ਚਲਦੇ ਪੁਰਜ਼ੇ ਨੂੰ,ਹਰ ਕੋਈ ਪੁੱਛਦਾ ਏ,
ਦੀਨ! ਦੁਖੀ ਦੀ ਕੋਈ ਨਹੀਂ ਬਾਂਹ ਫੜਦਾ।
ਆਪਣੇ ਦੁੱਖਾਂ ਤੋਂ, ਘੱਟ ਹੈ ਦੁਖੀ ਦੁਨੀਆਂ,
ਗਵਾਂਢੀ ਸੁਖੀ ਕਿਓਂ? ਵੇਖਕੇ ਰਹੇ ਸੜਦਾ।
ਏਹਦੀ ਜੀਪ ਹੈ,ਮੇਰੀ ਲਗਜ਼ਰੀ ਕਾਰ ਹੋਵੇ,
ਵਾਤਾਅਨੁਕੂਲ ਹੋ ਜਾਏ ਘਰਬਾਰ ਮੇਰਾ।
ਏਹਦੇ ਦੋ ਮੁੰਡੇ, ਪੜ੍ਹਨ ਆਸਟਰੇਲੀਆ'ਚ',
ਪੱਕਾ ਹੋ ਜਾਏ ਕਨੇਡਾ'ਚ' ਪਰਿਵਾਰ ਮੇਰਾ।
ਧੁੱਪ ਵਿੱਚ ਰੁੱਖ, ਸੰਘਣੀ ਛਾਂ ਵੰਡਦੇ ਨੇ
ਫ਼ਲ ਲੱਗਣ ਤਾਂ ਹੋਰ ਵੀ ਨੇ ਝੁਕ ਜਾਂਦੇ।
ਜੇ ਏਹਨ੍ਹਾਂ ਦੀਂ ਜੜ੍ਹੀਂ,ਕੋਈ ਤੇਲ ਦੇਵੇ,
ਤਾਂ ਵੀ ਕੁਸਕਣ ਨਾ ਭਾਵੇਂ ਖੜ੍ਹੇ ਸੁੱਕ ਜਾਂਦੇ।
ਕੋਈ ਛਾਂਗੇ ਕੋਈ ਕੱਟੇ, ਜਾਂ ਉਖਾੜ ਦੇਵੇ,
ਮੋਛੇ ਪਾ ਦੇਵੇ ਤਾਂ ਵੀ ਏਹ ਚੁੱਪ ਰਹਿੰਦੇ।
ਜੇਠ ਹਾੜ ਦੀ ਤਪਸ਼ ਵਿੱਚ,ਸੇਕ ਸਹਿ ਕੇ,
ਛਾਂ ਵੰਡ ਪਸ਼ੂ ਪੰਛੀਆਂ ਨੂੰ ਆਪ ਧੁੱਪ ਸਹਿੰਦੇ।
ਜੇਕਰ ਕੰਮ ਨਾ, ਕਿਸੇ ਦੇ ਅਸੀਂ ਆਈਏ,
ਪੇੜ ਪੌਦਿਆਂ ਤੌਂ ਵੀ ਅਸੀਂ ਗਿਰੇ ਹੋਏ ਹਾਂ।
ਪੇੜ ਪੌਦੇ ਤਾਂ, ਫ਼ਲ-ਖ਼ੁਸ਼ਬੋਅ ਵੰਡਦੇ ਨੇ,
ਅਸੀਂ! ਖੁਦਗਰਜੀ ਵਿੱਚ ਘਿਰੇ ਹੋਏ ਹਾਂ।
ਸ਼ੇਵਾ ਸਿਮਰਨ ਤੌਂ ਸੱਖਣਾ ਸਫ਼ਲ-ਜੀਵਨ,
ਕਰੀਏ ਲੱਖ ਉਪਰਾਲੇ ਤਾਂ ਵੀ ਨਹੀਂ ਹੋਣਾ।
ਜਿਸ ਹਿਰਦੇ ਵਿੱਚ, ਵਿੱਚ ਦਯਾ ਤੇ ਧਰਮ ਹੈ ਨਹੀਂ,
ਅਤਿਅੰਤ ਦੁਖੀ ਨੂੰ ਵੇਖ ਓਹਨ੍ਹੇਂ ਕੀ ਰੋਣਾ ?
ਅੰਤਮ ਸਮਂੇ ਵੀ, ਰਾਖ ਨਾਲ ਰਾਖ ਹੋ ਕੇ,
ਰੁੱਖ, ਮਨੁੱਖ ਨੂੰ ਅੱਗੇ ਵੱਲ ਤੋਰਦੇ ਨੇ ।
'ਫ਼ਤਹਿਪੁਰੀ' ਨੂੰ,ਇਹ ਨਾ ਸਮਝ ਆਵੇ,
ਬੰਦੇ,ਬੰਦੇ ਦਾ ਬੁਰਾ ਕਿਓਂ ਲੋੜਦੇ ਨੇ?
ਗਿਆਨੀ ਅਜੀਤ ਸਿੰਘ ਫ਼ਤਹਿਪੁਰੀ 8146633646


0 comments:
Speak up your mind
Tell us what you're thinking... !