ਪਿਆਰੇ ਬੱਚਿਓ, ਕਿਰਨ ਨਾਂਅ ਦੀ ਇੱਕ ਅੋਰਤ ਸੀ ਜਿਸਨੇ ਆਪਣੇ ਵਿਆਹ ਤੋਂ ੮-੧੦ ਸਾਲਾਂ ਬਾਅਦ ਮਸਾਂ ਹੀ ਤਰਸ ਕੇ ਪੁੱਤਰ ਬੰਟੀ ਦਾ ਮੂੰਹ ਦੇਖਿਆ। ਪਰ ਜਿੱਥੇ ਉਹ ਬੰਟੀ ਦੇ ਤੋਤਲੇ ਲਾਡਾਂ-ਪਿਆਰਾਂ ਨੂੰ ਹੰਡਾ ਆਪਣੇ ਚਾਅ ਪੂਰੇ ਨਾਂ ਕਰ ਸਕੀ ਉਥੇ ਬੰਟੀ ਦੇ ਵੀ ਮਾਂ-ਮਮਤਾ ਪਿਆਰ ਉਪਰ ਕੁਦਰਤ ਦਾ ਅਜਿਹਾ ਕਹਿਰ ਵਰਤਿਆ ਕਿ ਠੀਕ ਉਸਦੀ ੩ ਸਾਲ ਦੀ ਉਮਰ ਵਿੱਚ ਮਾਂ ਸਦੀਵੀਂ ਵਿਛੋੜਾ ਦੇ ਕੇ ਇਸ ਫਾਨੀ ਸੰਸਾਰੀ ਨੂੰ ਸਦਾ-ਸਦਾ ਲਈ ਅਲਵਿਦਾ ਕਹਿ ਗਈ। ਬੱਚਿਓ ਜਦੋਂ ਵੀ ਬੰਟੀ ਆਪਣੀ ਮਾਂ ਨੂੰ ਯਾਦ ਕਰਦਾ ਤਾਂ ਪ੍ਰੀਵਾਰਕ ਮੈਂਬਰ ਪਿਤਾ-ਦਾਦਾ-ਦਾਦੀ ਉਸਨੂੰ ਫੋਕਾ ਧਰਵਾਸਾ ਦਿੰਦੇ ਹੋਏ ਕਹਿੰਦੇ ਕਿ ਤੇਰੀ ਮੰਮੀ ਬਾਜ਼ਾਰ ਨੂੰ ਗਈ ਹੋਈ ਹੈ। ਜਦੋਂ ਆਵੇਗੀ ਤਾਂ ਤੇਰੇ ਵਾਸਤੇ ਚੀਜ਼ੀ ਲਿਆਵੇਗੀ। ਕਿਰਨ ਗੁਜ਼ਰੀ ਨੂੰ ਦੋ ਕੁ ਮਹੀਨੇ ਦਾ ਸਮਾਂ ਹੋ ਗਿਆ ਸੀ ਤਾਂ ਇੱਕ ਦਿਨ ਬੰਟੀ ਆਪਣੇ ਪਿਤਾ ਜੀ ਨਾਲ ਬਾਜ਼ਾਰ ਗਿਆ। ਪਿਤਾ ਨੇ ਆਪਣੇ ਗੋਦੀ ਚੁੱਕੇ ਪੁੱਤਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁੱਤਰ ਬੰਟੀ ਆਪਾਂ ਬਾਜ਼ਾਰ ਚ ਤੁਰੇ ਜਾ ਰਹੇ ਹਾਂ ਤੈਨੂੰ ਜੋ ਵੀ ਚੀਜ਼ ਖਾਣ-ਪੀਣ ਜਾਂ ਕੋਈ ਖੇਡ ਵਗੈਰਾ ਤੇਰੇ ਮਨ ਦੀ ਖਾਹਿਸ਼ ਹੋਵੇ ਤਾਂ ਉਂਗਲ ਕਰ ਦੇਵੀਂ। ਬੱਸ ਉਹੀ ਚੀਜ਼ ਤੇਰੇ ਲਈ ਹਾਜ਼ਰ-ਨਾਜ਼ਰ ਹੋਵੇਗੀ।
ਦੋਵੇਂ ਪਿਉ-ਪੁੱਤਰ ਦਾ ਪਹਿਲਾਂ ਬਾਜ਼ਾਰ ਦੇ ਖੱਬੇ ਪਾਸੇ ਫਿਰ ਸੱਜੇ ਪਾਸੇ ਗੇੜ ਪੂਰਾ ਹੋ ਗਿਆ ਪ੍ਰੰਤੂ ਬੰਟੀ ਨੇ ਕੋਈ ਵੀ ਚੀਜ਼ ਮਨ ਚੋਂ ਲੈਣ ਲਈ ਇੱਛਾ ਨਾਂ ਪ੍ਰਗਟ ਕੀਤੀ। ਪਿਤਾ ਨੇ ਫਿਰ ਆਪਣੇ ਪੁੱਤਰ ਨੂੰ ਲਾਡ-ਪਿਆਰ ਨਾਲ ਪੁਚਕਾਰਦਿਆਂ ਕਿਹਾ ਕਿ ਪੁੱਤਰ ਆਪਾਂ ਸਾਰਾ ਬਾਜ਼ਾਰ ਗਾਹ ਦਿੱਤਾ ਹੈ, ਤੇਰੇ ਕੋਈ ਚੀਜ਼ ਪਸੰਦ ਨਹੀਂ ਆਈ? ਤਾਂ ਬੰਟੀ ਸਿਸਕੀ ਭਰ ਡਡਿਆ ਕੇ ਡੂੰਘਾ ਹੌਂਕਾ ਲੈ ਬੋਲਿਆ, "ਨਹੀਂ…ਪਾਪਾ, ਮੈਨੂੰ ਅਜੇ ਦਿਸੀ ਨਹੀਂ ", ਬੰਟੀ ਨੇ ਬੜ੍ਹੀ ਉਤਸੁਕਤਾ ਨਾਲ ਕਿਹਾ।
ਪਿਤਾ:-ਕੀ?
ਬੰਟੀ:- ਮੰਮੀ…
ਸੋ ਬੱਚਿਓ, ਮਾਪੇ ਵੀ ਇੱਕ ਕੁਦਰਤ ਦੀ ਦੇਣ ਹਨ ਜੇਕਰ ਕਿਸੇ ਦਾ ਮਾਂ, ਪਿਉ ਇਸ ਸੰਸਾਰ ਤੋਂ ਸਦਾ ਲਈ ਰੁਖਸਤ ਹੋ ਜਾਣ ਤਾਂ ਦੁਬਾਰਾ ਕਿਸੇ ਵੀ ਕੀਮਤ ਤੇ ਸਾਨੂੰ ਨਹੀਂ ਲੱਭਦੇ। ਇਸ ਕਰਕੇ ਸਾਨੂੰ ਹਮੇਸ਼ਾ ਆਗਿਆਕਾਰੀ ਬਣਕੇ ਦੁਨੀਆਂ ਤੇ ਮਾਪਿਆਂ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਹੈ।
ਲੇਖਕ:- ਡਾ.ਸਾਧੂ ਰਾਮ ਲੰਗੇਆਣਾ
ਪਿੰਡ:- ਲੰਗੇਆਣਾ ਕਲਾਂ (ਮੋਗਾ)

0 comments:
Speak up your mind
Tell us what you're thinking... !