Headlines News :
Home » »

Written By Unknown on Monday, 24 December 2012 | 22:54


ਕੈਸਾ ਦਿਨ ਚੜ੍ਹਿਆ ਦਿਲ ਖੂਬ ਖਿੜਿਆ, ਐਪਰ ਸ਼ਬਦ ਜ਼ਬਾਨ ਤੇ ਕਿਵੇ ਆਵੇ ?
ਮੇਰੀ ਨਿੱਕੀ ਅੰਝਾਣੀ ਜਿਹੀ ਕਲਮ ਕੋਲੋ ਖੁਸ਼ੀ ਭਾਰ ਨਾ ਚੁੱਕਿਆ ਮੂਲ ਜਾਵੇ ।
ਥੋੜੀ ਮਿਹਰ ਕਰ ਤੇ ਬਲ ਬਖਸ਼ ਇੰਨਾ, ਤਾਂ ਜੋ ਯਾਦ ਵਿੱਚ ਤੇਰੀ ਕੋਈ ਗੀਤ ਗਾਵੇ।
ਸਿਰੋਂ ਪੈਰਾਂ ਤੱਕ ਔਗਣਾਂ ਨਾਲ਼ ਭਰਿਆ, ਗਾਉਣੇ ਗੁਣ ਗੁਣਵਾਨ ਦੇ ਅੱਜ ਚਾਹਵੇ।

ਜਦੋਂ ਹਿੰਦ ਦੀ ਸੋਹਣੀ ਇਸ ਧਰਤ ਉੱਤੇ,ਅਤਿ ਜੁਲਮ ਨੇ ਸੱਜਣਾ ਚਾਈ ਹੋਈ ਸੀ।
ਸਿੱਖਿਆ ਦਿੱਤੀ ਸੀ ਜੋ ਤੇਰੇ ਵੱਡਿਆਂ ਨੇ,ਉਹ ਤਾਂ ੳੱਕਾ ਹੀ ਦਿਲੋਂ ਭੁਲਾਈ ਹੋਈ ਸੀ।
ਮੁਸਲਿਮ ਜਾਲਮ ਔਰੰਗੇ ਦੇ ਰਾਜ ਹੇਠਾਂ,ਹਿੰਦੂ ਧਰਮ ਨੇ ਪੱਤ ਗਵਾਈ ਹੋਈ ਸੀ ।
ਨਿਆਂ ਹੱਕ ਨਹੀਂ ਸੀ ਲੱਭਦਾ ਲਭਿਆਂਾਂ ਤੋਂ,ਸਗੋਂ ਜਬਰ ਹਨੇਰੀ ਚੜ੍ਹ ਆਈ ਹੋਈ ਸੀ ।

ਉਦੋਂ ਵਿੱਚ ਪਟਨੇ ਜਨਮ ਧਾਰਿਆ ਤੂੰ, ਚੋਜ਼ ਚੋਜ਼ੀਆ ਖੂਬ ਦਿਖਾਣ ਦੇ ਲਈ ।
ਭੁੱਲੇ ਭਟਕਿਆਂ ਨੂੰ ਰਾਹੇ ਪਾਣ ਦੇ ਲਈ,ਡੁੱਬਦੀ ਹਿੰਦ ਨੂੰ ਪਾਰ ਲੰਘਾਣ ਦੇ ਲਈ।
ਬਾਜ਼ ਚਿੜੀਆਂ ਕੋਲੋਂ ਤੁੜਵਾਣ ਦੇ ਲਈ,ਸੇਗਿੱਦੜਾਂ ਤਾਂਈਂ ਬਣਾਣ ਦੇ ਲਈ।
ਜ਼ੋਰ ਜ਼ੁਲਮ ਤਾਂਈ ਖੂੰਜੇ ਲਾਣ ਦੇ ਲਈ,ਨਵਾਂ ਖਾਲਸਾ ਪੰਥ ਸਜ਼ਾਣ ਦੇ ਲਈ ।

ਮਾਤਾ ਗੁਜ਼ਰੀ ਦੀ ਕੁੱਖ ਨੂੰ ਭਾਗ ਲੱਗਾ, ਸਾਰੇ ਜੱਗ ਤਾਂਈ ਨੂਰੋ ਨੂਰ ਕੀਤਾ ।
ਭੀਖਮ ਗਿਆ ਭਰਮਾਇਆ ਤੇ ਪਰਖਣੇ ਨੂੰ,ਦਿਲ ਓਸ ਦੇ ਉਹਨੂੰ ਮਜ਼ਬੂਰ ਕੀਤਾ।
ਆਸਾਂ ਨਾਲ਼ ੳਸ ਕੁਜ਼ੀਆਂ ਦੋ ਲੈ ਕੇ,ਮੁੱਖ ਪਟਨੇ ਵੱਲ ਜ਼ਰੂਰ ਕੀਤਾ।
ਦੋਵਾਂ ਉੱਤੇ ਟਿਕਾਇ ਕੇ ਹੱਥ ਬਾਲੇ, ਤੂੰ ਤਾਂ ਓਸ ਦੇ ਭਰਮ ਨੂੰ ਚੂਰ ਕੀਤਾ ।

ਸੁਰਤ ਸੰਭਲੀ ਤਾਂ ਨਾਲ ਹਾਣੀਆਂ ਦੇ,ਖੇਡਾਂ ਸੋਹਣੀਆਂ ਖੂਬ ਦਿਖਾਈਆਂ ਸੀ ਤੂੰ ।
ਵਿੱਚ ਵਿੱਦਿਆ ਖੂਬ ਨਿਪੁੰਨ ਹੋਇਆ,ਦਿਸਦਾ ਅਜ਼ਬ ਹੀ ਕਰਦਾ ਪੜਾਈਆਂ ਸੀ ਤੂੰ।
ਕਿਧਰੇ ਨੀਤੀਆਂ ਨਵੀਆਂ ਹੀ ਜੰਗ ਦੀਆਂ,ਖੋਜ਼ ਖੋਜ਼ੀਆ ਆਪ ਚਲਾਈਆਂ ਸੀ ਤੂੰ ।
ਦੋ-ਦੋ ਜੁੱਟ ਬਣਾਇ ਕੇ ਸਾਥੀਆਂ ਦੇ, ਨਾਲ਼ ਕਾਨੀਆਂ ਕਰਦਾ ਲੜਾਈਆਂ ਸੀ ਤੂੰ ।

ਆਨੰਦਪੁਰ ਵਿੱਚ ਲਾ ਦਰਬਾਰ ਸੋਹਣਾ, ਅਜ਼ਬ ਖਾਲਸਾ ਪੰਥ ਤਿਆਰ ਕੀਤਾ।
ਆਪਣੇ ਹੱਕਾਂ ਲਈ ਸਾਨੂੰ ਸੁਚੇਤ ਕੀਤਾ,ਸਾਡੇ ਉੱਤੇ ਤੂੰ ਕੇਹਾ ਉਪਕਾਰ ਕੀਤਾ।
ਇੱਕੋ ਬਾਟੇ ਵਿੱਚ ਅੰਮ੍ਰਿਤ ਛਕਾ ਸਭਨੂੰ,ਸੋਹਣਾ ਏਕਤਾ ਦਾ ਸੀ ਪਰਚਾਰ ਕੀਤਾ।
ਸੱਚ ਹੱਕ ਲਈ ਜ਼ੁਲਮ ਖਿਲਾਫ਼ ਲੜਨਾ,ਖੂਬ ਖਾਲਸੇ ਤਾਈਂ ਹੁਸ਼ਿਆਰ ਕੀਤਾ।

ਖੁਦ ਪ੍ਰੀਤਮਾ ਤੂੰ ਲੜਦਾ ਰਿਹਾ ਵੀ ਸੀ, ਜ਼ਬਰ-ਜ਼ੁਲਮ ਨੂੰ ਜੜੋਂ ਮਿਟਾ ਗਿਆ ਸੀ।
ਕੌਮ ਲਈ ਤੂੰ ਵਾਰ ਸਰਬੰਸ ਆਪਣਾ,ਜ਼ਿੰਦ ਆਪ ਇਹਦੇ ਲੇਖੇ ਲਾ ਗਿਆ ਸੀ ।
ਜੜ੍ਹਾਂ ਇਹਦੀਆਂ ਵਿੱਚ ਪਾਇਆ ਖੂਨ ਆਪਣਾ,ਨਾਨਕ  ਸਿੱਖੀ ਦਾ ਬੂਟਾ ਲਗਾ ਗਿਆ ਸੀ।
‘‘ਜਾਣੋ ਇੱਕ ਸਭ ਜਾਤ ਮਨੁੱਖ ਦੀ ਨੂੰ,”ਸਭ ਨੂੰ ਏਕਤਾ-ਸਬਕ ਪੜ੍ਹਾ ਗਿਆ ਸੀ।

ਕਦੇ ਜਿਹੜਿਆਂ ਹੱਥਾਂ ਚੋਂ ਤੇਗ ਉੱਠੀ, ਉਹਨਾਂ ਹੱਥਾਂ ਚੋਂ ਵੱਜੀ ਰਬਾਬ ਤੇਰੀ ।
ਭਗਤੀ ਅਪਰ-ਅਪਾਰ ਦਸ਼ਮੇਸ਼ ਤੇਰੀ,ਸ਼ਕਤੀ ਆਵੇ ਨਾ ਵਿੱਚ ਹਿਸਾਬ ਤੇਰੀ।
ਗ੍ਰੰਥ-ਪੰਥ ਨੂੰ ਆਪਣਾ ਗੁਰੂ ਦੱਸੇਂ,ਬਾਣੀ-ਬਾਣੇ ਦੀ ਸ਼ੋਭਾ ਸ਼ਬਾਬ ਤੇਰੀ ।
ਸੂਲਾਂ ਰਾਹੀਂ ਮੁਰੀਦਾਂ ਦਾ ਹਾਲ ਦੱਸੇ,ਮਿੱਤਰ ਪਿਆਰੇ ਨੂੰ ਬਾਣੀ ਗੁਲਾਬ ਤੇਰੀ।

ਜਦੋਂ ਜੱਗ ਤੋਂ ਦਾਤਿਆ .ਲੋਪ ਹੋਇਆ, ਤੇਰੇ ਨਾਲ਼ ਅਲੋਪ ਸੱਚਾਈ ਹੋ ਗਈ ।
ਲੋਕੀਂ ਭੁਲ ਗਏ ਫੇਰ ਉਪਕਾਰ ਦਾ ਨਾਂ,ਅਤੇ ਫੇਰ ਪ੍ਰਧਾਨ ਬੁਰਾਈ ਹੋ ਗਈ।
ਵੱਖਵਾਦ ਦਾ ਕਿਹਾ ਬੁਖਾਰ ਚੜ੍ਹਿਐ,ਸਮਝਣ ਕੱਟੜਤਾ ਇਹਦੀ ਦਵਾਈ ਹੋ ਗਈ।
ਆਪਣੇ ਫਿਰਕੇ ਲਈ ਦੂਸਰੇ ਕਤਲ ਕਰਨੇ,ਇਹੋ ਇਹਨਾਂ ਦੀ ਕਿਰਤ ਕਮਾਈ ਹੋ ਗਈ।

ਨਜ਼ਰ ਜ਼ਰਾ ਕੁ ਮਾਰ ਕੇ ਦੇਖ ਤਾਂ ਸਹੀ,ਕੂੜ ਜੱਗ ਤੇ ਹੋਇਆ ਪ੍ਰਧਾਨ ਦਿਸਦਾ ।
ਕਿਧਰੇ ਵਾਹਿਗੁਰੂ ਤੇ ਰਾਮ ਪਏ ਲੜਦੇ,ਲੜਦਾ ਅੱਲਾ ਨਾਲ਼ ਕਿਧਰੇ ਭਗਵਾਨ ਦਿਸਦਾ ।
ਹਾਮੀ ਏਕਤਾ ਦੇ ਦੀ ਸੁਣਦਾ ਕੋਈ ਨਾਹੀ,ਰੋਂਦਾ ਖੜ੍ਹਾ ਇਕ ਪਾਸੇ ਹੈਰਾਨ ਦਿਸਦਾ ।
ਬਾਹਰੋਂ ਖਾਲਸੇ ਲੱਖਾਂ ਹੀ ਨਜ਼ਰ ਆਵਣ, ਖਾਲਸ ਇੱਕ ਵੀ ਨਹੀਂ ਇਨਸਾਨ ਦਿਸਦਾ ।

ਕੌਣ ਫਿਰਕਾਂਪ੍ਰਸਤਾਂ ਨੂੰ ਠੱਲ ਪਾਊ,ਅੱਜ ਇਹਨਾਂ ਨੂੰ ਮਾਰਗ ਦਿਖਾਊ ਕਿਹੜਾ ?
ਜ਼ਾਇਜ਼ ਕਿਹਾ ਸੀ ਲੋੜ ਤੂੰ ਤੇਗ ਦੀ ਨੂੰ,ਅਸਲ ਅਰਥ ਪਰ ਸਾਨੂੰ ਸਮਝਾਊ ਕਿਹੜਾ ?
ਚੜ੍ਹੀ ਜੁਲਮ ਦੀ ਤੇਜ਼ ਹਨੇਰੀ ਜਿਹੜੀ,ਇਹਨੂੰਂ ਦੱਸ ਮਾਹੀਆ ਠੱਲ ਪਾਊ ਕਿਹੜਾ ?
ਚੱਕੀ ਦੁੱਖਾਂ ਤੇ ਗ਼ਮਾਂ ਦੀ ਪੀਹਦਿਆਂ ਨੂੰ,ਬਾਜਾਂ ਵਾਲਿਆ ਸਾਨੂੰ ਛੁਡਾਊ ਕਿਹੜਾ ?

ਲੋੜ ਹਿੰਦ ਨੂੰ ਫੇਰ ਗੋਬਿੰਦ ਦੀ ਹੈ,ਮੁਲਕ ਢਾਹ ਬੈਠਾ ਅੱਜ ਫੇਰ ਢੇਰੀ ।
ਰੱਸੇ ਫਾਹੀਆਂ ਦੇ ਅਤੇ ਗੁਲਾਮੀਆਂ ਦੇ,ਆ ਕੇ ਕੱਟ ਜਾਏ ਦਾਤਿਆ ਤੇਗ ਤੇਰੀ।
ਮੈਂ ਨਿਤਾਣਾ ਹਾਂ ਕਰ ਕੁਝ ਸਕਦਾ ਨਹੀਂ,ਲਗਨ ਕਰਨ ਦੀ ਡੂੰਘੀ ਪਰ ਬੜੀ ਮੇਰੀ।
ਬੱਸ ਨਿਗਾਹ ਸਵੱਲੀ ਦੀ ਲੋੜ ਇੱਕੋ,ਮੇਰੇ ਪ੍ਰੀਤਮਾ ਕਾਸ ਤੋਂ ਲਾਈ ਦੇਰੀ ?

ਤੇਰੀ ਯਾਦ ਵਿੱਚ ਡੁੱਲਦੇ ਹੰਝੂਆਂ ਨੂੰ, ਮਾਲ਼ਾ ਵੱਖਰੀ ੱਿਵੱਚ ਪਰੋ ਦਾਤਾ ।
ਜੋਤ ਜਗੇ ਜਿਹੜੀ ਨੂਰ ਦਏ ਮੈਂਨੂੰ,ਜ਼ਰਾ ਸਾਹਮਣੇ ਨੈਣਾਂ ਦੇ ਹੋ ਦਾਤਾ ।
ਦਾਗ਼ ਦਿਲ ਤੇ ਜੋ ਪਾਏ ਔਗਣਾਂ ਨੇ,ਪਾ ਕੇ ਝਾਤ ਦੇ ਸਾਰੇ ਓਹ ਧੋ ਦਾਤਾ।
ਸ਼ਕਤੀ ‘‘ਤੇਗ਼” ਦੀ ਤੇਰੀ ਅਣਮੋਲ ਜਿਹੜੀ, ਨਿੱਕੀ ‘‘ਕਲਮ” ਦੇ ਵਿੱਚ ਸਮੋ ਦਾਤਾ ।

ਮਿਹਰ ਜ਼ਰਾ ਕੁ ਕਰ ਫਿਰ ਕਸਮ ਤੇਰੀ,ਸਦਾ ਤੇਰੇ ਹੀ ਗੁਣ ਬੱਸ ਗਾਵਾਂਗਾ ਮੈਂ ।
ਬਦੀਆਂ ਅਤੇ ਬੁਰਾਈਆਂ ਨੂੰ ਦੂਰ ਕਰਸਾਂ, ‘‘ਢੰਗ” ਨਵਾਂ ਹੀ ਕੋਈ ਅਪਣਾਵਾਂਗਾ ਮੈਂ ।
ਭਾਈਚਾਰਾ,ਪਿਆਰ ਤੇ ਏਕਤਾ ਦਾ,ਝੰਡਾ ਜੱਗ ਵਿੱਚ ਮਾਹੀਆ ਝੁਲਾਵਾਂਗਾ ਮੈਂ ।
ਮੇਰੇ ਦਾਤਿਆ, ਚੋਜ਼ੀਆ,ਪ੍ਰੀਤਮਾ ਵੇ, ਸੱਚੇ-ਨਾਮ ਦੇ ਪੂਰਨੇ ਪਾਵਾਂਗਾ ਮੈਂ ।

-ਜਸਵਿੰਦਰ ਸਿੰਘ ਲੁਧਿਆਣਾ
162,ਗਲੀ ਨੰਬਰ 3,ਸ਼ਹੀਦ ਜਸਦੇਵ ਸਿੰਘ ਨਗਰ,
ਡਾਕਘਰ :ਗੁਰੂ ਨਾਨਕ ਇਜੀ.ਕਾਲਜ,
ਗਿੱਲ ਰੋਡ, ਲੁਧਿਆਣਾ-141006
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template