ਅੱਜ ਦੇ ਆਧੁਨਿਕ ਯੁੱਗ ਵਿੱਚ ਵਿਅਕਤੀ ਦਾ ਜੀਵਨ ਆਪਣੇ ਸਵਾਰਥ ਤੱਕ ਕੀ ਸੀਮਿਤ ਹੋ ਕੇ ਰਹਿ ਗਿਆ ਹੈ। ਹਰੇਕ ਕੰਮ ਦੇ ਪਿੱਛੇ ਸਵਾਰਥ ਪ੍ਰਮੁੱਖ ਹੋ ਗਿਆ ਹੈ। ਸਮਾਜ ਵਿੱਚ ਅਨੈਤਕਿਤਾ, ਅਰਾਜਕਤਾ ਅਤੇ ਸਵਾਰਥ ਨਾਲ ਭਰੀਆਂ ਭਾਵਨਾਵਾਂ ਦਾ ਬੋਲਬਾਲਾ ਹੋ ਗਿਆ ਹੈ ਜਿਸਦੇ ਫਲਸਰੂਪ ਭਾਰਤੀ ਸੰਸਕ੍ਰਿਤੀ ਅਤੇ ਉਸਦਾ ਨੈਤਿਕ ਸਰੂਪ ਧੁੰਦਲਾ ਹੋ ਗਿਆ ਹੈ। ਇਸਦਾ ਇੱਕ ਕਾਰਣ ਸਮਾਜ ਵਿੱਚ ਫੈਲ ਰਿਹਾ ਭ੍ਰਿਸ਼ਟਾਚਾਰ ਵੀ ਹੈ। ਭ੍ਰਿਸ਼ਟਾਚਾਰ ਦੇ ਇਸ ਵਿਸ਼ਾਲ ਰੂਪ ਨੂੰ ਧਾਰਣ ਕਰਨ ਦਾ ਸਭ ਤੋਂ ਵੱਡਾ ਕਾਰਣ ਹੈ ਵਿਅਕਤੀ ਦਾ ਵੱਧ ਤੋਂ ਵੱਧ ਧਨ ਪ੍ਰਾਪਤ ਕਰਨ ਵਿੱਚ ਲੱਗੇ ਹੋਣਾ। ਵੱਧ ਰਹੀ ਮਹਿੰਗਾਈ ਵੀ ਭ੍ਰਿਸ਼ਟਾਚਾਰ ਵਿੱਚ ਵਾਧਾ ਕਰਨ ਦਾ ਕੰਮ ਕਰ ਰਹੀ ਹੈ। ਮਨੁੱਖ ਦੀਆਂ ਜਰੂਰਤਾਂ ਵੱਧ ਜਾਣ ਦੇ ਕਾਰਣ ਉਹ ਉਹਨਾਂ ਨੂੰ ਪੁੂਰਾ ਕਰਨ ਲਈ ਮਨਚਾਹੇ ਢੰਗਾਂ ਨੂੰ ਅਪਣਾ ਰਿਹਾ ਹੈ।
ਭਾਰਤ ਦੇ ਵਿੱਚ ਤਾਂ ਭ੍ਰਿਸ਼ਟਾਚਾਰ ਦਾ ਫੈਲਾਅ ਦਿਨ-ਪ੍ਰਤੀ-ਦਿਨ ਵੱਧ ਰਿਹਾ ਹੈ। ਕਿਸੇ ਵੀ ਖੇਤਰ ਵਿੱਚ ਚਲੇ ਜਾਓ ਭ੍ਰਿਸ਼ਟਾਚਾਰ ਪੂਰੀ ਤਰ੍ਹਾਂ ਆਪਣੇ ਪੈਰ ਪਸਾਰੀ ਦਿਖਾਈ ਦੇ ਰਿਹਾ ਹੈ। ਭਾਰਤ ਦੇ ਸਰਕਾਰੀ ਅਤੇ ਗੈਰ-ਸਰਕਾਰੀ ਅਦਾਰੇ ਇਸ ਗੱਲ ਦਾ ਵੱਡਾ ਪ੍ਰਮਾਣ ਹਨ। ਅੱਜ ਅਸੀਂ ਕਿਸੇ ਵੀ ਮਹਿਕਮੇ ਤੋਂ ਕੋਈ ਵੀ ਕੰਮ ਕਰਵਾਉਣਾ ਹੋਵੇ ਤਾਂ ਬਿਨਾਂ ਮੁੱਠੀ ਗਰਮ ਕੀਤੇ ਕੰਮ ਕਰਵਾਉਣਾ ਸੰਭਵ ਨਹੀਂ ਹੁੰਦਾ। ਮੰਤਰੀ ਤੋਂ ਲੈ ਕੇ ਚਪੜਾਸੀ ਤੱਕ ਆਪਣੀ ਫਾਈਲ ਅੱਗੇ ਵਧਾਉਣ ਲਈ ਸਾਨੂੰ ਰਿਸ਼ਵਤ ਦੇ ਰੂਪ ਵਿੱਚ ਪੈਸੇ ਦਾ ਤੋਹਫਾ ਦੇਣਾ ਹੀ ਪੈਂਦਾ ਹੈ। ਸਕੂਲ ਅਤੇ ਕਾਲਜ ਵੀ ਇਸ ਭ੍ਰਿਸ਼ਟਾਚਾਰ ਤੋਂ ਮੁਕਤ ਨਹੀਂ ਹਨ। ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਸਿੱਖਿਆ ਸਰਕਾਰੀ ਸਕੂਲਾਂ ਅਤੇ ਛੋਟੇ ਕਾਲਜ਼ਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਈ ਹੈ। ਨਾਮੀ ਸਕੂਲਾਂ, ਕਾਲਜ਼ਾਂ ਵਿੱਚ ਦਾਖਲਾ ਵਿੱਚ ਦਾਖਲਾ ਲੈਣ ਲਈ ਚੰਦੇ ਦੇ ਨਾਮ ਤੇ ਮੋਟੀ ਰਕਮਾਂ ਮੰਗੀਆਂ ਜਾਂਦੀਆਂ ਹਨ। ਬੈਂਕ ਜੋ ਦੇਸ਼ ਦੀ ਅਰਥ-ਵਿਵਸਥਾ ਦਾ ਆਧਾਰ ਹੁੰਦੇ ਹਨ, ਉਹ ਵੀ ਭ੍ਰਿਸ਼ਟਾਚਾਰ ਦੇ ਰੋਗ ਦੇ ਸ਼ਿਕਾਰ ਹਨ। ਕਿਸੇ ਵੀ ਪ੍ਰਕਾਰ ਦਾ ਕਰਜਾ ਲੈਣ ਲਈ ਇਹ ਸੰਭਵ ਨਹੀਂ ਹੁੰਦਾ ਕਿ ਬਿਨਾਂ ਕਿਸੇ ਪਰੇਸ਼ਾਨੀ ਫਾਈਲ ਨਿਕਲ ਜਾਵੇ। ਦੇਸ਼ ਵੀ ਅੰਦਰੂਨੀ ਸੁਰੱਖਿਆ ਦਾ ਭਾਰ ਸਾਡੇ ਪੁਲਿਸ ਵਿਭਾਗ ਤੇ ਹੁੰਦਾ ਹੈ। ਪੁਲਿਸ ਕਰਮਚਾਰੀ ਰਿਸ਼ਵਤ ਲੈ ਕੇ ਅਸਲ ਗੁਨਾਹਗਾਰਾਂ ਨੂੰ ਤਾਂ ਛੱਡ ਦਿੰਦੇ ਹਨ ਪਰ ਕਈ ਵਾਰ ਬੇ-ਗੁਨਾਹਾਂ ਨੂੰ ਮੁੱਕਦਮੇ ਵਿੱਚ ਫਸਾ ਦਿੰਦੇ ਹਨ। ਭਾਰਤ ਨੂੰ ਇਸ ਤਰ੍ਹਾਂ ਦਾ ਭ੍ਰਿਸ਼ਟਾਚਾਰ ਖੋਖਲਾ ਬਣਾ ਰਿਹਾ ਹੈ।
ਭ੍ਰਿਸ਼ਟਾਚਾਰ ਵਿੱਚ ਵਾਧਾ ਕਰਨ ਵਿੱਚ ਕੇਵਲ ਰਿਸ਼ਵਤ ਲੈਣ ਵਾਲੇ ਹੀ ਦੋਸ਼ੀ ਨਹੀਂ ਹਨ ਸਗੋਂ ਅਸੀਂ ਵੀ ਬਰਾਬਰ ਦੇ ਦੋਸ਼ੀ ਹਾਂ ਕਿਉਂਕਿ ਇਹ ਪਰੰਪਰਾ ਸਾਡੀ ਲੋਕਾਂ ਦੀ ਖੁਦ ਦੀ ਹੀ ਬਣਾਈ ਹੋਈ ਹੈ। ਅਸੀਂ ਆਪਣਾ ਕੰਮ ਜਲਦੀ ਕਰਵਾਉਣ ਲਈ ਸਬੰਧਿਤ ਮਹਿਕਮੇ ਦੇ ਕਰਮਚਾਰੀ ਨੂੰ ਰਿਸ਼ਵਤ ਦੀ ਪੇਸ਼ਕਸ਼ ਕਰ ਦਿੰਦੇ ਹਾਂ ਤਾਂ ਜੋ ਸਾਡਾ ਸਮਾਂ ਬਚ ਜਾਵੇ। ਇਸ ਤਰ੍ਹਾਂ ਕਰਨ ਨਾਲ ਉਹਨਾਂ ਦੀ ਲਾਲਸਾ ਵੱਧ ਜਾਂਦੀ ਹੈ ਅਤੇ ਉਹ ਜਾਣ ਬੁੱਝ ਕੇ ਆਪਣੇ ਕੰਮ ਵਿੱਚ ਅਣਗਹਿਲੀ ਵਰਤਣ ਲੱਗ ਪੈਂਦੇ ਹਨ ਤਾਂ ਜੋ ਉਹਨਾਂ ਨੂੰ ਰਿਸ਼ਵਤ ਦੇ ਰੂਪ ਵਿੱਚ ਧਨ ਪ੍ਰਾਪਤ ਹੋਵੇ। ਅੱਜ ਦੇ ਯੁੱਗ ਵਿੱਚ ਜਿੰਨਾਂ ਵੱਡਾ ਕੰਮ ਕਰਵਾਉਣਾ ਹੋਵੇ, ਓਨੀ ਹੀ ਮੋਟੀ ਰਕਮ ਰਿਸ਼ਵਤ ਦੇ ਰੂਪ ਵਿੱਚ ਦੇਣੀ ਪੈਂਦੀ ਹੈ। ਹਰ ਛੋਟੀ ਤੇ ਵੱਡੀ ਅਸਾਮੀ ਤੇ ਖਾਤੇ ਰਿਸ਼ਵਤ ਲੈ ਕੇ ਉਮੀਦਵਾਰ ਨਿਯੁਕਤ ਕਰ ਦਿੱਤੇ ਜਾਂਦੇ ਹਨ ਅਤੇ ਮਿਹਨਤੀ ਤਾਂਘਦੇ ਹੀ ਰਹਿ ਜਾਂਦੇ ਹਨ।
ਕਾਫੀ ਲੰਮੇ ਸਮੇਂ ਤੋਂ ਸਰਕਾਰਾਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਦਾਅਵਾ ਕਰਦੀਆਂ ਆ ਰਹੀਆਂ ਹਨ ਪਰ ਹੁਣ ਤੱਕ ਅਸਫਲਤਾ ਹੀ ਸਾਡੇ ਹੱਥ ਲੱਗੀ ਹੈ। ਸਰਕਾਰਾਂ ਵਿੱਚ ਸ਼ਾਮਿਲ ਕਈ ਮੰਤਰੀ ਖੁਦ ਹੀ ਭ੍ਹਿਸ਼ਟ ਹਨ। ਉਹ ਭ੍ਹਿਸ਼ਟਚਾਰ ਨੂੰ ਖਤਮ ਨਹੀਂ ਕਰਦੇ ਸਗੋਂ ਹੋਰ ਬੜ੍ਹਾਵਾ ਦਿੰਦੇ ਹਨ। ਅਖਬਾਰਾਂ ਵਿੱਚ ਅਜਿਹੇ ਕਈ ਭ੍ਹਿਸ਼ਟ ਮੰਤਰੀਆਂ ਦੇ ਘੁਟਾਲਿਆਂ ਦਾ ਖੁਲਾਸਾ ਵੀ ਕੀਤਾ ਜਾ ਚੁੱਕਾ ਹੈ ਪਰ ਇਸਦੇ ਬਾਵਜੂਦ ਵੀ ਉਹ ਖੁੱਲੇ ਆਮ ਘੁੰਮ ਰਹੇ ਹਨ ਅਤੇ ਲੋਕਤੰਤਰ ਦਾ ਮਖੌਲ ਉੁੱਡਾ ਰਹੇ ਹਨ। ਅੰਨਾ ਹਜ਼ਾਰੇ, ਅਰਵਿੰਦ ਕੇਜ਼ਰੀਵਾਲ, ਬਾਬਾ ਰਾਮਦੇਵ ਨੇ ਭ੍ਹਿਸ਼ਟਾਚਾਰ ਨੂੰ ਰੋਕਣ ਦੇ ਯਤਨ ਤਾਂ ਕੀਤੇ ਹਨ ਪਰ ਉਹ ਇਸ ਗੰਦੀ ਰਾਜਨੀਤੀ ਦੇ ਸਾਹਮਣੇ ਬੇਵੱਸ ਹਨ।
ਸਾਡੇ ਸਮਾਜ ਵਿੱਚ ਫਨ ਫੈਲਾ ਰਹੇ ਇਸ ਭ੍ਹਿਸ਼ਟਾਚਾਰ ਰੂਪੀ ਨਾਗ ਨੂੰ ਮਾਰਨਾ ਹੋਵੇਗਾ। ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਹਰੇਕ ਵਿਅਕਤੀ ਦੇ ਮਨੋਬਲ ਨੂੰ ਉੱਚਾ ਚੁੱਕਿਆ ਜਾਵੇ। ਹਰੇਕ ਵਿਅਕਤੀ ਨੂੰ ਆਪਣੇ ਕਰਤੱਵਾਂ ਦੀ ਪਾਲਣਾ ਕਰਦੇ ਹੋਏ ਆਪਣੇ ਆਪ ਨੂੰ ਇਸ ਭ੍ਹਿਸ਼ਟਾਚਾਰ ਨੂੰ ਬਾਹਰ ਕੱਢਣਾ ਪਵੇਗਾ। ਇਹ ਹੀ ਨਹੀਂ ਸਿੱਖਿਆ ਵਿੱਚ ਕੁਝ ਅਜਿਹਾ ਅੰਸ਼ ਜ਼ੋੜਨਾ ਪਵੇਗਾ ਜਿਸ ਨਾਲ ਸਾਡੀ ਨਵੀਂ ਪੀੜ੍ਹੀ ਪ੍ਰਾਚੀਨ ਸੰਸਕ੍ਰਿਤੀ ਨੂੰ ਸੰਸਕਾਰ ਦੇ ਰੂਪ ਵਿੱਚ ਗ੍ਰਹਿਣ ਕਰਕੇ ਵਿਕਸਿਤ ਹੋ ਸਕੇ। ਨਿਆਂ ਵਿਵਸਥਾ ਨੂੰ ਕਠੋਰ ਬਣਾਉਣਾ ਪਵੇਗਾ। ਜਨਤਾ ਨੂੰ ਜਰੂਰੀ ਸੁਵਿਧਾਵਾਂ ਉਪਲੱਬਧ ਕਰਾਉਣੀਆ ਹੋਣਗੀਆਂ। ਇਸੇ ਆਧਾਰ ਤੇ ਹੀ ਸਾਨੂੰ ਅੱਗੇ ਵੱਧਣਾ ਪਵੇਗਾ ਤਾਂ ਹੀ ਭਵਿੱਖ ਵਿੱਚ ਇਸ ਸਥਿਤੀ ਵਿੱਚ ਸੁਧਾਰ ਹੋਣ ਦੀ ਆਸ ਕੀਤੀ ਜਾ ਸਕਦੀ ਹੈ।
ਗੋਗੀ ਜ਼ੀਰਾ
ਸੁਭਾਸ਼ ਕਲੋਨੀ ਜ਼ੀਰਾ (ਫਿਰੋਜ਼ਪੁਰ)
ਮੋਬਾ: 97811-36240


0 comments:
Speak up your mind
Tell us what you're thinking... !