਰ ਲਭਣ ਤੋਂ ਪਹਿਲਾਂ ਬੱਚੀ ਦੀ ਮਰਜ਼ੀ ਪੁੱਛੀ ਜਾਵੇ ਕਿ ਉਸਦੇ ਆਪਣੇ ਹੋਣ ਵਾਲੇ ਪਤੀ ਕੀ ਸੁਪਣੇ ਹਨ?ਰਿਸ਼ਤਾ ਤੈਅ ਹੋਣ ਤੇ ਉਸ ਨੂੰ ਕੇਵਲ ਦਸ ਦਿੱਤਾ ਜਾਂਦਾ ਹੈ ਕਿ ਤੇਰਾ ਰਿਸ਼ਤਾ ਇਕ ਚੰਗੇ ਘਰ ਵਿਚ ਕਰ ਆਏ ਹਾਂ।ਸਾਡੇ ਸਮਾਜ ਵਿਚ ਬੱਚੀਆਂ ਨੂ ਮਾਪਿਆਂ ਦਾ ਹਰ ਫੈਸਲਾ ਸਿਰ ਝੁਕਾ ਕੇ ਮੰਨਣਾ ਸਿਖਾਇਆ ਜਾਂਦਾ ਹੈ।ਸੋ ਇਹ ਫੈਸਲਾ ਵੀ ਬੱਚੀ ਵਲੋਂ ਇਕ ਬੀਬੀ ਧੀ ਬਣ ਕੇ ਕਬੂਲ ਲਿਆ ਜਾਂਦਾ ਹੈ।ਲੜਕੀ ਦੇ ਵਿਆਹ ਵੇਲੇ ਗਾਏ ਜਾਣ ਵਾਲੇ ਸੁਹਾਗਾਂ ਵਿਚ ਤਾਂ ਅਸੀਂ ਗਾਉਂਦੇ ਹਾਂ ਕਿ “ਬੇਟੀ, ਚੰਨਣ ਦੇ ਓਲ੍ਹੇ ਓਲ੍ਹੇ ਕਿਉਂ ਖੜੀ,ਮੈਂ ਤਾਂ ਖੜੀ ਸੀ ਬਾਬਲ ਜੀ ਦੇ ਪਾਸ,ਬਾਬਲ ਵਰ ਲ੍ਹੋੜੀਐ”ਨੀ ਜਾਈਏ, ਕਿਹੋ ਜਿਹਾ ਵਰ ਲ੍ਹੋੜੀਐ,ਚੰਨਾਂ ਵਿਚੋਂ ਚੰਨ,ਕ੍ਹਾਨਾਂ ਵਿਚੋਂ ਕ੍ਹਾਨ,ਕਨ੍ਹਇਆ ਵਰ ਲ੍ਹੋੜੀਐ।ਪਰ ਅਸਲ ਵਿਚ ਅਸੀਂ ਪਤੀ ਲਈ ਬੱਚੀ ਦੇ ਵਿਚਾਰ ਜਾਨਣ ਤੋਂ ਗੁਰੇਜ਼ ਹੀ ਕਰਦੇ ਹਾਂ।ਮਾਪਿਆਂ ਵਲੋਂ ਇਸ ਵਿਸ਼ੇ ਤੇ ਬੱਚੀ ਨਾਲ ਖੁੱਲ ਕੇ ਗਲ ਨਾ ਕਰਨਾ ਕਈ ਵਾਰ ਬਚੀਆਂ ਨੂੰ ਕੁਰਾਹੇ ਵੀ ਪਾ ਦਿੰਦਾ ਹੈ।ਖੈਰ ਮੇਰਾ ਵਿਸ਼ਾ ਅੱਜ ਇਹ ਨਹੀਂ ਸਗੋਂ ਬੱਚੀ ਲਈ ਯੋਗ ਵਰ ਲਭਣ ਲਈ ਸਾਡੇ ਸਮਾਜ ਦੇ ਬਣੇ ਨਜ਼ਰੀਐ ਦਾ ਹੈ
ਜ਼ਮੀਨ ਜਾਯਦਾਦ ਨੂੰ ਚੰਗੇ ਵਰ ਘਰ ਦੀ ਗਰੰਟੀ ਮਨਣ ਵਾਲੇ ਜੇਕਰ ਚੰਗੇ ਘਰ ਦੀ ਬਜਾਏ ਚੰਗੇ ਵਰ ਵਾਲੀ ਗੱਲ ਨੂੰ ਮੁੱਖ ਰਖਣ ਤਾਂ ਮੇਹਨਤੀ ਅਤੇ ਸ਼ਰੀਫ ਲੜਕਾ ਥੋੜੀ ਜ਼ਮੀਨ ਜਾਯਦਾਦ ਤੋਂ ਜ਼ਿਆਦਾ ਬਣਾ ਸਕਦਾ ਹੈ।ਪਰ ਇਕ ਐਬੀ ਅਤੇ ਨਿਖੱਟੂ ਲੜਕਾ ਜਿਨੀ ਮਰਜ਼ੀ ਜਾਯਦਾਦ ਦਾ ਮਾਲਕ ਹੋਵੇ ਸਭ ਐਬਾਂ ਵਿਚ ਗਵਾ ਲਵੇਗਾ।ਚੰਗੇ ਘਰਾਂ ਦੇ ਚੱਕਰ ਵਿਚ ਕਈ ਵਾਰ ਸ਼ਰੀਫ ਅਤੇ ਚੰਗੇ ਮੁੰਡਿਆਂ ਨੂੰ ਚੰਗਿਆਂ ਕੁੜੀਆਂ ਸਿਰਫ ਇਸੇ ਕਰ ਕੇ ਨਹੀਂ ਮਿਲਦੀਆਂ ਕਿ ਜਾਂ ਤਾਂ ਉਹ ਬਹੁਤੇ ਅਮੀਰ ਨਹੀਂ ਜਾਂ ਫਿਰ ਉਨ੍ਹਾ ਦਾ ਪਰਿਵਾਰਕ ਪਛੋਕੜ ਜਾਂ ਵੱਢੇ ਵਢੇਰਿਆਂ ਦਾ ਚਾਲ ਚਲਣ ਠੀਕ ਨਹੀਂ ਸੀ।ਪੁਰਖਿਆਂ ਦੀਆਂ ਕੀਤੀਆਂ ਗਲਤੀਆਂ ਅਗਲੀ ਪ੍ਹੀੜੀ ਨੂੰ ਭੁਗਤਣੀਆਂ ਪੈ ਜਾਂਦੀਆਂ ਹਨ।ਲੜਕਾ ਭਾਵੇਂ ਜਿਨਾ ਮਰਜ਼ੀ ਚੰਗਾ ਅਤੇ ਸ਼ਰੀਫ ਹੋਵੇ ਪਰ ਪਿੱਛੇ ਪੁਰਖਿਆਂ ਦੀ ਕੀਤੀ ਹੋਈ ਦੀ ਸਜ਼ਾ ਉਸਨੂੰ ਚੰਗੀ ਲੜਕੀ ਜੀਵਨ ਸਾਥੀ ਦੇ ਰੂਪ ਵਿਚ ਨਾ ਮਿਲ ਕੇ ਮਿਲਦੀ ਹੈ ਜੋ ਕਿ ਠੀਕ ਨਹੀਂ।ਇਹ ਨਹੀਂ ਕਿ ਰਿਸ਼ਤਾ ਕਰਦੇ ਹੋਏ ਪਰਿਵਾਰਕ ਪਿਛੋਕੜ ਵਲ ਝਾਤ ਨਾ ਪਾਈ ਜਾਵੇ।ਪਰ ਸਿਰਫ ਤੇ ਸਿਰਫ ਪਿਛੋਕੜ ਨੂੰ ਅਧਾਰ ਬਣਾ ਕੇ ਹੀ ਰਿਸ਼ਤੇ ਨਾ ਕੀਤੇ ਜਾਣ,ਸਗੋਂ ਜੋ ਤਸਵੀਰ ਸਾਹਮਣੇ ਹੈ ਉਹ ਵੀ ਧਿਆਨ ਵਿਚ ਰਖੀ ਜਾਵੇ।
ਸਾਡੇ ਪੰਜਾਬੀ ਸਮਾਜ ਵਿਚ ਇਹ ਗਲ ਆਮ ਹੀ ਪ੍ਰਚਲਿਤ ਹੈ ਕਿ ਜ਼ਮੀਨ ਜ਼ਾਯਦਾਦ ਲੜਕੀ ਦਾ ਦੂਜਾ ਖਸਮ ਹੁੰਦੀ ਹੈ।ਯਾਨੀ ਜੇਕਰ ਲੜਕੀ ਨਾਲ ਸਹੁਰੇ ਪਰਿਵਾਰ ਵਿਚ ਕੋਈ ਵਧੀਕੀ ਹੁੰਦੀ ਹੈ ਜਾਂ ਉਸਦਾ ਪਤੀ ਆਪਣੀ ਜ਼ਿਮੇਵਾਰੀ ਤੋਂ ਮੁਨਕਰ ਹੈ ਤਾਂ ਉਹ ਆਪਣੇ ਜ਼ਮੀਨ ਦੇ ਹਿੱਸੇ ਨਾਲ ਆਪਣਾ ਅਤੇ ਆਪਣੇ ਬੱਚਿਆਂ ਦਾ ਗੁਜ਼ਾਰਾ ਕਰ ਸਕਦੀ ਹੈ।ਇਹ ਵਿਚਾਰ ਕੁਜ ਹੱਦ ਤਕ ਠੀਕ ਹੈ।ਪਰ ਇਹ ਵੀ ਤੇ ਤਾਂ ਹੀ ਸੰਭਵ ਹੈ ਜੇ ਅਸੀਂ ਲੜਕੀ ਵਿੱਚ ਕਿਸੇ ਵੀ ਇਹੋ ਜਿਹੀ ਮੁਸੀਬਤ ਨਾਲ ਲੜਨ ਦਾ ਜਜ਼ਬਾ ਪਾਇਆ ਹੋਵੇਗਾ ਤਾ ਕੀ ਉਹ ਹਿੱਕ ਦੇ ਜ਼ੋਰ ਤੇ ਆਪਣਾ ਹੱਕ ਲੈ ਸਕੇ।ਅਸੀਂ ਤਾਂ ਆਪ ਆਪਣੀਆਂ ਬਚੀਆਂ ਨੂੰ ਉਹਨਾਂ ਦੇ ਹੱਕਾਂ ਤੋਂ ਵਾਂਝੇ ਰਖਦੇ ਹਾਂ ਤਾਂ ਫਿਰ ਉਸ ਲਈ ਆਪਣੇ ਬਣ ਕੇ ਬੇਗਾਨੇ ਹੋ ਚੁਕਿਆਂ ਤੋਂ ਕੀ ਉਮੀਦ ਕਰ ਸਕਦੇ ਹਾਂ ਕਿ ਉਹ ਸਾਡੀ ਬੱਚੀ ਨੂੰ ਉਸਦਾ ਬਣਦਾ ਹਕ ਸੌਖਿਆਂ ਦੇ ਦੇਣਗੇ।
ਵਰ ਪੱਖ ਵਲੋਂ ਮੁੰਡੇ ਦੇ ਗਲਤ ਚਾਲ ਚਲਣ ਅਤੇ ਨਸ਼ੇ ਕਰਨ ਦੀ ਲਤ ਤੇ ਪੜਦਾ ਪਾਇਆ ਜਾਂਦਾ ਹੈ।ਇਸ ਕੰਮ ਵਿਚ ਵਿਚੋਲੇ ਵੀ ਵਰ ਪੱਖ ਦਾ ਸਾਥ ਦਿੰਦੇ ਹਨ।ਸੋਚਿਆ ਇਹ ਜਾਂਦਾ ਹੈ ਕਿ ਇਕ ਵਾਰ ਵਿਆਹ ਹੋਣ ਤੇ ਲੜਕਾ ਆਪੇ ਸੁਧਰ ਜਾਵੇਗਾ।ਪਰ ਇਸ ਤਰਾਂ ਬਹੁਤ ਘਟ ਹੁੰਦਾ ਹੈ।ਸਗੋਂ ਇਸ ਝ੍ਰੂਠ ਨਾਲ ਦੋ ਘਰ ਬਰਬਾਦ ਹੋ ਜਾਂਦੇ ਜਨ।ਅਸੀਂ ਆਪਣੀ ਕੀਤੀ ਗਲਤੀ ਨੂੰ ਸੰਜੋਗਾਂ ਦੇ ਸਿਰ ਤੇ ਮ੍ਹੜ ਦਿੰਦੇ ਹਾਂ।ਅਸੀਂ ਸਾਰੇ ਹੀ ਇਸ ਤਰਾਂ ਦੇ ਹਾਲਾਤ ਆਮ ਹੀ ਆਪਣੇ ਆਸ ਪਾਸ ਰੋਜ਼ ਦੇਖਦੇ ਹਾਂ।ਜਦੋਂ ਬੱਚੀ ਅਜੀਹੇ ਹਲਾਤਾਂ ਵਿਚ ਫਸ ਜਾਂਦੀ ਹੈ ਤਾਂ ਲੜਕੀ ਲਈ ਸਮਾਜ ਦੀ ਤੰਗਦਿਲ ਸੋਚ ਕਰਕੇ ਉਨ੍ਹਾ ਹਲਾਤਾਂ ਵਿਚੋਂ ਉਸਨੂ ਕਢਣ ਦੀ ਬਜਾਏ ਅਸੀਂ ਸਮਾਜ ਦੀ ਸ਼ਰਮ ਹੀ ਪੱਲੇ ਬਨ੍ਹੀ ਰਖਦੇ ਹਾਂ।ਇਸੇ ਸ਼ਰਮ ਪਿੱਛੇ ਅਸੀਂ ਕਈ ਵਾਰ ਆਪਣੇ ਲਾਡਾਂ ਨਾਲ ਪਾਲੀ ਨੂੰ ਲਾਲਚੀ ਅਤੇ ਬੁਰੇ ਇਨਸਾਨ ਨਾਲ ਕਿਵੇਂ ਨਾ ਕਿਵੇਂ ਵਕਤ ਕੱਟੀ ਜਾਣ ਲਈ ਮਜਬੂਰ ਕਰਦੇ ਹਾਂ।ਬਹੁਤੀ ਵਾਰ ਧੀਆਂ ਵੀ ਮਾਂ ਬਾਪ ਦੀ ਇੱਜ਼ਤ ਦਾ ਖਿਆਲ ਕਰਕੇ ਆਪਣੇ ਤੇ ਬੀਤਨ ਵਾਲੇ ਦੁੱਖ ਨਹੀਂ ਦਸਦੀਆਂ।
ਇਹ ਠੀਕ ਹੈ ਕਿ ਪਹਿਲੀ ਦੂਜੀ ਵਾਰ ਵਿਚ ਹੀ ਕਿਸੇ ਬਾਰੇ ਰਾਏ ਨਹੀਂ ਬਣ ਸਕਦੀ ਕਿ ਇਨਸਾਨ ਚੰਗਾ ਹੈ ਜਾਂ ਮਾੜਾ।ਪਰ ਜੇਕਰ ਅਸੀਂ ਰਿਸ਼ਤੇ ਦੀ ਭਾਲ ਵੇਲੇ ਥੋੜਾ ਜਿਹਾ ਨਜ਼ਰਿਆ ਬਦਲਿਐ ਤਾਂ ਨਤੀਜੇ ਚੰਗੇ ਨਿਕਲ ਸਕਦੇ ਹਨ।ਸਾਡੀ ਜਾਣਕਾਰੀ ਵਿਚ ਅਜਿਹੇ ਬਹੁਤ ਲੋਕ ਹੋਣਗੇ ਜਿਨ੍ਹਾ ਨੇ ਘਰ ਨਾਲੋਂ ਵਰ ਨੂੰ ਤਰਜੀਹ ਦਿੱਤੀ ਅਤੇ ਚੰਗਾ ਵਰ ਪਾ ਕੇ ਬੱਚੀ ਸੁਖੀ ਵਸ ਰਹੀ ਹੈ।ਪਰ ਫੇਰ ਵੀ ਅਸੀਂ ਸਮਾਜ ਦੇ ਚੰਗੇ ਉਦਾਹਰਣਾ ਨੂੰ ਅਖੋਂ ਪਰੋਖੇ ਕਰ ਕੇ ਆਪਣੀ ਮਰਜ਼ੀ ਹੀ ਕਰਦੇ ਹਾਂ।ਪਰ ਸਾਡੀ ਪੇਟੋਂ ਜਾਈ ਨੂੰ ਸਿਰਫ ਚੰਗੇ ਘਰ ਦੀ ਨਹੀਂ ਸਗੋਂ ਚੰਗੇ ਵਰ ਦੀ ਜ਼ਿਆਦਾ ਲੋੜ ਹੈ।ਜੇ ਚੰਗੇ ਘਰ ਦੀ ਭਾਲ ਲਈ ਕੋਸ਼ਿਸ਼ ਕਰ ਸਕਦੇ ਹਾਂ ਤਾਂ ਚੰਗੇ ਵਰ ਲਈ ਕਿਉਂ ਨਹੀਂ?
ਪਿੰਡ ਉਮਰੀ,
ਜ਼ਿਲਾ ਕੁਰੂਕਸ਼ੇਤਰ,
ਹਰਿਆਣਾ
ਫੋਨ-09÷299÷4646

0 comments:
Speak up your mind
Tell us what you're thinking... !