Headlines News :
Home » » "ਧੀਆਂ ਦੀ ਲੋਹੜੀ" - ਕੰਵਲਜੀਤ ਕੌਰ ਢਿੱਲੋਂ

"ਧੀਆਂ ਦੀ ਲੋਹੜੀ" - ਕੰਵਲਜੀਤ ਕੌਰ ਢਿੱਲੋਂ

Written By Unknown on Sunday, 12 January 2014 | 23:20

      ਪੋਹ ਮਹੀਨੇ ਦੇ ਆਖਰੀ ਦਿੱਨ ਮਨਾਇਆ ਜਾਣ ਵਾਲਾ ਤਿਉਹਾਰ ਲੋਹੜੀ ਅਖਵਾਉਂਦਾ ਹੈ।ਲੋਹੜੀ ਤੋਂ ਕੁਝ ਦਿਨ ਪਹਿਲਾਂ ਛੋਟੇ ਬੱਚਿਆਂ ਨੂੰ ਘਰਾਂ ਵਿੱਚ ਲੋਹੜੀ ਮੰਗਦਿਆਂ ਆਮ ਦੇਖਿਆ ਜਾਂਦਾ ਹੈ।ਸਮੇਂ ਦੇ ਬਦਲਣ ਨਾਲ ਚਾਹੇ ਲੋਹਣੀ ਮੰਗਣ ਦਾ ਰੁਝਾਨ ਘੱਟ ਗਿਆ ਹੈ, ਪਰ ਅਜੇ ਵੀ ਪਿੰਡਾਂ ਦੇ ਵਿੱਚ ਬੱਚੇ ਲੋਹੜੀ ਮੰਗਦੇ ਦਿਖਾਈ ਦੇ ਹੀ ਜਾਂਦੇ ਹਨ।ਲੋਹੜੀ ਦੇ ਦਿੱਨ ਪਤੰਗਬਾਜੀ ਕਰਨ ਦੇ ਨਾਲ ਹੀ ਰਾਤ ਨੂੰ ਭੁੱਗਾ ਬਾਲ ਲੋਹੜੀ ਦੇ ਗੀਤ ਬੋਲੇ ਜਾਂਦੇ ਹਨ। ਮੁੱਢ ਕਦੀਮ ਤੋਂ ਹੀ ਲੋਹੜੀ ਦੇ ਤਿਉਹਾਰ ਦਾ ਸਬੰਧ ਮੁੰਡੇ ਦੇ ਵਿਆਹ ਜਾਂ ਜਨਮ ਨਾਲ ਹੈ, ਅਜਿਹੇ ਘਰਾਂ ਵਿੱਚ ਲੋਹੜੀ ਦਾ ਤਿਉਹਾਰ ਪੂਰੀ ਧੂਮ - ਧਾਮ ਨਾਲ ਮਨਾਇਆ ਜਾਂਦਾ ਹੈ।
ਬਚਪਨ ਤੋਂ ਹੀ ਮਨ ਵਿੱਚ  ਇੱਕ ਖਿਆਲ ਆਉਂਦਾ ਸੀ, ਕਿ ਆਖਿਰ ਇਹ ਲੋਹੜੀ ਮੁੰਡੇ ਦੇ ਜਨਮ ਤੇ ਹੀ ਕਿਉਂ ਮਨਾਈ ਜਾਂਦੀ ਹੈ? ਕੁੜੀ ਦੇ ਜਨਮ ਤੇ ਕਿਉਂ ਨਹੀਂ ? ਸਮਾਂ ਆਪਣੀ ਚਾਲ ਚਲਦਾ ਰਿਹਾ ਅਤੇ ਕੁੱਝ ਰਾਜਨੀਤਿਕ ਪਾਰਟੀਆਂ ਅਤੇ ਸਮਾਜਿਕ ਸੰਸਥਾਵਾਂ ਕੁੜੀਆਂ ਦੀ ਲੋਹੜੀ ਮਨਾਉਣ ਲਈ ਉੱਭਰ ਕੇ ਸਾਹਮਣੇ ਆਈਆਂ ।ਇਹਨਾਂ ਦੇ ਸਾਂਝੇ ਉਪਰਾਲੇ ਤਹਿਤ ਪਿਛਲੇ ਕੁੱਝ ਸਾਲਾਂ ਵਿੱਚ ਵੱਖ - ਵੱਖ ਜਗ੍ਹਾਂ ਤੇ ਕੁੜੀਆਂ ਦੀ ਲੋਹੜੀ ਮਨਾਈ ਗਈ।ਪਰ ਕੀ ਇਹ ਲੋਹੜੀ ਕੁੜੀਆਂ ਦੇ ਮਾਪਿਆਂ ਵੱਲੋਂ ਆਪਣੀ ਖੁਸ਼ੀ ਨਾਲ ਮਨਾਈ ਜਾਂਦੀ ਹੈ, ਜਾਂ ਫਿਰ ਨੇਤਾਵਾਂ ਦੁਆਰਾ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਆਉਣ ਲਈ ? ਲੋਹੜੀ ਦੇ ਤਿਉਹਾਰ ਤੋਂ ਅਗਲੇ ਦਿਨ ਅਖਬਾਰਾਂ ਦੇ ਪੰਨੇ ਪਲਟੋਂ ਤਾਂ ਕੁੜੀਆਂ ਦੀ ਲੋਹੜੀ ਮਨਾਉਣ ਦੀਆਂ ਸੁਰਖੀਆਂ ਅਕਸਰ ਦੇਖਣ ਨੂੰ ਮਿਲ ਜਾਂਦੀਆਂ ਹਨ।ਪਰ ਕੀ ਸੱਚ ਵਿੱਚ ਕੁੜੀ ਨੂੰ ਜਨਮ ਦੇਣ ਵਾਲੇ ਮਾਂ-ਬਾਪ ਖੁਸ਼ ਨੇ ਤਾਂ ਜਵਾਬ ਨਾਂਹ ਵਿੱਚ ਹੀ ਮਿਲੇਗਾ।ਕੋਈ ਵੀ ਮਾਂ ਬਾਪ ਆਪਣੀ ਔਲਾਦ ਵਿੱਚ ਫਰਕ ਨਹੀਂ ਕਰਨਾ ਚਾਹੁੰਦਾ, ਪਰ ਅਜਿਹਾ ਕਰਨ ਲਈ ਮੰਜ਼ਬੂਰ ਕਰਦਾ ਹੈ ਸਾਡਾ ਸਮਾਜਿਕ ਢਾਂਚਾ ਜਿਸ ਵਿੱਚ ਰਹਿੰਦਿਆਂ ਇੱਕ ਛੋਟੀ ਬਾਲੜੀ ਤੋਂ ਲੈ ਕੇ ਇੱਕ ਬਿਰਧ ਔਰਤ ਤੱਕ ਵੀ ਸੁਰੱਖਿਅਤ ਨਹੀਂ। ਇਸ ਦੇ ਨਾਲ ਹੀ ਲੜਕੀ ਅਤੇ ਲੜਕੇ ਵਿਚ ਫਰਕ ਕਰਨ ਲਈ ਮੰਜਬੂਰ ਕਰਦੇ ਹਨ ਸਾਡੇ ਪੁਰਾਤਨ ਰੀਤੀ ਰਿਵਾਜ਼ ਅਤੇ ਪ੍ਰਥਾਵਾਂ , ਜਿੰਨਾਂ ’ਚ ਔਰਤ ਦੇ ਜਨਮ ਤੋਂ ਲੈ ਕੇ ਉਸਦੀ ਮੌਤ ਤੋਂ ਬਾਅਦ ਉਸਦੇ ਖੱਫਣ ਅਤੇ ਅੰਤਿਮ ਸੰਸਕਾਰ ਲਈ ਬਾਲਣ ਤੱਕ ਦਾ ਖਰਚ ਵੀ ਉਸਦੇ ਮਾਂ-ਬਾਪ ਨੂੰ ਹੀ ਉਠਾਉਣਾ ਪੈਦਾ ਹੈ।ਦਾਜ ਵਰਗੀ ਪ੍ਰਥਾ ਦੇ ਚਲਦਿਆਂ ਜਿੱਥੇ ਬੇਟੇ ਦੇ ਵਿਆਹ ਦੇ ਨਾਲ ਘਰ ਕੀਮਤੀ ਸਮਾਨ ਨਾਲ ਭਰ ਜਾਂਦਾ ਹੈ, ਉਥੇ ਹੀ ਬੇਟੀ ਦੇ ਵਿਆਹ ਲਈ ਮੰਜ਼ਬੂਰ ਹੋਏ ਬਾਪ ਨੂੰ ਉਹੀ ਘਰ ਗਿਰਵੀ ਰੱਖਣਾ ਜਾਂ ਕਈ ਵਾਰ ਵੇਚਣਾ ਵੀ ਪੈ ਜਾਂਦਾ ਹੈ।ਪੁਰਾਣੇ ਸਮੇਂ ਵਿੱਚ ਮਾਪਿਆਂ ਦੀ ਜਿੰਮੇਵਾਰੀ ਬੇਟੀ ਦੇ ਪਾਲਣ ਪੋਸ਼ਣ ਅਤੇ ਉਸ ਨੂੰ ਵਿਆਹੁਣ ਤੱਕ ਹੀ ਖਤਮ ਹੋ ਜਾਂਦੀ ਸੀ, ਪਰ ਅੱਜ ਦੇ ਇਸ ਯੁੱਗ ਵਿੱਚ ਕੁੜੀ ਨੂੰ ਪੜ੍ਹਾਉਣਾ ਵੀ ਜਰੂਰੀ ਹੋ ਗਿਆ ਹੈ। ਕਈ ਵਾਰੀ ਕੁੜੀ ਦਾ ਘੱਟ ਪੜੇ ਲਿਖੇ ਹੋਣਾ ਉਸਦੇ ਵਿਆਹ ਵਿੱਚ ਰੁਕਾਵਟ ਬਣ  ਜਾਂਦਾ ਹੈ।ਅਜਿਹੀਆਂ ਸਮੱਸਿਆਵਾਂ ਨੂੰ ਮੱਦੇਨਜ਼ਰ ਰੱਖਦਿਆਂ ਹਰ ਮਾਂ-ਬਾਪ ਧੀ ਨੂੰ ਜਨਮ ਦੇਣ ਤੋਂ ਡਰਦਾ ਹੈ, ਧੀਆਂ ਦੀ ਲੋਹੜੀ ਮਨਾਉਣੀ ਤਾਂ ਬਹੁਤ ਦੂਰ ਦੀ ਗੱਲ ਹੈ।
ਲੋੜ ਹੈ ਔਰਤ ਅਤੇ ਮਰਦ ਵਿਚਲੇ ਫਰਕ ਨੂੰ ਖਤਮ ਕਰ ਅਜਿਹੇ ਸਮਾਜਿਕ ਢਾਂਚੇ ਦਾ ਨਿਰਮਾਣ ਕਰਨ ਦੀ ਜਿਸ ਵਿੱਚ ਔਰਤ ਅਤੇ ਮਰਦ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਜਾਵੇ। ਅਜਿਹਾ ਸਮਾਜ ਜਿਸ ਵਿੱਚ ਸਰਕਾਰ ਦੁਆਰਾ ਔਰਤਾਂ ਦੀ ਸੁਰੱਖਿਆਂ ਸਬੰਧੀ ਸਖਤ ਤੋਂ ਸਖਤ ਕਨੂੰਨ ਬਣਾਏ ਅਤੇ ਲਾਗੂ ਕੀਤੇ ਜਾਣ। ਪੁਰਾਤਨ ਰੀਤੀ ਰਿਵਾਜਾਂ ਅਤੇ ਦਾਜ ਵਰਗੀਆਂ ਪ੍ਰਥਾਵਾਂ ਨੂੰ ਖਤਮ ਕਰਨ ਲਈ ਮੌਜੂਦਾ ਸਰਕਾਰ ਅਤੇ ਸਮਾਜਿਕ ਸੰਸਥਾਵਾਂ ਦੁਆਰਾ ਲੋਕਾਂ ਨੂੰ ਲਾਮਬੰਦ ਕਰਨ ਲਈ ਸਾਹਮਣੇ ਆਉਣਾ ਪਵੇਗਾ।ਸਰਕਾਰ ਦੁਆਰਾ ਸਰਕਾਰੀ ਸਕੂਲਾਂ ਵਿੱਚ ਲੜਕੀਆਂ ਨੂੰ ਦਿੱਤੀ ਜਾਂਦੀ ਮੁਫ਼ਤ ਸਿੱਖਿਆ, ਸਾਈਕਲ, ਵਜੀਫੇ ਅਤੇ ਸ਼ਗਨ ਸਕੀਮ ਵਰਗੀ ਸਹੂਲਤਾਂ ਸਰਕਾਰ ਦਾ ਇੱਕ ਸ਼ਲਾਘਾਯੋਗ ਉਪਰਾਲਾ ਹੈ।ਪਰ ਇਹਨਾਂ ਸਹਾਇਤਾ ਦੇ ਚਲਦਿਆਂ ਇੱਕ ਲੜਕੀ ਦਾ ਪੂਰਨ ਵਿਕਾਸ ਹੋਣਾ ਅਸੰਭਵ ਹੈ, ਕਿਉਕਿ ਇਹ ਸਹੂਲਤਾਂ ਤਾਂ ਆਟੇ ਵਿੱਚ ਲੂਣ ਦੇ ਬਰਾਬਰ ਹਨ।ਅੱਜ ਲੱਖਾਂ ਦੀ ਗਿਣਤੀ ਵਿੱਚ ਲੜਕੀਆਂ ਮਾਸਟਰ ਡਿਗਰੀਆਂ ਲੈ ਕੇ ਬੇਰੁਜ਼ਗਾਰ ਘੁੰਮ ਰਹੀਆਂ ਹਨ ਅਤੇ ਇਹ ਬੇਰੁਜਗਾਰੀ ਦਿੱਨ-ਬ-ਦਿੱਨ ਵਿਕਰਾਲ ਰੂਪ ਧਾਰਨ ਕਰਦੀ ਜਾ ਰਹੀ ਹੈ।ਸਰਕਾਰ ਦੁਆਰਾ ਲੜਕੀਆਂ ਨੂੰ ਘੱਟ ਖਰਚੇ ਤੇ ਉਚੇਰੀ ਸਿੱਖਿਆ ਅਤੇ ਕਿੱਤਾ ਮੁੱਖੀ ਕੋਰਸਾਂ ਦੀ ਵੱਧ ਤੋਂ ਵੱਧ ਸਹੂਲਤ ਪ੍ਰਦਾਨ ਕਰਨੀ ਚਾਹੀਦੀ ਹੈ।ਇਸ ਦੇ ਨਾਲ ਹੀ ਸਰਕਾਰੀ ਅਦਾਰਿਆਂ ਵਿੱਚ ਨੌਕਰੀ ਲਈ ਰਾਖਵਾਕਰਨ ਦੇ ਕੇ ਔਰਤ ਦੀ ਸਥਿਤੀ ਨੂੰ ਸਮਾਜ ਵਿੱਚ ਸੁਧਾਰਿਆਂ ਜਾ ਸਕਦਾ ਹੈ।ਜੇਕਰ ਅਜਿਹਾ ਹੁੰਦਾ ਹੈ ਤਾ ਕਿਸੇ ਵੀ ਮਾਂ-ਬਾਪ ਨੂੰ ਆਪਣੀ ਬਾਲੜੀ ਦੇ ਭਵਿੱਖ ਦੀ ਚਿੰਤਾਂ ਨਹੀਂ ਰਹੇਗੀ ਅਤੇ ਧੀਆਂ ਬੋਝ ਨਾ ਬਣ ਕੇ ਮਾਂ ਬਾਪ ਦੇ ਬੁਢਾਪੇ ਦੀ ਡੰਗੋਰੀ ਬਣਨਗੀਆਂ। ਉਹ ਦਿਨ ਦੂਰ ਨਹੀਂ ਜਿਸ ਦਿਨ ਸਾਰੇ ਮਾਂ-ਬਾਪ ਆਪਣੀ ਸਵੈ-ਇੱਛਾ ਦੇ ਨਾਲ ਆਪਣੀਆਂ ਧੀਆਂ ਦੀ ਲੋਹੜੀ ਮੁੰਡਿਆਂ ਵਾਂਗ ਹੀ ਮਨਾਉਣਗੇ।






ਕੰਵਲਜੀਤ ਕੌਰ ਢਿੱਲੋਂ
ਤਰਨ ਤਾਰਨ
94787-93231

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template