ਏਹ ਅਸਾਡਾ ਜਿਉਣ, ਓ ਰੱਬਾ ! ਕੀਹਨੂੰ ਕਹੀਏ?
ਸੁਣੇ ਅਸਾਡੀ ਕਉਣ, ਓ ਰੱਬਾ ! ਕੀਹਨੂੰ ਕਹੀਏ?
ਖਾਲਮ-ਖਾਲੀ ਪੀਪਾ ਖੜਕੇ
ਢਿੱਡ ਦੀ ਭੁੱਖ ਸਤਾਵੇ,
ਦਾਲ ਵਿਹੂਣੀ ਸੱਖਣੀ ਤੌੜੀ
ਚੰਦਰੀ ਵੱਢ ਵੱਖ ਖਾਵੇ,
ਵਿਲਕਣ ਨਿਆਣੇ ਭੁੱਖਣ ਭਾਣੇ
ਟੁੱਕਰ ਨੂੰ ਕੁਰਲਾਉਣ, ਓ ਰੱਬਾ !
ਕੀਹਨੂੰ ਕਹੀਏ?
ਤੰਗੀ, ਤੁਰਸੀ ਥੁੜ੍ਹਾਂ ਮੁਸ਼ਕਲਾਂ
ਸਾਡੇ ਹਿੱਸੇ ਆਈਆਂ।
ਕਰਜੇ ਦੀ ਪੰਡ ਵਧਦੀ ਜਾਵੇ,
ਜਿਉਂ ਜਿਉਂ ਕਰਾਂ ਕਮਾਈਆਂ।
ਗੁਲਾਮੀਆਂ ਦੀ ਪੰਜਾਲੀ ਅੰਦਰ
ਰਹੇ ਅਸਾਡੀ ਧੌਣ, ਓ ਰੱਬਾ ! ਕੀਹਨੂੰ ਕਹੀਏ?
ਢੱਗਿਆਂ ਵਾਂਗੂ ਬੋਝਾ ਢੋਈਏ
ਰੁੱਖ ਸੁੱਕੀ ਖਾਕੇ।
ਜੱਗ ਦਾ ਪਾਲਕ ਕਿਰਤੀ ਰੱਖਿਆ
ਕੰਮੀਂ ਕਮੀਣ ਬਣਾਕੇ।
ਓਹ ਉਚੇ ਜੋ ਗੰਦ ਪਾਉਂਦੇ,
ਪਰ ਕਿਰਤੀ ਨੀਚ ਸਦਾਉਣ,
ਓ ਰੱਬਾ ! ਕੀਹਨੂੰ ਕਹੀਏ?
ਉਮਰਾਂ ਭਰ ਅਸੀਂ ਨਫਰਤ ਝੱਲੀਏ
ਅਸੀਂ ਕਿਸਮਤਾਂ ਮਾਰੇ।
ਕੁੱਲੀਆਂ ਵਿਚ ਵਸੇਬਾ
ਭਾਵੇਂ ਛੱਤੀਏ ਮਹਿਲ ਚੁਬਾਰੇ।
'ਲਾਲ' ਕੀਮਤੀ ਰੁਲਦੇ Jੈਥੇ,
ਵਿਹਲੜ ਐਸ਼ ਉਡਾਉਣ,
ਓ ਰੱਬਾ ! ਕੀਹਨੂੰ ਕਹੀਏ?
ਲਾਲ ਸਿੰਘ ਸੁਲਹਾਣੀ
ਮੋ: 98721-55120


0 comments:
Speak up your mind
Tell us what you're thinking... !