Headlines News :
Home » » ਸਮਾਜ ਦੇ ਪ੍ਰੰਪਰਾਵਾਦੀ ਅਸੂਲਾਂ ਨੂੰ ਟਿੱਚ ਸਮਝਣ ਵਾਲੀ;ਪਰਵੀਨ ਬਾਬੀ - ਰਣਜੀਤ ਸਿੰਘ ਪ੍ਰੀਤ

ਸਮਾਜ ਦੇ ਪ੍ਰੰਪਰਾਵਾਦੀ ਅਸੂਲਾਂ ਨੂੰ ਟਿੱਚ ਸਮਝਣ ਵਾਲੀ;ਪਰਵੀਨ ਬਾਬੀ - ਰਣਜੀਤ ਸਿੰਘ ਪ੍ਰੀਤ

Written By Unknown on Saturday, 12 January 2013 | 02:40

                       ਮਜ਼ਬੂਤ ਅਤੇ ਸਮਾਜੀ ਢਾਂਚੇ ਨੂੰ ਅੰਗੂਠਾ ਦਿਖਾਉਂਣ ਵਾਲੀ,1970 ਦੇ ਦਹਾਕੇ ਦੀ ਸਫ਼ਲ ਬਾਲੀਵੁੱਡ ਅਭਨੇਤਰੀ ਅਤੇ ਜ਼ੀਨਤ ਅਮਾਨ ਦੀ ਸਕਰੀਨ ਵਿਰੋਧੀ ਪਰਵੀਨ ਵਲੀ ਮੁਹੰਮਦ ਖਾਨ ਬਾਬੀ (ਛੋਟਾ ਨਾਅ ਪਰਵੀਨ ਬਾਬੀ) ਦਾ ਜਨਮ ਇੱਕ ਗੁਜਰਾਤੀ ਮੁਸਲਿਮ ਪਰਿਵਾਰ ਵਿੱਚ 4 ਅਪ੍ਰੈਲ 1949 ਨੂੰ ਅੱਬੂ ਵਲੀ ਮੁਹੰਮਦ ਬਾਬੀ ਦੇ ਘਰ ਜੂਨਾਗੜ੍ਹ ਵਿੱਚ ਹੋਇਆ। ਇਹ ਮਾਪਿਆਂ ਦੇ ਨਿਕਾਹ ਤੋਂ 14 ਸਾਲ ਬਾਅਦ ਜਨਮੀ ਇਕਲੌਤੀ ਔਲਾਦ ਸੀ। ਪੰਜ ਫੁੱਟ ਸੱਤ ਇੰਚ ਕੱਦ ਵਾਲੀ ਇਸ ਹੁਸੀਨ ਲੜਕੀ ਨੇ ਮੁਢਲੀ ਪੜ੍ਹਾਈ ਔਰੰਗਾਬਾਦ ਤੋਂ ਅਤੇ ਉਚੇਰੀ ਪੜ੍ਹਾਈ ਸੇਂਟ ਜੇਵੀਰਸ ਕਾਲਜ ਅਹਿਮਦਾਬਾਦ ਤੋਂ ਹਾਸਲ ਕੀਤੀ। ਇਹਦਾ ਪਿਤਾ ਜੂਨਾਗੜ੍ਹ ਨਵਾਬ ਦੇ ਨਾਲ ਹੀ ਇੱਕ ਪ੍ਰਬੰਧਕ ਸੀ।
                                  ਬੀ ਆਰ ਇਸ਼ਾਰਾ ਦਾ ਮੰਨਣਾ ਸੀ ਕਿ ਪਰਵੀਨ ਬਾਬੀ ਆਪਣੇ ਸਮੇ ਦੀ ਸੱਭ ਤੋਂ ਵੱਧ ਵਿਵਾਦਗ੍ਰਸਤ ਅਭਨੇਤਰੀ ਸੀ। ਜਿਸ ਨੇ ਨਵੇਂ ਅਦਾਕਾਰ ਕ੍ਰਿਕਟ ਸਟਾਰ ਸਲੀਮ ਦੁਰਾਨੀ ਨਾਲ ਫ਼ਿਲਮ ਚਰਿੱਤਰ ਵਿੱਚ ਭੂਮਿਕਾ ਨਿਭਾਈ। ਫ਼ਿਲਮ ਤਾਂ ਭਾਵੇਂ ਹਿੱਟ ਨਾ ਹੋ ਸਕੀ। ਪਰ ਉਹਦੀ ਸੈਕਸੀ ਦਿੱਖ ਦਰਸ਼ਕਾਂ ਦੇ ਦਿਲ ਦਿਮਾਗ ਵਿੱਚ ਡੂੰਘੀ ਉੱਤਰ ਗਈ । ਔਸਤ ਦਰਜੇ ਦੀ ਅਦਾਕਾਰਾ ਪਰਵੀਨ ਬਾਬੀ ਨੇ ਬਹੁਤ ਸਾਰੀਆਂ ਗੱਲਾਂ ਲਈ ਮੀਡੀਏ ਨੂੰ ਵੀ ਗੱਪਸ਼ੱਪ ਰਾਹੀਂ ਨਿੰਦਿਆ। ਭੀੜ ਭੜੱਕੇ ਤੋਂ ਲਾ ਪ੍ਰਵਾਹ,ਉਹ ਸ਼ਰੇਆਮ ਸਿਗਰਟ ਪੀਦੀ,ਡਰੱਗਸ ਲੈਦੀ,ਉਹਦਾ ਨਾਅ ਮਹੇਸ਼ ਭੱਟ,ਡੈਨੀ,ਕਬੀਰ ਬੇਦੀ, ਆਦਿ ਨਾਲ ਵੀ ਜੁੜਦਾ ਰਿਹਾ। ਪਰ ਉਸ ਨੇ ਬੇ ਝਿਜਕ ਹੋ ਕੇ ਖੁੱਲ੍ਹੇ-ਡੁੱਲ੍ਹੇ ਪਿਆਰ ਦੀ ਵਕਾਲਤ ਕੀਤੀ।
                            ਪਰਵੀਨ ਬਾਬੀ ਨੇ ਇੱਕ ਸਕੈਂਡਲ ਦੇ ਚਲਦਿਆਂ ਕਬੀਰ ਬੇਦੀ ਨਾਲ ਕਾਫੀ ਨੇੜਲਾ ਰਿਸ਼ਤਾ ਵੀ ਬਣਾਇਆ। ਕਈਆਂ ਨੇ ਇਸ ਰਿਸ਼ਤੇ ਨੂੰ ਨਿਕਾਹ ਵਿੱਚ ਬੱਝਣ ਤੱਕ ਦੀ ਸੰਗਿਆ ਵੀ ਦਿੱਤੀ। ਪਰ ਬੇਦੀ ਤਾਂ ਪਹਿਲਾਂ ਹੀ ਸ਼ਾਦੀ ਸ਼ੁਦਾ ਸੀ। ਬੇਦੀ ਅਤੇ ਉਹਦੀ ਪੱਤਨੀ ਪ੍ਰੋਤਿਮਾ ਖੁਲਮਖੁੱਲਾ ਪਿਆਰ ਕਰਨ ਦਾ ਸਿਰ ਪਲੋਸਿਆ ਕਰਦੇ ਸਨ। ਪਰ ਪ੍ਰੋਤਿਮਾਂ, ਬਾਬੀ ਅਤੇ ਬੇਦੀ ਦੇ ਰਿਸ਼ਤੇ ਨੂੰ ਅੰਦਰੇ-ਅੰਦਰ ਬੁਰਾ ਮਹਿਸੂਸ ਕਰਦੀ ਰਹੀ। ਉਂਜ ਭਾਵੇਂ ਉਹਨੇ ਵਿਰੋਧ ਕਰਨ ਤੋਂ ਟਾਲਾ ਵੱਟੀ ਰੱਖਿਆ। ਫਿਰ ਆਈ ਐਸ ਜੌਹਰ ਨਾਲ ਮੰਗਣੀ ਦੀ ਗੱਲ ਤੁਰੀ।। ਇਹਨਾਂ ਹਾਲਾਤਾਂ ਵਿੱਚ ਉਸ ਦਾ ਦਿਮਾਗੀ ਸੰਤੁਲਨ ਵੀ ਵਿਗੜ ਗਿਆ ਅਤੇ ਦੋ ਵਾਰ ਅਜਿਹਾ ਵੀ ਹੋਇਆ ਜਦ ਉਹਦੀ ਫ਼ਿਲਮ ਸਨਅਤ ਤੋਂ ਹੀ ਗੈਰ ਹਾਜ਼ਰੀ ਰਹੀ।
                     1970 ਵਿੱਚ ਪਰਵੀਨ ਬਾਬੀ ਦੇ ਮਹੇਸ਼ ਭੱਟ ਨਾਲ ਰਹੇ ਸਬੰਧਾਂ ਨੂੰ ਅਧਾਰ ਬਣਾ ਕੇ,ਮਹੇਸ਼ ਭੱਟ ਨੇ 1982 ਵਿੱਚ ਸਨਸਨੀਖੇਜ ਫ਼ਿਲਮ ਅਰਥ ਬਣਾਈ ਅਤੇ ਇਸ ਵਿੱਚ ਪਰਵੀਨ ਬਾਬੀ ਦੇ ਰੋਲ ਵਜੋਂ ਸਮਿਤਾ ਪਾਟਿਲ ਨੂੰ ਲਿਆ ਗਿਆ। ਜਿਸ ਨਾਲ ਪਰਵੀਨ ਬਾਬੀ ਨੂੰ ਬਹੁਤ ਵੱਡਾ ਝਟਕਾ ਲੱਗਿਆ। ਇਸ ਨਵੀਂ ਬਾਬੀ ਦਾ ਪਰਵੀਨ ਬਾਬੀ ਨਾਲ ਕੋਈ ਮਾਪ-ਤੋਲ ਮੇਲ ਨਹੀਂ ਸੀ ਖਾਂਦਾ। ਉਸ ਨੇ ਇਸ ਸਾਰੇ ਘਟਨਾਕ੍ਰਮ ਬਾਰੇ ਪ੍ਰੈੱਸ ਨੋਟ ਵੀ ਜਾਰੀ ਕਰਿਆ।।ਜਿਸ ਵਿੱਚ ਹੋਰਨਾਂ ਵੇਰਵਿਆਂ ਤੋਂ ਇਲਾਵਾ,ਅਮਿਤਾਬ ਬਚਨ ਵੱਲੋਂ ਉਸ ਨੂੰ ਕਤਲ ਕਰਨ ਵਰਗੀਆਂ ਸਾਜ਼ਿਸ਼ਾਂ ਵਾਲੀਆਂ ਗੱਲਾਂ ਵੀ ਸ਼ਾਮਲ ਸਨ। ਪਰ ਆਪਣਾ ਮਾਰਬਲ ਗੁਆ ਚੁੱਕੀ ਇਸ ਹੀਰੋਇਨ ਬਾਰੇ ਕੋਈ ਕੁੱਝ ਨਹੀਂ ਸੀ ਚਾਹੁੰਦਾ।
                        ਇਸ ਤੋਂ ਬਾਅਦ ਹਕੀਕਤਾਂ ਦੇ ਨੇੜਲੀ ਸੈਮੀ ਆਟੋ ਗਰਾਫ਼ੀਕਲ ਫ਼ਿਲਮ ਵੋਹ ਲਮਹੇਂ 2006 ਵਿੱਚ ਬਣਾਈ। ਬਾਬੀ ਲਈ ਇਹ ਸਾਰਾ ਕੁੱਝ ਪਾਗਲ ਕਰਨ ਵਾਲਾ ਸੀ। ਇਸ ਦਾ ਕੋਈ ਇਲਾਜ ਨਹੀਂ ਸੀ ਅਤੇ ਉਹ ਬਗੈਰ ਕਿਸੇ ਦੀ ਮਦਦ ਤੋਂ ਇਕੱਲੀ ਰਹਿਣ ਲੱਗੀ । ਫ਼ਿਲਮ ਸਨਅਤ ਵਿੱਚੋਂ ਇੱਕ ਤਰ੍ਹਾਂ ਨਾਲ ਉਸ ਨੂੰ ਮਰੀ ਹੋਈ ਹੀ ਮੰਨਿਆਂ ਜਾਣ ਲੱਗਿਆ। ਫਿਰ ਪਤਾ ਲੱਗਿਆ ਕਿ ਉਹ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੈ ਅਤੇ ਉਹਦਾ ਇਲਾਜ ਚੱਲ ਰਿਹਾ ਹੈ। ਪਰ ਉਦੋਂ ਇਹ ਵੇਖ ਕਿ ਸਾਰਿਆਂ ਨੂੰ ਹੈਰਾਨੀ ਹੋਈ ਜਦ ਉਸ ਨੇ ਸ਼ੇਖ਼ਰ ਸੁਮਨ ਦੇ ਟਾਕ ਸ਼ੋਅ ਵਿੱਚ ਹਿੱਸਾ ਲਿਆ ਅਤੇ ਉਹ ਆਮ ਵਾਂਗ ਦਿਖਾਈ ਦਿੱਤੀ। ਲੋਕ ਕਿਹਾ ਕਰਦੇ ਸਨ ਕਿ ਉਹਨੇ ਹਰੇਕ ਲਈ ਦਰਵਾਜਾ ਖੋਲ੍ਹਣਾ ਬੰਦ ਕਰ ਦਿੱਤਾ ਹੈ। ਪਰ ਫਿਰ ਵੀ ਉਹ ਸਾਡੀ ਪਿਆਰੀ ਆਂਟੀ ਰਹੇਗੀ। ਜਦ ਅਸੀਂ ਉਹਦੇ ਕੋਲ ਜਾਂਦੇ ਹਾਂ ,ਤਾਂ ਸਾਨੂੰ ਬੜੇ ਪਿਆਰ ਨਾਲ ਪੇਸ਼ ਆਉਂਦੀ ਹੈ।।ਪਰਵੀਨ ਬਾਬੀ ਦੇ ਭਤੀਜੇ ਦੀ ਸੱਸ ਅਤੇ ਰਹੀਮ ਸੁਲਤਾਨ ਬੀਬੀ ਦੀ ਅੰਮੀ ਜਾਨ ਨਸਰੀਨ ਬਾਬੀ ਦਾ ਕਹਿਣਾ ਸੀ ਕਿ ਉਹ ਬਹੁਤ ਹੀ ਚੰਗੀ ਹੈ। ਉਸ ਨੇ ਬੱਚਿਆਂ ਮੁਰਤਜ਼ਾ ਅਤੇ ਅਤੇਸ਼ਮ ਨੂੰ ਬਹੁਤ ਪਿਆਰ ਕੀਤਾ ਨਾਲੇ ਤੋਹਫ਼ੇ ਵੀ ਦਿੱਤੇ।
                                ਮੁੰਬਈ ਵਿਚਲੇ ਆਪਣੇ ਅਪਾਰਟਮੈਂਟ ਵਿੱਚ ਇਕੱਲੀ ਰਹਿੰਦੀ ਪਰਵੀਨ ਬਾਬੀ ਦਾ ਇੰਤਕਾਲ ਸ਼ੁਕਰਵਾਰ ਨੂੰ ਸ਼ੱਕੀ ਹਾਲਤ ਵਿੱਚ ਹੋਇਆ ਮੰਨਿਆਂ ਗਿਆ। ਦੋ ਦਿਨ ਤੱਕ ਉਸ ਦੇ ਬੂਹੇ ਅੱਗਿਓਂ ਦੁੱਧ ਵਾਲਾ ਵੀ ਮੁੜਦਾ ਰਿਹਾ ਅਤੇ ਅਖਬਾਰਾਂ ਵੀ ਉੱਥੇ ਹੀ ਪਈਆਂ ਰਹੀਆਂ। ਅਜਿਹਾ ਵੇਖਦਿਆਂ ਰਿਹਾਇਸ਼ੀ ਸੁਸਾਇਟੀ ਦੇ ਸਕੱਤਰ ਨੇ ਪੁਲੀਸ ਨੂੰ ਸੂਚਿਤ ਕਰਿਆ। ਬੂਹਾ ਖੋਲ੍ਹਣ ਉੱਤੇ 20 ਜਨਵਰੀ 2005 ਨੂੰ ਪਤਾ ਲੱਗਿਆ ਕਿ ਪਰਵੀਨ ਬਾਬੀ ਅੱਲਾ ਨੂੰ ਪਿਆਰੀ ਹੋ ਚੁੱਕੀ ਹੈ। ਉਹ ਪੈਰ ਦੀ ਗੈਂਗਰੀਨ ਨਾਲ ਪੀੜਤ ਸੀ। ਪੁਲੀਸ ਨੇ ਸਾਰੇ ਸ਼ੱਕ ਨੂੰ ਦਰ-ਕਿਨਾਰ ਕਰਦਿਆਂ,ਉਸ ਨੂੰ ਸ਼ਾਤਾ ਕਰੂਜ਼ ਦੇ ਕਬਰਸਤਾਨ ਵਿੱਚ ਉਹਦੀ ਅੰਮੀ ਜਾਨ ਦੀ ਕਬਰ ਦੇ ਕੋਲ ਹੀ ਇਸਲਾਮਿਕ ਰਸਮਾਂ ਅਨੁਸਾਰ 23 ਜਨਵਰੀ ਨੂੰ ਸਪੁਰਦ-ਇ-ਖ਼ਾਕ ਕਰ ਦਿੱਤਾ।                            
                           ਇਨਟੀਰੀਅਰ ਡੈਕੋਰੇਸ਼ਨ ਦੀ ਸ਼ੁਕੀਨਣ ਪਰਵੀਨ ਬਾਬੀ ਨੇ 1973 ਤੋਂ 1988 ਤੱਕ 56 ਕੁ ਫ਼ਿਲਮਾਂ ਵਿੱਚ ਰੋਲ ਨਿਭਾਏ। ਪਹਿਲੀ ਫ਼ਿਲਮ ਚਰਿੱਤਰ (1973) ਅਤੇ ਆਖ਼ਰੀ ਫ਼ਿਲਮ ਆਕਰਸ਼ਨ (1988) ਰਹੀ। ਅੰਤ ਸਮੇ ਬੇ-ਪ੍ਰਵਾਹ ਹੋ ਕੇ ਜ਼ਿੰਦਗੀ ਵਸਰ ਕਰਨ ਵਾਲੀ ਪਰਵੀਨ ਬਾਬੀ ਦੀ ਕਿਸੇ ਨੇ ਵੀ ਪ੍ਰਵਾਹ ਨਾ ਕੀਤੀ ਅਤੇ ਉਹ ਗੁੰਮਨਾਮੀਆਂ ਵਿੱਚ ਹੀ ਇਸ ਦੁਨੀਆਂ ਤੋਂ ਸਦਾ ਸਦਾ ਲਈ ਰੁਖ਼ਸਤ ਹੋ ਗਈ। ਪਰ ਉਹਦੀ ਅਦਾਕਾਰੀ ਅੱਜ ਵੀ ਉਹਨੂੰ ਜਿੰਦਾ ਰੱਖ ਰਹੀ ਹੈ ਅਤੇ ਕੱਲ੍ਹ ਵੀ ਜਿੰਦਾ ਰੱਖੇਗੀ। 
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਬੇ-ਤਾਰ;98157-07232
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template