Headlines News :
Home » » ਜਿਸ ਦੇ ਹਾਣੀ ਬਣੇ ਰਹੇ ਬੁਰੇ ਦਿਨ- ਮੇਜਰ ਰਾਜਸਥਾਨੀ

ਜਿਸ ਦੇ ਹਾਣੀ ਬਣੇ ਰਹੇ ਬੁਰੇ ਦਿਨ- ਮੇਜਰ ਰਾਜਸਥਾਨੀ

Written By Unknown on Saturday, 22 December 2012 | 22:44



                                ਆਪਣੇ ਸਕੇ-ਸਬੰਧੀਆਂ,ਰਿਸ਼ਤੇਦਾਰਾਂ ਅਤੇ ਘਰਦਿਆਂ ਵੱਲੋਂ ਗਾਇਕ ਬਣਨ ਦੀ ਸਖ਼ਤ ਵਿਰੋਧਤਾ ਝੱਲਣ ਵਾਲੇ,ਪੰਜ ਭਰਾਵਾਂ ਅਤੇ ਇੱਕ ਭੈਣ ਦਾ ਲਾਡਲਾ ਵੀਰ ,ਸਧਾਰਨ ਪਰਿਵਾਰ ਦਾ ਜਮਪਲ,ਮੁੱਢਲੇ ਉਮਰ ਗੇੜ ਵਿੱਚ ਖੇਤਾਂ ਦੀਆਂ ਬੱਟਾਂ ਉੱਤੇ ਤੁਰਨ ਵਾਲਾ,ਦੀਦਾਰ ਸੰਧੂ ਦੀ ਸਟੇਜ ਉੱਤੇ ਦੀਦਾਰ ਸੰਧੂ ਦਾ ਹੀ ਗੀਤ “ਨਾ ਮਾਰ ਜ਼ਾਲਮਾਂ ਵੇ,ਪੇਕੇ ਤੱਤੜੀ ਦੇ ਦੂਰ” ਗਾ ਕੇ ਦੀਦਾਰ ਦੀ ਪਹਿਚਾਣ ਵਿੱਚ ਆਉਣ ਵਾਲਾ ਹੀ ਸੀ ਮੇਜਰ ਰਾਜਸਥਾਨੀ । ਜਿਸ ਦਾ ਮੁੱਢਲਾ ਨਾਅ ਮੇਜਰ ਬੁੱਟਰ ਸੀ ।ਫਿਰ ਕੈਸਟ ਜਗਤ ਵਿੱਚ ਨਿਤਰਨ ਸਮੇ ਸੰਗੀਤਕਾਰ ਅਤੁਲ ਸ਼ਰਮਾਂ ਨੇ ਬੁੱਟਰ ਦੀ ਥਾਂ ਰਾਜਸਥਾਨੀ ਕਰ ਦਿਤਾ । 
                             ਯਾਰਾਂ ਦੇ ਯਾਰ ,ਗੰਭੀਰ ਚਿਹਰੇ ਵਾਲੇ,ਉਦਾਸ ਗੀਤਾਂ ਰਾਹੀਂ ਆਪਣੀ ਪਹਿਚਾਣ ਬਨਾਉਣ ਵਾਲੇ ਇਸ ਗਾਇਕ ਦਾ ਜਨਮ 14 ਜਨਵਰੀ 1961 ਨੂੰ ਰਾਜਸਥਾਂਨ ਸੂਬੇ ਦੇ ਗੰਗਾਨਗਰ ਜ਼ਿਲ੍ਹੇ ਵਿੱਚ ਪੈਂਦੇ ਪੰਜ ਕੇ ਕੇ ਜੀਦਾ ਬੁਟਰ ਵਿੱਚ ਪਿਤਾ ਜੀਤ ਸਿੰਘ ਦੇ ਘਰ ,ਮਾਤਾ ਧਨ ਕੌਰ ਦੀ ਕੁੱਖੋਂ ਹੋਇਆ । ਮੇਜਰ ਉਦੋਂ ਦਸਵੀਂ ਵਿੱਚ ਪੜ੍ਹਦਾ ਸੀ ,ਜਦੋਂ ਉਸਦੀ ਮੁਲਾਕਾਤ ਦੀਦਾਰ ਸੰਧੂ ਨਾਲ ਹੋਈ ,ਅਤੇ ਦੀਦਾਰ ਨੇ ਉਸਨੂੰ ਆਪਣੇ ਪਿੰਡ ਭਰੋਵਾਲ ਆਉਂਣ ਦਾ ਸੱਦਾ ਦੇ ਆਂਦਾ । ਵਕਤ ਨੇ ਉਸ ਨਾਲ ਅਜਿਹੀ ਲੁਕਣ-ਮੀਚੀ ਖੇਡੀ ਕਿ ਉਹ ਖੇਤੀ ਕਰਨ ਦੇ ਆਹਰੇ ਲੱਗ ਗਿਆ । ਪਰ ਉਸ ਨੂੰ ਸੱਪਾਂ ਦੀਆਂ ਸਿਰੀਆਂ ਮਿੱਧਣ ਵਾਲਾ ਇਹ ਧੰਦਾ ਵੀ ਰਾਸ ਨਾ ਆਇਆ । ਫਿਰ ਇੱਕ ਦਿਨ “ਮੋਢੇ ਸੁੱਟ ਲੋਈ ,ਹੱਥ ਫੜ ਸੋਟੀ ਰਾਂਝਾ ਹੋ ਤੁਰਿਆ ਵਾਰਸ ਸ਼ਾਹ ਜਿਹਾ” ਵਾਂਗ ਉਹ ਦੀਦਾਰ ਸੰਧੂ ਕੋਲ ਆ ਪੁੰਚਿਆ । ਅਚਾਨਕ ਹੋਈ ਦੀਦਾਰ ਸੰਧੂ ਦੀ ਮੌਤ ਨੇ ਮੇਜਰ ਦੇ ਸੁਪਨੇ ਮਧੋਲ ਕੇ ਰੱਖ ਦਿੱਤੇ । ਇਸ ਸਦਮੇ ਨੇ ਉਸ ਦੀ ਮਾਨਸਿਕਤਾ ਨੂੰ ਝੰਬ ਸੁੱਟਿਆ । ਜਦ ਉਹ ਥੱਕਿਆ-ਹਾਰਿਆ ਵਾਪਸ ਘਰ ਪਹੁੰਚਿਆ ,ਤਾਂ ਭਾਂਡਾ ਤਿਆਗਣ ਵਾਂਗ ਸਾਰੇ ਸਕੇ ਸਬੰਧੀ ਪਾਸਾ ਵੱਟ ਚੁੱਕੇ ਸਨ । ਉਹ ਉਵੇਂ ਹੀ ਇੱਕੜ-ਦੁਕੜ ਪ੍ਰੋਗਰਾਮ ਕਰਦਾ ਰੁੱਖੀ-ਸੁੱਖੀ ਖਾਂਦਾ ਰਿਹਾ ।, ਰਿਸ਼ਤੇਦਾਰਾਂ ਨੇ ਵੀ ਬੋਲ ਬਾਣੀ ਬੰਦ ਕਰ ਦਿਤੀ । 
                           ਜੂਨ 1988 ਵਿੱਚ ਉਹਦੇ ਅੰਦਰਲੇ ਕਲਾਕਾਰ ਨੂੰ ਪਹਿਚਾਣਦਿਆਂ  ਭਰਪੂਰ ਸਿੰਘ ਦੂਲੋਂ ਅਤੇ ਮੀਤ ਸੇਖੋਂ ਨੇ ਲੁਧਿਆਣਾ ਦੀ ਵਧੀਆ ਕੈਸਿਟ ਕੰਪਨੀ “ਇੰਡੀਅਨ ਮੈਲੋਡੀਜ਼” ਰਾਹੀਂ ਮੇਜਰ ਦੀ ਕੈਸਿਟ “ਮਾਲਵੇ ਦਾ ਮੁੰਡਾ” ਰਿਕਾਰਡ ਕਰਵਾਈ । ਜਿਸ ਨਾਲ ਕੰਪਨੀ ਨੂੰ ਤਾਂ ਲਾਹਾ ਮਿਲਿਆ ,ਪਰ ਮੇਜਰ ਦੇ ਦਿਨ ਲਾਹੇਵੰਦ ਨਾ ਬਣੇ । ਸਨ 1989 ਦੀ ਲੋਹੜੀ ਵਾਲੇ ਦਿਨ ਉਹ ਉਹ ਆਪਣੀ ਭੈਣ ਕੋਲ ਭਦੌੜ ਜਾ ਪੁੰਚਿਆ ।ਉਹਦੇ ਜੀਜੇ ਜਸਵੰਤ ਬੋਪਾਰਾਏ ਨੇ ਉਸ ਨੂੰ ਆਪਣੇ ਕੋਲ ਰਹਿਣ ਲਈ ਮਨਾ ਲਿਆ । ਇੱਥੇ ਹੀ ਉਸ ਨੇ ਕੈਸਿਟ ਰਿਕਾਰਡ ਕਰਵਾਉਣ ਦੀ ਤਿਆਰੀ ਕੀਤੀ । ਜਿਸ ਦੀ ਬਦੌਲਤ ਕੈਸਿਟ “ਮੰਗਣੀ ਕਰਾਲੀ,ਨੀ ਚੋਰੀ ਚੋਰੀ”ਮਾਰਕੀਟ ਵਿੱਚ ਆਈ ਅਤੇ ਉਸ ਦੀ ਪਹਿਚਾਣ ਬਣੀ । ਫਿਰ ਅਗਲੀ ਕੈਸਿਟ “ ਜਿੰਦ ਲਿਖਤੀ ਤੇਰੇ ਨਾਂ” ਵੀ ਚੰਗੀ ਚੱਲੀ ।
                             ਜਦ ਇਸ ਸਿਦਕੀ-ਸਿਰੜੀ ਕਲਾਕਾਰ ਨੇ ਕੈਸਿਟ “ਕਾਰ ਰੀਬਨਾਂ ਵਾਲੀ” ( ਆਨੰਦ-1995),” ਅਖ਼ਾੜਾ ਮੇਜਰ ਦਾ”(ਪ੍ਰਿਯ-1996), “ਛੱਡ ਮੇਰੀ ਬਾਂਹ ਮਿੱਤਰਾ”(ਫ਼ਾਈਟੋਨ-1997),”ਪਹਿਲੀ ਮੁਲਾਕਾਤ”(ਟੀ-ਸੀਰੀਜ਼), ”ਤੇਰੇ ਗ਼ਮ ਵਿੱਚ ਨੀ ਕੁੜੀਏ”(ਪਰਲ-1994),”ਜ਼ੁੰਮੇਵਾਰ ਤੂੰ ਵੈਰਨੇ”(ਜੈੱਟ-1996),”ਚੁੰਨੀ ਸ਼ਗਨਾਂ ਦੀ”,”ਅੱਖ਼ਰਾਂ’ਚੋਂ ਤੂੰ ਦਿਸਦਾ”,ਅਤੇ ਖ਼ਾਲਸਾ ਸਾਜਨਾ ਦੇ 300 ਵੇਂ ਜਸ਼ਨਾਂ ਮੌਕੇ “ਆ ਜਾ ਬਾਬਾ ਨਾਨਕਾ” ਵਰਗੀਆਂ ਕੈਸਿਟਾਂ ਆਪਣੇ ਚਹੇਤਿਆਂ ਦੀ ਝੋਲੀ ਪਾਈਆਂ ।
                            ਦੋ-ਗਾਣਾ ਗਾਇਕੀ ਵਿੱਚ ਵੀ ਉਹਨੇ ਸੋਲੋ ਗਾਇਕੀ ਵਾਂਗ ਨਾਮਣਾ ਖੱਟਿਆ । ਅਜਿਹਾ ਸਾਥ ਨਿਭਾਉਣ ਵਾਲੀਆਂ ਵਿੱਚ ਸੁਰਪ੍ਰੀਤ ਸੋਨੀ,ਅੰਮ੍ਰਿਤਾ ਵਿਰਕ,ਬਲਜੀਤ ਬੱਲੀ,ਜਸਪਾਲ ਜੱਸੀ,ਸਵਰਨ ਸੋਨੀਆਂ,ਸ਼ਮ੍ਹਾਂ ਲਵਲੀ,ਸ਼ਾਹੀ ਮੁਮਤਾਜ,ਕੁਲਜੀਤ ਜੀਤੀ ਵਰਗੀਆਂ ਗਾਇਕਾਵਾਂ ਸ਼ਾਮਲ ਹਨ । ਮੇਜਰ ਰਾਜਸਥਾਨੀ ਨੇ ਮੁਖ ਤੌਰ’ਤੇ ਗੀਤਾ ਦਿਆਲਪੁਰੀ,ਰਾਜੂ ਪੱਤੋ ਵਾਲਾ,ਸਤਨਾਮ ਜਿਗਰੀ,ਬੂਟਾ ਭਾਈਰੂਪਾ,ਮਦਨ ਜਲੰਧਰੀ,ਕਾਕਾ ਫੂਲ ਵਾਲਾ,ਜਸਵੰਤ ਬੋਪਾਰਾਏ,ਅਮਰਜੀਤ ਮਾਣੂੰ ਕੇ,ਮੱਖਣ ਸ਼ਹਿਣੇ ਵਾਲਾ,ਦੀਪਾ ਦਾਖੇ ਵਾਲਾ,ਅਤੇ ਪੀਟਾ ਚੰਦੇਲੀਵਾਲਾ,ਵਰਗੇ ਗੀਤਕਾਰਾਂ ਦੇ ਗੀਤਾਂ ਨੂੰ ਆਪਣੀ ਦਮਦਾਰ ਅਵਾਜ਼ ਦਾ ਜਾਮਾ ਪਹਿਨਾਇਆ । ਮੇਜਰ ਦੇ ਇਹਨਾਂ ਗੀਤਾਂ ਨੂੰ ਅੱਜ ਵੀ ਲੋਕ, ਲੋਕ ਗੀਤਾਂ ਵਾਂਗ ਗੁਣ-ਗੁਣਾਉਂਦੇ ਹਨ:-
* ਕੋਈ ਜੁਗਤ ਬਣਾ ਲੈ ਹਾਣਦਿਆ,* ਮੈਨੂੰ ਲੈ ਜੂ ਰੋਂਦੀ ਨੂੰ ਕਾਰ ਰੀਬਨਾਂ ਵਾਲੀ,* ਲੱਗੀ ਸਕਿਆਂ ਭਰਾਵਾਂ ਵਿੱਚ ਜੰਗ ਮਾੜੀ ਐ,* ਵੇ ਰੋਂਦੀ ਦਾ ਸਰਾਣਾ ਭਿੱਜ ਗਿਆ,* ਚੰਦੀ ਬਲਾਉਣੋਂ ਹਟਗੀ,* ਵੰਗਾ ਨਾ ਛਣਕਾ,* ਦੁੱਖ ਪ੍ਰਦੇਸੀਆਂ ਦੇ,* ਮੈ ਤੇਰੀ ਖ਼ਾਤਰ ਪੀਨਾਂ ਆਂ,”
                        ਸਿਰਫ਼ 38 ਵਰ੍ਹਿਆਂ ਦੀ ਭਖ਼ਦੀ ਉਮਰੇ ,ਰਾਮਪੁਰੇ ਰੈਣ-ਬਸੇਰਾ ਰੱਖਣ ਵਾਲਾ,ਸਭਿਆਚਾਰਕ ਮੇਲੇ ਰਾਮਪੁਰਾ ਨਾਲ ਜੁੜੇ, ਫ਼ੋਨ ਉੱਤੇ ਇਸ ਕਲਮਕਾਰ ਨਾਲ ਦਿਲ ਦੀਆਂ ਤਾਘਾਂ ਸਾਂਝੀਆਂ ਕਰਦੇ ਰਹਿਣ ਵਾਲਾ,ਇੱਥੋਂ ਲੰਘਦਿਆਂ ਮਿਲਣਾ ਨਾ ਭੁੱਲਣ ਵਾਲਾ,ਸਹਿਜਪ੍ਰੀਤ ਦਾ ਪਤੀ,ਲੜਕੇ ਲਵਪ੍ਰੀਤ ਅਤੇ ਲੜਕੀ ਨਵਜੋਤ ਦਾ ਪਿਤਾ ਮੇਜਰ ਰਾਜਸਥਾਨੀ ਅਜੇ ਬੀਤੇ ਸਮੇ ਦੇ ਦਰਦ ਵਿੱਚੋਂ ਪੂਰੀ ਤਰ੍ਹਾਂ ਬਾਹਰ ਵੀ ਨਹੀਂ ਸੀ ਨਿਕਲਿਆ ਕਿ 14 ਦਸੰਬਰ 1999 ਨੂੰ ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਇਸ ਕਲਾਕਾਰ ਨੂੰ ਅਜਿਹਾ ਦਿਲ ਦਾ ਦੌਰਾ ਪਿਆ ਕਿ ਹਜ਼ਾਰਾਂ ਯਤਨ ਮੁੱਠੀਆਂ ਮੀਚ ਕੇ ਰਹਿ ਗਏ । ਉਸ ਨੇ ਤਾਂ ਅਜੇ “ਚੰਦਰੀ ਬੁਲਾਉਣੋਂ ਹਟ ਗਈ ” ਕੈਸਿਟ ਦਾ ਲੁਤਫ਼ ਵੀ ਨਹੀਂ ਸੀ ਲਿਆ,ਕਿ ਉਸਨੂੰ ਹੀ ਇਸ ਦੁਨੀਆਂ ਤੋਂ ਜਾਣ ਦਾ ਜਰਵਾਣਾ ਬੁਲਾਵਾ ਆ ਗਿਆ ।   
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ;98157-07232

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template