Headlines News :
Home » » ਸੁਖਬੀਰ ਸਿੰਘ ਬਾਦਲ ਦੀ ਲਹਿੰਦੇ ਪੰਜਾਬ ਦੀ ਫੇਰੀ? -ਜਸਵੰਤ ਸਿੰਘ ‘ਅਜੀਤ’

ਸੁਖਬੀਰ ਸਿੰਘ ਬਾਦਲ ਦੀ ਲਹਿੰਦੇ ਪੰਜਾਬ ਦੀ ਫੇਰੀ? -ਜਸਵੰਤ ਸਿੰਘ ‘ਅਜੀਤ’

Written By Unknown on Saturday, 17 November 2012 | 04:23



ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਅਤੇ ਪੰਜਾਬ ਦੇ ਉਪ-ਮੁੱਖ ਮੰਤ੍ਰੀ ਸ. ਸੁਖਬੀਰ ਸਿੰਘ ਬਾਦਲ ਦੀ ਪੰਜ-ਦਿਨਾਂ ਲਹਿੰਦੇ ਪੰਜਾਬ ਦੀ ਫੇਰੀ ਦੌਰਾਨ ਚੜ੍ਹਦੇ ਅਤੇ ਲਹਿੰਦੇ ਪੰਜਾਬ ਰਾਜਾਂ ਦੇ ਮੁੱਖੀਆਂ ਵਿਚਕਾਰ ਆਪਸੀ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਵਪਾਰਕ, ਸਮਾਜਕ, ਸੈਰ-ਸਪਾਟਾ ਅਤੇ ਖੇਡਾਂ ਆਦਿ ਦੇ ਖੇਤ੍ਰਾਂ ਵਿੱਚ ਤਾਲਮੇਲ ਨੂੰ ਉਤਸਾਹਿਤ ਕੀਤੇ ਜਾਣ ਦੇ ਸਬੰਧ ਵਿੱਚ ਹੋਈ ਸਹਿਮਤੀ ਬਹੁਤ ਹੀ ਪ੍ਰਸ਼ੰਸਾ-ਜਨਕ ਅਤੇ ਦੋਹਾਂ ਪੰਜਾਬਾਂ ਦੇ ਹਿਤ ਵਿੱਚ ਹੈ। ਇਸਦੇ ਨਾਲ ਹੀ ਇਨ੍ਹਾਂ ਖੇਤ੍ਰਾਂ ਵਿੱਚ ਹੋਈ ਆਪਸੀ ਸਹਿਮਤੀ ਤੋਂ ਇਹ ਸੰਕੇਤ ਵੀ ਮਿਲਦਾ ਹੈ ਕਿ 65 ਵਰ੍ਹੇ ਪਹਿਲਾਂ, ਸਦੀਆਂ ਤੋਂ ਅਟੁੱਟ ਸੰਬੰਧਾਂ ਵਿੱਚ ਬਝੇ, ਇੱਕ-ਦੂਜੇ ਦੇ ਦੁਖ-ਸੁਖ ਵਿੱਚ ਹਿਸੇਦਾਰ ਬਣਦੇ ਚਲੇ ਆ ਰਹੇ ਪੰਜਾਬੀਆਂ ਵਿੱਚ, ਪਹਿਲਾਂ ਨਫਰਤ ਦੇ ਬੀਜ ਬੋ ਕੇ ਜੋ ਦਰਾਰ ਪੈਦਾ ਕਰ, ਉਨ੍ਹਾਂ ਨੂੰ ਇੱਕ-ਦੂਸਰੇ ਦਾ ਜਾਨੀ ਦੁਸ਼ਮਣ ਬਣਇਆ ਗਿਆ, ਫਿਰ ਉਨ੍ਹਾਂ ਵਿਚਕਾਰ ਇੱਕ ਨਾ ਮਿਟਣ ਵਾਲੀ ਲਕੀਰ ਖਿੱਚ, ਉਨ੍ਹਾਂ ਨੂੰ ਸਦਾ ਲਈ ਇੱਕ-ਦੂਜੇ ਨਾਲੋਂ ਵੱਖ ਕਰ ਦਿੱਤਾ ਗਿਆ ਸੀ, ਹੁਣ ਜਦੋਂ ਸਮੇਂ ਨੇ ਕਰਵਟ ਬਦਲੀ, ਤਾਂ ਉਨ੍ਹਾਂ ਨੂੰ ਇੱਕ-ਦੂਜੇ ਨਾਲ ਮਿਲ-ਜੁਲ ਕੇ ਮਨਾਏ ਤਿਉਹਾਰਾਂ ਅਤੇ ਬਿਤਾਏ ਦਿਨਾਂ ਦੀ ਯਾਦ ਨੇ ਸਤਾਣਾ ਸ਼ੁਰੂ ਕਰ ਦਿੱਤਾ। ਫਲਸਰੂਪ ਉਨ੍ਹਾਂ ਲਈ ਆਪਣਿਆਂ ਨਾਲੋਂ ਵਿਛੜਨ ਕਾਰਣ ਪੈਦਾ ਹੋਈ ਕਸਕ ਤੋਂ ਉਠਣ ਵਾਲੀਆਂ ਚੀਸਾਂ ਸਹਿਣਾ ਅਸਹਿ ਹੋਣ ਲਗ ਪਿਆ, ਉਨ੍ਹਾਂ ਦੇ ਦਿਲਾਂ ਵਿੱਚ ਪੁਰਾਣੇ ਦਿਨਾਂ ਨੂੰ ਮੋੜ ਲਿਆਣ ਦੀ ਚਾਹਤ ਕਰਵਟਾਂ ਲੈਣ ਲਗੀ। ਪ੍ਰੰਤੂ ਜ਼ਾਲਮ ਸਮੇਂ ਦੇ ਬੀਤਣ ਨਾਲ ਵੱਖ-ਵੱਖ ਦੇਸ਼ਾਂ ਦੇ ਰੂਪ ਵਿੱਚ ਹੋਂਦ ਵਿੱਚ ਆ ੳਹ ਲਕੀਰ ਇਤਨੀ ਡੂੰਘੀ ਹੋ ਗਈ ਕਿ ਉਸ ਨੂੰ ਮਿਟਾ ਜਾਂ ਭਰ ਪਾਣਾ ਸੰਭਵ ਨਹੀਂ ਰਹਿ ਗਿਆ। ਇਹੀ ਕਾਰਣ ਹੈ ਕਿ ਭਾਵੇਂ, ਦੋਹਾਂ, ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਵਾਸੀ ਆਪਣੇ ਭਾਰਤ ਅਤੇ ਪਾਕਿਸਤਾਨੀ ਹੋਣ ਦੀ ਹੋਂਦ ਨੂੰ ਖ਼ਤਮ ਨਹੀਂ ਕਰ ਪਾ ਰਹੇ, ਫਿਰ ਵੀ ਉਨ੍ਹਾਂ ਦੇ ਦਿਲ ਵਿੱਚ ਇਹ ਚਾਹਤ ਉਸਲਵੱਟੇ ਲੈਂਦੀ ਜ਼ੋਰ ਪਕੜਦੀ ਚਲੀ ਜਾ ਰਹੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਆਪਸ ਵਿੱਚ ਤਾਲਮੇਲ ਵੱਧ਼ਾ, ਮਿਲ ਬੈਠਣ ਅਤੇ ਆਪਣੇ ਵਿੱਚ ਪੈਦਾ ਕਰ ਦਿੱਤੀ ਗਈ ਹੋਈ ਨਫਰਤ ਦੀ ਦਰਾਰ ਨੂੰ ਭਰ ਲੈਣ।
ਸ. ਸੁਖਬੀਰ ਸਿੰਘ ਬਾਦਲ ਦੀ ਲਹਿੰਦੇ ਪੰਜਾਬ ਦੀ ਇਸ ਯਾਤ੍ਰਾ ਦੌਰਾਨ ਵੱਖ-ਵੱਖ ਖੇਤ੍ਰਾਂ ਵਿੱਚ ਤਾਲਮੇਲ ਵਧਾਏ ਜਾਣ ਪ੍ਰਤੀ ਬਣੀ ਸਹਿਮਤੀ ਨਾਲ, ਦੋਹਾਂ ਦੇਸ਼ਾਂ ਦੇ ਪੰਜਾਬੀਆਂ ਨੂੰ ਆਪੋ ਵਿੱਚ ਮਿਲ-ਬੈਠ ਗਲੇ ਮਿਲ ਇੱਕ-ਦੂਜੇ ਦੇ ਗਿਲੇ-ਸ਼ਿਕਵੇ ਦੂਰ ਕਰ ਲੈਣ ਦੀ ਆਸ ਦੀ ਕਿਰਣ ਜ਼ਰੂਰ ਵਿਖਾਈ ਦੇਣ ਲਗੀ ਹੋਵੇਗੀ। ਸ਼ਾਇਦ ਉਨ੍ਹਾਂ ਨੂੰ ਇਹ ਆਸ ਵੀ ਬਝ ਗਈ ਹੋਵੇਗੀ ਕਿ ਦੋਹਾਂ ਦੇਸ਼ਾਂ ਦੀਆਂ ਕੇਂਦ੍ਰੀ ਸਰਕਾਰਾਂ ਵੀ ਆਪੋ-ਆਪਣੇ ਪੰਜਾਬ ਦੇ ਵਾਸੀਆਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਿਆਂ, ਇਸ ਸਹਿਮਤੀ ਪੁਰ ਆਪਣੀ ਪ੍ਰਵਾਨਗੀ ਦੀ ਮੋਹਰ ਲਾਣ ਵਿੱਚ ਕਿਸੇ ਵੀ ਤਰ੍ਹਾਂ ਦਾ ਸੰਕੋਚ ਨਹੀਂ ਵਿਖਾਣਗੀਆਂ।        
ਇਸ ਬਣ ਰਹੀ ਸਥਿਤੀ ਪੁਰ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਹਰਮਨਜੀਤ ਸਿੰਘ ਨੇ ਪੰਜਾਬ ਦੇ ਉਪ-ਮੁਖ ਮੰਤ੍ਰੀ ਸ. ਸੁਖਬੀਰ ਸਿੰਘ ਬਾਦਲ ਦੇ ਲਹਿੰਦੇ ਪੰਜਾਬ ਦੇ ਇਸ ਦੌਰੇ ਨੂੰ ਇਤਿਹਾਸਕ ਕਰਾਰ ਦਿੰਦਿਆਂ ਆਖਿਆ ਕਿ ਉਨ੍ਹਾਂ ਵਲੋਂ ਦੋਹਾਂ ਪੰਜਾਬਾਂ ਵਿੱਚਲੀ ਸਾਂਝ ਨੂੰ ਮਜ਼ਬੂਤ ਕਰਨ ਲਈ ਕੀਤੀ ਗਈ ਇਸ ਪਹਿਲ ਦੇ ਸਾਰਥਕ ਨਤੀਜੇ ਜਲਦੀ ਹੀ ਸਾਹਮਣੇ ਆ ਸਕਦੇ ਹਨ। ਉਨ੍ਹਾਂ ਅਨੁਸਾਰ 65 ਸਾਲ ਪਹਿਲਾਂ ਅਣਵੰਡੇ ਪੰਜਾਬ ਵਿਚਕਾਰ ਇੱਕ ਲਕੀਰ ਖਿਚ ਉਸਨੂੰ ਚੜ੍ਹਦੇ ਅਤੇ ਲਹਿੰਦੇ ਪੰਜਾਬ ਦਾ ਨਾਂ ਦੇ ਤੇ ਵੰਡ ਦਿੱਤਾ ਗਿਆ, ਪਰ ਦੋਹਾਂ ਪਾਸਿਆਂ ਦੇ ਵਾਸੀਆਂ ਦੇ ਦਿਲਾਂ ਵਿੱਚ ਇੱਕ-ਦੂਸਰੇ ਤੋਂ ਵੱਖ ਹੋ ਜਾਣ ਦੀ ਜੋ ਕਸਕ ਪੈਦਾ ਹੋਈ, ਉਹ ਉਨ੍ਹਾਂ ਨੂੰ ਕਟੋਚਦੀ ਅਤੇ ਮੁੜ ਇੱਕ-ਦੂਜੇ ਦੇ ਨੇੜੇ ਆਉਣ ਲਈ ਤੜਪਾਂਦੀ ਚਲੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਨੇ ਦੋਹਾਂ ਪੰਜਾਬਾਂ ਦੇ ਵਾਸੀਆਂ ਦੀਆਂ ਇਨ੍ਹਾਂ ਭਾਵਨਾਵਾਂ ਨੂੰ ਮਹਿਸੂਸ ਕਰਦਿਆਂ ਹੀ ਉਨ੍ਹਾਂ ਨੂੰ ਇਕ-ਦੂਜੇ ਦੇ ਮੁੜ ਨੇੜੇ ਲਿਆਣ ਦਾ ਰਾਹ ਪਧਰਾ ਕਰਨ ਲਈ ਪਹਿਲ ਕਰਨ ਦਾ ਸਾਹਸ ਕਰ ਵਿਖਾਇਆ ਹੈ।
ਇੱਕ ਚਿਤਾਵਨੀ ਵੀ : ਬੀਤੇ ਲੰਮੇਂ ਸਮੇਂ ਤੋਂ ਚਲੇ ਆ ਰਹੇ ਭਾਰਤ-ਪਾਕ ਸਬੰਧਾਂ ਅਤੇ ਸਮੇਂ ਦੇ ਬਦਲਦਿਆਂ ਰਹਿਣ ਨਾਲ ਉਨ੍ਹਾਂ ਵਿਚਲੀ ਰਾਜਨੈਤਿਕ ਸਥਿਤੀ ਵਿੱਚ ਆਉਂਦੇ ਚਲੇ ਰਹੇ ਉਤਾਰ-ਚੜ੍ਹਾਵਾਂ ਪੁਰ ਤਿਖੀ ਤੇ ਅਲੋਚਨਾਤਮਕ ਨਜ਼ਰ ਰਖੀ ਚਲੇ ਆ ਰਹੇ ਰਾਜਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਵਿੱਚ ਕੋਈ ਸ਼ਕ ਨਹੀਂ ਕਿ ਦੋਹਾਂ ਦੇਸ਼ਾਂ ਦੇ ਵਾਸੀ ਇੱਕ-ਦੂਜੇ ਦੇ ਨਜ਼ਦੀਕ ਆਉਣ ਅਤੇ ਆਪਸੀ ਤਾਲ-ਮੇਲ ਵਧਾਣ ਦੀ ਤੀਬਰ ਇੱਛਾ ਰਖਦੇ ਹਨ, ਪੰ੍ਰਤੁ ਇਸ ਗਲ ਨੂੰ ਵੀ ਤਾਂ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਜਦੋਂ ਸੰਨ-2001 ਦੇ ਮੱਧ ਵਿੱਚ, ਉਸ ਸਮੇਂ ਦੇ ਭਾਰਤੀ ਪ੍ਰਧਾਨ ਮੰਤ੍ਰੀ ਅਟਲ ਬਿਹਾਰੀ ਵਾਜਪਾਈ ਨਾਲ ਹੋਣ ਵਾਲੀ ਸ਼ਿਖਰ ਵਾਰਤਾ ਵਿੱਚ ਸ਼ਾਮਲ ਹੋਣ ਲਈ, ਪਾਕਿਸਤਾਨ ਦੇ ਉਸ ਸਮੇਂ ਦੇ ਰਾਸ਼ਟਰਪਤੀ ਜਨਰਲ ਮੁਸ਼ਰਫ ਪਾਕਿਸਤਾਨ ਤੋਂ ਰਵਾਨਾ ਹੋਏ ਤਾਂ ਉਸੇ ਹੀ ਸਮੇਂ ਕਟੜ-ਪੰਥੀ ਜਮਾਇਤ-ਏ-ਇਸਲਾਮੀ ਦੇ ਮੁਖੀਆਂ ਨੇ ਉਨ੍ਹਾਂ ਨੂੰ ਚਿਤਾਵਨੀ ਦੇ ਦਿੱਤੀ ਸੀ ਕਿ ‘ਜੇ ਉਨ੍ਹਾਂ ਕਸ਼ਮੀਰ ਦੇ ਮੁੱਦੇ ’ਤੇ ਕੋਈ ਸਮਝੌਤਾ ਕੀਤਾ ਤਾਂ ਉਸਨੂੰ ਨਾ ਤਾਂ ਪਾਕਿਸਤਾਨੀ ਫੌਜ ਅਤੇ ਨਾ ਹੀ ਪਾਕਿਸਤਾਨੀ ਅਵਾਮ ਸਵੀਕਾਰ ਕਰਨਗੇ’। 
ਇਸ ਗਲ ਦੀ ਪੁਸ਼ਟੀ ਜਨਰਲ ਮੁਸ਼ਰਫ ਨੇ ਆਪ, ਚਲ ਰਹੀ ਸ਼ਿਖਰ ਵਾਰਤ ਦੌਰਾਨ ਸਾਰੀਆਂ ਅੰਤ੍ਰਰਾਸ਼ਟਰੀ ਮਾਨਤਾਵਾਂ ਅਤੇ ਮਰਿਆਦਾਵਾਂ ਨੂੰ ਛਿਕੇ ਟੰਗ, ਕੀਤੀ ਪ੍ਰੈਸ ਕਾਨਫੰ੍ਰਸ ਵਿੱਚ ਇਹ ਆਖਕੇ ਕਰ ਦਿੱਤੀ ਕਿ ‘ਜੇ ਮੈਂ ਕਸ਼ਮੀਰ ਦਾ ਮੁੱਦਾ ਛੱਡ ਦਿਆਂ ਤਾਂ ਮੈਂਨੂੰ ਇਥੇ ਹੀ ਨਹਿਰਵਾਲੀ ਹਵੇਲੀ, ਜੋ ਕਿ ਦਰੀਆ ਗੰਜ ਸਥਿਤ, ਉਸਦੀ ਪੈਤ੍ਰਿਕ ਹਵੇਲੀ ਹੈ, ਲੈ ਕੇ ਰਹਿਣਾ ਪੈ ਜਾਇਗਾ’। ਆਖਿਰ ਅਜਿਹੀ ਕਿਹੜੀ ਗਲ ਸੀ ਜਿਸਤੋਂ ਮਜਬੂਰ ਹੋ ਜਨਰਲ ਮੁਸ਼ਰਫ ਨੂੰ ਇਹ ਗਲ ਆਖਣੀ ਪਈ? ਇਸ ਸੁਆਲ ਦਾ ਜਵਾਬ ਵੀ ਉਨ੍ਹਾਂ ਆਪ ਹੀ ਉਸੇ ਪ੍ਰੈਸ ਕਾਨਫੰ੍ਰਸ ਵਿੱਚ ਇਹ ਕਹਿ ਕੇ ਦੇ ਦਿੱਤਾ ਕਿ ‘ਭਾਰਤ ਵਲੋਂ ਬੰਗਲਾ ਦੇਸ਼ ਨੂੰ ਪਾਕਿਸਤਾਨ ਨਾਲੋਂ ਤੋੜਨ ਦੀ ਕੀਤੀ ਗਈ ਕਾਰਵਾਈ ਦੀ ‘ਕਸਕ’ ਅਜੇ ਤਕ ਪਾਕਿਸਤਾਨੀਆਂ ਦੇ ਦਿੱਲਾਂ ਵਿੱਚ ਹੈ’।
ਇਹ ਦੋਵੇਂ ਗਲਾਂ ਉਸ ਸਮੇਂ ਵੀ ਇਸ ਗਲ ਦਾ ਪ੍ਰਤੱਖ ਸਬੂਤ ਸਨ ਅਤੇ ਅੱਜ ਵੀ ਹਨ ਕਿ ਫੌਜ ਅਤੇ ਕਟੱੜਪੰਥੀਆਂ ਦਾ ਪਾਕਿਸਤਾਨੀ ਹਾਕਮਾਂ ਪੁਰ ਇਤਨਾ ਜ਼ਿਆਦਾ ਦਬਾਉ ਹੈ ਕਿ ਉਹ ਚਾਹੁੰਦਿਆਂ ਹੋਇਆਂ ਵੀ, ਨਾ ਤਾਂ ਕਸ਼ਮੀਰ ਦੇ ਮੁੱਦੇ ਨੂੰ ਛੱਡ ਸਕਦੇ ਹਨ ਅਤੇ ਨਾ ਹੀ ਉਸਦੇ ਹਲ ਪ੍ਰਤੀ ਇਮਾਨਦਾਰ ਹੋ ਸਕਦੇ ਹਨ। ਇਸੇ ਕਾਰਣ ਉਹ ਸੱਤਾ ਵਿੱਚ ਬਣੇ ਰਹਿਣ ਲਈ ਇਸ, ਕਸ਼ਮੀਰ ਦੇ ਮੁੱਦੇ ਨੂੰ ਬਣਾਈ ਰਖਣਾ, ‘ਕਸਕ’ ਦੂਰ ਕਰਨ ਦੇ ਨਾਂ ਤੇ ਭਾਰਤ ਵਿੱਚ ਅਸਥਿਰਤਾ ਪੈਦਾ ਕਰ ਉਸਨੂੰ ਤੋੜਨ ਦੀਆਂ ਸਾਜ਼ਿਸ਼ਾਂ ਵਿੱਚ ਧਿਰ ਬਣੇ ਚਲੇ ਆਉਣਾ ਚਾਹੁੰਦੇ ਹਨ। 
ਜਨਰਲ ਮੁਸ਼ਰਫ ਦੇ ਵਿਚਾਰਾਂ ਦੀ ਘੋਖ ਕਰਦਿਆਂ ਇਹ ਗਲ ਸਹਿਜੇ ਹੀ ਸਮਝੀ ਜਾ ਸਕਦੀ ਹੈ ਕਿ ਉਨ੍ਹਾਂ (ਜਨਰਲ ਮੁਸ਼ਰਫ) ਦੇ ਇਨ੍ਹਾਂ ਸ਼ਬਦਾਂ ਵਿੱਚ ਪਾਕਿਸਤਾਨੀਆਂ ਦੇ ਦਿਲਾਂ ਦੀ ਜਿਸ ‘ਕਸਕ’ ਦਾ ਜ਼ਿਕਰ ਕੀਤਾ ਗਿਆ, ਉਹ ਅਸਲ ਵਿੱਚ ਪਾਕਿਸਤਾਨੀ ਅਵਾਮ ਦੇ ਦਿਲਾਂ ਵਿੱਚਲੀ ਨਹੀਂ, ਸਗੋਂ ਪਾਕਿਸਤਾਨੀ ਫੌਜ ਦੇ ਮੁੱਖੀਆਂ ਦੇ ਦਿਲਾਂ ਵਿਚਲੀ ਉਹ ਕਸਕ ਹੈ, ਜੋ 93 ਹਜ਼ਾਰ ਪਾਕਿਸਤਾਨੀ ਫੌਜੀਆਂ ਦੇ ਅਪਮਾਨ-ਜਨਕ ਢੰਗ ਨਾਲ ਭਾਰਤੀ ਫੌਜ ਸਾਹਮਣੇ, ਹਥਿਆਰ ਸੁੱਟ, ਕੀਤੇ ਗਏ ਆਤਮ-ਸਮਰਪਣ ਦੇ ਫਲਸਰੂਪ ਪੈਦਾ ਹੋਈ ਸੀ।
ਇਸਲਈ ਭਾਰਤ-ਪਾਕ ਦੇ ਪੰਜਾਬੀਆਂ ਦੀ ਭਾਵਨਾਵਾਂ ਦਾ ਸਨਮਾਨ ਕਰਦਿਆਂ ਹੋਇਆਂ, ਉਨ੍ਹਾਂ ਦੇ ਆਪਸੀ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਵਪਾਰਕ, ਸਾਮਾਜਕ, ਸੈਰ-ਸਪਾਟਾ ਅਤੇ ਖੇਡਾਂ ਆਦਿ ਦੇ ਖੇਤ੍ਰਾਂ ਵਿੱਚ ਤਾਲਮੇਲ ਨੂੰ ਉਤਸਾਹਿਤ ਕੀਤੇ ਜਾਣ ਦੇ ਮੁੱਦਿਆਂ ’ਤੇ ਲਹਿੰਦੇ-ਚੜ੍ਹਦੇ ਪੰਜਾਬ ਰਾਜਾਂ ਦੇ ਮੁੱਖੀਆਂ ਵਿੱਚ ਹੋਈ ਸਹਿਮਤੀ ਪੁਰ ਪ੍ਰਵਾਨਗੀ ਦੀ ਮੋਹਰ ਲਾਉਂਦਿਆਂ, ਭਾਰਤ ਸਰਕਾਰ ਨੂੰ ਇਸ ਗਲ ਦੀ ਵੀ ਸਾਵਧਾਨੀ ਨਾਲ ਸਮੀਖਿਆ ਕਰਨੀ ਹੋਵੇਗੀ ਕਿ ਇਸ ਸਥਿਤੀ ਦਾ ਲਾਭ ਪਾਕਿਸਤਾਨ ਵਿੱਚਲੇ ਉਹ ਤੱਤ ਨਾ ਉਠਾ ਸਕਣ ਜੋ ਭਾਰਤ ਪ੍ਰਤੀ ਨਿਜੀ ‘ਕਸਕ’ ਪਾਲੀ, ਭਾਰਤ-ਪਾਕ ਸੰਬੰਧਾਂ ਵਿੱਚ ਤਰੇੜਾਂ ਅਤੇ ਭਾਰਤ ਵਿੱਚ ਅਣਸੁਖਾਵੇਂ ਹਾਲਾਤ ਬਣਾਈ ਰਖਣ ਲਈ ਆਪਸ ਵਿੱਚ ਕੜਵਾਹਟ ਪੈਦਾ ਕਰੀ ਰਖਣ ਦੇ ਉਦੇਸ਼ ਨਾਲ ਪਾਕਿਸਤਾਨੀ ਅਵਾਮ ਵਿੱਚ ਭਾਰਤ ਵਿਰੁਧ ਨਫਰਤ ਪੈਦਾ ਕਰੀ ਰਖਣ ਲਈ ਸਰਗਰਮੀ ਨਾਲ ਜੁਟੇ ਚਲੇ ਆ ਰਹੇ ਹਨ। 
…ਅਤੇ ਅੰਤ ਵਿੱਚ : ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਸਿੱਖ ਪੰਥ ਦੇ ਮੁੱਖੀਆਂ, ਵਿਦਵਾਨਾਂ ਅਤੇ ਸਿੱਖ ਇਤਿਹਾਸ ਦੇ ਖੋਜੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਜਾ ਦਲੀਪ ਸਿੰਘ ਦੇ ਵਾਰਿਸਾਂ ਦੀ ਖੋਜ ਕਰ ਕੇ, ਉਨ੍ਹਾਂ ਨੂੰ ਪੰਥ ਨਾਲ ਜੋੜਨ। ਉਨ੍ਹਾਂ ਦੀ ਅਤੇ ਉਨ੍ਹਾਂ ਪਾਸ ਸੁਰਖਿਅਤ ਚਲੀਆਂ ਆ ਰਹੀਆਂ ਸਿੱਖੀ ਵਿਰਾਸਤ ਨਾਲ ਸੰਬੰਧਤ ਇਤਿਹਾਸਿਕ ਨਿਸ਼ਾਨੀਆਂ ਦੀ ਸੰਭਾਲ ਕਰਨ ਦੇ ਉਪਰਾਲੇ ਕਰਨ ਅਤੇ ਅਜਿਹਾ ਕਰ, ਸਿੱਖ ਇਤਿਹਾਸ ਅਤੇ ਸਿੱਖੀ ਦੀ ਵਿਰਾਸਤ ਦੇ ਖਜ਼ਾਨੇ ਨੂੰ ਭਰਪੂਰ ਕਰਨ ਪ੍ਰਤੀ ਆਪਣੇ ਆਪਨੂੰ ਸਮਰਪਤ ਕਰਨ। ਜਸਟਿਸ ਸੋਢੀ ਨੇ ਕਿਹਾ ਕਿ ਪੰਥ ਅਜ ਤਕ ਨੀਲੇ ਘੋੜਿਆਂ ਨੂੰ, ਸ੍ਰੀ ਗੁਰੂ ਗੋੰਿਬੰਦ ਸਿੰਘ ਜੀ ਦੇ ਨੀਲੇ ਘੋੜੇ ਦੀ ਅੰਸ ਸਵੀਕਾਰ ਕਰ ਨਾ ਕੇਵਲ ਉਨ੍ਹਾਂ ਦੀ ਸੁਚਜੀ ਸੇਵਾ-ਸੰਭਾਲ ਕਰਦਾ ਆ ਰਿਹਾ ਹੈ, ਸਗੋਂ ਉਨ੍ਹਾਂ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਨੋਂ ਵੀ ਪਿਛੇ ਨਹੀਂ ਰਹਿ ਰਿਹਾ, ਹਾਲਾਂਕਿ ਇਹ ਵੀ ਨਿਸ਼ਚਿਤ ਨਹੀਂ ਹੈ ਕਿ ਉਹ ਸਚਮੁਚ ਹੀ ਗੁਰੂ ਸਾਹਿਬ ਦੇ ਨੀਲੇ ਘੋੜੇ ਦੀ ਹੀ ਅੰਸ ਹਨ। ਉਨ੍ਹਾਂ ਕਿਹਾ ਕਿ ਪ੍ਰੰਤੂ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਜਾ ਦਲੀਪ ਸਿੰਘ ਦੇ ਵਾਰਿਸਾਂ ਬਾਰੇ ਤਾਂ ਕੋਈ ਸ਼ੰਕਾ ਨਹੀਂ ਹੋਵੇਗੀ। ਉਨ੍ਹਾਂ ਦਸਿਆ ਕਿ ਬੀਤੇ ਦਿਨੀਂ ਇੱਕ ਖਬਰ ਆਈ ਸੀ, ਜਿਸ ਵਿੱਚ ਦਸਿਆ ਗਿਆ ਹੋਇਆ ਸੀ ਕਿ ਮਹਾਰਾਜਾ ਦਲੀਪ ਸਿੰਘ ਦੀ ਇੱਕ ਬੇਟੀ ਨੇ ਸਵਰਗਵਾਸ ਹੋਣ ਤੋਂ ਕੁਝ ਸਮਾਂ ਪਹਿਲਾਂ ਆਪਣੇ ਪਾਸ ਸੁਰਖਿਅਤ ਮਹਾਰਾਜਾ ਦਲੀਪ ਸਿੰਘ ਨਾਲ ਸਬੰਧਤ ਇਤਿਹਾਸਕ ਵਸਤਾਂ ਲਾਹੌਰ ਸਥਿਤ ਸਿੱਖ ਅਜਾਇਬ ਘਰ ਨੂੰ ਸੌਂਪ ਦਿੱਤੀਆਂ ਹਨ। ਇਹ ਖਬਰ ਇਸ ਗਲ ਦਾ ਪ੍ਰਤੱਖ ਸਬੂਤ ਹੈ ਕਿ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਜਾ ਦਲੀਪ ਸਿੰਘ ਦੀ ਅੰਸ ਇਸ ਧਰਤੀ ਪੁਰ ਮੌਜੂਦ ਹੈ, ਜਿਸਦੀ ਭਾਲ ਕਰ ਉਸਨੂੰ ਪੰਥ ਨਾਲ ਜੋੜ, ਉਸਦੀ ਸੰਭਾਲ ਕਰਨ ਦੀ ਬਹੁਤ ਲੋੜ ਹੈ। ਜਸਟਿਸ ਸੋਢੀ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਕਥਤ ‘ਕਹਾਣੀਆਂ’ ਪੁਰ ਕੋਈ ਵਿਸ਼ਵਾਸ ਨਹੀਂ, ਜਿਨ੍ਹਾਂ ਰਾਹੀਂ ਇਹ ਪ੍ਰਚਾਰਿਆ ਜਾਂਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਸੀ ਕਿ ਜੋ ਉਨ੍ਹਾਂ ਦੇ ਜੋਤੀਜੋਤ ਸਮਾਉਣ ਵਾਲੇ ਸਥਾਨ ਤੇ ਯਾਦਗਾਰ ਕਾਇਮ ਕਰੇਗਾ, ਉਸਦੀ ਅੰਸ ਖਤਮ ਹੋ ਜਾਇਗੀ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਇਸ ਗਲ ਦਾ ਗੁਆਹ ਹੈ ਕਿ ਕਿਸੇ ਵੀ ਗੁਰੂ ਸਾਹਿਬ ਨੇ ਕਿਸੇ, ਇਥੋਂ ਤਕ ਕਿ ਜੀਵਨ ਭਰ ਦੁਸ਼ਮਣੀਆਂ ਪਾਲਦੇ ਆਇਆਂ ਵਿਚੋਂ ਵੀ ਕਿਸੇ ਨੂੰ ਬਦ-ਅਸੀਸ ਨਹੀਂ ਸੀ ਦਿੱਤੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਬੇਦਾਵਾ ਲਿਖ ਕੇ ਦੇ ਗਏ ਸਿਖਾਂ ਨੂੰ ਵੀ ਬਦ-ਅਸੀਸ ਨਹੀਂ ਸੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਕਰਕੇ ਇਹ ਗਲ ਕਿਵੇਂ ਸਵੀਕਾਰ ਕੀਤੀ ਜਾ ਸਕਦੀ ਹੈ ਕਿ ਉਨ੍ਹਾਂ ਨੇ ਆਪਣੇ ਜੋਤੀਜੋਤ ਸਮਾਉਣ ਵਾਲੇ ਸਥਾਨ ਤੇ ਸ਼ਰਧਾ ਨਾਲ ਯਾਦਗਾਰ ਬਣਾਉਣ ਵਾਲੇ ਨੂੰ, ਅੰਸ ਖਤਮ ਹੋਣ ਦੀ ਬਦ-ਅਸੀਸ ਦੇ ਦਿੱਤੀ ਹੋਵੇਗੀ? ਉਨ੍ਹਾਂ ਕਿਹਾ ਕਿ ਇਸ ਕਰਕੇ ਇਸ ਕਥਤ ਕਹਾਣੀ ਦੀ ਮਾਨਤਾ ਤੋਂ ਬਾਹਰ ਨਿਕਲ, ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਜਾ ਦਲੀਪ ਸਿੰਘ ਦੀ ਅੰਸ ਦੀ ਭਾਲ ਕਰ ਉਸਨੂੰ ਪੰਥ ਨਾਲ ਜੋੜ, ਉਸਦੀ ਸੰਭਾਲ ਕਰਨ ਦੀ ਜ਼ਿਮੇਂਦਾਰੀ ਸੰਭਾਲਣੀ ਚਾਹੀਦੀ ਹੈ।
Jaswant Singh ‘Ajit’, 
64-C, U&V/B, 
Shalimar Bagh, 
DELHI-110088
Mobile : + 91 98 68 91 77 31
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template