Headlines News :
Home » » ਮਹਾਨ ਇਨਕਲਾਬੀ ਸ਼ਹੀਦ ਕਰਤਾਰ ਸਿੰਘ ਸਰਾਭਾ - ਬੱਬੂ ਚੱਬੇ ਵਾਲਾ,

ਮਹਾਨ ਇਨਕਲਾਬੀ ਸ਼ਹੀਦ ਕਰਤਾਰ ਸਿੰਘ ਸਰਾਭਾ - ਬੱਬੂ ਚੱਬੇ ਵਾਲਾ,

Written By Unknown on Saturday, 17 November 2012 | 03:15



ਪੰਜਾਬ ਦੀ ਧਰਤੀ ਬਹੁਤ ਭਾਗਾਂ ਵਾਲੀ ਹੈ ,ਜਿੱਥੇ ਗੁਰੂਆਂ, ਪੀਰਾਂ,ਰਿਸ਼ੀਆਂ, ਮੁੰਨੀਆਂ, ਫਕੀਰਾਂ, ਦੇਵੀ, ਦੇਵਤਿਆ ਤੇ ਮਹਾਨ ਸ਼ਹੀਦਾਂ ਨੇ ਜਨਮ ਲਿਆ। ਆਪਣੇ ਪਿਆਰੇ ਦੇਸ਼ ਵਾਸਤੇ ਹੱਸ-ਹੱਸ ਜਾਨਾਂ ਵਾਰ ਗਏ। ਇੱਕ ਐਸਾ ਹੀ ਮਹਾਨ ਨਾਇਕ ਸ੍ਰ. ਕਰਤਾਰ ਸਿੰਘ ਸਰਾਭਾ, ਜਿਸ ਨੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਛੋਟੀ ਉਮਰੇ ਹੀ ਆਪਣੇ ਦੇਸ਼ ਵਾਸੀਆਂ ਦੀ ਭਲਾਈ ਲਈ ਫਾਂਸੀ ਦਾ ਰੱਸਾ ਆਪਣੇ ਗਲ ਵਿੱਚ ਪਾਇਆ ਸੀ। ਸ੍ਰ. ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਈ: ਨੂੰ ਪਿਤਾ ਸ੍ਰ. ਮੰਗਲ ਸਿੰਘ ਮਾਤਾ ਸਾਹਿਬ ਕੌਰ ਦੀ ਕੁੱਖੋਂ ਪਿੰਡ ਸਰਾਭਾ ਜਿਲ੍ਹਾ ਲੁਧਿਆਣਾ ਵਿਖੇ ਹੋਇਆ। ਸ੍ਰ. ਕਰਤਾਰ ਸਿੰਘ ਸਰਾਭੇ ਦੀ ਇੱਕ ਭੈਣ ,ਜਿਸਦਾ ਨਾਂ ਧੰਨ ਕੌਰ ਸੀ। ਸ੍ਰ. ਕਰਤਾਰ ਸਿੰਘ ਸਰਾਭੇ ਦੇ ਪਿਤਾ ਸਰਾਭੇ ਦੇ ਬਚਪਨ ਵਿੱਚ ਹੀ ਚਲਾਣਾ ਕਰ ਗਏ ਸਨ। ਪਰਿਵਾਰ ਦਾ ਪਾਲਣ ਪੋਸ਼ਣ ਸਰਾਭੇ ਦੇ ਦਾਦਾ ਸ੍ਰ. ਬਦਨ ਸਿੰਘ ਨੇ ਕੀਤਾ। ਸ੍ਰ.ਬਿਸ਼ਨ ਸਿੰਘ, ਸ੍ਰ. ਵੀਰ ਸਿੰਘ ਤੇ ਸ੍ਰ. ਬਖਸ਼ੀਸ਼ ਸਿੰਘ ਸਰਾਭੇ ਦੇ ਤਿੰਨ ਚਾਚੇ ਸਨ, ਜੋ ਚੰਗੇ ਪੜ੍ਹੇ ਲਿਖੇ ਹੋਣ ਕਾਰਣ ਉ ੱਚੇ ਅਹੁਦਿਆ ਤੇ ਸਨ। ਉਨ੍ਹਾਂ ਨੇ ਵੀ ਸਰਾਭੇ ਦੀ ਬਹੁਤ ਸਹਾਇਤਾ ਕੀਤੀ।ਸ੍ਰ. ਕਰਤਾਰ ਸਿੰਘ ਸਰਾਭੇ ਨੇ ਮੁੱਢਲੀ ਪੜਾਈ ਪਿੰਡ ਦੇ ਸਕੂਲ ਤੋਂ ਹੀ ਕੀਤੀ। ਪ੍ਰਾਇਮਰੀ ਤੋਂ ਬਾਅਦ ਦੀ ਪੜ੍ਹਾਈ ਗੁੱਜਰਵਾਲ ਸਕੂਲ ਤੋਂ ਕੀਤੀ। ਫਿਰ ਮਾਲਵਾ ਖਾਲਸਾ ਹਾਈ ਸਕੂਲ,ਲੁਧਿਆਣਾ ਵਿੱਚ ਵੀ ਪੜਿਆ। ਫਿਰ ਗਿਆਰਵੀਂ ਆਪਣੇ ਚਾਚੇ ਕੋਲ ਜੋ ਪੁਲਿਸ ਵਿੱਚ ਸੀ, ਕੋਲ ਰੇਵਨਸ਼ਾਅ ਕਾਲਜ ਉੜੀਸਾ ਵਿੱਚ ਪਾਸ ਕੀਤੀ। ਸ੍ਰ. ਕਰਤਾਰ ਸਿੰਘ ਸਰਾਭਾ ਪੜ੍ਹਾਈ ਵਿੱਚ ਬਹੁਤ ਹੀ ਹੁਸ਼ਿਆਰ ਤੇ ਹੋਣਹਾਰ ਵਿਦਿਆਰਥੀ ਸੀ। ਆਪਣੇ ਸਾਥੀਆਂ ਵਿੱਚ ਉਹ ‘ਉਡਣਾ ਸੱਪ’ ਤੇ ‘ਅਫਲਾਤੂਨ’ ਦੇ ਨਾਂ ਨਾਲ ਪ੍ਰਸਿੱਧ ਸੀ। ਪੜ੍ਹਾਈ ਦੇ ਨਾਲ-ਨਾਲ ਉਸਦੀ ਖੇਡਾਂ ਪ੍ਰਤੀ ਵੀ ਬਹੁਤ ਰੁਚੀ ਸੀ। ਉਹ ਫੁੱਟਬਾਲ ਤੇ ਕ੍ਰਿਕੇਟ ਟੀਮਾਂ ਦਾ ਕਪਤਾਨ ਵੀ ਰਿਹਾ। ਖੇਡਾਂ ਵਿੱਚ ਰੁਚੀ ਹੋਣ ਕਾਰਣ ਹੀ ਕਰਤਾਰ ਸਿੰਘ ਸਰਾਭਾ ਚੰਗਾ ਕੱਦ ਕਾਠ ਕੱਢ ਗਿਆ ਸੀ। ਉਹ ਉੱਚਾ ਲੰਬਾ ਤੇ ਰੱਜ ਕੇ ਸੋਹਣਾ ਸੀ। ਉਸਦਾ ਕੱਦ ਪੰਜ ਫੁੱਟ ਅੱਠ ਇੰਚ ਸੀ। ਉਸ ਤੋਂ ਬਾਅਦ ਸ੍ਰ. ਕਰਤਾਰ ਸਿੰਘ ਦੇ ਦਾਦਾ ਸ੍ਰ. ਬਦਨ ਸਿੰਘ ਨੇ ਉਚੇਰੀ ਵਿਦਿਆ ਲਈ ਵਿਦੇਸ਼ ਭੇਜਿਆ। ਪੜ੍ਹਾਈ ਕਰਨ ਲਈ ਉਸਨੁੰ 1 ਜਨਵਰੀ 1912 ਨੂੰ ਸਨਫਰਾਂਸਿਸਕੋ ਬੰਦਰਗਾਹ ਤੇ ਉੱਤਰਿਆ, ਜਿੱਥੇ ਅੰਗਰੇਜ਼ੀ ਅਫਸਰਾਂ ਨੇ ਉਸ ਨਾਲ ਮਾੜਾ ਸਲੂਕ ਕੀਤਾ। ਪਰ ਆਪਣੀ ਲਿਆਕਤ ਨਾਲ ਸਰਾਭੇ ਨੇ ਉਹਨ੍ਹਾਂ ਅਫਸਰਾਂ ਨੂੰ ਖਰੀਆਂ-ਖਰੀਆਂ ਸੁਣਾ ਕੇ ਚੁੱਪ ਕਰਵਾ ਦਿੱਤਾ। 1912 ਦੇ ਸ਼ੁਰੂ ਵਿੱਚ ਹੀ ਪੋਰਟਲੈਂਡ ਵਿੱਚ ਭਾਰਤੀ ਮਜ਼ਦੂਰਾਂ ਦਾ ਇੱਕ ਬਹੁਤ ਵੱਡਾ ਇੱਕਠ ਹੋਇਆ। ਇਸ ਇੱਕਠ ਵਿੱਚ ਹਰਨਾਮ ਸਿੰਘ ਟੁੰਡੀਲਾਟ, ਪੰਡਿਤ ਕਾਸ਼ੀ ਰਾਮ , ਬਾਬਾ ਸੋਹਣ ਸਿੰਘ ਭਕਨਾ ਤੇ ਹੋਰ ਵੀ ਬਹੁਤ ਸਾਰੇ ਇਨਕਲਾਬੀ ਸ਼ਾਮਿਲ ਹੋਏ। ਇੱਥੇ ਹੀ ਉਸਦੀ ਮੁਲਾਕਾਤ ਭਾਈ ਜੁਆਲਾ ਸਿੰਘ ਠੱਠੀਆ ਨਾਲ ਹੋਈ। ਇੱਥੇ ਹੀ ਉਸਦੇ ਪਿੰਡ ਦਾ ਰੁਲੀਆ ਰਾਮ ਵੀ ਮਿਲਿਆ। ਕਿਸੇ ਕਾਰਣ ਵੱਸ ਸਰਾਭੇ ਨੂੰ ਬਰਕਲੇ ਯੂਨੀਵਰਸਿਟੀ ਜਾਣਾ ਪਿਆ। 21 ਅਪ੍ਰੈਲ 1913 ਨੂੰ ਜਥੇਬੰਦੀ ਦਾ ਨਾਂ ‘ਹਿੰਦੀ ਐਸੋਸੀਏਸ਼ਨ ਆਫ ਪੈਸਿਟਿਕ ਕੋਸਟ’ਰੱਖੇ ਜਾਣ ਤੇ ਭਾਰਤੀ ਭਸ਼ਾਵਾਂ ਵਿੱਚ ਅਖਬਾਰ ‘ਗਦਰ ਅਖਬਾਰ’ ਨਾਲ ਬਹੁਤ ਗੂੜਾ ਸਬੰਧ ਸੀ।ਇਸ ਅਖਬਾਰ ਦੇ ਜ਼ਰੀਏ ਹੀ ਲੋਕਾਂ ਨੂੰ ਆਪਣੇ ਨਾਲ ਗੰਢਿਆ ਜਾ ਸਕਦਾ ਸੀ।28 ਜੁਲਾਈ 1914 ਨੂੰ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋ ਚੁੱਕਾ ਸੀ। ਇਸੇ ਕਾਰਣ ਬਾਬਾ ਗੁਰਦਿੱਤ ਸਿੰਘ ਦੇ ‘ਕਾਮਾਗਾਟਾਮਾਰੂ’ ਜਹਾਜ ਨੂੰ ਕੈਨੇਡਾ ਦੀ ਬੰਦਰਗਾਹ ਵਿੱਚ ਦਾਖਲ ਨਹੀ ਸੀ ਹੋਣ ਦਿੱਤਾ ਗਿਆ। ਪਾਰਟੀ ਦੇ ਕਈ ਸਿਰਕੱਢ ਨੇਤਾ ਜਿਵੇਂ ਬਾਬਾ ਸੋਹਣ ਸਿੰਘ ਸਿੰਘ ਭਕਨਾ, ਪੰਡਿਤ ਕਾਸ਼ੀ ਰਾਮ ਤੇ ਕਰਤਾਰ ਸਿੰਘ ਸਰਾਭਾ ਉਦੋਂ ਹੀ ਭਾਰਤ ਵੱਲ ਚੱਲ ਪਏ। ਕੈਨੇਡਾ ਤੋਂ ਭਾਰਤ ਆਉਣ ਸਾਰ ਹੀ ਸਰਾਭੇ ਨੇ ਆਪਣੀਆਂ ਗਤੀਵਿਧੀਆਂ ਨੂੰ ਪੂਰੇ ਜੋਸ਼ ਨਾਲ ਹੋਰ ਤੇਜ ਕਰ ਦਿੱਤਾ। ਨਵੰਬਰ 1914 ਵਿੱਚ ਕਰਤਾਰ ਸਿੰਘ ਸਰਾਭਾ ਦੋ ਹਜ਼ਾਰ ਰੁਪਿਆ ਲੈ ਕੇ ਕਲਕੱਤੇ ਦੇ ਕਿਸੇ ਇਨਕਲਾਬੀ ਕੋਲੋਂ ਹਥਿਆਰ ਲੈਣ ਲਈ ਗਿਆ, ਜਿਸਦੀ ਉਸਨੂੰ ਕਾਮਯਾਬੀ ਨਾ ਨਸੀਬ ਹੋਈ ਪਰ ਇੱਕ ਗੱਲ ਦਾ ਫਾਇਦਾ ਜਰੂਰ ਹੋ ਗਿਆ ਕਿ ਸੁਭਾਸ਼ ਚੰਦਰ ਬੋਸ ਦੇ ਨਜ਼ਦੀਕੀ ਨੂੰ ਮਿਲਣ ਵਿੱਚ ਜਰੂਰ ਕਾਮਯਾਬ ਹੋ ਗਿਆ ਤੇ ਸੁਭਾਸ਼ ਚੰਦਰ ਬੋਸ ਨੂੰ ਪੰਜਾਬ ਲੈ ਕੇ ਆਉਣ ਦੀ ਵਿਉਂਤ ਨੂੰ ਅਮਲੀਯਾਮਾ ਪਹਿਨਾਇਆ ਜਾਣ ਲੱਗਾ। ਗਦਰੀਆਂ ਨੇ ਪਾਰਟੀ ਨੂੰ ਹੋਰ ਮਜਬੂਤ ਕਰਣ ਲਈ ਪ੍ਰੋਗਰਾਮ ਉਲੀਕਿਆ। ਇਸ ਪ੍ਰੋਗਰਾਮ ਨੂੰ ਸਿਰੇ ਚਾੜ੍ਹਣ ਲਈ ਪਾਰਟੀ ਨੂੰ ਪੈਸੇ ਦੀ ਬੜੀ ਸਖਤ ਜਰੂਰਤ ਸੀ। ਇਸ ਜਰੂਰਤ ਨੂੰ ਪੂਰਾ ਕਰਣ ਲਈ ਪਾਰਟੀ ਨੇ ਡਾਕੇ ਮਾਰਨ ਦਾ ਪ੍ਰੋਗਰਾਮ ਬਣਾਇਆ ਕਿ ਸ਼ਾਹੂਕਾਰਾਂ ਨੂੰ ਲੁੱਟਿਆ ਜਾਵੇ। ਇਸ ਮਕਸਦ ਨਾਲ ਕਿ ਅਜ਼ਾਦੀ ਤੋਂ ਬਾਅਦ ਹਰ ਇੱਕ ਨੂੰ ਵਿਆਜ਼ ਸਮੇਤ ਪੈਸੇ ਮੋੜ ਦਿੱਤੇ ਜਾਣਗੇ। ਇਸੇ ਲੜੀ ਦੇ ਤਹਿਤ ਲੁਧਿਆਣਾ ਵਿੱਚ ਚਾਰ ਡਾਕੇ ਮਾਰੇ ਗਏ। ਜਲੰਧਰ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਮਿੰਟਗੁਮਰੀ, ਸ੍ਰੀ ਹਰਿਗੋਬਿੰਦਪੁਰ, ਕਪੂਰਥਲਾ ਤੇ ਅੰਮ੍ਰਿਤਸਰ ਜਿਲ੍ਹੇ ਦੇ ਚੱਬੇ ਪਿੰਡ ਵਿੱਚ ਵੀ ਡਾਕਾ ਮਾਰਿਆ ਗਿਆ। 2-3 ਫਰਵਰੀ 1915 ਦੀ ਦਰਿਮਿਆਨੀ ਰਾਤ ਨੂੰ ਲਗਭਗ ਵੀਹ ਦੇ ਕਰੀਬ ਇਨਕਲਾਬੀਆਂ ਨੇ ਤਰਨਤਾਰਨ ਰੋਡ ਤੇ ਪਿੰਡ ਚੱਬਾ, ਜਿਲ੍ਹਾ ਅੰਮ੍ਰਿਤਸਰ ਦੇ ਸ਼ਾਹੂਕਾਰ ਬੇਲੀ ਰਾਮ ਦੇ ਘਰ ਤੇ ਹੱਲਾ ਬੋਲ ਦਿੱਤਾ। ਸ੍ਰ. ਕਰਤਾਰ ਸਿੰਘ ਸਰਾਭਾ ਵੀ ਇਸ ਡਾਕੇ ਵਿੱਚ ਨਾਲ ਸੀ। ਗਦਰੀਆਂ ਦੇ ਹੱਥ 18000 ਦਾ ਮਾਲ ਲੱਗਾ। ਇਸ ਡਾਕੇ ਵਿੱਚ ਘਰ ਦਾ ਮਾਲਕ ਮਾਰਿਆ ਗਿਆ। ਇਸ ਡਾਕੇ ਵਿੱਚ ਹਰਨਾਮ ਸਿੰਘ ਸਿਆਲਕੋਟੀ, ਸ੍ਰੀ ਰਾਮ ਰੱਖਾ, ਸ੍ਰੀ ਜਵੰਦ ਸਿੰਘ, ਬੀਰ ਸਿੰਘ, ਵਰਿਆਮ ਸਿੰਘ ਅਮਲੀ, ਅਰਜਨ ਸਿੰਘ, ਜਗਤ ਸਿੰਘ, ਪ੍ਰੇਮ ਸਿੰਘ, ਬਖਸ਼ੀਸ਼ ਸਿੰਘ,ਸੁਰੈਣ ਸਿੰਘ ਤੇ ਕਾਲਾ ਸਿੰਘ ਲੁਹਾਰ ਸ਼ਾਮਿਲ ਸਨ। ਇਸ ਡਾਕੇ ਵਿੱਚ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੋਇਆ। ਪਿੰਡ ਵਿੱਚ ਡਾਕੇ ਦਾ ਰੋਲਾ ਪੈ  ਗਿਆ। ਪਿੰਡ ਦੀ ਵਾਹਰ ਡਾਗਾਂ ਸੋਟੇ ਲੈ ਕੇ ਮਗਰ ਹੋ ਤੁਰੀ।ਸ੍ਰੀ ਰਾਮ ਰੱਖਾ ਬੰਬ ਚਲਾਉਣ ਕਰਕੇ ਆਪ ਹੀ ਜਖਮੀ ਹੋ ਗਿਆ ਤੇ ਉਸਨੁੰ ਚੁੱਕ ਕੇ ਲਿਜਾਣਾ ਪਿਆ ਪਰ ਬਾਅਦ ਵਿੱਚ ਉਸਦੀ ਮੌਤ ਹੋ ਗਈ। ਵਰਿਆਮ ਸਿੰਘ ਅਮਲੀ ਵੀ ਮਾਰਿਆ ਗਿਆ। ਕਾਲਾ ਸਿੰਘ ਲੁਹਾਰ ਫੜਿਆ ਗਿਆ। ਉਸਨੂੰ ਤਿਜ਼ੋਰੀ ਤੋੜਣ ਲਈ ਨਾਲ ਖੜਿਆ ਸੀ। ਉਸਨੇ ਪੁਲਿਸ ਕੋਲ ਸਾਰਾ ਸੱਚ ਉਗਲ ਦਿੱਤਾ। ਜਿਸ ਕਾਰਣ ਪਾਰਟੀ ਨੂੰ ਆਪਣਾ ਦਫਤਰ 6 ਫਰਵਰੀ ਨੂੰ ਬਦਲ ਕੇ ਦੂਸਰੀ ਜਗ੍ਹਾ ਸ਼ਿਫਟ ਕਰਨਾ ਪਿਆ। ਕਈ ਇਨਕਲਾਬੀ ਪੁਲਿਸ ਦੇ ਅੜਿੱਕੇ ਆ ਚੁੱਕੇ ਸਨ। ਕਰਤਾਰ ਸਿੰਘ ਸਰਾਭਾ ਤੇ ਬਾਕੀ ਬਚੇ ਸਾਥੀਆਂ ਨੇ ਮੀਟਿੰਗ ਕਰਕੇ ਮਤਾ ਪਾਸ ਕੀਤਾ ਕਿ ਹਥਿਆਰ ਇੱਕਠੇ ਕਰਕੇ ਅਪਣੇ ਸਾਥੀਆਂ ਨੂੰ ਛੁਡਾਇਆ ਜਾਵੇ ਤੇ ਨਵੇਂ ਸਿਰੇ ਤੋਂ ਅਜ਼ਾਦੀ ਵਾਸਤੇ ਜੰਗ ਲੜੀ ਜਾਵੇ।ਇਸੇ ਲੜੀ ਦੇ ਤਹਿਤ ਉਹਨਾਂ ਨੇ ਸਰਗੋਧੇ ਜਗਤ ਸਿੰਘ ਦੇ ਮਿੱਤਰ ਕੋਲ ਜਾਣ ਦਾ ਪ੍ਰੋਗਰਾਮ ਬਣਾਇਆ, ਜਿਸਨੇ ਕੁਝ ਹਥਿਆਰ ਦੇਣ ਦਾ ਵਾਅਦਾ ਕੀਤਾ ਸੀ। ਉਹ 2 ਮਾਰਚ 1915 ਨੂੰ ਰਜਿੰਦਰ ਸਿੰਘ ਪੈਨਸ਼ਨਰ ਨਾਂ ਦੇ ਆਦਮੀ ਕੋਲ ਪਹੁੰਚ ਗਏ। ਅੱਗੋਂ ਰਜਿੰਦਰ ਸਿੰਘ ਨੇ ਆਪਣੇ ਮਾਲਕ ਗੰਡਾ ਸਿੰਘ ਰਸਾਲਦਾਰ ਨੁੰ ਦੱਸ ਦਿੱਤਾ ਤੇ ਉਸਨੇ ਝੱਟ ਪੁਲਿਸ ਸੱਦ ਲਈ ਤੇ ਆਪਣੇ ਸਾਥੀਆ ਨੂੰ ਦੇਸ਼ ਭਗਤੀ ਦੀਆਂ ਨਜ਼ਮਾ ਸੁਣਾ ਰਹੇ ਸ੍ਰ. ਕਰਤਾਰ ਸਿੰਘ ਸਰਾਭੇ ਸਮੇਤ ਤਿੰਨਾਂ ਜਣਿਆ ਨੁੰ ਗ੍ਰਿਫਤਾਰ ਕਰ ਲਿਆ। ਸਰਾਭਾ ਤੇ ਸਾਥੀਆਂ ਨੂੰ ਲਾਹੌਰ ਸੈਂਟਰਲ ਜੇਲ ਵਿੱਚ ਲਿਆਦਾਂ ਗਿਆ ਤੇ 14 ਨੰਬਰ ਅਹਾਤੇ ਦੀਆਂ ਕੋਠੜੀਆਂ ਵਿੱਚ ਬੰਦ ਰੱਖਿਆ ਗਿਆ।26 ਅਪ੍ਰੈਲ 1915 ਨੂੰ ਲਾਹੌਰ ਸਾਜ਼ਿਸ਼ ਕੇਸ ਤਹਿਤ ਮੁੱਕਦਮਾ ਚਲਾਇਆ ਗਿਆ ਤੇ  ਅੰਤ ਹੰਕਾਰ ਵਿੱਚ ਅੰਨੀ ਬੋਲੀ ਹੋ ਚੁੱਕੀ ਅੰਗਰੇਜ਼ ਸਰਕਾਰ ਨੇ ਛੇ ਸਾਥੀਆਂ ਸਮੇਤ  17 ਨਵੰਬਰ ਨੂੰ ਦਿੱਤੀ ਜਾਣ ਵਾਲੀ ਫਾਂਸੀ ਜਨਤਾ ਤੋਂ ਡਰਦਿਆਂ  16 ਨਵੰਬਰ 1915 ਦੀ ਰਾਤ ਨੂੰ ਹੀ ਦੇ ਦਿੱਤੀ।ਭਾਰਤ ਮਾਤਾ ਦੇ ਇਸ ਮਹਾਨ ਸਪੂਤ ਨੁੰ ਫਾਂਸੀ ਤੇ ਲਟਕਾ ਦਿੱਤਾ।

ਬੱਬੂ ਚੱਬੇ  ਵਾਲਾ, 
ਪਿੰਡ:ਡਾਕ;ਚੱਬਾ, 
ਤਰਨਤਾਰਨ ਰੋਡ, 
ਅੰਮ੍ਰਿਤਸਰ- 143022, 
ਮੋਬਾ:97817-51690 

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template