ਦੋਸਤੋ! ਲੇਖ ਦੇ ਸਿਰਲੇਖ ਲਈ ਮਾਫ਼ੀ ਚਾਹੁੰਦਾ ਹਾਂ। ਪਰ ਮਜਬੂਰ ਹਾਂ ਇਸ ਤੋਂ ਢੁਕਵਾਂ ਸਿਰਲੇਖ ਇਸ ਲੇਖ ਦਾ ਹੋ ਹੀ ਨਹੀਂ ਸਕਦਾ ਸੀ। ਸੋ ਲੇਖ ਪੜ੍ਹ ਕੇ ਜੇ ਕੁਝ ਗ਼ਲਤ ਲੱਗੇ ਤਾਂ ਜੋ ਮਰਜ਼ੀ ਸਜਾ ਦੇਣਾ ਜੀ ਕਬੂਲ ਹੋਵੇਗੀ। ਹੁਣੇ ਹੀ ਇਕ ਖ਼ਬਰ ਮਿਲੀ ਹੈ ਕਿ ਆਸਟ੍ਰੇਲੀਆ ਨੂੰ ਪੰਜਾਬ ਵਿਚ ਹੋ ਰਹੇ ਕਬੱਡੀ ਵਰਲਡ ਕੱਪ ਵਿਚ ਥਾਂ ਨਹੀਂ ਮਿਲੀ! ਇਕ ਬਾਰ ਤਾਂ ਯਕੀਨ ਜਿਹਾ ਨਹੀਂ ਆਇਆ ਕਿ ਇੰਝ ਕਿਵੇਂ ਹੋ ਸਕਦਾ! ਪਰ ਜਦੋਂ ਇਸ ਗੱਲ ਦੀ ਪੁਸ਼ਟੀ ਕੀਤੀ ਤਾਂ ਇਹ ਇਕ ਕੌੜਾ ਸੱਚ ਸਾਬਤ ਹੋਈ। ਮਨ 'ਚ ਬਹੁਤ ਸਾਰੇ ਵਿਚਾਰ ਆਏ ਕਿ ਇੰਝ ਕਿਉਂ ਹੋਇਆ। ਜਿਨ੍ਹਾਂ ਵਿਚੋਂ ਸਭ ਤੋਂ ਪਹਿਲਾਂ ਤਾਂ ਇਹੀ ਸੋਚ ਆਈ ਕਿ ਪਿਛਲੇ ਬਾਰ ਜੋ ਕਿਰਕਰੀ ਨਸ਼ਿਆਂ ਨੂੰ ਲੈ ਕੇ ਹੋਈ ਸੀ ਸ਼ਾਇਦ ਉਹੀ ਵਜ੍ਹਾ ਰਹੀ ਹੋਵੇਗੀ। ਪਰ ਜਦੋਂ ਹੋਰ ਅੱਗੇ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਇਹ ਕਾਰਨ ਨਹੀਂ ਹੈ। ਫੇਰ ਦੂਜੀ ਗੱਲ ਜੋ ਸਾਹਮਣੇ ਆਈ ਉਹ ਇਹ ਸੀ ਕਿ ਪਿਛਲੇ ਬਾਰ ਏਕੇ ਦੀ ਕਮੀ ਕਾਰਨ ਦੋ ਟੀਮਾਂ ਦਾ ਜਾਣਾ ਵੀ ਇਕ ਕਾਰਨ ਹੋ ਸਕਦਾ ਹੈ। ਪਰ ਇਹ ਵੀ ਸਹੀ ਨਹੀ ਲਗਦਾ ਕਿਉਂਕਿ ਇਸ ਬਾਰ ਸੁੱਖੀ-ਸਾਂਦੀ ਮੱਸਾ ਤਾਂ ਏਕਾ ਹੋਇਆ ਹੈ ਅਤੇ ਸਾਰੀਆਂ ਘਰੇਲੂ ਟੀਮਾਂ ਨੇ ਆਸਟ੍ਰੇਲੀਅਨ ਕਬੱਡੀ ਫੈਡਰੇਸ਼ਨ ਦੇ ਝੰਡੇ ਥੱਲੇ ਇਕੱਠਿਆਂ ਹੋ ਕੇ ਜੋਰਾਂ-ਸ਼ੋਰਾਂ ਨਾਲ ਕੱਪ ਦੀਆਂ ਤਿਆਰੀਆਂ 'ਚ ਦਿਨ-ਰਾਤ ਇਕ ਕੀਤਾ ਹੋਇਆ ਹੈ।
ਫੇਰ ਹੋਰ ਕੀ ਕਾਰਨ ਹੋ ਸਕਦਾ? ਬੱਸ ਫੇਰ ਸ਼ੱਕ ਦੀ ਸੂਈ ਸਿਆਸਤ ਤੇ ਆ ਕੇ ਅਟਕਦੀ ਹੈ। ਪਰ ਇਥੇ ਵੀ ਹੈਰਾਨੀ ਹੁੰਦੀ ਹੈ ਕਿ ਇਕ ਵਰਲਡ ਕੱਪ ਲਈ ਇਕ ਪਿੰਡ ਪੱਧਰ ਦੀ ਸਿਆਸਤ!!! ਮੇਰਾ ਪਿੰਡ ਪੱਧਰ ਕਹਿਣ ਦਾ ਮਤਲਬ ਇਹੀ ਹੈ ਕਿ ਜੇ ਸਿਆਸਤ ਉੱਚ ਪੱਧਰੀ ਹੁੰਦੀ ਤਾਂ ਇਸ ਤਰ੍ਹਾਂ ਆਸਟ੍ਰੇਲੀਆ ਦਾ ਭਾਂਡਾ ਨਹੀਂ ਟਾਲਿਆ ਜਾਣਾ ਸੀ। ਹਾਂ ਇਕ ਗੱਲ ਇੱਥੇ ਜ਼ਰੂਰ ਸਾਬਤ ਹੁੰਦੀ ਹੈ ਕਿ ਉੱਚ ਪੱਧਰੇ ਲੋਕ ਪਿੰਡ ਪੱਧਰ ਦੀ ਸਿਆਸਤ ਤੇ ਉਤਾਰੂ ਹੋਏ ਪਏ ਲਗਦੇ ਹਨ। ਇਹੋ ਜਿਹਾ ਕੁਝ ਗਲੀ ਮੁਹੱਲਿਆਂ ਦੇ ਟੂਰਨਾਮੈਂਟ 'ਚ ਤਾਂ ਹੁੰਦਾ ਸੁਣਿਆ ਸੀ ਪਰ ਮੁਲਕ ਪੱਧਰ ਤੇ ਪਹਿਲੀ ਵਾਰ ਘੁੱਤੀ ਗਿੱਲੀ ਹੁੰਦੀ ਦੇਖੀ ਹੈ।
ਦੋਸਤੋ! ਥੋੜ੍ਹਾ ਬਹੁਤ ਪਿਛੋਕੜ ਫਰੋਲ ਕੇ ਦੇਖਦੇ ਹਾਂ। ਪਿਛਲੇ ਵਰਲਡ ਕੱਪ ਦੌਰਾਨ ਆਸਟ੍ਰੇਲੀਆ ਤੋਂ ਦੋ ਟੀਮਾਂ ਦੇ ਜਾਣ ਦੇ ਕਾਰਨ ਦਾ ਪਤਾ ਤਾਂ ਸਭ ਨੂੰ ਹੈ ਬੱਸ ਜਾਣ ਕੇ ਅਣਜਾਣ ਬਣਦੇ ਹਾਂ। ਪਿਛਲੇ ਬਾਰ ਇਕ ਕਬੱਡੀ ਫੈਡਰੇਸ਼ਨ ਤੇ ਇਕ ਸਿਆਸੀ ਫੈਡਰੇਸ਼ਨ ਦੀ ਠੰਢੀ ਜੰਗ ਚਲੀ ਸੀ। ਇਹ ਵੀ ਸੁਣਿਆ ਸੀ ਕਿ ਇਕ ਕੱਦਾਵਾਰ ਸਿਆਸੀ ਨੇਤਾ ਜੀ ਦੀ ਇੱਛਾ ਨੂੰ ਫੁਲ ਚੜ੍ਹਾਏ ਗਏ ਸਨ। ਪਰ ਉਸ ਵਕਤ ਕੁਝ ਇਕ ਕਸੂਰ ਕੁਝ ਕਲੱਬਾਂ ਦਾ ਵੀ ਸੀ ਜਿਨ੍ਹਾਂ ਦੀ ਫ਼ੁੱਟ ਦਾ ਫ਼ਾਇਦਾ ਇਹ ਸਿਆਸੀ ਲੋਕ ਲੈ ਗਏ ਸਨ। ਉਹ ਤਾਂ ‘ਨਸ਼ਿਆਂ’ ਵਾਲਾ ਐਪੀਸੋਡ ‘ਦੋ ਟੀਮਾਂ’ ਵਾਲੇ ਐਪੀਸੋਡ ਨਾਲੋਂ ਜ਼ਿਆਦਾ ਹਿੱਟ ਹੋ ਗਿਆ ਸੋ ਸਭ ਦਾ ਧਿਆਨ ਉਧਰ ਚਲਿਆ ਗਿਆ ਨਹੀਂ ਤਾਂ ਪਿਛਲੇ ਸਾਲ ਹੀ ਬਹੁਤ ਕੁਝ ਹੋਣਾ ਸੀ।
ਹੁਣ ਇਕ ਗੱਲ ਜੋ ਸਮਝ ਤੋਂ ਬਾਹਰ ਹੈ ਕਿ ਸਾਡੇ ਇਹ ਸਿਆਸੀ ਲੋਕ ਸਾਨੂੰ ਵਿਦੇਸ਼ ਬੈਠਿਆਂ ਨੂੰ ਵੀ ਕਿਉਂ ਨਹੀਂ ਜਿਉਣ ਦਿੰਦੇ!!! ਹਰ ਤੀਜੇ ਦਿਨ ਸੁਣੀਦਾ ਕਿ ਫਲਾਂ ਮੰਤਰੀ ਆਇਆ ਸੀ ਤੇ ਫਲਾਂ ਬੰਦੇ ਨੂੰ ਆਸਟ੍ਰੇਲੀਆ ਇਕਾਈ ਦਾ ਪਰਧਾਨ ਥਾਪ ਗਿਆ। ਉਸ ਤੋਂ ਅੱਗੇ ਪਿੱਛੇ ਕਦੇ ਆਸਟ੍ਰੇਲਿਆਈ ਪਰਧਾਨ ਜੀ ਕਿਤੇ ਨਜ਼ਰ ਨਹੀਂ ਆਉਂਦੇ। ਬੱਸ ਕੀ ਕਹਿਣਾ ਕਦੇ ਮੀਂਹ ਪਏ ਤੋਂ ਜਿਵੇਂ ਕੀੜਿਆਂ ਦਿਸਦੀਆਂ ਇੰਝ ਕਿਸੇ ਅਖ਼ਬਾਰ 'ਚ ਬਿਆਨ ਜ਼ਰੂਰ ਛਪਵਾ ਦਿੰਦੇ ਹਨ। ਚਲੋ ਇਸ ਵਿਚ ਵੀ ਸਾਨੂੰ ਕੋਈ ਇਤਰਾਜ਼ ਨਹੀਂ ਕੋਈ ਕਿਸੇ ਪਾਰਟੀ ਲਈ ਕੁਝ ਕਰੇ ਇਹ ਉਸ ਦਾ ਆਪਣਾ ਬਿਜ਼ਨੈੱਸ ਹੈ। ਪਰ ਜਦੋਂ ਇਹੋ ਜਿਹੇ ਲੋਕ ਆਮ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦੇ ਹਨ ਤਾਂ ਉਸ ਵਕਤ ਝੱਲਣਾ ਮੁਸ਼ਕਿਲ ਕੰਮ ਹੁੰਦਾ ਹੈ। ਹੁਣ ਉਹ ਜ਼ਮਾਨਾ ਤਾਂ ਰਿਹਾ ਨਹੀਂ ਜਦੋਂ ਇਕ ਤਰਫਾ ਮੀਡੀਆ ਸੀ ਜੋ ਸਪੀਕਰ 'ਚ ਬੋਲ ਦਿੱਤਾ ਬੱਸ ਉਹੀ ਪਰਵਾਨ ਚੜ੍ਹ ਗਿਆ। ਅੱਜ ਕੱਲ੍ਹ ਤਾਂ ਸੰਵਾਦ ਰਚੇ ਜਾਂਦੇ ਹਨ ਜੀ। ਮੇਰੇ ਜਿਹਾ ਨਾ ਸਮਝ ਵੀ ਹਰ ਵਰਤਾਰੇ ਦਾ ਘਰੇ ਬੈਠਾ ਹੀ ਜਵਾਬ ਮੰਗਦਾ ਹੈ।
ਇਸ ਬਾਰ ਤਾਂ ਆਸਟ੍ਰੇਲੀਆ ਵਿਚ ਇਕੋ ਕਬੱਡੀ ਫੈਡਰੇਸ਼ਨ ਹੈ ਤੇ ਉਹ ਵੀ ਸਰਬ ਸੰਮਤੀ ਨਾਲ ਬਣੀ ਕਾਰਜਕਾਰਨੀ ਨਾਲ ਲੈਸ ਹੈ। ਪਰ ਫੇਰ ਵੀ ਜਦੋਂ ਵਰਲਡ ਕੱਪ ਕਮੇਟੀ ਤੋਂ ਪੁੱਛਿਆ ਗਿਆ ਤਾਂ ਉਹ ਕਹਿੰਦੇ ਕਿ ਆਸਟ੍ਰੇਲੀਆ 'ਚ ਦੋ ਫੈਡਰੇਸ਼ਨਾਂ ਕੰਮ ਕਰ ਰਹੀਆਂ ਹਨ। ਜਿਨ੍ਹਾਂ ਬੰਦਿਆਂ ਨਾਲ ਉਨ੍ਹਾਂ ਸੰਪਰਕ ਕੀਤਾ ਉਹ ਕਹਿੰਦੇ ਕਿ ਅਸੀਂ ਵਰਲਡ ਕੱਪ 'ਚ ਖੇਡਣ ਦੇ ਇੱਛੁਕ ਨਹੀਂ ਹਾਂ ਕਿਉਂਕਿ ਸਾਡੇ ਕੋਲ ਕੋਈ ਟੀਮ ਹੀ ਨਹੀਂ ਹੈ। ਪਰ ਸੱਚ ਤਾਂ ਇਹ ਹੈ ਕਿ ਇਸ ਵਕਤ ਆਸਟ੍ਰੇਲੀਆ 'ਚ ਦਸ ਦੇ ਕਰੀਬ ਕਬੱਡੀ ਦੇ ਕਲੱਬ ਹਨ ਤੇ ਤਕਰੀਬਨ ਸਾਰੇ ਆਸਟ੍ਰੇਲੀਅਨ ਕਬੱਡੀ ਫੈਡਰੇਸ਼ਨ ਦੇ ਝੰਡੇ ਥੱਲੇ ਇਕੱਠੇ ਹਨ। ਹੁਣ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਵਰਲਡ ਕੱਪ ਕਮੇਟੀ ਨੇ ਆਸਟ੍ਰੇਲੀਆ 'ਚ ਕਿਸ ਨਾਲ ਸੰਪਰਕ ਕੀਤਾ। ਇਹ ਤਾਂ ਹਾਲੇ ਭਵਿੱਖ ਦੇ ਗਰਭ 'ਚ ਹੈ। ਪਰ ਸਵਾਲ ਤਾਂ ਸਾਡੇ ਮੂੰਹਾਂ ਤੇ ਹੁਣੇ ਹੀ ਹਨ।
ਇਸ ਮਾਮਲੇ 'ਚ ਜਦੋਂ ਆਸਟ੍ਰੇਲੀਅਨ ਕਬੱਡੀ ਫੈਡਰੇਸ਼ਨ ਦੇ ਪਰਧਾਨ ਸੁਖਜੀਤ ਸਿੰਘ ਜੌਹਲ ਅਤੇ ਸਕੱਤਰ ਰੌਨੀਂ ਰੰਧਾਵਾ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਕਿ ਅਸੀਂ ਵੀ ਸਰਕਾਰ ਦੇ ਇਸ ਫ਼ੈਸਲੇ ਤੋਂ ਹੈਰਾਨ ਹਾਂ। ਜਦੋਂ ਅਸੀਂ ਅਧਿਕਾਰੀਆਂ ਨਾਲ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਹਨ ਪਹਿਲਾਂ ਦੂਜੇ ਬੰਦਿਆਂ ਨਾਲ ਸਮਝੌਤਾ ਕਰੋ ਫੇਰ ਗੱਲ ਕਰਿਓ। ਅਤੇ ਜਦੋਂ ਅਸੀਂ ਉਨ੍ਹਾਂ ਦੂਜੇ ਬੰਦਿਆਂ ਦਾ ਕੰਟੈੱਕਟ ਮੰਗਦੇ ਹਾਂ ਤਾਂ ਉਹ ਕੋਈ ਦਿੰਦਾ ਨਹੀਂ। ਜਦੋਂ ਕਿ ਅਸੀਂ ਬੈਠ ਕੇ ਗੱਲਬਾਤ ਕਰਨ ਨੂੰ ਤਿਆਰ ਹਾਂ। ਪਰ ਹੁਣ ਇਹ ਸਮਝ ਤੋਂ ਬਾਹਰ ਦੀ ਗੱਲ ਹੈ ਕਿ ਦੂਜੀ ਧਿਰ ਗੱਲਬਾਤ ਕਰਨ ਲਈ ਮੂਹਰੇ ਕਿਉਂ ਨਹੀਂ ਆ ਰਹੀ। ਹੋ ਸਕਦਾ ਹੈ ਕਿ ਕਬੱਡੀ ਫੈਡਰੇਸ਼ਨ 'ਚ ਕੋਈ ਊਣਤਾਈ ਹੋਵੇ ਪਰ ਦੂਜੀ ਧਿਰ ਨੂੰ ਇਸ ਗੱਲ ਨੂੰ ਜਨਤਾ ਦੀ ਕਚਹਿਰੀ 'ਚ ਲੈ ਕੇ ਆਉਣਾ ਚਾਹੀਦਾ ਹੈ। ਨਾ ਕਿ ਆਪਣੀਆਂ ਨਿੱਜੀ ਰੰਜਸ਼ਾਂ ਲਈ ਹਜ਼ਾਰਾਂ ਕਬੱਡੀ ਪ੍ਰੇਮੀਆਂ ਤੇ ਸੈਂਕੜੇ ਕਬੱਡੀ ਖਿਡਾਰੀਆਂ ਦੀਆਂ ਭਾਵਨਾਵਾਂ ਨਾਲ ਖੇਡਣਾ ਚਾਹੀਦਾ।
ਆਪਣੇ ਪੱਧਰ ਤੇ ਅਸੀਂ ਅੱਜ ਕਾਫ਼ੀ ਕੋਸ਼ਿਸ਼ ਕੀਤੀ ਕਿ ਕੋਈ ਸਰਕਾਰੀ ਪੱਖ ਜਾਣਿਆ ਜਾ ਸਕੇ। ਪਰ ਸੁਖਬੀਰ ਬਾਦਲ ਪਾਕਿਸਤਾਨ ਦੇ ਦੌਰੇ ਤੇ ਹੋਣ ਕਾਰਨ ਬਹੁਤੇ ਮੰਤਰੀ ਅਤੇ ਸੰਤਰੀ ਉਨ੍ਹਾਂ ਨਾਲ ਗਏ ਹੋਏ ਹਨ। ਦੂਜੀ ਕਤਾਰ ਦੇ ਅਧਿਕਾਰੀਆਂ 'ਚ ਏਨੀ ਜੁਰਅਤ ਨਹੀਂ ਕਿ ਉਹ ਕਿਤੇ ਮੀਡੀਆ ਸਾਹਮਣੇ ਗੱਲ ਕਰ ਸਕਣ। ਅੱਜ ਮੈਂ ਪੰਜਾਬ ਖੇਡ ਮਹਿਕਮੇ 'ਚ ਗੱਲ ਕੀਤੀ, ਜਦੋਂ ਤੱਕ ਤਾਂ ਮੈਂ ਏਧਰਲੀਆਂ-ਉਧਰਲੀਆਂ ਗੱਲਾਂ ਕਰਦਾ ਰਿਹਾ ਤਾਂ ਅਧਿਕਾਰੀ ਮੇਰੀ ਗੱਲ ਸੁਣਦੇ ਰਹੇ ਪਰ ਜਦੋਂ ਮੈਂ ਕਿਹਾ ਕਿ ਮੈਂ ‘ਹਰਮਨ ਰੇਡੀਓ’ ਲਈ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹਾਂ ਤਾਂ ਨਾਲ ਦੀ ਨਾਲ ਮੇਰੀ ਆਵਾਜ਼ ਉਨ੍ਹਾਂ ਨੂੰ ਸੁਣਨੋਂ ਹਟ ਗਈ। ਜਦੋਂ ਮੈਂ ਹੈਲੋ ਹੈਲੋ ਕਰਦੇ ਨੇ ਕਿਹਾ ਕਿ ਦੁਬਾਰਾ ਕਾਲ ਕਰਦਾ ਹਾਂ ਤਾਂ ਉਨ੍ਹਾਂ ਨੂੰ ਇਹ ਗੱਲ ਸੁਣ ਗਈ! ਮੈਂ ਸੋਚਿਆ ਕਿ ਸ਼ਾਇਦ ਸੱਚੀ ਨਾ ਸੁਣਦੀ ਹੋਵੇ ਦੁਬਾਰਾ ਜਦੋਂ ਕਾਲ ਕੀਤੀ ਤਾਂ ਇਕ ਬੀਬੀ ਜੀ ਨੇ ਚੁੱਕਿਆ ਤੇ ਕਹਿੰਦੇ ਸਾਹਿਬ ਤਾਂ ਆਫ਼ਿਸ 'ਚ ਨਹੀਂ ਜੋ ਸਿਰਫ਼ 30 ਸੈਕੰਡ ਪਹਿਲਾਂ ਮੇਰੇ ਨਾਲ ਇਸੇ ਫ਼ੋਨ ਤੇ ਗੱਲ ਕਰ ਰਹੇ ਸਨ। ਆਸ ਦੀ ਇਕੋ ਇਕ ਕਿਰਨ ਉੱਘੇ ਖਿਡਾਰੀ ਤੇ ਸਿਆਸਤਦਾਨ ਪਰਗਟ ਸਿੰਘ ਦੇ ਰੂਪ 'ਚ ਦਿਖਾਈ ਦਿੰਦੀ ਹੈ ਜਿਨ੍ਹਾਂ ਨਾਲ ਸੰਪਰਕ ਕੀਤਾ ਹੈ ਤੇ ਕਿਸੇ ਚੰਗੇ ਜਵਾਬ ਦੀ ਉਡੀਕ 'ਚ ਹਾਂ।
ਪਿਛਲੇ ਕੁਝ ਵਕਤ ਤੋਂ ਪੰਜਾਬ ਦੇ ਉਪ ਮੁੱਖ ਮੰਤਰੀ ਮਾਨਯੋਗ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਬੱਡੀ ਵਰਲਡ ਕੱਪ ਵੱਲ ਖ਼ਾਸ ਧਿਆਨ ਦਿੱਤਾ ਹੈ। ਜਿਸ ਦੀ ਹਰ ਪਾਸੇ ਸਲਾਹਣਾ ਹੋ ਰਹੀ ਹੈ। ਉਨ੍ਹਾਂ ਪਲੇਟਫ਼ਾਰਮ ਬਣਾ ਕੇ ਆਪਣਾ ਫ਼ਰਜ਼ ਨਿਭਾ ਦਿੱਤਾ ਹੈ। ਪਰ ਉਸ ਨੂੰ ਵਰਤਣਾ ਤਾਂ ਆਮ ਲੋਕਾਂ ਨੇ ਹੈ। ਹਰ ਕੰਮ ਸੁਖਬੀਰ ਬਾਦਲ ਤਾਂ ਕਰਨੋਂ ਰਿਹਾ। ਸੋ ਕੁਝ ਇਕ ਲੋਕਾਂ ਨੂੰ ਇਸ ਦੀ ਜ਼ੁੰਮੇਵਾਰੀ ਦੇ ਦਿੱਤੀ ਗਈ ਹੈ। ਹੁਣ ਜਦੋਂ ਇਸ ਕੰਮ ਲਈ ਜ਼ੁੰਮੇਵਾਰ ਲੋਕਾਂ ਦੀ ਗੱਲ ਕਰਦੇ ਹਾਂ ਤਾਂ ਉਥੇ ਇਹੋ ਜਿਹਾ ਗ਼ੈਰ ਜੁੰਮੇਵਾਰਨਾ ਕੰਮ ਤਾਂ ਕੋਈ ਨਾ ਸਮਝ ਬੰਦਾ ਹੀ ਕਰ ਸਕਦਾ ਹੈ! ਕਿਉਂਕਿ ਦੂਰ ਅੰਦੇਸ਼ੀ ਬੰਦੇ ਨੂੰ ਤਾਂ ਡਿਪਲੋਮੈਟਿਕ ਗੱਲਾਂ ਦੀ ਸੋਝੀ ਹੁੰਦੀ ਹੈ। ਪਰ ਇਥੇ ਤਾਂ ਜੁਆਕਾਂ ਵਾਲੀ ਗੱਲ ਹੀ ਲਗਦੀ ਹੈ, ਜੋ ਮੈਂ ਲੇਖ ਦੇ ਸਿਰਲੇਖ 'ਚ ਕਹਿ ਚੁੱਕਿਆ ਹਾਂ। ਇਹੋ ਜਿਹੇ ਈਰਖਾ ਭਰੇ ਲੋਕ ਕਬੱਡੀ ਦੇ ਜੋੜਾਂ ’ਚ ਬੈਠ ਰਹੇ ਹਨ ਤੇ ਜੇ ਕੱਲ੍ਹ ਨੂੰ ਇਹੀ ਕਬੱਡੀ ਸਰਕਾਰ ਦੇ ਜੋੜਾਂ 'ਚ ਬੈਠ ਗਈ ਤਾਂ ਹੈਰਾਨ ਹੋਣ ਦੀ ਲੋੜ ਨਹੀਂ। ਇਸ ਗੱਲ ਵੱਲ ਬਾਦਲ ਸਾਹਿਬ ਨੂੰ ਵਿਸ਼ੇਸ਼ ਧਿਆਨ ਦੇਣਾ ਹੀ ਪੈਣਾ ਨਹੀਂ ਤਾਂ ਫੇਰ ਗਿੱਲੀ ਹੋਈ ਘੁੱਤੀ ਕੰਮ ਕਿਸੇ ਦੇ ਵੀ ਨਹੀਂ ਆਉਣੀ!!!
ਅੰਤ ਵਿਚ ਇਕ ਗੱਲ ਦਾ ਧਰਵਾਸ ਤਾਂ ਹੈ ਕਿ ਇਹੋ ਜਿਹੇ ਵਰਲਡ ਕੱਪ 'ਚ ਖੇਡ ਕੇ ਲੈਣਾ ਵੀ ਕੀ ਹੈ, ਜਿਸ ਵਿਚ ਗਲੀ ਮੁਹੱਲਿਆਂ ਵਾਲੀ ਸਿਆਸਤ ਚਲਦੀ ਹੋਵੇ।
ਮਿੰਟੂ ਬਰਾੜ

0 comments:
Speak up your mind
Tell us what you're thinking... !