ਕਰਜ਼ ਸ਼ਬਦ ਇੱਕ ਅਜਿਹਾ ਸ਼ਬਦ ਹੈ, ਜਿਸਨੂੰ ਸੁਣਦੇ ਸਾਰ ਹੀ ਜਿਸਮ ਵਿੱਚ ਕੰਬਣੀ ਛਿੜ ਜਾਂਦੀ ਹੈ, ਪਰ ਜ਼ਿੰਦਗੀ ਵਿੱਚ ਸਾਰੇ ਕਰਜ਼ ਇੱਕੋ ਤਰ੍ਹਾਂ ਦੇ ਨਹੀਂ ਹੁੰਦੇ। ਕੁਝ ਕਰਜ਼ ਲਾਹ ਕੇ ਬੰਦਾ ਸੁਰਖਰੂ ਹੋ ਜਾਂਦਾ ਹੈ ਅਤੇ ਕੁਝ ਕਰਜ਼ ਅਜਿਹੇ ਹੁੰਦੇ ਹਨ ਜੋ ਸਾਨੂੰ ਪੀੜ੍ਹੀ ਦਰ ਪੀੜ੍ਹੀ ਆਪਸੀ ਸਾਂਝ ਦੀ ਯਾਦ ਦਿਵਾਉਂਦੇ ਰਹਿੰਦੇ ਹਨ। ਇੱਕ ਅਜਿਹਾ ਹੀ ਕਰਜ਼ ਮੈਨੂੰ ਵਿਰਾਸਤ ਵਿੱਚੋਂ ਮਿਲਿਆ ਹੈ। ਇਸ ਕਰਜ਼ ਮੈਂ ਵੀ ਆਪਣੀ ਜ਼ਿੰਦਗੀ ਵਿੱਚ ਵੀ ਨਹੀਂ ਲਾਹ ਸਕਾਂਗਾ ਤੇ ਲਹਾਂਗਾ ਵੀ ਨਹੀਂ।
ਇਹ ਗੱਲ ਸੰਨ 1964 ਦੀ ਹੈ। ਸਾਡਾ ਪਰਿਵਾਰ ਇੱਕ ਮੱਧ ਵਰਗੀ ਪਰਿਵਾਰ ਹੈ। ਮੇਰੇ ਦਾਦਾ ਜੀ ਫੌਜ ਵਿੱਚ ਸਨ ਅਤੇ ਦਾਦੀ ਜੀ ਘਰੇਲੂ ਗ੍ਰਹਿਣੀ ਸਨ। ਮੇਰੇ ਪਿਤਾ ਜੀ (ਸਵ: ਮਹਿਮਾ ਸਿੰਘ ਕੰਗ) ਹੁਰੀਂ ਤਿੰਨ ਭਰਾ ਸਨ, ਜਿਨ੍ਹਾਂ ਵਿੱਚ ਮੇਰੇ ਪਿਤਾ ਜੀ ਸਭ ਤੋਂ ਵੱਡੇ ਸਨ ਅਤੇ ਦੂਸਰੇ ਦੋਵੇਂ ਛੋਟੇ ਸਨ। ਜਦੋਂ ਬੱਚੇ ਵੱਡੇ ਹੋਣ ਲੱਗਦੇ ਹਨ ਤਾਂ ਹਰੇਕ ਮਾਂ ਦੀ ਇੱਛਾ ਹੁੰਦੀ ਹੈ ਕਿ ਉਸਦਾ ਪੁੱਤਰ ਘਰ ਵਿੱਚ ਉਸ ਲਈ ਨੂੰਹ ਲੈ ਕੇ ਆਵੇਗਾ। ਉਹ ਆਪਣੇ ਪੋਤੇ ਪੋਤੀਆਂ ਨੂੰ ਖਿਡਾਵੇਗੀ। ਪਰ ਜਦੋਂ ਹੋਣੀ ਆਪਣਾ ਕਹਿਰ ਵਰਤਾ ਦਿੰਦੀ ਹੈ ਤਾਂ ਸਭ ਇਛਾਵਾਂ ਧਰੀਆਂ ਧਰਾਈਆਂ ਰਹਿ ਜਾਂਦੀਆਂ ਹਨ। ਕੁਝ ਇਸੇ ਤਰ੍ਹਾਂ ਦਾ ਮੇਰੀ ਦਾਦੀ ਨਾਲ ਵਾਪਰਿਆ। ਜਦੋਂ ਮੇਰੀ ਦਾਦੀ ਮੇਰੇ ਪਿਤਾ ਜੀ ਦੇ ਵਿਆਹ ਦੇ ਸੁਪਨੇ ਸੰਜੋਣ ਲੱਗੀ ਤਾਂ ਹੋਣੀ ਨੂੰ ਕੁਝ ਹੋਰ ਹੀ ਮੰਨਜੂਰ ਸੀ। ਘਰ ਵਿੱਚ ਰੱਖਿਆ ਹੋਇਆ ਪਾਲਤੂ ਕੁੱਤਾ ਹਲਕ ਗਿਆ ਅਤੇ ਉਸਨੇ ਮੇਰੀ ਦਾਦੀ ਨੂੰ ਵੱਢ ਲਿਆ। ਉਸ ਸਮੇਂ ਇਲਾਜ ਨਾ ਮਾਤਰ ਹੋਣ ਕਰਕੇ, ਕੁਝ ਦਿਨਾਂ ਬਾਅਦ ਮੇਰੇ ਦਾਦੀ ਆਪਣੇ ਸੰਜੋਏ ਹੋਏ ਸੁਪਨਿਆਂ ਅਤੇ ਆਪਣੇ ਦਿਲ ਦੀਆਂ ਸੱਧਰਾਂ ਨੂੰ ਆਪਣੇ ਦਿਲ ਅੰਦਰ ਹੀ ਲੈ ਕੇ ਇਸ ਜਹਾਨ ਤੋਂ ਰੁਖਸਤ ਹੋ ਗਏ। ਉਸ ਸਮੇਂ ਮੇਰੇ ਪਿਤਾ ਜੀ ਦੀ ਉਮਰ ਕੋਈ 25 ਕੁ ਸਾਲ ਸੀ, ਸਭ ਤੋਂ ਛੋਟੇ ਚਾਚਾ ਜੀ ਨੌਵੀਂ ਜਮਾਤ ਵਿੱਚ ਪੜ੍ਹਦੇ ਸਨ। ਜਦੋਂ ਇਸ ਉਮਰ ਵਿੱਚ ਮਾਂ ਦਾ ਵਿਛੋੜਾ ਪੈ ਜਾਂਦਾ ਹੈ ਤਾਂ ਉਸਦਾ ਦੁੱਖ ਸਿਰਫ ਉਸਦੀ ਔਲਾਦ ਹੀ ਸਮਝ ਸਕਦੀ ਹੈ।
ਦਾਦੀ ਦੀ ਮੌਤ ਤੋਂ ਪਿੱਛੋਂ ਘਰ ਵਿੱਚ ਸਭ ਤੋਂ ਵੱਡੀ ਸਮੱਸਿਆ ਰੋਟੀ ਪਕਾਉਣ ਖੜ੍ਹੀ ਹੋ ਗਈ, ਕਿਉਂਕਿ ਸਾਡੀ ਕੋਈ ਭੂਆ ਵੀ ਨਹੀਂ ਸੀ, ਜੋ ਦੁਖ ਵਿੱਚ ਆਪਣੇ ਭਾਈਆਂ ਦਾ ਸਹਾਰਾ ਬਣਦੀ। ਸਾਡੇ ਘਰ ਦੇ ਨਾਲ ਹੀ ਮੇਰੇ ਪਿਤਾ ਜੀ ਦੇ ਚਾਚਾ (ਹਰਚੰਦ ਸਿੰਘ) ਦਾ ਘਰ ਸੀ, ਉਨ੍ਹਾਂ ਨੇ ਮੇਰੀ ਦਾਦੀ ਦੇ ਮਰਨ ਤੋਂ ਬਾਅਦ ਸਾਡੇ ਘਰ ਦੀ ਕਾਫੀ ਜਿੰਮੇਵਾਰੀ ਨੂੰ ਆਪਣੀ ਜਿੰਮੇਵਾਰੀ ਸਮਝ ਕੇ ਆਸਰਾ ਦਿੱਤਾ। ਸਾਡੇ ਪਰਿਵਾਰ ਦੀ ਰੋਟੀ ਮੇਰੀ ਦਾਦੀ (ਮੇਰੇ ਪਿਤਾ ਜੀ ਹੁਰਾਂ ਦੀ ਚਾਚੀ, ਜਿਸਨੂੰ ਅਸੀਂ ਵੀ ਸਾਰੇ ਦਾਦੀ ਹੀ ਕਹਿੰਦੇ ਸਾਂ) ਪਕਾਉਣ ਲੱਗੀ। ਉਨ੍ਹਾਂ ਨੇ ਨੌਂ ਮਹੀਨੇ ਸਾਡੇ ਪਰਿਵਾਰ ਦੀ ਰੋਟੀ ਪਕਾਈ। ਫਿਰ ਮੇਰੇ ਪਿਤਾ ਜੀ ਦਾ ਵਿਆਹ ਕਰ ਲਿਆ ਗਿਆ। ਇਹ ਨੌਂ ਮਹੀਨੇ ਪਕਾਈ ਰੋਟੀ ਦੇ ਕਰਜ਼ ਦਾ ਅਹਿਸਾਨ ਮੇਰੇ ਪਿਤਾ ਜੀ ਅਤੇ ਮੇਰੇ ਦੋਨੋਂ ਚਾਚੇ ਹਮੇਸ਼ਾਂ ਸੱਚੇ ਮਨ ਨਾਲ ਮੰਨਦੇ ਰਹੇ। ਜਿਸ ਬਾਰੇ ਮੇਰੇ ਪਿਤਾ ਜੀ ਅਕਸਰ ਕਿਹਾ ਕਰਦੇ ਸਨ ਕਿ ਉਹ ਆਪਣੇ ਚਾਚਾ ਚਾਚੀ ਦੀ ਕੀਤੀ ਕੁਰਬਾਨੀ ਦਾ ਅਹਿਸਾਨ ਕਦੇ ਨਹੀਂ ਭੁਲਾ ਸਕਦੇ, ਜਿਹੜਾ ਇਹ ਕਰਜ਼ ਉਨ੍ਹਾਂ ਸਿਰ ਹੈ, ਉਸ ਨੂੰ ਆਪਣੇ ਜਿਉਂਦੇ ਜੀਅ ਲਾਹੁਣ ਦੀ ਕੋਸ਼ਿਸ਼ ਵੀ ਨਹੀਂ ਕਰਨਗੇ, ਕਿਉਂਕਿ ਅਜਿਹੇ ਕਰਜ਼ ਜ਼ਿੰਦਗੀ ਦਾ ਰਾਹ ਦਸੇਰਾ ਬਣਦੇ ਹਨ। ਮੇਰੇ ਪਿਤਾ ਜੀ ਨੇ ਇਹ ਕਰਜ਼ਾ ਆਪਣੇ ਜਿਉਂਦੇ ਜੀਅ ਕਦੇ ਲਾਹੁਣ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਮੈਂ ਆਪਣੇ ਪਿਤਾ ਜੀ ਦੇ ਏਸ ਕਰਜ਼ ਨੂੰ ਆਪਣੇ ਸਿਰ ਤੋਂ ਵੀ ਲਾਹੁਣ ਦੀ ਕੋਸ਼ਿਸ਼ ਨਹੀਂ ਕਰਾਂਗਾ ਕਿਉਂਕਿ ਉਨ੍ਹਾਂ ਵੱਲੋਂ ਕਹੀ ਗੱਲ ‘‘ਅਜਿਹੇ ਕਰਜ਼ ਜ਼ਿੰਦਗੀ ਦਾ ਰਾਹ ਦਸੇਰਾ ਬਣਦੇ ਹਨ ’’ ਨੂੰ ਜ਼ਿੰਦਗੀ ਭਰ ਯਾਦ ਰੱਖਾਂਗਾ।
ਮੇਰੇ ਪਿਤਾ ਜੀ ਅਤੇ ਦੋਨਾਂ ਚਾਚਿਆਂ ਨੇ ਜਿਨ੍ਹਾਂ ਸਤਿਕਾਰ, ਮਾਣ ਅਤੇ ਇੱਜਤ ਆਪਣੇ ਚਾਚਾ ਅਤੇ ਚਾਚੀ ਨੂੰ ਦਿੱਤਾ, ਉਹੋ ਜਿਹਾ ਸਤਿਕਾਰ ਅੱਜ ਕੱਲ ਦੀ ਨਵੀਂ ਪੀੜ੍ਹੀ ਆਪਣੇ ਮਾਪਿਆਂ ਨੂੰ ਵੀ ਨਹੀਂ ਦਿੰਦੀ।
ਇੰਦਰਜੀਤ ਸਿੰਘ ਕੰਗ
ਪਿੰਡ ਤੇ ਡਾਕ : ਕੋਟਲਾ ਸਮਸ਼ਪੁਰ
ਤਹਿ: ਸਮਰਾਲਾ (ਲੁਧਿ:)
ਮੋਬਾ: 98558-82722


0 comments:
Speak up your mind
Tell us what you're thinking... !