Headlines News :
Home » » ਖੌਲਦਾ ਮਹਾਂਸਾਗਰ-ਗੁਰਨਾਮ ਸਿੰਘ ਮੁਕਤਸਰ

ਖੌਲਦਾ ਮਹਾਂਸਾਗਰ-ਗੁਰਨਾਮ ਸਿੰਘ ਮੁਕਤਸਰ

Written By Unknown on Saturday, 8 December 2012 | 03:56



ਉਹ ਜਾਗਿਆ ਹੋਇਆ, ਸੁਚੇਤ ਬੌਧਿਕ ਤੌਰ ਤੇ  ਸਪੰਨ ਤੇ  ਭਾਰਤੀ ਸਮਾਜ ਦੀ ਧੁਰ ਤਕ ਸੂਝ ਰੱਖਣ ਵਾਲਾ ਵਿਦਵਾਨ ਂਿਚੰਤਕ ਅਤੇ ਦਲਿਤ ਸਰੋਕਾਰਾਂ ਨੂੰ ਪਰਨਾਇਆ ਕਾਰਜਸ਼ੀਲ ਮਨੂੱਖ ਹੈ। ਉਹ ਸਮਾਜਿਕ ਪ੍ਰੀਵਰਤਨ ਤੇ ਆਰਥਿਕ ਮੁਕਤੀ ਦਾ ਕੇਵਲ ਤਲਬਗਾਰ ਹੀ ਨਹੀ  ਸਗੋ ਦਿਲੋਂ ਮਨੋ ਤੇ ਰੂਹ ਤੋ ਮੁਦੱਈ ਹੈ। ਉਹਨੇ ਖੀਰ ਸਾਗਰ ਵਾਂਗ ਇਤਿਹਾਸ ਮਿਥਹਾਸ ਦਾ ਗਹਿਰ ਗੰਭੀਰ ਮੰਥਨ ਕਰਕੇ ਕੀਮਤੀ ਮਾਣਕ ਮੋਤੀਆਂ  ਨਾਲ ਸਮਾਜ ਦੀ ਝੋਲੀ ਭਰਨ ਦਾ ਭਰਪੂਰ ਉਪਰਾਲਾ ਕੀਤਾ ਹੈ। ਉਹਨੇ ਸ਼ਬਦਾਂ ਦੀਆਂ ਖਾਣਾਂ ਖੋਦਕੇ ਕੋਹਿਨੂਰ ਹੀਰੇ ਵਰਗੇ ਸੁੱਚੇ ਵਿਚਾਰਾ ਨਾਲ ਸਾਹਿਤ ਨੂੰ ਮਾਲਾਮਾਲ ਕੀਤਾ ਹੈ। ਉਹਦੀ ਲੇਖਣੀ ਵਿਚ ਵਹਿੰਦੇ ਦਰਿਆਵਾਂ ਵਰਗੀ ਰਵਾਨੀ ਹੈ।
ਉਹ ਬੇਝਿਜਕ, ਬੇਬਾਕ ਤੇ ਬੇਖੌਫ ਹੋਕੇ ਸਿੱਧੀ ਸਪਾਟ ਗੱਲ ਕਹਿਣ/ਲਿਖਣ ਦੀ ਦਲੇਰੀ ਰੱਖਦਾ ਹੈ, ਉਹ ਪਗਡੰਡੀਆਂ ਤੇ ਤੁਰਨ ਦੀ ਬਜਾਏ ਨਵੇਂ ਰਾਹ ਬਨਾਉਣ ਦੇ ਸਮਰੱਥ ਹੈ।
ਉਹ ਕੱਲਾ ਕਹਿਰਾ ਬੰਦਾ ਕਈ ਸੰਸਥਾਵਾਂ ਤੋ ਵੱਧ ਕੰਮ (ਦਲਿਤਾਂ ਸੋਸ਼ਿਤਾਂ ਦੀ ਮੁਕਤੀ ਲਈ) ਕਰੀ ਜਾਂ ਰਿਹਾ ਹੈ। ਬੇਸ਼ਕ ਉਹ ਕੌਮੀ ਕੌਮਾਂਤਰੀ ਪ੍ਰਸਿਧੀ ਵਾਲਾ ਸੰਘਰਸ਼ਸੀਲ ਚਿੰਤਕ ਤੇ ਵਿਦਵਾਨ ਲੇਖਕ ਹੈ ਪਰ ਉਹਦੇ ਜੱਦੀ ਪਿੰਡ ਧੂੜਕੋਟ ਰਣਸ਼ੀਂਹ ਦੇ ਜਾਤੀ ਰੰਘੜਊ ਚ ਗਰੱਸੇ ਲੋਕਾਂ ਲਈ ਉਹ "ਕਰਤਾਰੇ ਜੁਲਾਹੇ ਦਾ ਗਾਮਾ" ਹੀ ਹੈ। ਕਤਰਾਵੀਂ ਠੱਪੀ ਤੇ ਸਲੀਕੇ ਨਾਲ ਰੰਗੀ ਦਾੜ੍ਹੀ ਉਚੇ ਠੁੱਡ ਵਾਲੀ ਘੋਟਵੀਂ ਪੱਗ ਵਾਲਾ ਛੋਹਲੇ ਕਦੁਮੀ ਮਗਰੂਰੀ ਨਾਲ ਤੁਰਦਾ ਬਾਜ ਵਰਗੀਆ ਅੱਖਾਂ ਵਾਲਾ ਮਨੁੱਖ ਹੈ ਗੁਰਨਾਮ ਸਿੰਘ ਮੁਕਤਸਰ। ਊਪਰੋਂ ਸ਼ਾਂਤ ਤੇ ਪਹਿਲੀ ਨਜ਼ਰੇ ਚੁੱਪ ਗੜੁੱਪ ਦਿਸਣਵਾਲਾ ਉਹ ਬੰਦਾ ਆਪਣੇ ਅੰਦਰ ਅਨੰਤ ਖੌਲਦੇ ਮਹਾਂਸਾਗਰ ਸਮੋਈ ਫਿਰਦਾ ਹੈ। ਉਹਨੇ ਢੇਰਾਂ ਦੇ ਢੇਰ ਪੁਸਤਕਾਂ ਰਸਾਲੇ ਤੇ ਅਖਬਾਰ ਪੜ੍ਹੇ ਅਤੇ ਲੱਖਾਂ ਕਰੋੜਾਂ ਸ਼ਬਦ ਲਿਖੇ ਤੇ ਬੋਲੇ।
ਉਹਦੇ ਕੋਲ ਸ਼ਬਦਾਂ ਦਾ ਅਮੁੱਕ ਭੰਡਾਰ ਹੈ ਅਤੇ ਵਿਚਾਰਾਂ ਦਾ ਅਸੀਮ ਪਰਵਾਹ। ਉਹ ਕੁਨੀਨ ਵਰਗੀਆਂ ਕੌੜੀਆਂ ਤੇ ਨਿਮੋਲੀਆਂ ਵਰਗੀਆਂ ਕਸੈਲੀਆਂ ਗੱਲਾਂ ਕਹਿੰਦਾ ਅਤੇ ਲਿਖਦਾ ਹੈ ਉਹਦੀ ਲੇਖਣੀ ਵਿਚ ਭਾਰਤੀ ਸਮਾਜ ਦੇ ਚਿੰਤਨ ਦਾ ਮਧਾਣਾ ਹੈ ਜੋ ਸੱਚ ਰੂਪੀ ਅੰਮ੍ਰਿਤ ਦੀ ਤਲਾਸ਼ ਵਿਚ ਗਿੜ ਰਹਿਆ ਹੈ। ਉਹ ਹਾਰਦਿਕ ਇੱਛਕ ਹੈ ਕਿ ਹੁਣ ਅਸੀਂ ਦੁਸ਼ਮਣ ਹੱਥੋਂ ਜ਼ਹਿਰ ਨਹੀਂ ਅੰਮ੍ਰਿਤ ਹੀ ਪੀਣਾ ਹੈ । ਬਹੁਜਨਾਂ ਦੀ ਗੁਲਾਮੀ, ਛਲਾਵੇ ਤੇ ਕਪਟ ਤੋ ਮੁਕਤੀ ਲਈ ਉਹ ਯਤਨਸ਼ੀਲ ਹੈ।
ਉਹ ਆਪਣਾ ਪਥ-ਪ੍ਰਦਰਸ਼ਕ ਵੀਹਵੀਂ ਸਦੀ ਦੇ ਮਹਾਂਨਾਇਕ, ਬਹੁਜਨਾਂ ਦੀ ਮੁਕਤੀ ਦੇ ਤਲਬਗਾਰ ਤੇ ਕਰੋੜਾਂ ਦਲਿਤਾਂ ਦੇ ਮਸੀਹਾ ਸਾਹਿਬ ਸ਼੍ਰੀ ਕਾਂਸ਼ੀ ਰਾਮ ਨੁੰ ਮੰਨਦਾ ਹੈ ਜਿਸ ਦੀ ਬਦੌਲਤ ਰਿਗਵੇਦ ਤੋ ਗੁਰੂ ਗ੍ਰੰਥ ਸਾਹਿਬ ਤਕ ਤੇ ਮਹਾਮਾਨਵ ਬੁੱਧ ਤੋ ਅੰਬੇਡਕਰ ਦੀ ਵਿਚਾਰਧਾਰਾ ਨੁੰ ਪੜ੍ਹ ਸਕਿਆ, ਸਮਝ ਬੁੱਝ ਸਕਿਆ ਤੇ ਇਸ ਦੇ ਸਹੀ ਅਰਥਾ ਦੀ ਗਹਿਰਾਈ ਨੁੰ ਜਾਣ ਸਕਿਆ। ਦਰਮਿਆਨੇ ਕੱਦ ਪਰ ਉੱਚੀ ਸੋਚ ਵਾਲਾ ਉਹ ਬੰਦਾ ਜਾਤ-ਪਾਤ ਦੇ ਖਾਤਮੇ, ਗੈਰ ਬਰਾਬਰੀ ਦੇ ਅੰਤ, ਬਹੁਜਨਾਂ ਦੀ ਮੁਕਤੀ ਅਤੇ ਭਾਈਚਾਰਕ ਸਾੰਝ ਵਾਲਾ ਆਦਰਸ਼ਕ ਸਮਾਜ ਕਾਇਮ ਕਰਨ ਲਈ ਕਿਸੇ ਮਹਾਂਸਾਗਰ ਵਾਂਗ ਖੌਲਦਾ ਪ੍ਰਤੀਤ ਹੁੰਦਾ ਹੈ ਉਹਦੇ ਅੰਦਰੋ ਸੰਤ ਕਬੀਰ, ਸਤਿਗੁਰੁੂ ਨਾਨਕ, ਮਹਾਤਮਾ ਜੋਤੀ-ਬਾ-ਫੁੂਲੇ ਅਤੇ ਯੁੱਗ ਪੁਰਸ਼ ਡਾ ਅੰਬੇਡਕਰ ਦੀ ਮਾਨਵੀ ਸੋਚ ਸੁਨਾਮੀ ਲਹਿਰਾਂ ਵਾਂਗ ਉਗਮਦੀ ਹੈ। ਉਹ ਸਨਾਤਨੀ ਕੂੜ ਪਸਾਰੇ ਤੇ ਉਸਰੀ ਵੰਡ ਵਿਤਕਰਿਆਂ ਵਾਲੀ ਵਰਨ ਵਿਵਸਥਾ ਤੇ ਜਾਤ ਪਾਤੀ ਪ੍ਰਬੰਧ ਨੂੁੰ ਢਹਿ ਢੇਰੀ ਹੁੰਦਿਆਂ ਵੇਖਣ ਦੀ ਰੀਝ ਪਾਲੀ ਬੈਠਾ ਹੈ। 
ਉਹ ਸਰੋਤੇ/ਪਾਠਕ ਨੁੰ ਸ਼ਬਦ ਜਾਲ ਵਿਚ ਉਲਝਾਉਣ ਦੀ ਬਜਾਏ ਡਾਂਗ ਵਰਗੀ ਸਿੱਧੀ ਸਪਾਟ ਗੱਲ ਕਰਦਾ ਹੈ ਬਿਨਾ ਇਸ ਗੱਲ ਦੀ ਪ੍ਰਵਾਹ ਕੀਤਿਆਂ ਕਿ ਕਿਸੇ ਦੇ ਗਿੱਟੇ ਲੱਗਦੀ ਹੈ ਜਾਂ ਗੋਡੇ ਮੋਢੇ । ਉਹਦੀਆਂ ਨਸ਼ਤਰ ਚੋਭਾਂ ਦੀ ਪੀੜ ਅਨੁਭਵ ਕਰਦਿਆਂ ਕਈ ਵਾਰ ਵਿਰੋਧੀ ਵੀ ਸਕੂਨ ਮਹਿਸੂਸ ਕਰਦਾ ਹੈ।
ਉਹ ਆਪਣੀ ਗੱਲ ਅਕੱਟ ਦਲੀਲਾਂ ਸਹਿਤ ਸੈਂਕੜੇ ਪਰਮਾਣਾਂ ਸਮੇਤ ਕਹਿਣ ਦੀ ਸਮਰੱਥਾ ਰੱਖਦਾ ਹੈ। ਉਹਨੇ ਬਣੀਆ ਬਣਾਈਆ ਮਿੱਥਾਂ ਨੂੰ ਬੇਬਾਕੀ ਨਾਲ ਤੋੜਿਆਂ ਹੈ ਉਹਨੇ ਇਤਿਹਾਸ ਨੁੂੰ ਨਵੀਂ ਦਿਸ਼ਾ ਦਿਤੀ ਅਤੇ ਅਨੇਕਾਂ ਅਣਗੌਲੇ ਤੱਥ ਉਜਾਗਰ ਕੀਤੇ ਹਨ ।
"ਝੂਠ ਨ ਬੋਲ ਪਾਂਡੇ" ਆਖਦਿਆਂ ਉਹ ਕੂੜ ਪਸਾਰੇ ਨੂੰ ਨੰਗਾ ਕਰਨ ਦੀ ਦਲੇਰੀ ਹੌਸਲਾ ਤੇ ਹਿੰਮਤ ਰੱਖਦਾ ਹੈ। ਉਹਨੁੂੰ ਇਕੋ ਕਾਂਡ ਵਿਚ ਇਕੋ ਸਾਹੇ ਬਿਨਾਂ ਰੁਕਿਆਂ "ਕਹਿ ਰਵਿਦਾਸ ਚਮਾਰਾ" ਵਰਗੀ ਸੈਕਂੜੇ ਸਫਿਆਂ ਦੀ ਪੁਸਤਕ ਦਾ ਰਚੇਤਾ ਹੋਣ ਦਾ ਮਾਣ ਹਾਸਲ ਹੈ ।
ਉਹ ਸਿਧਾਂਤਕ ਧਰਾਤਲ ਤੇ ਖੜੋਤੇ ਸਿੱਖ ਸਮਾਜ ਅੰਦਰ ਪਸਰੀ ਜਾਤ-ਪਾਤ ਤੋਂ ਮੁਨਕਰ ਸਿੱਖ ਚਿੰਤਕਾਂ ਵਿਦਵਾਨਾਂ ਤੇ ਬੁਧੀ ਜੀਵੀਆਂ ਨਾਲ ਲੜੀ ਬੱਧ ਸੰਵਾਦ ਰਚਾਕੇ ਇਹ ਗੱਲ  ਮੰਨਵਾਉਣ ਦੀ ਕਾਬਲੀਅਤ ਰੱਖਦਾ ਹੈ ਕਿ ਸਿੱਖਾ ਵਿਚ ਜਾਤ-ਪਾਤ ਪੁੂਰੀ ਤਰ੍ਹਾਂ ਭਾਰੂ ਹੈ ਜੋ ਗੁਰੂ ਸਿਧਾਤਾਂ ਦੇ ਉਲਟ ਹੈ । 
ਉਸਨੇ ਇਹ ਗੱਲ ਨਿੱਠਕੇ ਗੁਰਬਾਣੀ ਦੇ ਸੈਕਂੜੇ ਪ੍ਰਮਾਣਾਂ ਸਹਿਤ ਸਿੱਧ ਕੀਤੀ ਹੈ ਕਿ ਸਿੱਖ ਲਹਿਰ ਦੇ ਸਿਰਜਕ ਅਛੂਤ ਪੁਰਖੇ (ਸੰਤ ਨਾਮਦੇਵ, ਕਬੀਰ ਰਵਿਦਾਸ ਤੇ ਸੈਣ) ਹਨ। ਉਹਨੇ ਧੱੜਲੇ ਨਾਲ ਲਿਖਿਆ ਹੈ ਕਿ ਗੁਰਮਿਤ ਸੰਤ ਜੈ ਦੇਵ ਜੀ ਤੋਂ ਉਕਤ ਮਹਾਂਪੁਰਸ਼ਾਂ ਰਾਂਹੀਂ ਗੁਰੂ ਸਾਹਿਬਾਨ ਤੱਕ ਪੁੱਜੀ ਤੇ ਪ੍ਰਵਾਨ ਚੜ੍ਹੀ ।
ਉਹ ਗਲੀ ਸੜੀ ਜਾਤੀਵਾਦੀ ਵਿਵਸਥਾ ਤੇ ਦੀਰਘ ਝਾਤ ਪਵਾਉਦਿਆਂ ਸੈਕੜੇ ਸਫਿਆਂ ਦੀ ਰਚਨਾ ਰਾਹੀ ਬੇਬਾਕੀ ਨਾਲ ਬੈਖੋਫ ਹੋ ਕੇ ਕਹਿਣ ਦੀ ਜੁਰੱਖਦਾ ਹੈ ਕਿ "ਮੈ ਹਿੰਦੂ ਮਰੂੰਗਾ ਨਹੀ"।
ਅਛੁੂਤਪੁਣੇ ਦਾ ਹੱਡੀ-ਹੰਡਾਇਆ ਸੱਚ, ਜਾਤੀਵਾਦੀਆਂ ਦੀਆਂ ਬਦਸਲੂਕੀਆਂ, ਗੁਰੂਦੁਆਰਿਆਂ ਤੇ ਡੇਰਿਆਂ ਚ ਵਿਤਕਰਿਆਂ ਵਖਰੇਵਿਆਂ ਵਾਲਾ ਵਰਤਦਾ  ਵਰਤਾਰਾ ਸਮਾਜ ਚ ਪਸਰਿਆ ਜਾਤਪਾਤੀ  ਕੋਹੜ ਉਹਨੁੂੰ  ਲਗਾਤਾਰ ਬੇਚੈਨ ਕਰੀ ਰੱਖਦਾ ਹੈ । ਇਸ ਸਮਾਜਕ  ਕੋਹਝ ਨੂੰ  ਹੁੂੰਝਣ ਲਈ ਉਹ ਲਗਾਤਾਰ ਲਿਖੀ ਜਾ ਰਹਿਆ ਹੈ, ਲਿਖੀ  ਜਾ ਰਹਿਆ ਹੈ, ਲਿਖੀ ਜਾ ਰਹਿਆ ਹੈ।  
ਕਈ ਸੱਜਣ ਇਤਰਾਜ ਕਰਦੇ ਹਨ ਕਿ ਉਹਦੀਆਂ ਲਿਖਤਾਂ ਵਿਚ ਦੁਹਰਾਉ ਹੈ। ਪਰ ਇਹ ਦੁਹਰਾਉ ਦੱਰੁਸਤ ਹੈ, ਸਿਧਾਂਤਕ ਹੈ। ਉਹ ਆਪਣੀ ਹਰ ਰਚਨਾ ਚ ਇਹ ਗੱਲ ਉਭਾਰਦਾ ਹੈ ਕਿ ਭਾਰਤ ਦੇ ਬਹੁਜਨ ਇਥੋਂ ਦੇ ਮੂਲ ਨਿਵਾਸੀ ਹਨ। ਦਰਾਵੜਾ ਦੀ ਔਲਾਦ ਹਨ ਆਰੀਅਨ ਇਥੇ ਨਜਾਇਜ  ਕਾਬਜ ਹਨ, ਉਹਨਾਂ ਦਰਾਵੜਾ ਨੁੂੰ ਗੁਲਾਮ ਬਣਾਇਆ, ਸ਼ੁੂਦਰ ਬਣਾਇਆ, ਸਛੂਤ-ਅਛੂਤ ਬਣਾਇਆ, ਦਾਸ-ਦਸਿਯੂ ਬਣਾਇਆ। ਹਰੀਜਨ-ਗਿਰੀਜਨ ਬਣਾਇਆ, ਦਲਿਤ ਪਛੜੇ ਬਣਾਇਆ ਪਰ ਇਨਸਾਨ ਨਹੀ ਬਣਨ ਦਿਤਾ। ਇਨਸਾਨੀਅਤ ਦੀ ਬਹਾਲੀ ਲਈ ਮਹਾਤਮਾ ਬੁੱਧ, ਸੰਤ ਨਾਮਦੇਵ, ਕਬੀਰ, ਰਵਿਦਾਸ, ਗੁਰੂ ਨਾਨਕ ਦੇਵ ਅਤੇ ਗੁਰੂ ਗੋਬਿੰਦ ਸਿੰਘ, ਫੁੂਲੇ ਸਾਹੂ, ਅੰਬੇਡਕਰ ਆਦਿ ਸਤਿ ਪੁਰਖਾਂ ਨੇ ਸੰਘਰਸ਼ ਕੀਤਾ ।ਵੰਡ ਵਿਤਕਰਿਆਂ ਵਾਲੀ ਗਲੀ ਸੜੀ ਅਮਾਨਵੀ ਬ੍ਰਾਹਮਣਵਾਦੀ ਵਿਵਸਥਾ ਤਹਿਸ਼ ਨਹਿਸ਼ ਕਰਕੇ, ਜਾਤ-ਪਾਤ ਦਾ ਬੀਜ ਨਾਸ਼ ਕਰਕੇ ਇਥੇ ਬੇਗਮਪੁਰਾ ਕਾਇਮ ਕੀਤਾ ਜਾਵੇ ਜਿਥੇ, ਸਾਂਝੀ ਵਾਲਤਾ ਤੇ ਬਰਾਬਰੀ ਵਾਲਾ ਹਲੇਮੀ ਰਾਜ ਹੋਵੇ, ਉਹਦੀ ਹਰ ਰਚਨਾ ਦਾ ਤੋੜਾ ਬੱਸ ਇੱਥੇ ਹੀ ਝੜਦਾ ਹੈ ਜਿਸਨੂੰ ਉਹਦੇ ਅਲੋਚਕ ਦੁਹ੍ਹਰਾਓ ਕਹਿੰਦੇ ਹਨ। 
ਉਹ ਦਲਿਤ ਚੇਤਨਾ ਨੂੰ ਪੂਰੀ ਤਰ੍ਹਾਂ ਪਰਨਾਇਆ ਹੈ। ਉਹ ਉਚਕੋਟੀ ਦਾ ਦਲਿਤ ਚਿੰਤਕ ਹੈ। ਉਹ ਬੁਧੀਜੀਵੀਆਂ ਵਿਦਵਾਨਾਂ ਵਿਚ ਪੁੂਰੀ ਬੇਬਾਕੀ ਨਾਲ ਵਿਚਾਰ ਗੋਸ਼ਟੀਆਂ ਕਰਨ ਦੇ ਸਮਰੱਥ ਹੈ ਉਹ ਜਾਤ-ਵਾਦੀ ਕਰੁਰ ਮਾਨਸਿਕਤਾ ਵਿਰੁੱਧ ਧੜੱਲੇਦਾਰ ਹਮਲਾਵਰ ਹੈ। ਉਹ ਭਾਰਤੀ ਸਮਾਜ ਦੀ ਅਮਾਨਵੀ ਤਰਜ਼ਿ-ਜ਼ਿੰਦਗੀ ਦੇ ਬਖੀਏ ਉਧੇੜਦਾ ਹੈ ਸ਼ਾਇਦ ਉਹ ਏਸੇ ਕਰਕੇ ਸਾਹਿਤਕ ਖੇਤਰ ਵਿਚ ਅਣਗੌਲਿਆ ਹੈ।ਉਹ ਅਲੰਕਾਰਕ ਸ਼ੈਲੀ ਦੀ ਬਜਾਏ ਸਿੱਧ ਪੱਧਰੀ ਠੇਠ ਮਲਵੱਈ ਭਾਸ਼ਾ ਚ ਛੋਟੇ ਵਾਕ ਲਿਖਦਾ/ਬੋਲਦਾ ਹੈ ਉਹਦੀ ਗੱਲ ਅਨਪੜ੍ਹ/ਅਧਪੜ੍ਹ ਬੰਦੇ ਨੂੰ ਵੀ ਸਮਝ ਪੈਂਦੀ ਹੈ।  
ੳਹ ਤੇਜ ਦੋੜਨ ਵਾਲਾ ਅਰਬੀ ਘੋੜਾ ਹੈ ਉਹਦੇ ਨਾਲ ਵਗਣਾ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ । ਉਹ ਵਿਰੋਧੀ ਰਾਏ ਪਸੰਦ ਨਹੀ ਕਰਦਾ ਭਾਵੇ ਸਹੀ ਹੀ ਕਿਉ ਨਾ ਹੋਵੇ । ਉਹਦਾ ਵਤੀਰਾ ਆਪਣੈ ਸਾਥੀਆਂ ਨਾਲ ਵਿਦਿਆਰਥੀਆਂ ਵਰਗਾ ਹੁੰਦਾ ਹੈ ਸ਼ਾਇਦ ਅਧਿਆਪਨ ਦੇ ਕਿੱਤੇ ਵਿਚ ਲੰਮਾਂ ਸਮਾਂ ਰਹਿਣ ਕਰਕੇ ਇਹ ਉਹ ਦੇ ਸੁਭਾਅ ਦਾ ਅੰਗ ਬਣ ਗਿਆ ਹੋਵੇ।  "ਜੋ ਕਹਿਤਾ ਸੋ ਕਹਿਤਾ……......ਬੱਸ ਵਈ" ਵਰਗੇ ਜ਼ਿੱਦੀ ਵਰਤਾਉ ਸਦਕਾ ਉਸਦੇ ਨੇੜਲੇ ਸਾਥੀ ਵੀ ਨਿਰਾਸ਼/ਨਿਰਾਜ਼ ਹੋਕੇ ਦੁੂਰ ਹੋ ਜ਼ਾਂਦੇ ਹਨ। 
ਉਹ ਦੇ ਕਈ "ਮਿੱਤਰ ਪਿਆਰੇ" ਉਹਨੁੰ ਹੰਕਾਰੀ, ਅਭਿਮਾਨੀ, ਹੈਂਕੜਬਾਜ਼ ਤੇ ਘੁਮੰਡੀ ਕਹਿਕੇ ਭੰਡਦੇ ਹਨ ਉਹ ਆਪਨੇ ਤੇ ਲੱਗੇ ਇਸ ਦੁੂਸ਼ਣ ਪ੍ਰਤੀ ਜਾਣੁੂ ਹੈ ਉਹ ਪੁੂਰੀ ਬੇਬਾਕੀ ਨਾਲ ਸਵੀਕਾਰਦਾ ਹੈ ਕਿ "ਹਾਂ ਮੈ ਘੁਮੰਡੀ ਹਾਂ"। 
ਉਹ ਯੋਗ ਪ੍ਰਬੰਧਕ ਤੇ ਲਾਣੈ ਦਾ ਮੋਹਰੀ ਬਣਨ ਦੇ ਸਮਰੱਥ ਹੈ। ਉਹਦੀ ਉੱਚ ਪਧਰੀ ਵਿੱਦਿਅਕ ਯੋਗਤਾ, ਸੁੂਝ-ਬੂਝ, ਆਪਣੇ ਢੰਗ ਨਾਲ ਕੰਮ ਕਰਨ ਦਾ ਤੌਰ ਤਰੀਕਾ ਤੇ ਅੜੀਅਲ ਰਵਈਆ ਕਈਆਂ ਨੁੰ ਰਾਸ ਨਹੀ ਆੳੰਦਾ। ਵਿਰੋਧੀਆਂ ਦੀਆਂ ਚੁਗਲੀਆਂ ਸਾਹਿਬ ਕਾਂਸ਼ੀ ਰਾਮ ਨਾਲ ਉਹਦੇ ਸੰਬਧਾ ਚ ਖਟਾਸ ਦਾ ਕਾਰਨ ਬਣ ਗਈਆਂ । ਫਿਰ ਉਸਨੂੁੰ ਜਾਣ ਬੁੱਝਕੇ, ਨਿੱਠਕੇ ਜੱਥੇਬੰਦਕ ਸਫਾਂ ਚੋਂ ਪਰ੍ਹੇ-ਪਰੇਡੇ ਧੱਕ ਦਿਤਾ ਗਿਆ ਪਰ ਉਹ ਰਸਤਾ ਬਦਲ ਕੇ ਆਪਣੀ ਮੰਜ਼ਲ ਨੁੂੰ ਸੇਧਤ ਲਗਾਤਾਰ ਤੁਰੀ ਜਾ ਰਿਹਾ ਹੈ।
ਦਲਿਤਾ ਦੀ ਬਾਈਬਲ ਵਜੋ ਜਾਣੀ ਜਾਂਦੀ "ਭਾਰਤੀ ਲੋਕ ਨੀਚ ਕਿਵੇ ਬਣੇ" ਕਥਾ ਕਹਿੰਦਿਆਂ, "ਦਲਿਤ ਵਿਹੜਿਆਂ ਦੀ ਦਾਸਤਾਨ" ਦਸਦਿਆਂ ਸਮਾਜਿਕ ਕੋਹਝ ਵਿਰੂੱਧ ਬੇਗਮਪੁਰਾ ਕਾਇਮ ਕਰਨ ਲਈ ਉਸ "ਖੌਲਦੇ ਮਹਾਂਸਾਗਰ" ਦਾ "ਧਰਮਯੁੱਧ" ਵਜੋਂ "ਸੰਘਰਸ਼ ਜਾਰੀ ਹੈ"। 

ਲਾਲ ਸਿੰਘ ਸੁਲਹਾਣੀ
94, ਆਜਾਦ ਨਗਰ, ਫਿਰੋਜਪੁਰ ਸ਼ਹਿਰ
98721-55120  

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template