“ਨਾ ਯਜ਼ੀਦ ਕਾ ਵੋਹ ਸਿਤਮ ਰਹਾ ਨਾ ਜ਼ਿਆਦ ਕੀ ਵੋਹ ਜਫਾ ਰਹੀ,
ਜੋ ਰਹਾ ਤੋ ਨਾਮ ਹੁਸੈਨ ਕਾ ਜਿਸੇ ਜ਼ਿੰਦਾ ਰੱਖਤੀ ਹੈ ਕਰਬਲਾ”
ਹਜ਼ਰਤ ਅਲੀ (ਰਜ਼ੀ:) ਦੀ ਸ਼ਹੀਦੀ ਤੋਂ ਬਾਅਦ ਖਿਲਾਫਤ (ਹਕੂਮਤ) ਦੇ ਮੁੱਦੇ ਤੇ ਇੱਕ ਵਾਰ ਫਿਰ ਮੁਸਲਮਾਨਾਂ ‘ਚ ਤਲਵਾਰਾਂ ਤਣ ਗਈਆਂ ਅਤੇ ਉਹ ਸਮਾਂ ਦੂਰ ਨਹੀਂ ਸੀ ਜਦੋਂ ਮੁਸਲਮਾਨਾਂ ਦਾ ਖੂਨ ਪਾਣੀ ਦੀ ਤਰਾਂ ਵਹਿ ਜਾਂਦਾ।ਪ੍ਰੰਤੂ ਹਜ਼ਰਤ ਹਸਨ ਨੇ ਬੜੀ ਸਿਆਣਪ ਤੋਂ ਕੰਮ ਲੈਂਦਿਆਂ ਆਪਣਾ ਦਾਅਵਾ ਵਾਪਿਸ ਲੈ ਲਿਆ।ਜਦੋਂ ਕਿ ਉਨਾਂ ਦੇ ਭਰਾ ਹਜ਼ਰਤ ਹੁਸੈਨ ਨੇ ਉਨਾਂ ਨੂੰ ਇਸ ਤਰਾਂ ਕਰਨ ਤੋਂ ਰੋਕਿਆ ਵੀ।ਹਜ਼ਰਤ ਹਸਨ ਦੇ ਦਿਹਾਂਤ ਤੋਂ ਬਾਅਦ ਭਾਵੇਂ ਹਜ਼ਰਤ ਹੁਸੈਨ ਨੇ ਹਜ਼ਰਤ ਮਾਵੀਆ (ਉਸ ਸਮੇਂ ਦੇ ਖਲੀਫਾ) ਦੀ ਹਕੂਮਤ ਨੂੰ ਤਸਲੀਮ ਨਹੀਂ ਕੀਤਾ ਪਰ ਉਨਾਂ ਦਾ ਆਪਸ ‘ਚ ਰਿਸ਼ਤਾ ਖੁਸ਼ਗਵਾਰ (ਵਧੀਆ) ਰਿਹਾ।ਅਮੀਰ ਮਾਵੀਆ ਨੇ ਆਪਣੀ ਜ਼ਿੰਦਗੀ ‘ਚ ਹੀ ਆਪਣੇ ਪੁੱਤਰ ਯਜ਼ੀਦ ਨੂੰ ਆਪਣਾ ਉੱਤਰਾ-ਅਧਿਕਾਰੀ ਨਿਯੁਕਤ ਕਰ ਦਿੱਤਾ ਸੀ।ਕੁੱਝ ਲੋਕ ਅਜਿਹੇ ਵੀ ਸਨ ਜਿਨਾਂ ਨੇ ਉਸ ਨੂੰ ਖਲੀਫਾ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ ਜਿਨਾਂ ‘ਚ ਹਜ਼ਰਤ ਹੁਸੈਨ ਦਾ ਨਾਂ ਸਭ ਤੋਂ ਮੂਹਰੇ ਸੀ।ਮਰਨ ਤੋਂ ਪਹਿਲਾਂ ਅਮੀਰ ਮਾਵੀਆ ਨੇ ਆਪਣੇ ਪੁੱਤਰ ਯਜ਼ੀਦ ਨੂੰ ਵਸੀਅਤ ਕੀਤੀ ਸੀ ਕਿ ਉਹ ਹਜ਼ਰਤ ਹੁਸੈਨ ਨੂੰ ਉਸ ਨੂੰ ਖਲੀਫਾ ਮੰਨਣ ਲਈ ਮਜਬੂਰ ਨਾ ਕਰੇ ਕਿਉਂਕਿ ਉਸ ਦੀਆਂ ਰਗ਼ਾਂ ‘ਚ ਹਜ਼ਰਤ ਮੁਹੰਮਦ ਸਾਹਿਬ ਦਾ ਖੂਨ ਹੈ।ਕਾਬਲੇ ਗੌਰ ਹੈ ਕਿ ਹਜ਼ਰਤ ਹਸਨ ਤੇ ਹਜ਼ਰਤ ਹੁਸੈਨ, ਮੁਹੰਮਦ ਸਾਹਿਬ ਦੇ ਦੋਹਤੇ ਤੇ ਹਜ਼ਰਤ ਅਲੀ ਦੇ ਬੇਟੇ ਸਨ।ਪ੍ਰਤੂੰ ਯਜ਼ੀਦ ਨੇ ਹਕੂਮਤ ਦੇ ਨਸ਼ੇ ‘ਚ ਇਸ ਵਸੀਅਤ ਦੀ ਕੋਈ ਪ੍ਰਵਾਹ ਨਾ ਕੀਤੀ ਅਤੇ ਮਦੀਨੇ ਦੇ ਹਾਕਮ ਨੂੰ ਲਿਖ ਭੇਜਿਆ ਕਿ ਹਜ਼ਰਤ ਹੁਸੈਨ ਨੂੰ ਮੈਨੂੰ ਹਾਕਮ ਮੰਨਣ ਲਈ ਮਜਬੂਰ ਕਰੇ।ਹਜ਼ਰਤ ਹੁਸੈਨ ਕਿਸੇ ਤਰਾਂ ਵੀ ਨਾ ਮੰਨੇ ਅਤੇ ਕਿਹਾ ਕਿ ਭਾਵੇਂ ਮੇਰੀ ਜਾਨ ਜਾਵੇ, ਦੌਲਤ ਜਾਵੇ, ਔਲਾਦ ਜਾਵੇ ਜਾਂ ਦੁਨੀਆਂ ਦੀਆਂ ਮੁਸੀਬਤਾਂ ਮੇਰੇ ਉੱਪਰ ਟੁੱਟ ਪੈਣ ਪਰ ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦਾ ਕਿ ਸੱਚ ਤੋਂ ਪਰੇ ਹਟ ਕੇ ਇੱਕ ਜ਼ਾਲਿਮ ਦੇ ਨਾਲ ਹੱਥ ਮਿਲਾ ਲਵਾਂ।ਨਤੀਜੇ ਵੱਜੋਂ ਆਪ ਮਦੀਨੇ ਤੋਂ ਮੱਕਾ-ਮੁਕੱਰਮਾ ਆ ਗਏ।ਸ਼ਹਿਰ ਕੂਫਾ ਜੋ ਕਿ ਹਜ਼ਰਤ ਅਲੀ ਦੀ ਖਿਲਾਫਤ ਸਮੇਂ ਰਾਜਧਾਨੀ ਰਹਿ ਚੁੱਕਾ ਸੀ।ਜਦੋਂ ਉੱਥੇ ਦੇ ਲੋਕਾਂ ਨੂੰ ਪਤਾ ਲੱਗਾ ਕਿ ਹਜ਼ਰਤ ਹੁਸੈਨ ਪ੍ਰੇਸ਼ਾਨ ਹਨ ਅਤੇ ਮੱਕਾ ਪਹੁੰਚ ਗਏ ਹਨ ਤਾਂ ਉਨਾਂ ਨੇ ਲਿਖ ਭੇਜਿਆ ਕਿ ਤੁਸੀਂ ਕੂਫਾ ਆ ਜਾਓ।ਉਨਾਂ ਹਜ਼ਰਤ ਹੁਸੈਨ ਨੂੰ ਇੱਥੋਂ ਤੱਕ ਭਰੋਸਾ ਦਿਵਾਇਆ ਕਿ ਸਾਡੀਆਂ ਫੌਜਾਂ ਤੱਕ ਤੁਹਾਡਾ ਸਾਥ ਦੇਣ ਲਈ ਤਿਆਰ ਹਨ।ਆਪ ਉਨਾਂ ਦੀ ਗੱਲ ਤੇ ਭਰੋਸਾ ਕਰਕੇ ਆਪਣੇ ਕਾਫਲੇ ਸਮੇਤ ਜਿਸ ਦੀ ਤਾਦਾਦ 72 ਸੀ, ਕੂਫਾ ਵੱਲ ਚੱਲ ਪਏ।ਦੂਜੇ ਪਾਸੇ ਜਦੋਂ ਯਜ਼ੀਦ ਨੂੰ ਪਤਾ ਲੱਗਾ ਕਿ ਹਜ਼ਰਤ ਹੁਸੈਨ ਕੂਫਾ ਵੱਲ ਜਾ ਰਹੇ ਹਨ ਤਾਂ ਉਸ ਨੇ ਫੋਰਨ ਕੂਫਾ ਦੇ ਹਾਕਮ ਨੂੰ ਬਦਲ ਦਿੱਤਾ ਤੇ ਉਸ ਦੀ ਥਾਂ ਇਬਨੇ ਜ਼ਿਆਦ (ਜ਼ਿਆਦ ਦੇ ਪੁੱਤਰ) ਨੂੰ ਉੱਥੇ ਹਾਕਮ ਬਣਾ ਕੇ ਭੇਜ ਦਿੱਤਾ।ਉਹ ਬਹੁਤ ਸੰਗ-ਦਿਲ ਤੇ ਜ਼ਾਲਮ ਵਿਅਕਤੀ ਸੀ।ਉਸ ਨੇ ਕੂਫਾ ਦੇ ਬਹੁਤ ਸਾਰੇ ਲੋਕਾਂ ਨੂੰ ਡਰਾ ਧਮਕਾ ਕੇ ਅਪਣੇ ਨਾਲ ਲਾ ਲਿਆ।ਹਜ਼ਰਤ ਹੁਸੈਨ ਨੂੰ ਰਸਤੇ ‘ਚ ਹੀ ਕੂਫਾ ਦੇ ਲੋਕਾਂ ਦੀ ਵਾਅਦਾ ਖਿਲਾਫੀ ਦਾ ਪਤਾ ਚੱਲ ਗਿਆ ਅਤੇ ਇਹ ਵੀ ਪਤਾ ਚੱਲ ਗਿਆ ਕਿ ਉਨਾਂ ਦੇ ਚਚੇਰੇ ਭਰਾ ਹਜ਼ਰਤ ਮੁਸਲਿਮ ਬਿਨ ਅਕੀਲ ਅਤੇ ਉਨਾਂ ਦੇ ਦੋ ਬੱਚਿਆਂ ਨੂੰ ਵੀ ਸ਼ਹੀਦ ਕਰ ਦਿੱਤਾ ਹੈ।ਹਜ਼ਰਤ ਹੁਸੈਨ ਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਜੇਕਰ ਤੁਹਾਡੇ ਵਿੱਚੋਂ ਕੋਈ ਵਾਪਿਸ ਜਾਣਾ ਚਾਹੇ ਤਾਂ ਉਹ ਜਾ ਸਕਦਾ ਹੈ ਪਰ ਮੈਂ ਰੱਬ ਦੀ ਰਜ਼ਾ (ਮਰਜ਼ੀ) ਨਾਲ ਨਿਕਲਿਆ ਹਾਂ ਤੇ ਇਸ ਲਈ ਵਾਪਿਸ ਨਹੀਂ ਜਾਵਾਂਗਾ।ਸਿੱਟੇ ਵੱਜੋਂ ਕੋਈ ਵੀ ਉਨਾਂ ਦਾ ਸਾਥੀ ਵਾਪਿਸ ਨਹੀਂ ਹੋਇਆ।ਆਖਰਕਾਰ ਇਸਲਾਮੀ ਕੈਲੰਡਰ ਦੇ ਪਹਿਲੇ ਮਹੀਨੇ ਭਾਵ ਮੁਹੱਰਮ ਦੀ ਦੋ ਤਾਰੀਖ ਨੂੰ ਇਹ ਕਾਫਲਾ “ਫਰਾਤ” ਦਰਿਆ ਦੇ ਕਿਨਾਰੇ ਕਰਬਲਾ ਦੇ ਮੈਦਾਨ ‘ਚ ਪਹੁੰਚ ਗਿਆ।ਇੱਥੇ ਪਹੁੰਚ ਕੇ ਪਤਾ ਲੱਗਾ ਕਿ ਸਾਰਾ ਮਾਮਲਾ ਹੀ ਉਲਟ ਹੈ ਪਰ ਆਪ ਨੇ ਦੁਸ਼ਮਣਾਂ ਅੱਗੇ ਝੁਕਣ ਅਤੇ ਉਨਾਂ ਦੀ ਕੋਈ ਵੀ ਸ਼ਰਤ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ।ਯਜ਼ੀਦ ਦੀਆਂ ਫੌਜਾਂ ਨੇ ਆਪ ਦੇ ਕਾਫਲੇ ਦਾ ਪਾਣੀ ਬੰਦ ਕਰ ਦਿੱਤਾ।ਹਜ਼ਰਤ ਹੁਸੈਨ ਨੇ ਯਜ਼ੀਦੀ ਫੌਜਾਂ ਨੂੰ ਮੁਖਾਤਿਬ ਕਰਕੇ ਜੋ ਭਾਸ਼ਣ ਦਿੱਤਾ ਉਸ ਤੋਂ ਉਨਾਂ ਦੀ ਅਕਲਮੰਦੀ ਤੇ ਦਲੇਰੀ ਦਾ ਪਤਾ ਚਲਦਾ ਹੈ।ਉਨਾਂ ਕਿਹਾ, “ਏ ਲੋਕੋ! ਜਲਦੀ ਨਾ ਕਰੋ।ਜਲਦਬਾਜ਼ੀ ਸ਼ੈਤਾਨ ਦਾ ਕੰਮ ਹੈ।ਮੇਰੀ ਗੱਲ ਸੁਣ ਲਵੋ।ਨਸੀਹਤ ਕਰਨਾ ਤੇ ਸਿੱਧੀ ਰਾਹ ਦਿਖਾਉਣਾ ਮੇਰਾ ਕੰਮ ਹੈ।ਉਸ ਨੂੰ ਮੰਨਣਾ ਜਾਂ ਨਾ ਮੰਨਣਾ ਤੁਹਾਡੀ ਮਰਜ਼ੀ ਹੈ।ਤੁਸੀਂ ਮੇਰੇ ਨਾਲ ਜੋ ਸਲੂਕ ਕਰਨਾ ਚਾਹੁੰਦੇ ਹੋ, ਕਰੋ।ਮੈਂਨੂੰ ਉਸ ਦੀ ਕੋਈ ਪ੍ਰਵਾਹ ਨਹੀਂ।ਅੱਲਾ ਮੇਰਾ ਹਾਮੀ ਤੇ ਮਦਦਗ਼ਾਰ ਹੈ।ਪ੍ਰੰਤੂ ਤੁਸੀਂ ਜ਼ਰਾ ਇਹ ਤਾਂ ਸੋਚੋ ਕਿ ਮੈਂ ਕੌਣ ਹਾਂ? ਆਪਣੇ ਦਿਲ ਤੋਂ ਪੁੱਛੋ ਕਿ ਕੀ ਮੇਰਾ ਕਤਲ ਜਾਂ ਮੇਰੀ ਬੇਇੱਜ਼ਤੀ ਤੁਹਾਨੂੰ ਸ਼ੋਭਾ ਦਿੰਦੀ ਹੈ।ਕੀ ਮੈਂ ਤੁਹਾਡੇ ਪਿਆਰੇ ਨਬੀ ਦੇ ਦਿਲ ਦਾ ਟੁਕੜਾ ਨਹੀਂ ਹਾਂ ਜਾਂ ਕੀ ਮੈਂ ਹਜ਼ਰਤ ਅਲੀ ਜੋ ਪਿਆਰੇ ਨਬੀ ਦੇ ਚਚੇਰੇ ਭਰਾ ਸਨ, ਦਾ ਬੇਟਾ ਨਹੀਂ ਹਾਂ? ਕੀ ਤੁਸੀਂ ਆਪਣੇ ਪਿਆਰੇ ਦੇ ਮੂੰਹੋਂ ਇਹ ਨਹੀਂ ਸੁਣਿਆ ਕਿ ਅਸੀਂ (ਹਸਨ ਤੇ ਹੁਸੈਨ) ਸਵਰਗ ਦੇ ਨੌਜਵਾਨਾਂ ਦੇ ਸਰਦਾਰ ਹਾਂ? ਕੀ ਮੈਂ ਹਜ਼ਰਤ ਫਾਤਮਾ ਜੋ ਪਿਆਰੇ ਨਬੀ ਦੀ ਪਿਆਰੀ ਬੇਟੀ ਸੀ, ਦਾ ਬੇਟਾ ਨਹੀਂ ਹਾਂ? ਦਸੋਂ ਮੈਂਨੇ ਤੁਹਾਡੇ ਵਿੱਚੋਂ ਕਿਸੇ ਦਾ ਖੂਨ ਵਹਾਇਆ ਹੈ ਜੋ ਤੁਸੀਂ ਮੇਰੇ ਤੇ ਜ਼ੁਲਮ ਕਰਨਾ ਚਾਹੁੰਦੇ ਹੋ।ਮੈਂ ਯਜ਼ੀਦ ਨੂੰ ਆਪਣਾ ਹਾਕਮ ਕਿਵੇਂ ਮੰਨ ਲਵਾਂ! ਖੁਦਾ ਦੀ ਕਸਮ ਮੈਂ ਆਪਣਾ ਹੱਥ ਉਸ ਜ਼ਲੀਲ ਤੇ ਜ਼ਾਲਿਮ ਦੇ ਹੱਥ ‘ਚ ਨਹੀਂ ਦੇ ਸਕਦਾ”।
ਇਸ ਤੋਂ ਬਾਅਦ ਕਿਸ ਨੂੰ ਇਲਮ ਨਹੀਂ ਕਿ ਕੀ ਹੋਇਆ! ਕਰਬਲਾ ਦੇ ਮੈਦਾਨ ਦੀ ਤਪਦੀ ਹੋਈ ਰੇਤ, ਰੇਗਿਸਤਾਨ ਦੀ ਝੁਲਸਣ ਵਾਲੀ ਗਰਮੀ ਅਤੇ ਲੂ, ਉੱਪਰੋਂ ਪਾਣੀ ਬੰਦ।ਆਪਣੇ ਬੱਚਿਆਂ ਨੂੰ ਆਪਣੇ ਸਾਹਮਣੇ ਸ਼ਹੀਦ ਹੁੰਦਿਆਂ ਦੇਖਿਆ।ਪ੍ਰੰਤੂ ਹਜ਼ਰਤ ਹੁਸੈਨ ਉਹ ਅਜ਼ੀਮ ਵਿਅਕਤੀ ਸਾਬਿਤ ਹੋਏ ਕਿ ਇੱਕ-ਇੱਕ ਕਰਕੇ ਆਪਣੇ ਸਾਰੇ ਸਕੇ-ਸਬੰਧੀ ਸ਼ਹੀਦ ਕਰਵਾ ਦਿੱਤੇ ਪਰ ਜ਼ੁਲਮ ਤੇ ਜ਼ਾਲਿਮ ਅੱਗੇ ਸਿਰ ਨਹੀਂ ਝੁਕਾਇਆ।ਕਾਬਿਲੇਗੌਰ ਹੈ ਕਿ ਜੇ ਆਪ ਯਜ਼ੀਦ ਨੂੰ ਆਪਣਾ ਹਾਕਮ ਮੰਨ ਲੈਂਦੇ ਤਾਂ ਆਪ ਨੂੰ ਜਿਹੜਾ ਚਾਹੁੰਦੇ ਅਹੁੱਦਾ ਮਿਲ ਸਕਦਾ ਸੀ, ਦੌਲਤ ਦੇ ਢੇਰ ਮਿਲ ਸਕਦੇ ਸਨ, ਪਰ ਆਪ ਨੇ ਜ਼ਾਲਮ ਦੀ ਹਕੂਮਤ ਨੂੰ ਸਵੀਕਾਰ ਨਹੀਂ ਕੀਤਾ ਅਤੇ ਕੁਰਬਾਨੀ (ਤਿਆਗ) ਦੀ ਅਜਿਹੀ ਮਿਸਾਲ ਪੇਸ਼ ਕੀਤੀ ਕਿ ਅੱਜ ਤੱਕ ਦੁਨੀਆਂ ਹੈਰਾਨ ਹੈ।ਜਦੋਂ ਹਜ਼ਰਤ ਹੁਸੈਨ ਇੱਕਲੇ ਰਹਿ ਗਏ ਤਾਂ ਉਨਾਂ ਤੇ ਦੁਸ਼ਮਣ ਦੀਆਂ ਫੌਜਾਂ ਨੇ ਤੀਰਾਂ ਦੀ ਬੋਛਾੜ ਕਰ ਦਿੱਤੀ।ਤੀਰਾਂ ਨਾਲ ਆਪ ਦਾ ਜਿਸਮ ਛਲਣੀ ਹੋ ਗਿਆ ਅਤੇ ਆਪ ਘੋੜੇ ਤੋਂ ਗਿਰ ਗਏ।ਦੁਪਿਹਰ ਦੀ ਨਮਾਜ਼ ਦਾ ਸਮਾਂ ਸੀ।ਆਪ ਨੇ ਇਸੀ ਹਾਲਤ ‘ਚ ਅੱਲਾ ਦੇ ਅੱਗੇ ਆਖਰੀ ਸਜਦੇ ਲਈ ਆਪਣਾ ਸਿਰ ਝੁਕਾ ਦਿੱਤਾ।ਆਪ ਸਜਦੇ ‘ਚ ਸਨ ਕਿ ਪੱਥਰ ਦਿਲ ਦੁਸ਼ਮਨਾਂ ਨੇ ਆਪ ਦਾ ਸਿਰ ਜਿਸਮ ਤੋਂ ਅਲੱਗ ਕਰ ਦਿੱਤਾ।ਇਹ ਦਸ ਮੁਹੱਰਮ(ਯੌਮ-ਏ-ਆਸ਼ੂਰਾ) ਦਾ ਦਿਨ ਸੀ।ਸੱਚਾਈ ਦੀ ਰਾਹ ‘ਚ ਇੱਡੀ ਵੱਡੀ ਕੁਰਬਾਨੀ ਲੱਭਣ ਤੇ ਵੀ ਨਹੀਂ ਮਿਲਦੀ।ਕਰਬਲਾ ਦੀ ਰੇਤ ਦਾ ਕਣ-ਕਣ ਪੁਕਾਰ ਕੇ ਕਹਿ ਰਿਹਾ ਹੈ ਕਿ ਹੁਸੈਨ ਹੀ ‘ਦੀਨ-ਏ-ਮੁਹੰਮਦੀ’ ਦੀ ਪੁਸ਼ਤ-ਪਨਾਹ ਹੈ।ਜਿਸ ਨੇ ਉੱਮਤ-ਏ-ਮੁਹੰਮਦੀਆ ਦੀ ਖੇਤੀ ਨੂੰ ਆਪਣੇ ਖੂਨ ਨਾਲ ਸਿੰਜਾਈ ਕਰਕੇ ਹਰਾ-ਭਰਾ ਕਰ ਦਿੱਤਾ ਅਤੇ ਇਸਲਾਮ ਨੂੰ ਇੱਕ ਨਵੀਂ ਜ਼ਿੰਦਗੀ ਬਖਸ਼ੀ।
“ਕਤਲ-ਏ-ਹੁਸੈਨ ਅਸਲ ਮੇਂ ਮਰਗੇ ਯਜ਼ੀਦ ਹੈ,
ਇਸਲਾਮ ਜ਼ਿੰਦਾ ਹੋਤਾ ਹੈ ਹਰ ਕਰਬਲਾ ਕੇ ਬਾਅਦ”
ਪ੍ਰਿੰਸੀਪਲ ਯਾਸੀਨ ਅਲੀ
ਮੁਹੱਲਾ ਭੁਮਸੀ, ਮਾਲੇਰਕੋਟਲਾ
ਮੋਬ. 092565-57957.


0 comments:
Speak up your mind
Tell us what you're thinking... !