ਲਾਲਾ ਲਾਜਪਤ ਰਾਏ ਇੱਕ ਮਹਾਨ ਇਨਕਲਾਬੀ ਸਨ। ਲਾਲਾ ਲਾਜਪਤ ਰਾਏ ਦਾ ਜਨਮ 28 ਜਨਵਰੀ 1865 ਨੂੰ ਪਿਤਾ ਰਾਧਾ ਕਿਸ਼ਨ ਤੇ ਮਾਤਾ ਗੁਲਾਬ ਦੇਵੀ ਦੇ ਘਰ ਪਿੰਡ ਢੁੱਡੀਕੇ ਜਿਲ੍ਹਾ ਫਿਰੋਜ਼ਪੁਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਇੱਕ ਸਕੂਲ ਵਿੱਚ ਫਾਰਸੀ ਪੜਾਉਂਦੇ ਸਨ। ਉਨ੍ਹਾਂ ਦੀ ਮਾਤਾ ਗੁਲਾਬ ਦੇਵੀ ਅਨਪੜ੍ਹ ਸਨ। ਲਾਲਾ ਜੀ ਦੇ ਬਾਬਾ ਸ੍ਰੀ ਰਲੂ ਰਾਮ ਇੱਕ ਸਧਾਰਨ ਦੁਕਾਨਦਾਰ ਸਨ। ਲਾਲਾ ਜੀ ਦੇ ਪਿਤਾ ਜਿਸ ਸਕੂਲ ਵਿੱਚ ਫਾਰਸੀ ਪੜ੍ਹਾਉਂਦੇ ਸਨ, ਉਸ ਸਕੂਲ ਦੇ ਪ੍ਰਿੰਸੀਪਲ ਇੱਕ ਮੁਸਲਮਾਨ ਮੌਲਵੀ ਸਨ। ਇਸ ਮੁਸਲਮਾਨ ਮੌਲਵੀ ਦਾ ਰਾਧਾ ਕਿਸ਼ਨ ਦੇ ਜੀਵਨ ਤੇ ਬਹੁਤ ਪ੍ਰਭਾਵ ਸੀ, ਜਿਸ ਕਾਰਣ ਆਪ ਨਜ਼ਾਮ ਵੀ ਪੜਦੇ ਸਨ ਤੇ ਰੋਜ਼ਾ ਵੀ ਰੱਖਦੇ ਸਨ। ਇਸ ਦੇ ਉਲਟ ਲਾਲਾ ਜੀ ਦੇ ਮਾਤਾ ਗੁਲਾਬ ਦੇਵੀ ਜੀ ਦਾ ਪਰਿਵਾਰ (ਮਾਂ, ਪਿਉ ਤੇ ਭਰਾ) ਗੁਰਸਿੱਖ ਸਨ। ਉਹ ਅੰਮ੍ਰਿਤ ਵੇਲੇ ਰੋਜ਼ਾਨਾ ਬਾਣੀ ਪੜ੍ਹਦੇ ਸਨ। ਲਾਲਾ ਲਾਜਪਤ ਰਾਏ ਜੀ ਨੇ ਆਪਣੀ ਮੁੱਢਲੀ ਪੜ੍ਹਾਈ ਆਪਣੇ ਪਿਤਾ ਦੇ ਸਕੂਲ ਰੋਪੜ ਵਿੱਚ ਹੀ ਕੀਤੀ। ਆਪ ਬਚਪਨ ਵਿੱਚ ਬਹੁਤ ਹੀ ਕਮਜ਼ੋਰ ਸਨ। ਉਨ੍ਹੀ ਦਿਨੀ ਮਲੇਰੀਏ ਦਾ ਬੜਾ ਜ਼ੋਰ ਸੀ। ਜਿਸ ਕਾਰਣ ਪੂਰਾ ਪਰਿਵਾਰ ਬੁਖਾਰ ਨਾਲ ਪੈ ਜਾਂਦਾ ਸੀ। ਇਸ ਸਭ ਦੇ ਬਾਵਜੂਦ ਆਪ ਪੜਾਈ ਵਿੱਚ ਬਹੁਤ ਹੋਸ਼ਿਆਰ ਸਨ ਤੇ ਕਲਾਸ ਵਿੱਚੋਂ ਫਸਟ ਆਉਂਦੇ ਸਨ। ਇਸ ਲਈ ਆਪ ਨੇ ਕਈ ਇਨਾਮ ਵੀ ਹਾਸਲ ਕੀਤੇ। ਅੱਠਵੀਂ ਦੀ ਪੜਾਈ ਆਪ ਲਾਹੌਰ ਪੜ੍ਹਨ ਲਈ ਚਲੇ ਗਏ। ਲਾਹੌਰ ਤੋਂ ਫਿਰ ਦਿੱਲੀ ਚਲੇ ਗਏ। ਜਿੱਥੇ ਮਲੇਰੀਆ ਵੀ ਆਪ ਦੇ ਨਾਲ ਹੀ ਗਿਆ ਤੇ ਆਪ ਉੱਥੇ ਵੀ ਬੀਮਾਰ ਹੀ ਰਹੇ। 1877 ਵਿੱਚ ਆਪ ਜੀ ਦਾ ਵਿਆਹ ਹੋ ਗਿਆ। ਉਸ ਸਮੇਂ ਆਪ ਜੀ ਦੀ ਉਮਰ ਸਿਰਫ ਬਾਰ੍ਹਾਂ ਸਾਲ ਸੀ। 1880 ਨੂੰ ਉਹਨਾਂ ਦੇ ਪਿਤਾ ਦੀ ਬਦਲੀ ਅੰਬਾਲੇ ਵਿੱਚ ਹੋ ਗਈ। ਇਸ ਦੌਰਾਨ ਹੀ ਲਾਲਾ ਜੀ ਨੂੰ ਬੀਮਾਰੀ ਤੋਂ ਮੁੱਕਤੀ ਮਿਲੀ। ਸੰਨ 1881 ਨੂੰ ਲਾਲਾ ਜੀ ਨੇ ਮੈਟ੍ਰਿਕ ਦੀ ਪ੍ਰੀਖਿਆ ਪਾਸ ਕੀਤੀ। ਸੰਨ 1881 ਵਿੱਚ ਹੀ ਲਾਲਾ ਜੀ ਲਾਹੌਰ ਦੇ ਕਾਲਜ ਵਿੱਚ ਦਾਖਲ ਹੋ ਗਏ ਤੇ ਹੌਸਟਲ ਵਿੱਚ ਰਹਿਣ ਲੱਗੇ। ਲਾਲਾ ਜੀ ਨੂੰ ਘਰੋਂ ਪੂਰਾ ਖਰਚਾ ਨਹੀ ਮਿਲਦਾ ਸੀ, ਜਿਸ ਲਈ ਕਈ ਵਾਰ ਉਹ ਭੁੱਖੇ ਹੀ ਸੁੱਤੇ ਤੇ ਵਜੀਫੇ ਦੇ ਸਿਰ ਤੇ ਪੜ੍ਹਾਈ ਕਰਦੇ ਰਹੇ। ਲਾਲਾ ਜੀ ਕਾਨੂੰਨ ਦੀ ਪੜ੍ਹਾਈ ਵਿੱਚ ਯੂਨੀਵਰਸਿਟੀ ਭਰ ਵਿੱਚੋਂ ਤੀਜੇ ਸਥਾਨ ਤੇ ਰਹੇ ਜੋ ਆਪ ਵਾਸਤੇ ਬੜੀ ਮਾਣ ਵਾਲੀ ਗੱਲ ਸੀ। ਸੰਨ 1897 ਵਿੱਚ ਆਪ ਨੇ ਹਿੰਦੂ ਯਤੀਮਾਂ ਦੀ ਸਹਾਇਤਾ ਲਈ ਇੱਕ ਸੰਸਥਾ ਕਾਇਮ ਕੀਤੀ, ਜੋ ਗਰੀਬ ਅਤੇ ਲਾਚਾਰ ਬੱਚਿਆ ਦੀ ਸੇਵਾ ਲਈ ਹੋਂਦ ਵਿੱਚ ਲਿਆਦੀ ਗਈ। ਲਾਹੌਰ, ਫਿਰੋਜ਼ਪੁਰ ਤੇ ਕਈ ਹੋਰ ਸ਼ਹਿਰਾਂ ਵਿੱਚ ਵੀ ਇਸ ਦੀਆਂ ਬ੍ਰਾਚਾਂ ਖੋਲੀਆਂ ਗਈਆਂ। ਆਪ ਸਮਾਜਸੇਵੀ ਹੋਣ ਦੇ ਨਾਲ-ਨਾਲ ਇੱਕ ਚੰਗੇ ਲੇਖਕ ਵੀ ਸਨ। ਆਪ ਨੇ ਕਈ ਮਹਾਨ ਸਖਸ਼ੀਅਤਾਂ ਦੇ ਜੀਵਨ ਬਾਰੇ ਲਿੱਖਣਾ ਸ਼ੁਰੂ ਕੀਤਾ ਜੋ ਅਖਬਾਰਾਂ ਰਸਾਲਿਆ ਵਿੱਚ ਵੀ ਛੱਪਣੀਆਂ ਸ਼ੁਰੂ ਹੋ ਗਈਆਂ, ਜਿਸ ਨਾਲ ਆਪ ਦਾ ਨਾਂ ਪੈਦਾ ਹੋ ਗਿਆ ਸੀ। ਆਪ ਨੇ ਇਸ ਤੋਂ ਇਲਾਵਾ ਗੇਰੀ ਬਾਲੜੀ, ਸ਼ਿਵਾ ਜੀ, ਸੁਆਮੀ ਦਇਆ ਨੰਦ ਅਤੇ ਸ਼ੀ ਕ੍ਰਿਸ਼ਨ ਜੀ ਦੀਆਂ ਜੀਵਨੀਆ ਲਿਖੀਆਂ ਤੇ ਛੱਪਵਾਈਆਂ।ਸੰਨ 1900 ਦੇ ਦੌਰਾਨ ਹੀ ਅਖਬਾਰ ‘ਦੀ ਪੰਜਾਬੀ’ ਵਿੱਚ ਵੀ ਆਪ ਦੇ ਲੇਖ ਛੱਪਣੇ ਸ਼ੁਰੂ ਹੋ ਚੁੱਕੇ ਸਨ। ਸੰਨ 1904 ਨੂੰ ਬਰਤਾਨੀਆਂ ਵਿੱਚ ਹੋਣ ਵਾਲੀਆਂ ਚੌਣਾਂ ਦੇ ਮੱਦੇਨਜ਼ਰ ਇੰਗਲੈਂਡ ਨੂੰ ਇੱਕ ਪ੍ਰਤੀਨਿਧ ਮੰਡਲ ਭੇਜਿਆ ਜਾਣਾ ਸੀ ਜਿਸ ਦੌਰਾਨ ਬਰਤਾਨਵੀਂ ਜਨਤਾ ਤੇ ਰਾਜਨੀਤਕ ਨੇਤਾਵਾਂ ਨੂੰ ਭਾਰਤੀ ਅਧਿਕਾਰ ਤੇ ਵਿਸ਼ੇਸ ਅਧਿਕਾਰਾ ਤੋਂ ਜਾਣੂ ਕਰਵਾਉਣਾ ਸੀ। ਇਸ ਦੌਰਾਨ ਹੀ ਆਪ ਦੀ ਮੁਲਾਕਾਤ ਗੋਪਾਲ ਕ੍ਰਿਸ਼ਨ ਗੋਖਲੇ ਨਾਲ ਹੋਈ। ਆਪ 10 ਮਈ 1905 ਨੂੰ ਲਾਹੌਰ ਤੋਂ ਰਵਾਨਾ ਹੋਏ ਤੇ ਆਪ 10 ਜੂਨ 1905 ਨੂੰ ਲੰਦਨ ਪਹੁੰਚ ਗਏ। ਇਸ ਇਜ਼ਲਾਸ ਦੌਰਾਨ ਆਪ ਨੇ ਕਈ ਭਾਸ਼ਣ ਦਿੱਤੇ। ਇੰਗਲੈਂਡ ਵਾਪਸ ਆਉਣ ਤੋਂ ਬਾਅਦ ਆਪ ਦੀਆ ਸਰਗਰਮੀਆਂ ਹੋਰ ਤੇਜ਼ ਹੋ ਗਈਆਂ। ਸੰਨ 1913 ਨੂੰ ਫਿਰ ਕਾਂਗਰਸ ਦੇ ਇਜ਼ਲਾਸ ਵਿੱਚ ਫੈਸਲਾ ਕੀਤਾ ਗਿਆ ਕਿ ਇੱਕ ਪ੍ਰਤੀਨਿਧੀ ਮੰਡਲ ਫਿਰ ਇੰਗਲੈਂਡ ਭੇਜਿਆ ਜਾਵੇ। ਇਸ ਪ੍ਰਤੀਨਿਧੀ ਮੰਡਲ ਵਿੱਚ ਲਾਲਾ ਲਾਜਪਤ ਰਾਏ, ਮੁਹੰਮਦ ਅਲੀ ਜਿਨਾਹ, ਸ਼ੀ ਕ੍ਰਿਸ਼ਨ ਸਹਾਏ ਅਤੇ ਐੱਨ.ਐੱਮ ਜਿਹੇ ਨੇਤਾਜਨ ਸ਼ਾਮਿਲ ਸਨ। ਇਹ ਸਾਰਾ ਪ੍ਰਤੀਨਿਧੀ ਮੰਡਲ 1914 ਦੇ ਸ਼ੁਰੂ ਵਿੱਚ ਹੀ ਇੰਗਲੈਂਡ ਪਹੁੰਚ ਗਿਆ, ਪਰ ਕੁਝ ਕਾਰਨਾਂ ਕਰਕੇ ਲਾਲਾ ਜੀ ਮਈ 1914 ਨੂੰ ਲੰਦਨ ਪੁੱਜੇ।13 ਅਪ੍ਰੈਲ 1919 ਦੀ ਦਿਲ ਕੰਬਾਊ ਘਟਨਾ ਸਮੇਂ ਆਪ ਨਿਊਯਾਰਕ ਵਿੱਚ ਸਨ। ਇਸ ਘਟਨਾ ਨੇ ਆਪ ਨੂੰ ਝੰਜੋੜ ਕੇ ਰੱਖ ਦਿੱਤਾ।ਆਪ ਨੁੰ ਇਸ ਭਿਆਨਕ ਕਤਲੇਆਮ ਦਾ ਬਹੁਤ ਦੁੱਖ ਹੋਇਆ। ਜਦੋਂ 1920 ਨੂੰ ਆਪ ਦੇਸ਼ ਵਾਪਸ ਆਏ ਤਾਂ ਆਪ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ “ਜਲਿਆ ਵਾਲਾ ਬਾਗ ਸਦਾ ਸਾਡੇ ਮਨਾ ਤੇ ਉੱਕਰਿਆ ਰਹੇਗਾ। ਇਸ ਮੰਦਰ ਤੇ ਅਸੀ ਫੁੱਲ ਚੜ੍ਹਾਉਂਦੇ ਰਹਾਂਗੇ ਜਦੋ ਤੱਕ ਗਲਤੀ ਨੂੰ ਸੋਧਿਆ ਨਹੀ ਜਾਂਦਾ। ਫਿਰ ਦਸੰਬਰ 1921 ਨੂੰ ਸਾਰੇ ਨੇਤਾਵਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਵੀ ਅੰਗਰੇਜ ਹਕੂਮਤ ਨੇ ਜਬਰ ਜੁਲਮ ਦੀ ਨੀਤੀ ਅਪਣਾਈ ਰੱਖੀ।ਆਪ ਨੇ ਅਜ਼ਾਦੀ ਦੇ ਇਸ ਸੰਘਰਸ਼ ਲਈ ਜੇਲਾਂ ਵੀ ਕੱਟੀਆਂ। 1921 ਦੇ ਅਖੀਰ ਤੋਂ ਲੈ ਕੇ 1923 ਤੱਕ ਆਪ ਲਗਭਗ 21 ਮਹੀਨੇ ਜੇਲ੍ਹਾਂ ਵਿੱਚ ਰਹੇ। ਆਪ 1923 ਅਗਸਤ ਦੇ ਮਹੀਨੇ ਜੇਲ ਤੋਂ ਰਿਹਾਅ ਹੋਏ। ਜੇਲ ਵਿੱਚ ਰਹਿਣ ਕਾਰਣ ਆਪ ਦੀ ਸਿਹਤ ਵਿੱਚ ਕੁਝ ਖਰਾਬੀ ਆ ਗਈ ਸੀ ਇਸ ਲਈ ਆਪ ਸੋਲਨ ਚਲੇ ਗਏ। ਉੱਥੋਂ ਵਾਪਸ ਆਉਣ ਸਾਰ ਹੀ 1924 ਨੂੰ ਆਪ ਫਿਰ ਇੰਗਲੈਂਡ ਚਲੇ ਗਏ ਤਾਂ ਉੱਥੇ ਉਨ੍ਹਾਂ ਨੇ ਸ੍ਵਰ ਜਵਾਦੀਆ ਵੱਲੋਂ ਲੇਬਰ ਸਰਕਾਰ ਨਾਲ ਗੱਲਬਾਤ ਕੀਤੀ ਅਤੇ ਉਸ ਦੌਰੇ ਦੇ ਸਾਰੇ ਸਮੇਂ ਦੌਰਾਨ ਪਾਰਟੀ ਦੇ ਉਦੇਸ਼ ਦੀ ਪੂਰਤੀ ਲਈ ਲੜਦੇ ਰਹੇ ਤੇ ਪਾਰਟੀ ਦੇ ਮੁੱਖ ਉਦੇਸ਼ਾ ਦੀ ਵਿਆਖਿਆ ਕਰਦੇ ਰਹੇ। 1922 ਤੋਂ 1927 ਤੱਕ ਹਿੰਦੂ ਮੁਸਲਮਾਨ ਫਸਾਦਾਂ ਦੌਰਾਨ ਦੇਸ਼ ਦੇ ਹਲਾਤ ਬਹੁਤ ਜ਼ਿਆਦਾ ਵਿਗੜ ਚੁੱਕੇ ਸਨ। ਸਾਰੇ ਪਾਸੇ ਹਾਲਪਾਰਿਆ ਤੇ ਹਾਲਦੁਹਾਈ ਮੱਚੀ ਹੋਈ ਸੀ। 1927 ਦੌਰਾਨ 13 ਹਿੰਦੂ ਮੁਸਲਮਾਨ ਫਸਾਦ ਹੋ ਚੁੱਕੇ ਸਨ। 1927 ਵਿੱਚ ਹੀ ਬਰਤਾਨਵੀਂ ਸਰਕਾਰ ਨੇ ਸੱਤ ਮੈਂਬਰਾਂ ਦਾ ਇੱਕ ਕਮਿਸ਼ਨ ਨਿਯੁਕਤ ਕੀਤਾ ਗਿਆ ਜੋ ਭਾਰਤ ਆਉਣ ਲਈ ਤਿਆਰ ਸੀ, ਪਰ ਇਸ ਕਮਿਸ਼ਨ ਵਿੱਚ ਕਿਸੇ ਭਾਰਤੀ ਮੂਲ ਦੇ ਮੈਂਬਰ ਨੂੰ ਨਿਯੁਕਤ ਨਹੀ ਸੀ ਕੀਤਾ ਗਿਆ। ਜਿਸ ਨਾਲ ਸਾਰੇ ਦੇਸ਼ ਵਿੱਚ ਰੋਸ ਦੀ ਲਹਿਰ ਦੌੜ ਗਈ।ਇਸੇ ਦੌਰਾਨ ਹੀ ਲੋਕਾਂ ਵਿੱਚ ਏਕਤਾ ਦਾ ਚੰਗਾ ਅਵਸਰ ਬਣਿਆ ਤੇ ਮੁਸਲਿਮ ਲੀਗ ਤੇ ਸਰਵ ਭਾਰਤੀ ਹਿੰਦੂ ਮਹਾਂਸਭਾ ਨੇ ਸਾਈਮਨ ਦਾ ਬਾਈਕਾਟ ਕਰਣ ਦਾ ਮਨ ਬਣਾਇਆ ਇਸ ਲਈ ਕਾਂਗਰਸ ਨੂੰ ਸਹਿਯੋਗ ਦੇਣ ਦਾ ਇਕਰਾਰ ਕੀਤਾ। ਲਾਲਾ ਜੀ ਨੇ ਸਾਈਮਨ ਦਾ ਬਾਈਕਾਟ ਕਰਣ ਲਈ ਵਿਧਾਨ ਸਭਾ ਵਿੱਚ ਪ੍ਰਸਤਾਵ ਪੇਸ਼ ਕੀਤਾ। ਲਾਲਾ ਜੀ ਆਪ ਸਾਈਮਨ ਦੇ ਬਾਈਕਾਟ ਦੇ ਅੰਦੋਲਨ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲੱਗ ਪਏ।ਸਾਈਮਨ ਦੀ ਨਿਯੁਕਤੀ ਦਾ ਪ੍ਰਸਤਾਵ ਪੇਸ਼ ਕਰਨ ਸਮੇਂ ਸੈਕਰੇਟਰੀ ਆਫ ਸਟੇਟ ਲਾਰਡ ਬਰਕਨ ਹੈਡ ਨੇ 24 ਨਵੰਬਰ 1927 ਨੂੰ ਲਾਰਡ ਸਦਨ ਵਿੱਚ ਇੱਕ ਭਾਸ਼ਣ ਦਿੱਤਾ ਸੀ ਉਸਨੇ ਆਪਣਾ ਸੰਵਿਧਾਨ ਆਪ ਬਣਾਉਣ ਸਬੰਦੀ ਭਾਰਤ ਦੀ ਸੁਯੋਗਤਾ ਦਾ ਮਜ਼ਾਕ ਉਡਾਇਆ ਸੀ। ਆਖਰ ਉਹ ਦਿਨ ਵੀ ਆ ਗਿਆ ਜਿਸ ਦਿਨ ਸਾਈਮਨ ਕਮਿਸ਼ਨ ਨੇ ਭਾਰਤ ਆਉਣਾ ਸੀ। 30 ਅਕਤੂਬਰ ਦਾ ਦਿਨ ਸੀ। ਲਾਲਾ ਜੀ ਲਾਹੌਰ ਪਰਤ ਆਏ ਤੇ ਲਾਹੌਰ ਦੇ ਰੇਲਵੇ ਸਟੇਸ਼ਨ ਤੇ ਇੱਕ ਭਾਰੀ ਭਰਕਮ ਜਲਸੇ ਨੂੰ ਸੰਬੋਧਨ ਕੀਤਾ ਤੇ ਇਸ ਜਲਸੇ ਦੀ ਅਗਵਾਈ ਕੀਤੀ।ਇਸ਼ ਸ਼ਾਤਮਈ ਜਲੂਸ ਦੇ ਨਾਲ-ਨਾਲ ‘ਸਾਈਮਨ ਵਾਪਸ ਜਾਊ’ ਦੇ ਨਾਅਰੇ ਵੀ ਲਾਏ। ਇਸ ਸ਼ਾਤਮਈ ਜਲੂਸ ਤੇ ਅੰਗਰੇਜ਼ ਸਰਕਾਰ ਦੇ ਹੁਕਮ ਤੇ ਲਾਲਾ ਜੀ ਤੇ ਲਾਠੀਆਂ ਵਰਸਾਈਆਂ ਗਈਆਂ, ਪਰ ਸਿਰੜੀ ਤੇ ਹਿੰਮਤੀ ਲਾਲਾ ਜੀ ਡਾਂਗਾ ਦੀ ਪਰਵਾਹ ਨਾ ਕਰਦੇ ਹੋਏ ਅੱਗੇ ਵੱਧ ਰਹੇ ਸਨ। ਲਾਠੀਆਂ ਦੇ ਜ਼ੋਰ ਨੇ ਲਾਲਾ ਜੀ ਨੂੰ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ। ਆਪ ਜੀ ਦੇ ਸਿਰ ਵਿੱਚੋਂ ਖੁਨ ਵਹਿ ਰਿਹਾ ਸੀ। ਲਾਲਾ ਜੀ ਨੇ ਇਸ ਹਮਲੇ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿੰਦਾ ਕੀਤੀ ‘ ਕਿ ਮੇਰੇ ਤੇ ਵਰਾਈਆ ਗਈਆਂ ਡਾਗਾਂ ਦੀ ਇੱਕ-ਇੱਕ ਚੋਟ ਬਰਤਾਨਵੀਂ ਸਰਕਾਰ ਦੇ ਤਾਬੂਤ ਵਿੱਚ ਕਿੱਲ ਦਾ ਕੰਮ ਕਰੇਗੀ’ ਲਾਲਾ ਜੀ ਨੇ ਕਿਹਾ ਕਿ ‘ਜੇ ਕੋਈ, ਹਿੰਸਾਤਮਕ ਕ੍ਰਾਂਤੀ ਆ ਜਾਂਦੀ ਹੈ ਤਾਂ ਉਸ ਲਈ ਅੰਗਰੇਜ਼ ਸਰਕਾਰ ਖੁੱਦ ਜ਼ਿੰਮੇਵਾਰ ਹੋਵੇਗੀ।’ ਅਖੀਰ ਡਾਗਾਂ ਦੀ ਚੋਟ ਨਾ ਸਹਾਰਦੇ ਹੋਏ ਲਾਲਾ ਲਾਜਪਤ ਰਾਏ ਜੀ 17 ਨਵੰਬਰ 1928 ਦੀ ਸਵੇਰ ਨੂੰ ਆਪਣੇ ਸੋਹਣੇ ਵਤਨ ਲਈ ਸ਼ਹੀਦੀ ਜ਼ਾਮ ਪੀ ਗਏ। ਲਾਲਾ ਜੀ ਦੀ ਸ਼ਹੀਦੀ ਤੇ ਪੰਡਿਤ ਮੋਤੀ ਲਾਲ ਨਹਿਰੂ, ਡਾ: ਮੁਹੰਮਦ ਆਲਮ ਨੇ ਲਾਲਾ ਜੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆ। ਲਾਲਾ ਜੀ ਦੀ ਸ਼ਹੀਦੀ ਤੇ ਸਾਰਾ ਦੇਸ਼ ਗਮਗੀਨ ਸੀ। ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆ ਨੇ ਸਾਂਡਰਸ ਨੂੰ ਗੋਲੀ ਮਾਰ ਕੇ ਲਾਲਾ ਜੀ ਦੀ ਮੌਤ ਦਾ ਬਦਲਾ ਲਿਆ ਸੀ।
ਲੇਖਕ- ਬੱਬੂ ਚੱਬੇ ਵਾਲਾ, ਪਿੰਡ:ਡਾਕ;ਚੱਬਾ, ਤਰਨਤਾਰਨ ਰੋਡ, ਅੰਮ੍ਰਿਤਸਰ-143022, ਮੋਬਾ:97817-51690



0 comments:
Speak up your mind
Tell us what you're thinking... !