ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਵਿੱਚ ਨਵੀਂ ਰੂਹ ਫੂਕੀ। ਸਦੀਆਂ ਤੋਂ ਲਿਤਾੜੇ ਜਾ ਰਹੇ ਨਿਮਾਣੇ, ਨਿਤਾਣੇ, ਗਰੀਬ ਤੇ ਮਜ਼ਲੂਮ ਲੋਕਾਂ ਨੂੰ ਧੌਣ ਉੱ ੱਚੀ ਕਰਕੇ ਤੁਰਨ ਦੀ ਜਾਂਚ ਦੱਸੀ। ਜਾਤ ਪਾਤ ਦੀ ਪ੍ਰਥਾ ਦਾ ਅੰਤ ਕੀਤਾ। ਇਤਹਾਸ ਗਵਾਹੀ ਭਰਦਾ ਹੈ ਕਿ ਵੱਖ-ਵੱਖ ਕੋਨਿਆਂ ਤੋਂ ਆਏ ਵੱਖ-ਵੱਖ ਜਾਤਾਂ ਵਾਲੇ ਮਨੁੱਖਾਂ ਨੂੰ 1699 ਈ: ਨੂੰ ਵਿਸਾਖੀ ਵਾਲੇ ਦਿਨ ਸਿਰਾਂ ਦੀ ਭੇਟ ਲੈ ਕੇ ਪਵਿੱਤਰ ਅੰਮ੍ਰਿਤ ਦੀ ਦਾਤ ਬਖਸ਼ੀ।ਇੱਕੋ ਬਾਟੇ ਵਿੱਚੋਂ ਅੰਮ੍ਰਿਤ ਛਕਾ ਕੇ ਉਸ ਅਕਾਲ ਪੁਰਖ ਕੀ ਫੌਜ ਦਾ ਰੁੱਤਬਾ ਦਿੱਤਾ ਜੋ ਕਦੇ ਚਿੜੀ ੳ ੁੱਡਣ ਕਰਕੇ ਡਰਣ ਲੱਗ ਜਾਂਦਾ ਸੀ। ਉਹ ਖਾਲਸਾ ਸਵਾ-ਸਵਾ ਲੱਖ ਦੁਸ਼ਮਣ ਨਾਲ ਇੱਕਲਾ- ਇੱਕਲਾ ਲੱੜਨ ਦੀ ਸਮਰੱਥਾ ਰੱਖਣ ਲੱਗ ਪਿਆ ਜੋ ਕਦੇ ਆਪਣੀ ਰੱਖਿਆ ਨਹੀ ਕਰ ਸਕਦੇ ਸਨ। ਉਹ ਅੰਮ੍ਰਿਤ ਛੱਕ ਕੇ ਦੀਨ ਦੁਖੀਆਂ ਤੇ ਬੇਸਹਾਰਾ ਲੋਕਾਂ ਦਾ ਸਹਾਰਾ ਬਣਨ ਲੱਗੇ। ਇਹ ਸਭ ਸਾਹਿਬ-ਏ-ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਸ਼ੀਰਵਾਦ ਸਦਕਾ ਹੀ ਸੰਭਵ ਹੋ ਸਕਿਆ। ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਜੋ ਸਿੱਖੀ ਦੀ ਨੀਂਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਖੀਂ। ਉਸ ਨੀਂਹ ਤੇ ਸਿੱਖੀ ਦੀਆਂ ਮੰਜ਼ਿਲਾਂ ਉਸਾਰ ਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਮੰਜ਼ਿਲਾਂ ਨੂੰ ਰੌਸ਼ਨ ਕੀਤਾ। ਐਸੀ ਵੀਰਤਾ ਦੀ ਮਿਸਾਲ ਹੋਰ ਕਿਧਰੇ ਨਹੀ ਮਿਲਦੀ। ਊਚ-ਨੀਚ ਦਾ ਭੇਦ-ਭਾਵ ਮਿਟਾ ਕੇ ਸਦੀਆਂ ਤੋਂ ਲਿਤਾੜੇ ਹੋਏ ਲੋਕਾਂ ਨੂੰ ਆਪਣੇ ਗਲ ਨਾਲ ਲਾਇਆ। ਉਸ ਰੂਹਾਨੀ ਸਖਸ਼ੀਅਤ ਨੇ ਪਿਤਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਮਾਤਾ ਜੀ ਮਾਤਾ ਗੁਜਰੀ ਜੀ ਦੇ ਉਦਰ ਪਟਨਾ ਸਾਹਿਬ ਵਿਖੇ 22 ਦਸੰਬਰ 1666 ਈ: ਨੂੰ ਅਵਤਾਰ ਧਾਰਿਆ। ਆਪਣੇ ਅਵਤਾਰ ਧਾਰਨ ਬਾਰੇ ਗੁਰੂ ਸਾਹਬ ਫੁਰਮਾਉਦੇ ਹਨ: 
ਹਮ ਇਹ ਕਾਜ ਜਗਤ ਮੋ ਆਏ।।
ਧਰਮ ਹੇਤ ਗੁਰਦੇਵ ਪਠਾਏ।। 
ਜਹਾਂ ਤਹਾਂ ਤੁਮ ਧਰਮ ਬਿਖਾਰੋ।। 
ਦੁਸਟ ਦੋਖੀਅਨ ਪਕਰਿ ਪਛਾਰੋ।। 
ਯਾਹੀ ਕਾਜ ਧਰਾ ਹਮ ਜਨਮੰ।।
ਸਮਝ ਲੇਹੂ ਸਾਧੂ ਸਭ ਮਨਮੰ।।
ਧਰਮ ਚਲਾਵਨ ਸੰਤ ਉਬਾਰਨ।। 
ਦੁਸਟ ਸਭਨ ਕੋ ਮੂਲ ਉਪਾਰਨ।।
(ਬਚਿੱਤਰ ਨਾਟਕ, ਅਧਿਆਏ 6)  
ਤਹੀ ਪ੍ਰਕਾਸ਼ ਹਮਾਰਾ ਭਯੋ।।
ਪਟਨਾ ਸਹਰ ਬਿਖੈ ਭਵ ਲਯੋ।।
ਜਦ ਗੁਰੂ ਜੀ ਦਾ ਇਸ ਧਰਤੀ ਤੇ ਆਗਮਨ ਹੋਇਆ ਤਾਂ ਚਾਰੇ ਪਾਸੇ ਗੁਲਜਾਰਾਂ ਖਿੜ ਪਈਆਂ। ਰੱਬ ਦੇ ਪਿਆਰੇ ਪਟਨਾਂ ਸਾਹਬ ਨੂੰ ਦਰਸ਼ਨਾਂ ਲਈ ਤੁਰ ਪਏ। ਸੱਯਦ ਭੀਖਣ ਸ਼ਾਹ ਨੇ ਉਸ ਦਿਨ ਨਮਾਜ਼ ਪੱਛਮ ਵੱਲ ਸਿੱਜਦਾ ਕਰਨ ਦੀ ਥਾਂ ਪਟਨਾ ਸਾਹਬ ਵੱਲ ਮੂੰਹ ਕਰਕੇ ਪੜੀ।ਉਸਨੂੰ ਇਹ ਗਿਆਨ ਹੋ ਗਿਆ ਸੀ ਕਿ ਧਰਤੀ ਤੇ ਦੀਨ ਦੁਨੀਆਂ ਦਾ ਮਾਲਕ ਆਪ ਆਇਆ ਹੈ। ਇੰਨ੍ਹੇ ਨਾਲ ਹੀ ਉਸ ਦੀ ਤ੍ਰਿਪਤੀ ਨਹੀ ਹੋਈ। ਇਹ ਜਾਨਣ ਲਈ ਕਿ ਇਹ ਦੀਨ ਦੁਨੀਆਂ ਦਾ ਮਾਲਕ ਮੁਸਲਮਾਨਾਂ ਜਾਂ ਹਿੰਦੂਆ ਦੀ ਰੱਖਿਆ ਵਾਸਤੇ ਆਇਆ ਹੈ। ਪਰਖ ਕਰਨ ਲਈ ਦੋ ਕੁੱਜੇ ਇੱਕ ਵਿੱਚ ਪਾਣੀ ਅਤੇ ਦੂਸਰੇ ਵਿੱਚ ਦੁੱਧ ਪਾ ਕੇ ਪਟਨਾ ਸਾਹਬ ਵੱਲ ਚੱਲ ਪਿਆ। ਇਹ ਸੋਚਦਾ ਹੋਇਆ ਕਿ ਜੇ ਸਾਹਿਬਾਂ ਨੇ ਪਾਣੀ ਵਾਲੇ ਕੁੱਜੇ ਤੇ ਹੱਥ ਧਰਿਆ ਤਾਂ ਮੈਂ ਸਮਝਾਗਾਂ ਕਿ ਹਿੰਦੂਆ ਦਾ ਰਖਵਾਲਾ ਹੈ ਤੇ ਅਗਰ ਜੇ ਦੁੱਧ ਵਾਲੇ ਕੁੱਜੇ ਤੇ ਹੱਥ ਧਰਿਆ ਤਾਂ ਮੈਂ ਸਮਝਾਗਾਂ ਕਿ ਮੁਸਲਮਾਨਾਂ ਦਾ ਰਹਿਬਰ ਆਇਆ ਹੈ। ਇਹੀ ਸੋਚ ਵਿਚਾਰ ਕਰਦਿਆਂ ਸੱਯਦ ਭੀਖਣ ਸ਼ਾਹ ਪਟਨਾ ਸਾਹਿਬ ਵਿਖੇ ਪਹੁੰਚ ਗਿਆ। ਨਮਸਕਾਰ ਕੀਤੀ। ਸਾਹਿਬਾਂ ਦੇ ਦਰਸ਼ਨ ਕਰਕੇ ਮਨ ਬਾਗੋ-ਬਾਗ ਹੋ ਗਿਆ। ਜਦੋਂ ਪਰਖ ਕਰਨ ਲਈ ਦੋਵੇਂ ਕੁੱਜੇ ਸਾਹਿਬਾਂ ਦੇ ਸਨਮੁੱਖ ਰੱਖੇ ਤਾਂ ਬਾਲ ਅਵਸਥਾ ਵਿੱਚ ਸਮੁੱਚੀ ਮਨੁੱਖਤਾ ਦੇ ਰਹਿਬਰ ਨੇ ਆਪਣੇ ਨਿੱਕੇ-ਨਿੱਕੇ ਤੇ ਸੋਹਣੇ-ਸੋਹਣੇ ਹੱਥ ਦੋਵੇਂ ਕੁੱਜਿਆ ਤੇ ਹੱਥ ਰੱਖ ਦਿੱਤੇ। ਸੱਯਦ ਭੀਖਣ ਸ਼ਾਹ ਨੇ ਧਰਤੀ ਤੇ ਮੱਥਾ ਟੇਕ ਕੇ ਨਮਸਕਾਰ ਕੀਤੀ ਤੇ ਸਮਝ ਗਿਆ ਕਿ ਇਹ ਇਲਾਹੀ ਜੋਤ ਸਭ ਦੀ ਰਖਵਾਲੀ ਕਰੇਗੀ। ਉਸ ਬਾਲ ਦਾ ਨਾਂ ਗੋਬਿੰਦ ਰਾਏ ਰੱਖਿਆ ਗਿਆ। ਬਾਲ ਗੋਬਿੰਦ ਰਾਏ ਜਿੱਧਰ ਵੀ ਜਾਂਦੇ ਹਵਾ ਵਿੱਚ ਸੁਗੰਧੀਆਂ ਫੈਲ ਜਾਂਦੀਆਂ। ਸਾਰਾ ਹੀ ਪਟਨਾ ਸਾਹਿਬ ਗੋਬਿੰਦ ਰਾਏ ਦੀਆਂ ਕਿਲਕਾਰੀਆਂ ਨਾਲ ਗੂੰਜ ਉਠਿਆ। ਬਾਲ ਗੋਬਿੰਦ ਰਾਏ ਸਾਰਾ ਦਿਨ ਹੀ ਹਾਣੀਆਂ ਨਾਲ ਖੇਡਦੇ ਰਹਿੰਦੇ। ਉਹਨਾਂ ਦੀਆਂ ਖੇਡਾਂ ਸਭ ਬੱਚਿਆਂ ਨਾਲੋਂ ਵਚਿੱਤਰ ਹੁੰਦੀਆਂ।ਆਪ ਬਚਪਨ ਵਿੱਚ ਹੀ ਟੋਲੀਆਂ ਬਣਾ ਕੇ ਯੁੱਧ ਕਰਦੇ। ਦੇਰ ਰਾਤ ਤੱਕ ਗੋਬਿੰਦ ਰਾਏ ਖੇਡਦੇ ਰਹਿੰਦੇ ਤੇ ਵਾਪਸੀ ਸਮੇਂ ਸਭ ਨੂੰ ਆਪਣੇ ਨਾਲ ਹੀ ਘਰ ਲੈ ਜਾਂਦੇ ਤੇ ਮਾਤਾ ਜੀ ਅਸੀਸਾ ਦੀ ਝੜੀ ਲਾ ਦਿੰਦੇ। ਆਪ ਆਪਣੇ ਹਾਣੀਆਂ ਨੂੰ ਵੱਖ-ਵੱਖ ਪਕਵਾਨ ਖਵਾਉਂਦੇ। ਆਪ ਜੀ ਨੂੰ ਇਹ ਸਭ ਕਰਕੇ ਅੰਤਾਂ ਦੀ ਖੁਸ਼ੀ ਮਿਲਦੀ।ਆਪ ਬਚਪਨ ਸਮੇਂ ਤੋਂ ਹੀ ਨਿੱਡਰ ਤੇ ਨਿਰਭੈ ਯੋਧੇ ਸਨ। ਉਸ ਸਮੇਂ ਦੇ ਲੋਕ ਹਾਕਮਾਂ  ਨੂੰ ਝੁੱਕ-ਝੁੱਕ ਕੇ ਸਲਾਮਾਂ ਕਰਦੇ ਸਨ, ਪਰ ਬਾਲ ਗੋਬਿੰਦ ਰਾਏ ਆਪਣੇ ਸਾਥੀਆਂ ਨਾਲ ਉਹਨਾਂ ਨੂੰ ਟਿੱਚਰਾਂ ਕਰਦੇ ਸਨ। ਸਿਪਾਹੀਆਂ ਦੇ ਲੱਖ ਡਰਾਉਣ ਤੇ ਵੀ ਆਪ ਡਰਦੇ ਨਹੀ।ਇਸ ਬਾਰੇ ਉਹਨਾਂ ਕਈ ਵਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਲਿਖਤੀ ਬੇਨਤੀ ਕੀਤੀ ਤਾਂ ਪਿਤਾ ਗੁਰੂ ਜੀ ਨੇ ਜਵਾਬ ਦਿੱਤਾ ਕਿ: 
ਜੋ ਗੋਬਿੰਦ ਕੀਆ ਭਲਾ ਕੀਆ। 
ਬਾਲ ਗੋਬਿੰਦ ਰਾਏ ਤਾਂ ਇਲਾਹੀ ਨੂਰ ਸਨ। ਇੱਕ ਵਾਰ ਬਾਲ ਗੋਬਿੰਦ ਰਾਏ ਜੀ ਨੂੰ ਸੋਨੇ ਦੇ ਦੋ ਕੰਗਨ ਪਹਿਨਾਏ ਗਏ। ਰੋਜ਼ ਦੀ ਤਰ੍ਹਾਂ ਬਾਲ ਗੋਬਿੰਦ ਰਾਏ ਜਦੋਂ ਰਾਤ ਨੂੰ ਖੇਡ ਕੇ ਵਾਪਸ ਆਏ ਤਾਂ ਹੱਥ ਵਿੱਚ ਇੱਕ ਕੰਗਨ ਸੀ। ਜਦੋਂ ਮਾਮੇ ਕ੍ਰਿਪਾਲ ਚੰਦ ਜੀ ਦੇ ਪੁੱਛਣ ਤੇ ਆਪ ਉਹਨਾ ਨੂੰ ਗੰਗਾ ਕਿਨਾਰੇ ਲੈ ਗਏ। ਕਿੱਥੇ ਸੁੱਟਿਆ ਹੈ ਕੰਗਨ? ਤਾਂ ਬਾਲ ਗੋਬਿੰਦ ਰਾਏ ਜੀ ਨੇ ਦੁਜਾ ਕੰਗਨ ਵੀ ਹੱਥੋਂ ਉਤਾਰ ਕੇ ਵਗਾਹ ਮਾਰਿਆ ਤੇ ਕਿਹਾ ‘ਉਸ ਜਗ੍ਹਾ ਡਿੱਗਾ ਹੈ’।ਆਪ ਅਜੇ ਨੌ ਸਾਲ ਦੇ ਹੀ ਸਨ ਕਿ ਕਸ਼ਮੀਰੀ ਪੰਡਿਤਾਂ ਦਾ ਔਰੰਗਜੇਬ ਨੇ ਜੀਣਾ ਹਰਾਮ ਕੀਤਾ ਹੋਇਆ ਸੀ। ਪੰਡਿਤ ਕ੍ਰਿਪਾ ਰਾਮ ਦੀ ਅਗਵਾਈ ਵਿੱਚ ਅਨੰਦਪੁਰ ਸਾਹਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਫਰਿਆਦ ਲੈ ਕੇ ਸਾਰੇ ਪੰਡਿਤ ਆਏ। ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ :
“ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨਿ” 
ਦਾ ਸੱਚ ਕਰ ਵਿਖਾਉਣ ਦਾ ਸਮਾਂ ਆ ਗਿਆ ਹੈ। ਇੰਨ੍ਹੇ ਚਿਰ ਨੂੰ ਬਾਲ ਗੋਬਿੰਦ ਰਾਏ ਜੀ ਬਾਹਰੋਂ ਖੇਡ ਕੇ ਆਏ ਪੁੱਛਣ ਤੇ ਪਿਤਾ ਗੁਰਦੇਵ ਜੀ ਨੇ ਦੱਸਿਆ ਕਿ ਔਰੰਗਜੇਬ ਦਾ ਜ਼ੁਲਮ ਬਹੁਤ ਵੱਧ ਗਿਆ ਹੈ। ਉਸਨੂੰ ਰੋਕਣ ਲਈ ਕਿਸੇ ਸੱਚੀ ਸੁੱਚੀ ਸਖਸ਼ੀਅਤ ਦੀ ਕੁਰਬਾਨੀ ਦੀ ਲੋੜ ਹੈ ਤਾਂ ਸੁਣ ਕੇ ਬਾਲ ਗੋਬਿੰਦ ਬੋਲੇ ਕਿ ‘ਹੇ ਪਿਤਾ ਜੀ, ਆਪ ਜੀ ਤੋਂ ਸੱਚਾ ਸੁੱਚਾ ਹੋਰ ਕੌਣ ਹੋ ਸਕਦਾ ਹੈ।” ਤਾਂ ਪਿਤਾ ਗੁਰਦੇਵ ਜੀ ਸਮਝ ਗਏ ਤੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਜ਼ੁਲਮ ਤੇ ਅੱਤਿਆਚਾਰ ਦੇ ਖਿਲਾਫ ਸ਼ਹੀਦੀ ਦਿੱਤੀ। ਇਸੇ ਤਰ੍ਹਾਂ ਗੁਰੂ ਜੀ ਨੇ ਆਪਣੀ 42 ਸਾਲ ਦੀ ਸੰਸਾਰਕ ਆਯੂ ਵਿੱਚ ਪਿਤਾ ਵਾਰਿਆ, ਚਾਰ ਪੁੱਤਰ ਵਾਰੇ, ਜਾਨ ਤੋਂ ਪਿਆਰੇ ਸਿੱਖ ਵਾਰੇ ਤੇ ਇਹ ਦੱਸ ਦਿੱਤਾ ਕਿ ਭਾਵੇਂ ਸਭ ਕੁਝ ਲੁੱਟ ਜਾਏ ਕਦੇ ਵੀ ਸਚਾਈ ਦਾ ਸਾਥ ਨਹੀ ਛੱਡਣਾ ਤੇ ਜ਼ੁਲਮ ਅੱਗੇ ਝੁੱਕਣਾ ਨਹੀਂ, ਹਮੇਸ਼ਾ ਸੱਚਾਈ ਦੇ ਨਾਲ ਰਹਿਣਾ। ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤ ਵਿੱਚ ਸ਼ਰਧਾ ਪੂਰਵਕ ਬੜਾ ਸੁੰਦਰ ਲਿੱਖਦੇ ਹਨ ਕਿ:
ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, 
ਏਜ਼ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ।
ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ,
ਸ਼ਾਹਿ ਸ਼ਾਹਿਨਸ਼ਾਹ ਗੁਰੂ ਗੋਬਿੰਦ ਸਿੰਘ। 
ਹੱਕ-ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, 
ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। 
ਕਾਦਿਰੇ-ਹਰਕਾਰ ਗੁਰੂ ਗੋਬਿੰਦ ਸਿੰਘ, 
ਬੇਕਸਾਂ-ਰਾ ਯਾਰ ਗੁਰੂ ਗੋਬਿੰਦ ਸਿੰਘ।
ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ,
ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ।
ਧਰਮਿੰਦਰ ਸਿੰਘ ਵੜ੍ਹੈਚ(ਚੱਬਾ), ਮੋਬਾ: 97817-51690
ਪਿੰਡ ਤੇ ਡਾਕ:ਚੱਬਾ, ਤਰਨਤਾਰਨ ਰੋਡ, ਅੰਮ੍ਰਿਤਸਰ- 143022
 


 
 
 
 
 
 
0 comments:
Speak up your mind
Tell us what you're thinking... !