ਵਿਸ਼ੰਭਰ ਦਾਸ ਵੀ ਉਹਨਾਂ ਲੱਖਾਂ ਕਰੋੜਾਂ ਪ੍ਰਾਣੀਆਂ ਚੋਂ ਇੱਕ ਸੀ ਜਿੰਨਾਂ ਦੀ ਜਿੰਦਗੀ ਨੂੰ ਥੁੜਾਂ ਤੇ ਖੁਹਾਇਸ਼ਾਂ ਦੇ ਤੁਫਾਨਾਂ ਨੇ ਅਖੀਰ ਇੱਕ ਸਖਸ਼ੀਅਤ ਬਖਸ਼ ਹੀ ਦਿੱਤੀ ਸੀ ਜਿਸ ਨੂੰ ਦੁਨਿਆਵੀ ਭਾਸ਼ਾ ਵਿੱਚ ਅਸੀਂ ਭਾਣਾ ਮੰਨਣ ਵਾਲੀ ਸਖਸ਼ੀਅਤ ਵੀ ਕਹਿ ਸਕਦੇ ਹਾਂ । ਅਜਿਹੀਆਂ ਸਖਸ਼ੀਅਤਾਂ ਵਿਚਾਰੀਆਂ ਥੋੜੇ ਮਾਜਨੇ ਦੀਆਂ ਹੁੰਦੀਆਂ ਹਨ । ਛੋਟੇ ਹੌਸਲੇ, ਛੋਟੀਆਂ ਉਡਾਰੀਆਂ ਤੇ ਮਾੜਾ ਜਿਹਾ ਜ਼ਿਗਰ ।
ਵਿਸ਼ੰਭਰ ਦਾਸ ਵਿਚਾਰਾ ਉਸ ਦਿਨ ਬੜਾ ਝੁੰਜਲਾਇਆ ਜਿਹਾ ਰਿਹਾ ਜਿਸ ਦਿਨ ਇੱਕ ਪੁਰਾਣਾ ਵਾਕਿਫ਼ ਉਸ ਨੂੰ ਸੌ ਰੁਪਏ ਦੀ ਲਾਟਰੀ ਵੇਚ ਗਿਆ ਸੀ । ਪੈਸੇ ਪੈਸੇ ਦੀ ਕਦਰ ਕਰਨ ਵਾਲੇ ਵਿਸ਼ੰਭਰ ਦਾਸ ਨੇ ਇਹ ਕੰਮ ਜਿੰਦਗੀ ਵਿੱਚ ਕਦੇ ਨਹੀਂ ਸੀ ਕੀਤਾ ਪਰ ਅੱਜ ਵਿਚਾਰਾ ਭਾਵੁਕਤਾ ਵਿੱਚ ਬਲੈਕਮੇਲ ਹੋਣ ਪਿੱਛੋਂ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਸੀ ।ਸ਼ਾਮ ਨੂੰ ਘਰ ਜਾ ਕੇ ਵੀ ਬੱਚਿਆਂ ਅਤੇ ਘਰਵਾਲੀ ਕੋਲੇ ਫਰੋਲਿਆ ਤਾਂ ਆਪਣਾ ਦੁੱਖ ਸੀ ਪਰ ਵਹਿਣ ਹੋਰ ਪਾਸੇ ਹੀ ਵਹਿ ਗਿਆ । ਖੁਹਾਇਸ਼ਾਂ ਨੇ ਅੰਗੜਾਈਆਂ ਲੈ ਲਈਆਂ । ਕਰੌੜ ਰੁਪਈੲੈ ਦਾ ਹਿਸਾਬ ਹੋਣ ਲੱਗਿਆ । ਕਿੰਨੇ ਮਿਲਣਗੇ ? ਕਿੱਥੇ ਕਿੱਥੇ ਘਰ ਲਏ ਜਾਣਗੇ ? ਕਾਰ ਕਿਹੜੀ ਲੈਣੀ ਹੈ.........ਵਿਚਾਰਾ ਵਿਸ਼ੰਭਰ ਦਾਸ ਆਖਿਰ ਖੁਦ ਵੀ ਤਾਂ ਤ੍ਰਿਸ਼ਣਾ ਭਰੇ ਲੋਅਰ ਮਿਡਲ ਕਲਾਸ ਪਰਿਵਾਰ ਦਾ ਮੁਖੀ ਸੀ । ਸੌ ਰੁਪਏ ਦੇ ਗਮ ਨੂੰ ਭੁੱਲ ਕੇ ਪਰਿਵਾਰ ਦੇ ਸੁਪਣਿਆ ਦਾ ਹਾਣੀ ਬਣ ਗਿਆ । ਉਸ ਨੇ ਵੀ ਂਜੋਸ਼ ’ਚ ਆ ਕੇ ਕੁੱਝ ਸੁਝਾਅ ਦਿੱਤੇ .............ਉਸ ਦਿਨ ਪੂਰਾ ਪਰਿਵਾਰ ਯੋਜਨਾਵਾਂ ਵਿੱਚ ਉਲਝਿਆ ਦੇਰ ਰਾਤ ਤੱਕ ਜਾਗਦਾ ਰਿਹਾ । ਸਭ ਨੇ ਯੋਜਨਾਵਾਂ ਦਾ ਆਨੰਦ ਲਿਆ ਸੀ ਪਰ ਸੌਣ ਵੇਲੇ ਸਭ ਜਾਣਦੇ ਸਨ ਕਿ ਉਹ ਸਾਰੇ ਖਿਆਲੀ ਪਲਾਓ ਬਣਾ ਰਹੇ ਸਨ । ਸੌਣ ਵੇਲੇ ਵਿਸ਼ੰਭਰ ਦਾਸ ਵੀ ਇਹੀ ਸੋਚ ਰਿਹਾ ਸੀ ਕਿ ਫਰੀ ਵਿੱਚ ਮਿਲਿਆ ਇਹ ਆਨੰਦ ਬੜਾ ਕੀਮਤੀ ਸੀ । ਸਾਰਿਆਂ ਦੇ ਚਿਹਰੇ ਤੇ ਕਿਵੇਂ ਰੋਣਕ ਸੀ ਪਰ ਗਰੀਬਾਂ ਦੇ ਸੁਪਨੇ ਕਦੋਂ ਸਾਕਾਰ ਹੁੰਦੇ ਨੇ...............।.
ਸੁਬਹ ਹੋਈ ਤਾਂ ਗਜ਼ਬ ਹੋ ਗਿਆ । ਉਹਨਾਂ ਦੇ ਸ਼ਹਿਰ ਤੋਂ ਹੀ ਖਬਰ ਲੱਗੀ ਸੀ ਕਿ ਸ਼ਹਿਰ ਦੇ ਵਿਸ਼ੰਭਰ ਦਾਸ ਨਾਮੀ ਬੰਦੇ ਨੂੰ ਇੱਕ ਕਰੌੜ ਦਾ ਇਨਾਮ ਨਿੱਕਲਿਆ ਹੈ । ਬੱਚਿਆਂ ਨੇ ਰੌਲਾ ਰੱਪਾ ਪਾਇਆ ਤਾਂ ਗੁਆਂਢੀ ਵੀ ਆ ਗਏ ਪਰ ਵਿਸ਼ੰਭਰ ਦਾਸ ਦਾ ਮਾਜਨਾ ਛੋਟਾ ਸੀ ।ਦਿਲ ਫੜ ਕੇ ਬੈਠ ਗਿਆ । ਕਰੌੜਪਤੀ !! ਤੇ ਮੈਂ...............ਤੇ ਪਤਾ ਹੀ ਨਹੀਂ ਲੱਗਿਆ ਸੀ ਕਿ ਕਦੋਂ ਉਹ ਬੇਸੁਰਤ ਹੋ ਗਿਆ ਸੀ ਥੁੜਾਂ ਮਾਰੇ ਪਰਿਵਾਰ ਨੂੰ ਅੱਜ ਮਾਲੀ ਸਹਾਇਤਾ ਵੀ ਫੌਰਨ ਮਿਲ ਗਈ ਸੀ । ਉਸਨੂੰ ਸ਼ਹਿਰ ਦੇ ਵਧੀਆ ਹਸਪਤਾਲ ਵਿੱਚ ਲਿਜਾਇਆ ਗਿਆ । ਉਸਨੂੰ ਹਲਕਾ ਦਿਲ ਦਾ ਦੌਰਾ ਪੈ ਗਿਆ ਸੀ............... ਪਰ ਨਿਮਾਣੀ ਜਿੰਦ ਵਾਸਤੇ ਝਟਕੇ ਅਜੇ ਹੋਰ ਬਾਕੀ ਸਨ ਦੁਪਹਿਰ ਤੱਕ ਪਤਾ ਲੱਗਿਆ ਇੱਕ ਕਰੌੜ ਜਿੱਤਣ ਵਾਲਾ ਵਿਸ਼ੰਭਰ ਦਾਸ ਭਟੂਰਿਆਂ ਵਾਲਾ ਵਿਸ਼ੰਭਰ ਦਾਸ ਸੀ ਜਿਸ ਤੋਂ ਉਸ ਨੇ ਵੀ ਕਈ ਵਾਰ ਭਟੂਰੇ ਖਾਧੇ ਸਨ । ਕਮਰੇ ਵਿੱਚ ਏ.ਸੀ ਚੱਲ ਰਿਹਾ ਸੀ ਪਰ ਵਿਸ਼ੰਭਰ ਦਾਸ ਵਿਚਾਰਾ ਮੁੜਕੇ ਨਾਲ ਭਿੱਜਿਆ ਪਿਆ ਸੀ । ਹਸਪਤਾਲ ਵਿੱਚ ਲੱਗੇ ਆਢੀਆਂ ਗੁਆਢੀਆਂ ਦੇ ਪੈਸੇ ਕਿਵੇਂ ਉਤਾਂਰੂ ? ਉਹ ਥੁੜਦੇ ਜਾਂਦੇ ਦਿਲ ਨੂੰ ਮਜਬੂਤ ਕਰ ਰਿਹਾ ਸੀ ਕਿ ਕਿਤੇ ਫੇਰ ਕੁਛ ਹੋ ਨਾ ਜਾਵੇ.....ਫੇਰ ਪਤਾ ਨੀ ਕੀ ਬਣੂ?
ਮੋਬਾ:-9915620944

0 comments:
Speak up your mind
Tell us what you're thinking... !