ਬੰਤੀ, ਘਰੋਂ ਭਾਵੇਂ ਗਰੀਬ ਸੀ ਪਰ ਰੰਗ-ਰੂਪ ਪੱਖੋਂ ਹੁਸਨਾਂ ਦੀ ਮਲਕਾ ਸੀ। ਉਹ ਪਿਛਲੇ ਡੇਢ ਕੁ ਮਹੀਨੇ ਤੋਂ ਜੰਗੀਰੇ ਲੰਬੜਦਾਰ ਕੇ ਘਰ ਚੁੱਲ੍ਹੇ-ਚੌਂਤੇ ਦੇ ਕੰਮ ਦੀ ਮਜ਼ਦੂਰੀ ਕਰਕੇ ਆਪਣੇ ਪ੍ਰੀਵਾਰ ਦੇ ਪਾਲਣ ਪੋਸ਼ਣ ਲਈ ਪਤੀ ਨਾਲ ਹੱਥ ਵਟਾ ਰਹੀ ਸੀ।
ਜੰਗੀਰੇ ਦੀ ਪਤਨੀ, ਜਿਸਦਾ ਪੂਰਾ ਨਾਮ ਤਾਂ 'ਲੱਛਮੀ' ਸੀ ਪ੍ਰੰਤੂ ਉਸਨੂੰ ਸਾਰਿਆਂ ਵੱਲੋਂ 'ਲੱਛੋ' ਕਹਿ ਕੇ ਹੀ ਪੁਕਾਰਿਆ ਜਾਂਦਾ ਸੀ। ਅਤੇ ਜੋ ਇੱਕ ਸਕੂਲ ਅਧਿਆਪਕਾ ਸੀ, ਵੱਲੋਂ ਦਿੱਤਾ ਗਿਆ ਫੁਲਕਾਰੀ ਸੂਟ ਬੰਤੀ ਨੇ ਜਿਉਂ ਹੀ ਪਹਿਨਿਆ ਤਾਂ ਫਿਰ ਉਹ ਪਹਿਲਾਂ ਨਾਲੋਂ ਵੀ ਸਨੁੱਖੀ ਜਾਪ ਰਹੀ ਸੀ। ਉਪਰੰਤ ਉਹ ਰੋਜ਼ਾਨਾ ਦੀ ਤਰ੍ਹਾਂ ਜਦੋਂ ਜੰਗੀਰੇ ਕੇ ਘਰ ਆਈ ਤਾਂ ਜੰਗੀਰੇ ਦੀਆਂ ਅੱਖਾਂ ਅੱਗੇ ਨਾਲੋਂ ਵੀ ਜ਼ਿਆਦਾ ਟੱਡੀਆਂ ਰਹਿ ਗਈਆਂ।
ਕਿਉਂਕਿ ਉਹ ਤਾਂ ਪਹਿਲਾਂ ਹੀ ਬੰਤੀ ਉਪਰ ਅੰਦਰੋ-ਅੰਦਰੀਂ ਆਪਣੀ ਨੀਅਤ, ਬਦਨੀਅਤ ਕਰੀ ਬੈਠਾ ਸੀ ਤੇ ਕਈ ਵਾਰ ਗੱਲੀਂ ਬਾਤੀਂ ਕਮੀਣੀਂਆਂ ਜਿਹੀਆਂ ਹਰਕਤਾਂ ਵੀ ਉਸ ਨਾਲ ਕਰ ਗਿਆ ਸੀ।
ਬੰਤੀਏ, ਅੱਜ ਤਾਂ ਤੂੰ ਮੈਨੂੰ ਮੇਰੀ 'ਲੱਛੋ' ਹੀ ਜਾਪ ਰਹੀਂ ਐ……
ਸਰਦਾਰ ਜੀ, ਗੱਲ ਥੋਡੀ ਪੂਰੀ ਸੋਲਾਂ ਆਨੇ ਸੱਚ ਐ……
ਹਾਏ! ਫੇਰ ਬੰਤੀਏ, ਦੇਰ ਕਿਹੜੀ ਗੱਲ ਦੀ, ਤੂੰ ਲੱਛੋ ਤੇ ਮੈਂ ਜੰਗੀਰਾ……ਤੇ ਆ ਜਾ ਫਿਰ ਮੇਰੀਆਂ ਬਾਹਾਂ ਵਿੱਚ।
ਸਰਦਾਰ ਜੀ, ਘਰੋਂ ਤੁਰਨ ਸਮੇਂ ਮੇਰੇ 'ਸ਼ਾਮੇ' ਪਤੀ ਨੇ ਅੱਜ ਮੈਨੂੰ ੩-੪ ਵਾਰ ਕਲਾਵੇ 'ਚ ਲਿਆ…, ਤੇ ਅੱਜ ਤਾਂ ਉਹ ਮੈਨੂੰ ਇਧਰ ਆਉਣ ਹੀ ਨਹੀਂ ਦੇ ਰਿਹਾ ਸੀ। ਮਸਾਂ ਖਹਿੜਾ ਛੁਡਾ ਕੇ ਆਈ…।
ਜੇ ਕੁਝ ਮਜ਼ਦੂਰੀ ਕਰੋਗੇ ਤਾਂ ਹੀ ਆਪਣੀ ਅਗਲੀ ਜ਼ਿੰਦਗੀ ਸੌਖ ਨਾਲ ਚਲਾ ਸਕੋਗੇ…। ਬੰਤੀਏ, ਤੂੰ ਮੂੰਹੋਂ ਫੁੱਟ ਕੇ ਮੈਨੂੰ ਦੱਸ, ਤੈਨੂੰ ਕੀ ਚਾਹੀਦੈ…, ਪਰ ਇੱਕ ਵਾਰ ਮੇਰੀਆਂ ਬਾਹਾਂ 'ਚ……। ਨਾਲੇ ਸ਼ਾਮਾ ਕਿਹੜੀ ਗੱਲੋਂ ਆਉਣ ਤੋਂ ਵਰਜਦਾ ਸੀ...?
ਸਰਦਾਰ ਜੀ, ਮੈਨੂੰ ਸ਼ਾਮਾ ਕਹਿੰਦਾ ਸੀ ਨਾ, ਕਿ ਬੰਤੀਏ, ਅੱਜ ਤਾਂ ਤੂੰ ਮੈਨੂੰ ਜਮਾਂ ਈ ਜੰਗੀਰੇ ਕੀ ਲੱਛੋ ਜਾਪਦੀ ਐਂ…ਤੇ ਨਾਲੇ ਉਹਨੇ ਮੈਨੂੰ ਘੁੱਟ ਕੇ ਕਲਾਵੇ ਚ ਲੈਂਦਿਆਂ ਆਪਣੀ ਹਿੱਕ ਨਾਲ ਲਾ ਲਿਆ ਸੀ।
ਹੁਣ ਅੱਗੋਂ ਬੁੱਤ ਬਣੇ ਜੰਗੀਰੇ ਨੂੰ ਕੋਈ ਜਵਾਬ ਨਹੀਂ ਸੀ ਸੁਝ ਰਿਹਾ।
ਲੇਖਕ:- ਡਾ.ਸਾਧੂ ਰਾਮ ਲੰਗੇਆਣਾ
ਪਿੰਡ:- ਲੰਗੇਆਣਾ ਕਲਾਂ (ਮੋਗਾ)
9878117285

0 comments:
Speak up your mind
Tell us what you're thinking... !