Headlines News :
Home » » ਜਮੀਨੀ ਪੱਧਰ ਤੇ ਔਰਤਾਂ ਦੀ ਦਸ਼ਾ ਸੁਧਾਰਨ ਤੇ ਕੋਈ ਕਦਮ ਨਹੀਂ ਚੱਕਿਆ ਜਾਂਦਾ

ਜਮੀਨੀ ਪੱਧਰ ਤੇ ਔਰਤਾਂ ਦੀ ਦਸ਼ਾ ਸੁਧਾਰਨ ਤੇ ਕੋਈ ਕਦਮ ਨਹੀਂ ਚੱਕਿਆ ਜਾਂਦਾ

Written By Unknown on Friday, 25 January 2013 | 23:04


ਨੰਨ•ੀ ਛਾਂ, ਰੁੱਖ ਬਚਾਓ, ਕੁੱਖ ਬਚਾਓ ਦੇ ਨਾਅਰੇ ਮਾਦਾ ਭਰੂਣ ਹੱਤਿਆ ਵਿਰੁੱਧ ਰੈਲੀਆਂ, ਸੈਮੀਨਾਰ ਆਦਿ ਤੇ ਭਰੂਣ ਹੱਤਿਆ ਨੂੰ ਰੋਕਣ ਲਈ ਬਣੇ ਕਾਨੂੰਨਾਂ ਦੇ ਬਾਵਜੂਦ ਸਾਲ 2011 ਦੀ ਜਨਗਣਨਾ ’ਚ ਪੰਜਾਬ ਵਿੱਚ ਬਾਲ ਲਿੰਗ ਅਨੁਪਾਤ 1000 ਮੁੰਡਿਆਂ ਪਿੱਛੇ ਕੁੜੀਆਂ ਦੀ ਗਿਣਤੀ 846 ਹੈ, ਜੋ ਹਰਿਆਣੇ ਤੋਂ ਬਾਅਦ ਦੇਸ਼ ਵਿੱਚ ਸਭ ਤੋਂ ਘੱਟ ਹੈ (ਪੰਜਾਬ ਵਿੱਚ ਕੁਲ ਲਿੰਗ ਅਨੁਪਾਤ 1000 ਮਰਦਾਂ ਪਿੱਛੇ 893 ਔਰਤਾਂ ਹਨ) ਇੱਕ ਰਿਪੋਰਟ ਅਨੁਸਾਰ ਜਨਵਰੀ 2010 ਤੋਂ ਅਕਤੂਬਰ 2010 ਤੱਕ 10 ਮਹੀਨਿਆਂ ਦੌਰਾਨ 304046 ਗਰਭਵਤੀਆਂ ਦੀ ਰਜਿਸਟ੍ਰੇਸ਼ਨ ਹੋਈ ਤੇ ਬੱਚੇ 230271 ਪੈਦਾ ਹੋਏ ਅਤੇ 73775 ਗਰਭਪਾਤ ਬਿਨਾਂ ਕਿਸੇ ਠੋਸ ਵਜਾ ਤੋਂ ਹੋਇਆ। ਰਜਿਸਟ੍ਰੇਸ਼ਨ ਹੋਇਆਂ ਤੋਂ ਬਿਨਾਂ ਗਰਭਪਾਤਾਂ ਦੀ ਗਿਣਤੀ ਕਿੰਨੀ ਹੋਵੇਗੀ ਕਿਹਾ ਨਹੀਂ ਜਾ ਸਕਦਾ। ਮਾਪਿਆਂ ਦੀ ਕੰਨਿਆ ਭਰੂਣ ਹੱਤਿਆ ਕਰਨ ਵਾਲੀ ਮਾਨਸਿਕਤਾ ਨੂੰ ਅਸੀ ਉਸ ਸਮੇਂ ਤੱਕ ਬਦਲ ਨਹੀਂ ਸਕਦੇ ਜਦ ਤੱਕ ਔਰਤ ਨੂੰ ਸਮਾਜ ਵਿੱਚ ਸਤਿਕਾਰਯੋਗ ਸਥਾਨ ਹਾਸਿਲ ਨਹੀਂ ਹੋ ਜਾਂਦਾ। ਕਾਨੂੰਨ ਜਾਂ ਇਨਕਲਾਬੀ ਨਾਅਰੇ ਜਾਂ ਡਾ: ਹਰਸ਼ਿੰਦਰ ਕੌਰ ਵੱਲੋਂ ਔਰਤਾਂ ਨੂੰ ਸਨਮਾਣ ਦੁਆਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਨਾਲ ਜਮੀਨੀ ਪੱਧਰ ਤੇ ਕੋਈ ਫਰਕ ਨਹੀਂ ਪੈ ਸਕਦਾ (15 ਸਾਲਾਂ ਤੋਂ ਕੋਸ਼ਿਸ਼ਾਂ ਦੇ ਬਾਵਜੂਦ ਅੱਜ ਵੀ ਦੇਸ਼ ਵਿਚ 0 ਤੋਂ 6 ਸਾਲ ਦੀਆਂ ਬਾਲੜੀਆਂ ਦੀ ਘੱਟ ਗਿਣਤੀ ਵਾਲੇ 10 ਜਿਲਿਆਂ ਵਿਚੋਂ 6 ਪੰਜਾਬ ਦੇ ਹਨ) ਜਿੰਨਾਂ ਚਿਰ ਜਮੀਨੀ ਪੱਧਰ ਤੇ ਔਰਤਾਂ ਦੀ ਦਸ਼ਾ ਸੁਧਾਰਨ ਤੇ ਕੋਈ ਕਦਮ ਨਹੀਂ ਚੱਕਿਆ ਜਾਂਦਾ। ਹਰਸਿਮਰਤ ਕੌਰ ਬਾਦਲ ਤੇ ਡਾ: ਹਰਸ਼ਿੰਦਰ ਕੌਰ ਦੇ ਉਪਰਾਲੇ ਜਮੀਨੀ ਪੱਧਰ ਦੇ ਨਹੀਂ ਹਨ। ਅੱਜ ਤੱਕ ਔਰਤਾਂ ਉੱਤੇ ਹੁੰਦੇ ਜੁਲਮਾਂ ਦੀਆਂ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਨਾਂ ਬਾਕੀ ਨਾ ਇਤਿਹਾਸ ਦਾ ਪੰਨਾ ਬਣੀਆਂ ਹਨ ਨਾਂ ਬਨਣਗੀਆਂ ਤੇ ਨਾਂ ਹੀ ਕਿਸੇ ਮੀਡੀਏ ਨੇ ਨਿਮਾਣੀਆਂ ਉਪਰ ਹੁੰਦੇ ਜੁਲਮਾਂ ਤੇ ਪੰਚਾਇਤਾਂ ਵਿਚ ਜਲੀਲ ਹੁੰਦੇ ਮਾਪਿਆਂ ਦੀ ਅਸਲੀਅਤ ਨੂੰ ਸਾਹਮਣੇ ਲਿਆਂਦਾ ਹੈ। ਕਾਰਨ ਇਹ ਵੀ ਹੋ ਸਕਦਾ ਹੈ ਕਿ ਮਾਪਿਆਂ ਦੀ ਜਿਉਂਦੀ ਧੀ ਤੋਂ ਸਹੁਰੇ ਘਰ ਵੱਲੋਂ ਵਸਾ ਲੈਣ ਦੀ ਆਸ ਤੇ ਮਰੀ ਤੋਂ ਬਦਨਾਮੀ ਅਤੇ ਇਨਸਾਫ ਨਾ ਮਿਲਣ ਦੀ ਉਮੀਦ ਕਾਰਨ ਸਹੀ ਤੱਥ ਉਜਾਗਰ ਨਹੀਂ ਹੋ ਰਹੇ। ਹੋਰਨਾਂ ਮਸਲਿਆਂ ਵਾਂਗ ਪ੍ਰੈਸ ਔਰਤ ਦੀ ਸਹੀ ਦਸ਼ਾ ਨੂੰ ਉਜਾਗਰ ਕਰਨ ਲਈ ਅੱਗੇ ਆਵੇ। ਮੈਂ ਇਹ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਕਿਸੇ ਮਸਲੇ (ਬਿਮਾਰੀ) ਦੀ ਜੜ• ਲੱਭੇ ਬਗੈਰ ਕੀਤੇ ਉਪਰਾਲਿਆਂ ਦੇ ਚੰਗੇ ਨਤੀਜੇ ਸਾਹਮਣੇ ਨਹੀਂ ਆਉਂਦੇ। ਵੱਡੇ ਨਾਵਾਂ ਵਾਲੇ ਲੇਖਕ ਜੋ ਸ਼ਾਇਦ ਹੀ ਕਿਸੇ ਪੰਚਾਇਤ ਵਿਚ ਗਏ ਹੋਣ ਉਹ ਔਰਤਾਂ ਤੇ ਹੁੰਦੇ ਜੁਲਾਮਾਂ ਦੀ ਜਮੀਨੀ ਹਕੀਕਤ ਤੋਂ ਜਾਣੂ ਹੋ ਹੀ ਨਹੀਂ ਸਕਦੇ। ਮੈਂ ਸਰਪੰਚ ਬਨਣ ਤੇ ਪੰਚਾਇਤੀ ਰਾਜ ਪ੍ਰਬੰਧ ਨੂੰ ਲਾਗੂ ਕਰਵਾਉਣ ਲਈ ਪੰਚਾਇਤ ਯੂਨੀਅਨ ਦੀ ਸਥਾਪਨਾ ਕਰਨ ਕਰਕੇ ਮੈਂ ਜੋ ਨੇੜੇ ਹੋ ਕੇ ਦੇਖਿਆ ਔਰਤਾਂ ਉਪਰ ਸਹੁਰਿਆਂ ਵੱਲੋਂ ਹੁੰਦੇ ਮਾਨਸਿਕ, ਸਰੀਰਕ ਅੱਤਿਆਚਾਰ ਦੇਖ ਕੇ, ਸੁਣ ਕੇ ਰੂਹਾਂ ਕੰਬ ਜਾਂਦੀਆਂ ਸਨ। ਅਜਿਹੇ ਘਿਣੌਨੇ ਜੁਰਮਾਂ ਬਾਰੇ ਜੇ ਮੈ ਵਿਸਥਾਰ ਨਾਲ ਲਿਖਣ ਲੱਗਾਂ ਤਾਂ ਪੂਰਾ ਕਿਤਾਬਚਾ ਬਣ ਜਾਵੇਗਾ। ਮੋਟੇ ਤੌਰ ਤੇ ਲੜਕੀਆਂ ਨੂੰ ਤੰਗ ਕਰਨ ਦੇ ਕਾਰਨਾਂ ਵਿੱਚ ਲੜਕੇ ਦਾ ਨਮਰਦ ਹੋਣਾ, ਸਹੁਰੇ ਵਲੋ ਲੜਕੀ ਨਾਲ ਸਰੀਰਕ ਸਬੰਧ ਬਣਾਉਣ ਦੀ ਲਾਲਸਾ, ਜਮੀਨ ਪੈਸੈ ਦਾ ਲਾਲਚ, ਲੜਕੀ ਦੇ ਪੇਕੇ ਘਰ ਵਿਚ ਫੁੱਟ ਪਾਕੇ ਦਖਲ ਅੰਦਾਜੀ ਦੀ ਕੋਸ਼ਿਸ਼, ਸੰਸਕਾਰੀ ਲੜਕੀ ਨੂੰ ਕਮਲੀ ਰਮਲੀ ਬਣਾਉਣ ਦੀ ਕੋਸ਼ਿਸ਼, ਲੜਕੇ ਦੀਆਂ ਖਾਮੀਆਂ ਢੱਕਣ ਦੀ ਕੋਸ਼ਿਸ਼, ਸੱਸ ਸਹੁਰੇ ਜਾ ਨਣਾਨ ਵਿਚੋ ਕਿਸੇ ਦਾ ਮਾੜਾ ਚਾਲਚਲਣ ਆਦਿ ਜੋ ਸਾਡੇ ਪੰਚਾਇਤੀਆਂ ਦੇ ਸਾਹਮਣੇ ਮੁੱਖ ਰੂਪ ਵਿਚ ਆਏ। ਹਰ ਇਕ ਸਥਿਤੀ ਦਾ ਪੂਰਾ ਵਿਸਥਾਰ ਤਾਂ ਵੱਖ-ਵੱਖ ਹਿੱਸਿਆ ’ਚ ਕੀਤਾ ਜਾ ਸਕਦਾ ਹੈ ਜੋ ਇਕ ਲੇਖ ਵਿੱਚ ਹੋਣਾ ਸੰਭਵ ਨਹੀ। ਨੀਵੀ ਸੋਚ ਵਾਲੇ ਵਿਅਕਤੀ ਪਹਿਲਾਂ ਆਪਣੇ ਲੜਕੇ ਲਈ ਚੰਗੇ ਖਾਨਦਾਨ, ਇੱਜ਼ਤਦਾਰ, ਸੁੰਦਰ, ਸੰਸਕਾਰੀ, ਗੁਣਾਂ ਵਾਲੀ ਲੜਕੀ ਦਾ ਰਿਸ਼ਤਾ ਲੈਣ ਲਈ ਮਿਨਤਾਂ ਤਰਲੇ ਕਰਦੇ ਹਨ। ਇਹਨਾਂ ਦੀਆਂ ਮਿੱਠੀਆਂ ਚੋਪੜੀਆਂ ਵਿੱਚ ਆ ਕੇ ਜੇ ਕੋਈ ਸ਼ਰੀਫ ਪਰਿਵਾਰ ਇਨ•ਾਂ ਦੇ ਘਰ ਆਪਣੀ ਲੜਕੀ ਦਾ ਵਿਆਹ ਕਰ ਬੈਠਦਾ ਹੈ। ਲੜਕੀ ਦੇ ਆਪਣੇ ਵਿਆਹ ਨੂੰ ਲੈ ਕੇ ਕਈ ਅਰਮਾਨ ਹੁੰਦੇ ਹਨ ਉਹਨਾਂ ਪ੍ਰਤੀ ਸੁਪਨੇ ਸੰਜੋਏ ਹੁੰਦੇ ਹਨ। ਵਿਆਹ ਦੇ ਪਹਿਲੇ 1-2 ਸਾਲ ਹੀ ਵੱਧ ਖੁਸ਼ੀਆਂ ਚਾਵਾਂ ਵਾਲੇ ਹੁੰਦੇ ਹਨ। ਕੁੜੀ ਮੁੰਡੇ ਨੇ ਇਕ ਦੂਜੇ ਦੇ ਚਾਵਾਂ ਅਰਮਾਨਾਂ ਵਿੱਚ ਸਹਾਈ ਬਣ ਖੁਸ਼ੀਆਂ ਪਾਉਣੀਆਂ ਹੁੰਦੀਆਂ ਹਨ। ਗਿਰੇ ਹੋਏ ਲੋਕਾਂ ਦੀ ਮਾਨਸਿਕਤਾ ਹੁੰਦੀ ਹੈ ਕਿ ਜੇ ਕੁੜੀ ਮੁੰਡੇ ਦੀ ਆਪਸ ਵਿੱਚ ਬਣ ਗਈ ਤਾਂ ਸਾਡੇ ਮੁਫਾਦ ਪੂਰੇ ਨਹੀ ਹੋਣੇ। ਪਹਿਲੇ ਦਿਨ ਤੋ ਹੀ ਲੜਕੇ ਲੜਕੀ ਵਿਚ ਗਲਤ ਫਹਿਮੀਆਂ ਨਾਲ ਦੂਰੀਆਂ ਵਧਾ ਦਿਤੀਆਂ ਜਾਂਦੀਆਂ ਹਨ। ਮਾਨਸਿਕ ਅਤਿਆਚਾਰਾਂ ਦਾ ਦੌਰ ਸ਼ੁਰੁ ਹੋ ਜਾਂਦਾ ਹੈ। ਲੜਕੀ ਤੇ ਉਸਦੇ ਘਰ ਵਾਲੇ ਹੋਈ ਠੱਗੀ ਕਾਰਨ ਅੰਦਰ ਤ¤ਕ ਟੁੱਟ ਜਾਂਦੇ ਹਨ। ਉਹ ਡੌਰ ਭੌਰ ਹੋਏ ਸੋਚੀ ਪਏ ਰਹਿੰਦੇ ਹਨ ਕਿ ਰੱਬਾ, ਸਾਡੇ ਨਾਲ ਕੀ ਬਣ ਗਿਆ। ਆਪਣੀਆਂ ਮੰਗਾ ਦੀ ਪੂਰਤੀ ਲਈ ਲੜਕੀ ਨੁੰ ਛੱਡ ਦੇਣ ਤੇ ਲੜਕੇ ਦਾ ਹੋਰ ਵਿਆਹ ਕਰ ਦੇਣ ਦੀਆਂ ਧਮਕੀਆਂ ਮਿਲਦੀਆਂ ਹਨ। ਇਹ ਕਮੀਨੇ ਸ਼ਾਤਰ ਲੋਕ ਦਬਾਅ ਬਣਾਉਣ ਲਈ ਲੜਕੀ ਨੂੰ ਉਸ ਦੇ ਪੇਕੇ ਘਰ ਛੱਡ ਵੀ ਦਿੰਦੇ ਹਨ। ਆਪਣਾ ਲਾਲਚ ਪੂਰਾ ਹੋਣ ਤੱਕ ਆਪਣੇ ਘਰ ਲੈ ਕੇ ਨਹੀ ਜਾਂਦੇ। ਮਾਪੇ ਜਿਨਾ ਕਰਜਾ ਚੁੱਕ ਕੇ ਲੜਕੀ ਨੂੰ ਵਿਆਹ ਕੇ ਅਜੇ ਘਰ ਦਾ ਸਮਾਨ ਵੀ ਸਾਂਭਿਆ ਨਹੀ ਹੁੰਦਾ, ਲੜਕੀ ਜਿਸ ਦੀ ਅਜੇ ਮਹਿੰਦੀ ਉਤਰੀ ਨਹੀ ਹੁੰਦੀ, ਘਰ ਦੇ ਬੂਹੇ ਬੈਠ ਜਾਵੇ ਤਾਂ ਕੀ ਬੀਤਦੀ ਹੈ, ਅਹਿਸਾਸ ਕੀਤਾ ਜਾ ਸਕਦਾ ਹੈ, ਬਿਆਨਿਆ ਨਹੀ ਜਾ ਸਕਦਾ। ਸ਼ਰਮ ਇੱਜ਼ਤ ਦੇ ਮਾਰੇ ਮਾਪੇ ਕਿਸੇ ਅਗੇ ਦੁੱਖ ਵੀ ਨਹੀ ਫਰੋਲਦੇ ਬਲਕਿ ਹੋਰ ਫੜ ਫੜਾ ਇਹਨਾਂ ਦਾ ਲਾਲਚ ਪੂਰਾ ਕਰ ਲੜਕੀ ਤੋਰ ਆਉਂਦੇ ਹਨ ਤਾਂ ਵੀ ਉਹ ਦੁਖਿਆਰਣ ਨੂੰ ਸੁੱਖ ਨਹੀ ਮਿਲਦਾ। ਕੁੱਤੇ ਦੇ ਮੂੰਹ ਵਾਂਗ ਇਹਨਾਂ ਲਾਲਚੀਆਂ ਦਾ ਮੂੰਹ ਵੀ ਖੁਲ•ਾ ਹੀ ਰਹਿੰਦਾ ਹੈ। ਹੋਰ ਮੰਗਾਂ ਮੰਨਵਾਉਣ ਲਈ ਲੜਕੀ ਤੇ ਅਤਿਆਚਾਰ ਕਰਦੇ ਹਨ। ਮਾਪਿਆਂ ਦਾ ਆਪਣਾ ਖੂਨ ਹੋਣ ਕਾਰਨ ਦਿਲ ਕੁਰਲਾਉਂਦਾ ਹੈ। ਇਹ ਆਸ ਨਾਲ ਕਿ ਰੱਬ ਨਿਮਾਣੀ ਦੇ ਕਦੇ ਤਾਂ ਦਿਨ ਸਿੱਧੇ ਕਰੂਗਾ, ਹਰ ਚੰਗੀ ਮਾੜੀ ਗੱਲ ਸਹਾਰਦੇ ਮੰਨਦੇ ਰਹਿੰਦੇ ਹਨ। ਲੜਕਾ ਨਮਰਦ ਹੋਵੇ ਜਾਂ ਉਸ ਵਿਚ ਕਈ ਹੋਰ ਖਾਮੀਆਂ ਹੋਣ ਤਾਂ ਲੜਕੀ ਨੂੰ ਮੂੰਹ ਬੰਦ ਕਰਨ ਲਈ ਦਬਾਅ ਬਣਾਇਆ ਜਾਂਦਾ ਹੈ। ਸਹੁਰਾ ਸਰੀਰਕ ਸਬੰਧ ਬਣਾਉਣ ਲਈ ਦਬਾਅ ਵਾਲਾ ਮਾਹੌਲ ਸਿਰਜਦਾ ਹੈ। ਸੱਸ ਜਾਂ ਨਣਾਨ ਨੁੰ ਲੱਗਦਾ ਹੈ ਕਿ ਇਹ ਸਾਡੀਆਂ ਅਯਾਸ਼ੀਆਂ ਵਿਚ ਵੱਡੀ ਰੁਕਾਵਟ ਹੈ, ਤਾਂ ਵੀ ਅਤਿਆਚਾਰ ਲੜਕੀ ਨੂੰ ਹੀ ਝੱਲਣੇ ਪੈਦੇ ਹਨ। ਅਜਿਹੇ ਬੇਸ਼ਰਮ ਲੋਕ ਪੰਚਾਇਤਾਂ ਦੇ ਸਮਝਾਇਆਂ ਵੀ ਨਹੀ ਸਮਝਦੇ। ਪੰਚਾਇਤੀਏ ਵੀ ਕੁਝ ਕਹਿਣ ਤੋਂ ਪਹਿਲਾਂ ਰਿਸ਼ਤੇਦਾਰੀ, ਮਿੱਤਰਤਾ, ਧੜੇਬੰਦੀ ਆਪਣੀ ਪਾਰਟੀ, ਵੋਟਾਂ ਆਦਿ ਨੂੰ ਧਿਆਨ ਵਿਚ ਰੱਖਦੇ ਹੋਏ ਲੜਕੀ ਵਾਲਿਆਂ ਨੂੰ ਝੁਕਣ ਲਈ ਕਹਿੰਦੇ ਹਨ ਉਹ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਨਹੀਂ ਰੱਖਦੇ। ਚਾਹੇ ਲੜਕੇ ਵਾਲੇ ਵਾਰ ਵਾਰ ਆਪਣੀ ਗੱਲ ਤੋ ਮੁਕਰ ਜਾਂਦੇ ਹਨ। ਇਹਨਾਂ ਦੀਆਂ ਆਪਣੀਆਂ ਝੂਠੀਆਂ ਘੜੀਆਂ ਕਹਾਣੀਆਂ ਬਹਾਨੇ, ਇਲਜਾਮ ਤੇ ਉਦਾਹਰਣਾ ਹੁੰਦੀਆਂ ਹਨ। ਉਲਟਾ ਆਪ ਸੱਚੇ ਬਣ ਲੜਕੀ ਤੇ ਉਸਦੇ ਪਰਿਵਾਰ ਮਾਂ ਬਾਪ, ਭਰਾ ਨੂੰ ਗਲਤ ਘੋਸ਼ਿਤ ਕਰ ਦਿੰਦੇ ਹਨ। ਲੜਕੀ ਵਸਾਉਣ ਲਈ ਸ਼ਰਤ ਹੁੰਦੀ ਹੈ ਕਿ ਇਹ ਸਾਡੀ ਮਿੰਨਤ ਕਰਨ, ਮੁਆਫੀ ਮੰਗਣ, ਸਾਡੇ ਸਮਾਜ ਵਲੋ ਜੋ ਐਲਾਨੀਆਂ ਘੋਸ਼ਿਤ ਕੀਤਾ ਹੋਇਆ ਹੈ ਕਿ ਲੜਕੀ ਵਾਲੇ ਹਮੇਸ਼ਾਂ ਨੀਵੇ ਹੁੰਦੇ ਹਨ, ਚਾਹੇ ਲੜਕੇ ਵਾਲੇ ਕਿੰਨੇ ਵੀ ਗਲਤ ਕਿਉਂ ਨਾ ਹੋਣ। ਪੰਚਾਇਤਾਂ ਵਿੱਚ ਅਜਿਹੇ ਬੇਕਸੂਰ ਬਾਪ, ਭਰਾ ਨੂੰ ਇਨ•ਾ ਗੰਦੇ, ਕਮੀਨੇ ਤੇ ਝੁਠਿਆਂ ਦੇ ਪੈਰੀ ਪੱਗਾਂ ਰੱਖਣੀਆਂ ਪੈਦੀਆਂ ਹਨ। ਮਾਵਾ ਪੈਰੀ ਚੁੰਨੀਆਂ ਰੱਖ ਉਨ•ਾਂ ਇਲਜਾਮਾਂ ਦੀਆਂ ਮੁਆਫੀਆਂ ਮੰਗਦੀਆਂ ਹਨ ਜੋ ਕਦੇ ਉਹਨਾਂ ਕੀਤੇ ਹੀ ਨਹੀ ਹੁੰਦੇ। ਧੀ ਦੇ ਵਸੇਬੇ ਖਾਤਰ ਇੱਜ਼ਤਦਾਰ ਸਾਊ ਮਾਪੇ ਜਿਨ•ਾਂ ਕਦੇ ਜਿੰਦਗੀ ਵਿਚ ਭੁੱਲ ਕੇ ਵੀ ਗਲਤ ਕੰਮ ਨਹੀ ਕੀਤਾ ਹੁੰਦਾ। ਅਣਖ, ਇੱਜ਼ਤ ਦੀ ਜਿੰਦਗੀ ਜਿਉਣ ਦਾ ਉਹਨਾਂ ਪਾਸ ਕੇਵਲ ਸਹਾਰਾ ਹੁੰਦਾ ਹੈ ਉਹ ਵੀ ਪੰਚਾਇਤਾਂ ਵਿੱਚ ਰੁਲ ਜਾਂਦੀ ਹੈ। ਕਈ ਸਫੈਦ ਪੋਸ਼ ਜੋ ਮਾਦਾ ਭਰੂਣ ਹਤਿਆ ਵਿਰੁੱਧ ਤੇ ਦਾਜ ਵਿਰੁੱਧ ਮਰਦ ਸੰਗਠਨ ਜਾਂ ਔਰਤ ਸੰਗਠਨ ਦੇ ਪ੍ਰਧਾਨ ਬਣ ਰੈਲੀਆਂ, ਸੈਮੀਨਾਰ ਕਰਨ ਵਾਲਿਆਂ ਵਲੋ ਵੀ ਲੜਕੀ ਨੂੰ ਪੈਰ ਦੀ ਜੁੱਤੀ ਬਣਾਕੇ ਰਖਿਆ ਜਾਂਦਾ ਹੈ। ਕਈ ਵਾਰ ਇਹਨਾਂ ਸ਼ਾਤਿਰ ਲੋਕਾਂ ਵਲੋ ਲੜਕੀ ਦੇ ਪਤੀ ਲੜਕੇ ਨੂੰ ਅਸਲੀਅਤ ਦਾ ਪਤਾ ਹੀ ਨਹੀਂ ਚੱਲਣ ਦਿਤਾ ਜਾਂਦਾ। ਹਮੇਸ਼ਾਂ ਲੜਕੀ ਤੋ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕੋਸ਼ਿਸ਼ ਇਹ ਹੁੰਦੀ ਹੈ ਕਿ ਕੋਈ ਬੱਚਾ ਪੈਦਾ ਨਾ ਹੋ ਜਾਵੇ। ਜੇ ਬੱਚਾ ਪੈਦਾ ਹੋ ਗਿਆ ਤਾਂ ਸਾਡਾ ਖਾਣ (ਲਾਲਚ) ਬੰਦ ਹੋ ਜਾਵੇਗਾ ਤੇ ਕਈ ਵਾਰ ਇਸੇ ਵਜ•ਾ ਕਾਰਨ ਲੜਕੇ ਵਿਚ ਨਾਮਰਦਗੀ ਦੇ ਲੱਛਣ ਸਾਹਮਣੇ ਆਉਦੇ ਹਨ, ਪਰ ਦੋਸ਼ੀ ਲੜਕੀ ਨੂੰ ਠਹਿਰਾ ਕੇ ਬਾਂਝ ਵਗੈਰਾ ਦੀਆ ਤੋਹਮਤਾਂ ਲਾਈਆਂ ਜਾਂਦੀਆਂ ਹਨ। ਜਦ ਕਿ ਸਾਇੰਸ ਅਨੁਸਾਰ ਬੱਚਾ ਪੈਦਾ ਨਾ ਕਰ ਸਕਣਾ ਜਾਂ ਕੁੜੀ ਪੈਦਾ ਹੋਣ ਵਿੱਚ ਲੜਕਾ ਹੀ ਜੁੰਮੇਵਾਰ ਹੈ, ਲੜਕੀ ਨਹੀ। ਲੜਕਾ ਚਾਹੇ ਟੁੰਡਾ, ਕਾਣਾ, ਟੀਰਾ, ਲੰਗੜਾ, ਨਪੁੰਸਕ ਆਦਿ ਪੰਜਾਹ ਕਮੀਆਂ ਦਾ ਮਾਲਕ ਹੋਵੇ, ਲੜਕੀ ਦੀ ਕੋਈ ਇਕ ਕਮੀ ਲੈ ਕੇ ਉਸਨੂੰ ਉਛਾਲ ਕੇ ਜਲੀਲ ਕੀਤਾ ਜਾਦਾ ਹੈ। ਮਾਂ ਬਾਪ ਵੀ ਲੜਕੇ ਨੂੰ ਅੱਗੇ ਰੱਖਕੇ ਅਤਿਆਚਾਰ ਕਰਵਾਉਦੇ ਹਨ। ਇਕ ਤਾਂ ਮਨੋਰਥ ਇਹ ਸਾਬਤ ਕਰਨਾ ਹੁੰਦਾ ਹੈ ਕਿ ਮੁੰਡੇ ਕੁੜੀ ਦੀ ਆਪਸ ਵਿਚ ਨਹੀ ਬਣਦੀ, ਦੂਜਾ ਖਾਨਦਾਨੀ ਮਾਪੇ ਛੇਤੀ ਕੀਤੇ ਆਪਣੇ ਜੁਆਈ ਨੂੰ ਮਾੜਾ ਚੰਗਾ ਨਹੀ ਕਹਿੰਦੇ। ਇਹਨਾਂ ਵਲੋ ਲੜਕੀ ਦੀ ਜੂਨ ਬਦ ਤੋ ਬਦਤਰ ਬਣਾ ਦਿਤੀ ਜਾਂਦੀ ਹੈ। ਨੋਕਰ 8 ਘੰਟੇ ਕੰਮ ਕਰਦਾ ਹੈ, ਪਰ ਇਹ ਲੋਕ ਲੜਕੀ ਤੋਂ ਸਵੇਰੇ 4 ਵਜੇ ਤੋ ਰਾਤ 11 ਵਜੇ ਤੱਕ ਕੰਮ ਲੈਦੇ ਹਨ। ਉਸ ਸਮੇ ਵਿਚ ਤਾਅਨੇ, ਮਿਹਣੇ ਅਤੇ ਗਾਹਲਾਂ ਆਦਿ ਵੀ ਕੱਢੀਆਂ ਜਾਂਦੀਆਂ ਹਨ, ਮਾਂ ਬਾਪ, ਭਰਾ ਭਰਜਾਈ ਆਦਿ ਨੂੰ ਵੀ ਬਖਸ਼ਿਆ ਨਹੀ ਜਾਂਦਾ। ਕਿਸੇ ਖੜੇ ਬੈਠੇ ਦੀ ਸ਼ਰਮ ਨਹੀ ਕੀਤੀ ਜਾਂਦੀ। ਲੜਕੀ ਨੂੰ ਪੁੱਛੇ ਬਿਨਾਂ ਆਪਣੇ ਆਪ ਖਾਣ ਪੀਣ ਦਾ ਹੁਕਮ ਵੀ ਨਹੀ ਹੁੰਦਾ। ਸਰੀਰ ਨੂੰ ਰੋਗੀ ਕਰਨ ਖਾਤਰ ਨਹਾਉਣ ਲਈ ਕਪੜੇ ਧੋਣ ਵਾਲਾ ਘਟੀਆ ਸਾਬਣ ਵਰਤਣ ਲਈ ਦਿੰਦੇ ਹਨ। ਕੋਈ ਇਹ ਨਾ ਕਹਿ ਦੇਵੇ ਤੁਹਾਡੀ ਨੂੰਹ ਸੁੰਦਰ ਹੈ, ਉਸ ਨੂੰ ਅਜਿਹੇ ਕਪੜੇ ਪਾਉਣ ਲਈ ਮਜਬੂਰ ਕਰਦੇ ਹਨ ਜਿਸ ਵਿਚ ਉਹ ਸਿੱਧਰੀ, ਕਮਲੀ ਲੱਗੇ। ਸੁਰਖੀ ਪਾਊਡਰ ਜਾਂ ਕਰੀਮ ਲਾਉਣ ਦੀ ਇਜ਼ਾਜ਼ਤ ਨਹੀ ਹੁੰਦੀ। ਲੜਕੀ ਨੂੰ ਤੰਗ ਕਰਨ ਦੀਆਂ ਕਰਤੂਤਾਂ ਨੂੰ ਇਹ ਲੋਕ ਆਪਣੇ ਘਰ ਦੇ ਅਸੂਲ ਦੱਸਕੇ ਢੱਕਣ ਦੀ ਕੋਸ਼ਿਸ਼ ਕਰਦੇ ਹਨ। ਜੇਕਰ ਲੜਕੀ ਬਿਮਾਰ ਹੋ ਜਾਵੇ ਤਾਂ ਡਾਕਟਰ ਪਾਸ ਨਹੀ ਲੈ ਕੇ ਜਾਂਦੇ ਬਲਕਿ ਕੈਮਿਸਟਾਂ ਤੋ ਹੀ ਦਵਾਈਆਂ ਲਿਆ ਕੇ ਦੇ ਦਿੰਦੇ ਹਨ ਤਾਂ ਜੋ ਇਸ ਦੇ ਸਰੀਰ ਵਿੱਚ ਵਿਗਾੜ ਆ ਜਾਵੇ, ਇਸਦੀ ਸੁੰਦਰਤਾ ਘੱਟ ਜਾਵੇ, ਲੜਕੀ ਨੂੰ ਮਨ ਪਰਚਾਵੇ ਵਾਸਤੇ ਮਿਉਜਿਕ ਸੁਨਣ ਜਾਂ ਟੈਲੀਵਿਜ਼ਨ ਦੇਖਣ ਲਈ ਵੀ ਨਹੀਂ ਦਿੱਤਾ ਜਾਂਦਾ। ਜਾਲਮਾਂ ਦੇ ਹਿਰਦੇ ਨਹੀ ਕੰਬਦੇ, ਦੁੱਖ ਸਹਾਰਦੇ ਜ਼ਿੰਦਾ ਲਾਸ਼ ਬਣੀ ਨਿਮਾਣੀ ਨੂੰ ਕਿਸੇ ਨਾ ਕਿਸੇ ਤਰੀਕੇ ਵੱਧ ਤੋ ਵੱਧ ਦੁੱਖੀ ਕਰ ਇਹ ਖੁਸ਼ੀਆਂ ਬਟੋਰਦੇ ਹਨ। ਦਰਵਾਜੇ ਬੰਦ ਕਰਕੇ ਕੁੱਟਮਾਰ ਕੀਤੀ ਜਾਂਦੀ ਹੈ ਤਾਂ ਜੋ ਚੀਕਾਂ ਕੰਧਾਂ ਤੋ ਬਾਹਰ ਨਾ ਜਾਣ, ਤੇ ਜੇਕਰ ਕੋਈ ਲੜਕੀ ਨਾਲ ਹਮਦਰਦੀ ਕਰੇ ਤਾਂ ਉਸ ਨੂੰ ਘਰ ਵੜ•ਣ ਨਹੀ ਦਿੱਤਾ ਜਾਂਦਾ। ਸਰਦੀਆਂ ਦੇ ਦਿਨਾਂ ਵਿੱਚ ਕੁਟਮਾਰ ਕਰਕੇ ਕਮਰਿਆਂ ਵਿਚੋ ਬਾਹਰ ਕੱਢ ਦਿਤੀ ਜਾਂਦੀ ਹੈ। ਵਿਚਾਰੀ ਦੁਖਿਆਰੀ ਮਝਾਂ ਦੇ ਸ਼ੈਡ ਜਾਂ ਤੂੜੀ ਵਾਲੇ ਕਮਰੇ ਦੇ ਕੋਨੇ ਵਿੱਚ ਬੈਠ ਕੁੱਤੇ ਦੀ ਬੋਰੀ ਜਾਂ ਪਲੜ ਦੇ ਸਹਾਰੇ ਠੰਡ ਤੋ ਬੱਚ ਰਾਤ ਲੰਘਾਉਦੀ ਹੈ। (ਇਹ ਔਰਤਾਂ ’ਤੇ ਮਰਦਾਨਗੀ ਦਿਖਾਉਣ ਵਾਲਿਆਂ ਦੀ ਬਾਹਰ ਸ਼ਰੀਕਾਂ ਅਗੇ ਮੌਕ ਪੈਦੀ ਹੈ) ਇਹਨਾਂ ਦੇ ਖੇਤਾਂ ਦੀ ਕੋਈ ਵੱਟ ਵੱਢ ਲਵੇ, ਦਰੱਖਤ ਚੁਕ ਕੇ ਲੈ ਜਾਵੇ, ਗਾਹਲਾਂ ਕੱਢ ਲਵੇ, ਗਲੀ, ਨਾਲੀ ਜਾਂ ਕੰਧ ਇਹਨਾਂ ਦੀ ਥਾਂ ਵਿੱਚ ਉਸਾਰ ਲਵੇ, ਡਰਦੇ ਅੰਦਰ ਵੱੜ ਜਾਂਦੇ ਹਨ ਤੇ ਇਹ ਉਪਦੇਸ਼ ਇਹ ਦਿੰਦੇ ਹਨ ਕਿ ਕੋਈ ਫਰਕ ਨਹੀ ਪੈਦਾ। ਅਸੀ ਨਿੱਕੀਆਂ ਨਿੱਕੀਆਂ ਗੱਲਾਂ ਦੀ ਪ੍ਰਵਾਹ ਨਹੀ ਕਰਦੇ, ਜਦ ਕਿ ਬੇਗਾਨੀ ਧੀ ਨੂੰ ਕੈਦੀ ਬਣਾਕੇ ਰੱਖਦੇ ਹਨ, ਉਸ ਨੂੰ ਕਿਤੇ ਵੀ ਆਉਣ ਜਾਣ ਨਹੀ ਦਿੱਤਾ ਜਾਦਾ। ਘਰ ਆਏ ਕਿਸੇ ਰਿਸਤੇਦਾਰ ਨਾਲ ਗੱਲਬਾਤ ਵੀ ਨਹੀ ਕਰਨ ਦਿਤੀ ਜਾਂਦੀ। ਕਾਨੂੰਨੀ ਸਜਾ ਭੁਗਤ ਰਹੇ ਕੈਦੀ ਨੂੰ ਵੀ ਮਿਲਣ ਦੀ ਇਜਾਜਤ ਦਿਤੀ ਜਾਦੀ ਹੈ, ਪਰ ਲੜਕੀ ਨੂੰ ਕਿਸੇ ਆਪਣੇ ਰਿਸਤੇਦਾਰ ਨਾਲ ਮਿਲਣ ਦੀ ਇਜਾਜਤ ਨਹੀ ਦਿੰਦੇ। ਫੋਨ ਕਰਨ ਜਾਂ ਸੁਣਨ ਦਾ ਅਧਿਕਾਰ ਵੀ ਨਹੀ ਦਿੰਦੇ। ਜੇ ਕੋਈ ਔਰਤ ਰਿਸ਼ਤੇਦਾਰ ਭੁੱਲ ਭੁਲੇਖੇ ਫੋਨ ਕਰ ਲਵੇ ਤਾਂ ਉਸ ਨਾਲ ਅਸ਼ਲੀਲਤਾ ਨਾਲ ਪੇਸ਼ ਆਇਆ ਜਾਂਦਾ ਹੈ ਤਾਂ ਜੋ ਅਗੇ ਤੋ ਫੋਨ ਨਾ ਕਰੇ। ਮਾਂ, ਬਾਪ, ਭਰਾ, ਭਰਜਾਈ ਵੀ ਫੋਨ ਨਹੀ ਕਰ ਸਕਦੇ, ਮਿਲਣ ਵੇਲੇ ਵੀ ਕੋਲ ਖੜ•ਕੇ ਮੁਲਾਕਾਤ ਕਰਵਾਉਦੇ ਹਨ ਤੇ ਕੋਸ਼ਿਸ਼ ਇਹ ਹੁੰਦੀ ਹੈ ਕਿ ਇਨਾਂ ਦੇ ਮਿਲਣ ਤੇ ਵੀ ਸਦਾ ਲਈ ਪਾਬੰਦੀ ਲਾ ਦਿਤੀ ਜਾਵੇ। ਕਈ ਵਾਰ ਝੂਠੀਆਂ ਤੋਹਮਤਾਂ ਲਾ ਮਾਂ ਬਾਪ ਭਰਾ, ਭਰਜਾਈ ਤੇ ਲੜਕੀ ਨੂੰ ਨਾ ਮਿਲਣ ਦੀ ਸ਼ਰਤ ਪੰਚਾਇਤਾਂ ਸਾਹਮਣੇ ਮਨਾ ਕੇ ਲੜਕੀ ਨੂੰ ਵਸਾਇਆ ਜਾਂਦਾ ਹੈ। ਇਹ ਗਿਰੇ ਹੋਏ ਇਨਸਾਨ ਕਈ ਵਾਰ ਛਿੱਤਰਾਂ ਨਾਲ ਠੀਕ ਵੀ ਹੋ ਜਾਂਦੇ ਹਨ। ਇਹਨਾਂ ਵਲੋ ਲੜਕੀਆਂ ਉਪਰ ਪੰਚਾਇਤਾਂ, ਥਾਣਿਆਂ ਜਾਂ ਕਚਿਹਰੀਆਂ ਵਿੱਚ ਜੋ ਝੂਠੇ ਇਲਜਾਮ ਲਾਏ ਜਾਂਦੇ ਹਨ, ਉਹ ਇਥੇ ਲਿਖੇ ਹੀ ਨਹੀ ਜਾ ਸਕਦੇ। 
ਮਾਪੇ ਜੋ ਧੀਆਂ ਦੇ ਦੁਖੜੇ ਵੰਡਾਉਦਿਆਂ ਬੁੱਤ ਬਣ ਜਾਂਦੇ ਹਨ, ਉਹਨਾਂ ਦੇ ਅਥਰੂ ਜੰਮ ਜਾਂਦੇ ਹਨ, ਰਾਤਾਂ ਬੈਠ ਕੇ ਸੋਚਾਂ ਵਿੱਚ ਘਾੜਾਂ ਘੜਦਿਆਂ ਲੰਘਾਉਦੇ ਹਨ ਕਿ ਨਿਮਾਣੀ ਨਾਲ ਅੱਜ ਕੀ ਬੀਤਿਆ ਹੋਣਾ ਤੇ ਹੁਣ ਕੀ ਬੀਤ ਰਿਹਾ ਹੋਵੇਗਾ। ਅਜਿਹੇ ਵਿੱਚ ਇਕ ਦਿਨ ਮਾਪਿਆਂ ਨੂੰ ਸੁਨੇਹਾ ਮਿਲਦਾ ਹੈ ਕਿ ਕਰਮਾਂ ਮਾਰੀ ਦੇ ਪ੍ਰਾਣ ਨਿਕਲ ਗਏ ਹਨ, ਮਾਪਿਆਂ ਨੂੰ ਇਹ ਸੁੱਝਦਾ ਨਹੀ ਕਿ ਕੈਦ ਤੋਂ ਛੁਟਕਾਰੇ ਲਈ ਰੱਬ ਦਾ ਸ਼ੁਕਰੀਆ ਅਦਾ ਕਰਨ ਜਾਂ ਇਸ ਦੁਨੀਆਂ ਤੋਂ ਲੈ ਜਾਣ ਲਈ ਉਲਾਂਭਾ ਦੇਈਏ। ਅਜਿਹੇ ਹਾਲਾਤ ਜਿਨ•ਾਂ ਨਾਲ ਬੀਤਦੇ ਹਨ, ਜਿਨ•ਾਂ ਅੱਖੀ ਦੇਖੇ ਤੇ ਕੰਨੀ ਸੁਣੇ ਹੁੰਦੇ ਹਨ, ਉਨ•ਾਂ ਦੀ ਕੁੱਖ ਵਿੱਚ ਧੀਆਂ ਨੂੰ ਮਾਰਨ ਦੀ ਮਾਨਸਿਕਤਾ ਨੂੰ ਕਿਵੇ ਬਦਲਿਆ ਜਾ ਸਕਦਾ ਹੈ। ਉਨ•ਾ ਲੋਕਾਂ ਤੇ ਦਿਖਾਵੇ ਦੀਆਂ ਰੁੱਖ ਬਚਾਓ, ਕੁੱਖ ਬਚਾਓ ਰੈਲੀਆਂ, ਸੈਮੀਨਾਰਾਂ ਦਾ ਕੋਈ ਪ੍ਰਭਾਵ ਨਹੀ ਪੈਣ ਲੱਗਿਆ ਜਿੰਨਾ ਚਿਰ ਔਰਤ ਨੂੰ ਸਮਾਜ ਵਿਚ ਸਨਮਾਨ ਜਨਕ ਸਥਾਨ ਨਹੀ ਮਿਲਦਾ। ਸਾਨੂੰ ਪੰਚਾਇਤੀਆਂ ਨੂੰ ਰਿਸ਼ਤੇਦਾਰੀ, ਵੋਟਾਂ ਆਪਣੇ ਧੜੇ, ਆਪਣੀ ਪਾਰਟੀ ਤੋਂ ਉਪਰ ਉੱਠ ਕੇ ਔਰਤ ਤੇ ਅੱਤਿਆਚਾਰ ਕਰਨ ਵਾਲਿਆਂ ਦਾ ਜਮੀਰ ਜਗਾਉਣ ਤੇ ਸਮਾਜ ਵਿਚ ਔਰਤ ਨੂੰ ਸਨਮਾਣ ਦੁਆਉਣ ਲਈ ਅੱਗੇ ਆਉਣਾ ਚਾਹੀਦਾ ਹੈ । ਔਰਤ ਨੂੰ ਸਮਾਜ ਵਿਚ ਸਤਿਕਾਰ ਮਿਲਣ ਨਾਲ ਹੀ ਮਾਪਿਆਂ ਦੀ ਕੰਨਿਆ ਭਰੂਣ ਹੱਤਿਆ ਕਰਨ ਵਾਲੀ ਮਾਨਸਿਕਤਾ ਨੂੰ ਬਦਲਿਆ ਜਾ ਸਕਦਾ ਹੈ। 
ਸਰਪੰਚ ਯਾਦਵਿੰਦਰ ਸਿੰਘ ਸਿੱਧੂ, 
ਸੰਸਥਾਪਕ ਪੰਚਾਇਤ ਐਸੋਸੀਏਸ਼ਨ ਪੰਜਾਬ 
ਪਿੰਡ ਤੇ ਡਾਕ. ਕਾਸਮ ਭੱਟੀ ਜਿਲਾ ਫਰੀਦਕੋਟ। 
98148-08798
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template