ਅਮਰ ਸ਼ਹੀਦ ਸ੍ਰ. ਸੇਵਾ ਸਿੰਘ ਠੀਕਰੀਵਾਲਾ ਦਾ ਜਨਮ 24 ਅਗਸਤ 1886 ਈ: ਨੂੰ ਪਿਤਾ ਸ੍ਰ. ਦੇਵਾ ਸਿੰਘ ਤੇ ਮਾਤਾ ਹਰਿ ਕੌਰ ਦੇ ਘਰ ਪਿੰਡ ਠੀਕਰੀਵਾਲ ਸੰਗਰੂਰ ਵਿੱਚ ਹੋਇਆ। ਆਪ ਪੰਜ ਭੈਣ ਭਰਾ ਸਨ। ਆਪ ਦੀ ਮੁੱਢਲੀ ਪੜ੍ਹਾਈ ਪਟਿਆਲਾ ਵਿਖੇ ਹੀ ਸ਼ੁਰੂ ਹੋਈ । ਆਪ ਦੇ ਪਿਤਾ ਉਸ ਸਮੇਂ ਪਟਿਆਲਾ ਦੇ ਮਹਾਰਾਜੇ ਦੇ ਅਹਿਲਕਾਰ ਸਨ।ਬਾਈ ਸਾਲ ਦੀ ਉਮਰ ਵਿੱਚ ਆਪ ਨੇ ਪਟਿਆਲਾ ਰਿਆਸਤ ਦੇ ਸਿਹਤ ਵਿਭਾਗ ਵਿੱਚ ਵੀ ਸੇਵਾ ਨਿਭਾਈ। ਉਸ ਤੋਂ ਬਾਅਦ ਆਪ ਆਪਣੇ ਜੱਦੀ ਪਿੰਡ ਠੀਕਰੀਵਾਲ ਆ ਗਏ। ਪਿੰਡ ਆ ਕੇ ਸਿੰਘ ਸਭਾ ਲਹਿਰ ਦੇ ਸੰਪਰਕ ਵਿੱਚ ਆ ਕੇ ਆਪ ਨੇ ਅੰਮ੍ਰਿਤ ਦੀ ਪਵਿੱਤਰ ਦਾਤ ਪ੍ਰਾਪਤ ਕੀਤੀ ਤੇ ਆਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਸੱਜ ਗਏ। ਸਿੰਘ ਸੱਜਣ ਉਪਰੰਤ ਆਪ ਸਮਾਜ ਸੁਧਾਰਕ, ਧਰਮ ਪ੍ਰਚਾਰ, ਵਿੱਦਿਆ ਦੇ ਖੇਤਰ ਅਤੇ ਅਜ਼ਾਦੀ ਲਈ ਸੰਘਰਸ਼ ਕਰਨ ਵਿੱਚ ਤਨੋ-ਮਨੋ ਜੁੱਟ ਗਏ। ਆਪ ਦੇ ਪਿੰਡ ਠੀਕਰੀਵਾਲ ਵਿੱਚ ਅਠਾਰ੍ਹਵੀਂ ਸਦੀ ਦੇ ਸਿੱਖ ਕੌਮ ਦੇ ਅਨਮੋਲ ਹੀਰੇ ਮੁੱਖ ਆਗੂ ਸ੍ਰ. ਨਵਾਬ ਕਪੂਰ ਸਿੰਘ ਪਟਿਆਲਾ ਰਿਆਸਤ ਦੇ ਬਾਨੀ, ਬਾਬਾ ਆਲਾ ਸਿੰਘ ਦੇ ਬੇਨਤੀ ਕਰਨ ਤੇ ਜਿੱਥੇ ਆਪਣੇ ਦਲ ਸਮੇਤ ਇੱਥੇ ਠਹਿਰੇ ਸਨ। ਉਸ ਜਗ੍ਹਾ ਗੁਰਦੁਆਰਾ ਸਾਹਬ ਬਨਾਉਣ ਦਾ ਸਾਰਾ ਕਾਰਜ ਆਪਣੀ ਨਿਗਰਾਨੀ ਹੇਠ ਕਰਵਾਇਆ। ਆਪ ਧਾਰਮਿਕ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ।ਆਪ ਪਟਿਆਲਾ ਜਿਲ੍ਹੇ ਦੇ ਪਲੇਗ ਅਫਸਰ ਵੀ ਰਹੇ। ਉਨ੍ਹੀਂ ਦਿਨੀਂ ਪਲੇਗ ਦੀ ਮਹਾਂਮਾਰੀ ਫੈਲੀ ਹੋਈ ਸੀ।ਆਪ ਨੇ ਤਨੋ-ਮਨੋ ਰੋਗੀਆਂ ਦੀ ਸੇਵਾ ਕੀਤੀ। 1921 ਨੂੰ ਜਦ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ ਤਾਂ ਆਪ ਆਪਣੇ ਵੱਲੋਂ ਸਿੰਘਾਂ ਦਾ ਜਥਾ ਲੈ ਕੇ ਕਾਲੀਆਂ ਪੱਗਾਂ ਬੰਨ੍ਹ ਕੇ ਰੋਸ ਵਜੋਂ ਸ਼ਹੀਦੀ ਦੇਣ ਲਈ ਨਨਕਾਣਾ ਸਾਹਿਬ ਪਹੁੰਚੇ। 1922 ਵਿੱਚ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਵੀ ਆਪ ਨੇ ਵੱਧ ਚੜ੍ਹ ਕੇ ਹਿੱਸਾ ਲਿਆ। 1923 ਵਿੱਚ ਜਦੋਂ ਜੈਤੋ ਦਾ ਮੋਰਚਾ ਲੱਗਾ ਹੋਇਆ ਸੀ ਤਾਂ ਅੰਗਰੇਜ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੈਰ ਕਾਨੂੰਨੀ ਜਥੇਬੰਦੀਆਂ ਐਲਾਨ ਕੇ ਜਥੇਬੰਦੀਆਂ ਦੇ ਮੁੱਖੀਆਂ ਦੀ ਗ੍ਰਿਫਤਾਰੀ ਦੇ ਹੁਕਮ ਜਾਰੀ ਕਰ ਦਿੱਤੇ ਸਨ। ਇਸੇ ਲੜੀ ਤਹਿਤ ਸ੍ਰ. ਸੇਵਾ ਸਿੰਘ ਨੂੰ ਮੁਕਤਸਰ ਸਾਹਬ ਦੇ ਗੁਰਦੁਆਰਾ ਸਾਹਿਬ ਤੋਂ ਗ੍ਰਿਫਤਾਰ ਕਰ ਲਿਆ ਗਿਆ। ਲਗਭਗ ਤਿੰਨ ਸਾਲ ਤੱਕ ਆਪ ਲਾਹੌਰ ਜੇਲ ਵਿੱਚ ਨਜ਼ਰਬੰਦ ਰਹੇ। 1926 ਨੂੰ ਤਿੰਨ ਸਾਲ ਬਾਅਦ ਜਦੋਂ ਆਪ ਜੇਲ ਤੋਂ ਰਿਹਾਅ ਹੋਏ ਤਾਂ ਪਟਿਆਲਾ ਰਿਆਸਤ ਦੀ ਪੁਲਿਸ ਨੇ ਬਾਬਾ ਗਾਂਧਾ ਸਿੰਘ ਬਰਨਾਲਾ ਦੀ ਗੜਵੀ ਚੋਰੀ ਦਾ ਝੂਠਾ ਦੋਸ਼ ਲਾ ਕੇ ਮੁੜ ਗ੍ਰਿਫਤਾਰ ਕਰ ਲਿਆ। ਜਦ ਉਸੇ ਹੀ ਡੇਰੇ ਦੇ ਮਹੰਤ ਰਘਬੀਰ ਸਿੰਘ ਦੇ ਸੱਚਾਈ ਬਿਆਨ ਕਰਨ ਤੇ ਕਿ ਕੋਈ ਚੋਰੀ ਨਹੀ ਹੋਈ ਹੈ ਤੇ ਮੁਕੱਦਮਾ ਤਾਂ ਖਾਰਜ ਹੋ ਗਿਆ, ਪਰ ਅੰਗਰੇਜ ਹਕੂਮਤ ਦੀ ਬਦਨੀਤੀ ਕਾਰਨ ਬਿਨ੍ਹਾਂ ਕਿਸੇ ਦੋਸ਼ ਦੇ ਤਿੰਨ ਸਾਲ ਹੋਰ 1929 ਤੱਕ ਜੇਲ੍ਹ ਵਿੱਚ ਨਜ਼ਰਬੰਦ ਰੱਖਿਆ। ਇਸ ਨਜ਼ਰਬੰਦੀ ਦੌਰਾਨ ਹੀ ਆਪ ਪਰਜਾ ਮੰਡਲ ਲਹਿਰ ਦੇ ਪ੍ਰਧਾਨ ਚੁਣੇ ਗਏ। 1931 ਵਿੱਚ ਜੀਂਦ ਅਤੇ 1932 ਵਿੱਚ ਮਲੇਰ ਕੋਟਲੇ ਜਦ ਕਿਸਾਨਾਂ ਵੱਲੋਂ ਅੰਦੋਲਨ ਹੋਇਆ ਤਾਂ ਆਪ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਆਪ ਨੂੰ ਇਸ ਲਈ 6 ਮਹੀਨੇ ਦੀ ਕੈਦ ਹੋਈ। 25 ਅਗਸਤ 1923 ਨੂੰ ਆਪ ਨੂੰ ਫਿਰ ਮਹਾਰਾਜਾ ਪਟਿਆਲਾ ਵਿਰੁੱਧ ਗਲਤ ਪ੍ਰਚਾਰ ਕਰਨ ਦੇ ਦੋਸ਼ ਤਹਿਤ ਗ੍ਰਿਫਤਾਰ ਕਰ ਲਿਆ ਸੀ।ਇਸ ਵਿੱਚ ਆਪ ਨੂੰ 9-10 ਸਾਲ ਦੀ ਕੈਦ ਅਤੇ 2 ਹਜ਼ਾਰ ਰੁਪੈ ਦਾ ਜੁਰਮਾਨਾ ਕੀਤਾ ਗਿਆ। ਪਟਿਆਲਾ ਰਿਆਸਤ ਦੇ ਮਹਾਰਾਜਾ ਭੁਪਿੰਦਰ ਸਿੰਘ ਸ੍ਰ. ਸੇਵਾ ਸਿੰਘ ਨੂੰ ਇਹ ਸਭ ਛੱਡ ਕੇ ਉਸ ਦਾ ਸਾਥ ਦੇਣ ਤਾਂ ਉਹਨਾਂ ਨੂੰ ਪਟਿਆਲਾ ਰਿਆਸਤ ਵਿੱਚ ਕਿਸੇ ਉੱਚ ਅਹੁਦੇ ਤੇ ਬਿਰਾਜਮਾਨ ਜਰੂਰ ਕੀਤਾ ਜਾ ਸਕਦਾ ਹੈ ਪਰ ਸ੍ਰ. ਸੇਵਾ ਸਿੰਘ ਵੱਲੋਂ ਇਹ ਪੇਸ਼ਕਸ਼ ਠੁਕਰਾਉਣ ਤੇ ਜੇਲ ਕਰਮਚਾਰੀਆਂ ਦੀ ਮਦਦ ਨਾਲ ਗੈਰ ਮਨੁਖੀ ਵਰਤਾਰਾ ਕਰਕੇ ਝੂਠੇ ਕੇਸਾਂ ਵਿੱਚ ਜੇਲ ਵਿੱਚ ਬੰਦ ਰੱਖਣ ਦੇ ਵਿਰੋਧ ਵਿੱਚ ਆਪ ਨੇ ਜੇਲ ਅੰਦਰ ਹੀ ਤਨੋਂ ਨੰਗੇ ਹੋ ਕੇ ਸਿਰਫ ਕਛਿਹਰੇ ਵਿੱਚ ਹੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਉਧਰ ਜਨਵਰੀ ਮਹੀਨਾ ਹੋਣ ਕਰਕੇ ਠੰਢ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਇਸ ਲਈ ਅੰਤ ਨੂੰ 9 ਮਹੀਨੇ ਦੀ ਲੰਬੀ ਭੁੱਖ ਹੜਤਾਲ ਕਾਰਨ 19 ਜਨਵਰੀ 1935 ਨੂੰ ਸਿਹਤ ਜ਼ਿਆਦਾ ਖਰਾਬ ਹੋਣ ਕਰਕੇ ਸਾਥੋਂ ਸਦਾ ਲਈ ਵਿੱਛੜ ਗਏ।
ਧਰਮਿੰਦਰ ਸਿੰਘ ਵੜ੍ਹੈਚ(ਚੱਬਾ),
ਪਿੰਡ ਤੇ ਡਾਕ:ਚੱਬਾ,
ਤਰਨਤਾਰਨ ਰੋਡ,
ਅੰਮ੍ਰਿਤਸਰ-143022 ,
ਮੋਬਾ:97817-51690


0 comments:
Speak up your mind
Tell us what you're thinking... !