ਜੇ ਮੁੰਡਾ ਆਇਆ ਤਾਂ ਅਸੀਂ ਵੰਡੀ ਲੋਹੜੀ।
ਕੁੜੀ ਆਉਂਦੀ-ਆਉਂਦੀ ਅਪਵਾਟਿਓਂ ਮੋੜੀ।
ਖਿੜਨ ਤੋਂ ਪਹਿਲਾਂ ਹੀ, ਫੁੱਲ ਮੁਰਝਾਇਆ
ਕੋਮਲ ਕਲੀ ਦਾ, ਮਕਰੰਦ ਕੁਮਲਾਇਆ।
ਖਾਹਿਸ਼ ਪੁੱਤਰ ਦੀ ਹੈ, ਰੀਤ ਸਦੀਆਂ ਪੁਰਾਣੀ।
ਟੱਬਰ ਸਾਰਾ ਹੀ ਆਖੇ, ਕਿਓਂ ਆਈ? ਖਸਮਾਂਖਾਣੀ।
ਬਚਪਨ ਵਿੱਚ ਹੀ ਮਾਰ, ਦਫਨਾ ਦਿੰਦੇ ਸੀ।
ਤੂੰ ਨਾ ਆਈਂ, ਵੀਰ ਭੇਜੀਂ, ਫੁਰਮਾਅ ਦਿੰਦੇ ਸੀ।
ਜੇ ਦੂਜੀ ਆਈ, ਤਾਂ ਅਸੀਂ, ਉਹ ਵੀ ਠੁਕਰਾਈ।
ਪਹਿਲੀ ਵਾਂਗ ਹੀ, ਦੂਜੀ ਵੀ, ਤੁਰੰਤ ਟਿਕਾਣੇ ਲਾਈ।
ਪੁਰਾਣੇ ਸਮੇਂ ’ਚ ਧੀਅ, ਜਨਮੋਂ ਬਾਅਦ ਮਾਰਦੇ।
ਅੱਜ ਓਸੇ ਧੀਅ ਨੂੰ ਹੀ, ਗਰਭ ਅੰਦਰ ਸਾੜਦੇ।
ਅਲਟਰਾ ਸਾਊਂਡ, ਤਕਨੀਕ ਕੀ ਆ ਗਈ।
ਵੀਹ ਪ੍ਰਤੀਸ਼ਤ ਇਹ, ਕੁੜੀਆਂ ਹੀ ਖਾ ਗਈ।
ਇਸ ਵਿੰਚ ਸੱਸ ਹੈ, ਮੁੱਖ ਅਪਰਾਧੀ।
ਸੌੜੀ ਸੋਚ ਉਸਦੀ ਨੇ, ਨੂੰਹ ਰਾਣੀ ਸਾਧੀ।
ਪੋਤੀ ਨਹੀਂ, ਪੋਤਰੇ ਦੀ, ਹੈ ਲੋੜ ਅਸਾਨੂੰ।
ਨੂੰਹ ਕਰੇ ਮਿੰਨਤਾਂ, ਪਰ ਮੈਂ ਨਾ ਮਾਨੂੰ।
ਜਾਂ ਪਤਾ ਲੱਗਿਆ, ਧੀ ਗਰਭ ’ਚ ਪਲਦੀ।
ਕਰਵਾਕੇ ਗਰਭਪਾਤ, ਉਹ ਪੋਤਰੀ ਦਲਦੀ।
ਪਤੀ-ਪਤਨੀ (ਨੂੰਹ-ਪੁੱਤ) ਦਾ, ਕੋਈ ਚਲੇ ਨਾ ਚਾਰਾ।
ਪੁੱਤ ਦੇ, ਪੁੱਤਰ ਦਾ ਲੋਭ, ਬਣ ਗਿਆ ਹਤਿਆਰਾ।
ਆਪਣੇ ਪੈਰੀਂ ਆਪ ਕੁਹਾੜਾ, ਏਦਾਂ ਹਰਗਿਜ ਨਾ ਮਾਰੀਏ।
ਕੁੱਖ ’ਚ ਪਲਦੀਆਂ ਧੀਆਂ ਤਾਂਈ, ਗੁੱਝਿਆਂ ਕਦੇ ਵੀ ਨਾ ਸਾੜੀਏ
ਜੇਕਰ ਧੀਅ ਹੀ ਨਾ ਹੋਈ ਤਾਂ ਨੂੰਹ ਕਿੱਥੋਂ ਆਉ?
ਖਾਨਦਾਨ ਅਸਾਡਾ ਵੰਸ਼ ਕਿਵੇਂ? ਕੌਣ ਅੱਗੇ ਚਲਾਉ?
ਗੁਰਮਤਿ ਦੱਸੇ, ਕੁੜੀਮਾਰ ਨਾਲ, ਕੋਈ ਰੱਖੇ ਨਾ ਨਾਤਾ।
ਤਾਂਹੀਓਂ ਹੀ ਤਾਂ ‘ਫਤਹਿਪੁਰੀ’, ਇਹ ਹੁਕਮ ਪਛਾਤਾ
ਆਓ! ਸਾਰੇ ਕਸਮਾਂ ਖਾਈਏ, ਅਣਜੰਮੀ ਧੀਅ ਨਾ ਮਾਰਾਂਗੇ।
ਬਣਦਾ ਹੱਕ, ਉੱਚ ਵਿਦਿਆ ਦੇ ਕੇ, ਇਹਨਾਂ ਤਾਂਈ ਸਤਿਕਾਰਾਂਗੇ
ਅਜੀਤ ਸਿੰਘ
ਪਿੰਡ ਫਤਹਿਪੁਰ,
ਡਾਕਘਰ : ਖੁਰਦਪੁਰ
ਤਹਿਸੀਲ : ਆਦਮਪੁਰ ਦੋਆਬਾ
ਜਿਲ੍ਹਾ : ਜਲੰਧਰ
ਮੋਬਾਇਲ ਨੰ: 81466-33646


0 comments:
Speak up your mind
Tell us what you're thinking... !