ਮੇਲਾ ਅਤੇ ਤੇਜਾ ਇੱਕੋ ਮਾਂ-ਪਿਓ ਜਾਏ ਦੋ ਸਕੇ ਭਰਾ ਸਨ।ਤੇਜਾ ਕੁੜਤਾ-ਪਜਾਮਾ ਪਹਿਨਦਾ,ਲੰਮਾ ਦਾਹੜਾ,ਗੁਰਸਿੱਖ ਕੇਸਾਧਾਰੀ ਸੀ ਜਦੋਂ ਕਿ ਮੇਲਾ ਬਿਲਕੁਲ ਮੋਨਾ,ਘੋਨਮੋਨ..।ਦੋਵੇਂ ਬੇਸ਼ੱਕ ਇੱਕੋ ਰੁਤਬੇ ਦੇ ਰੁਜਗਾਰ ਤੇ ਲੱਗੇ ਆਪਣਾ-ਆਪਣਾ ਪੇਟ ਪਾਲਣਾ ਕਰਦੇ ਸਨ ਪਰ ਤੇਜਾ ਨਸ਼ੇ ਪੱਤੇ ਤੋਂ ਰਹਿਤ ਸੀ ਜਦੋਂ ਕਿ ਮੇਲਾ ਸ਼ਰਾਬ ਪੀਣ ਦਾ ਆਦੀ ਸੀ।ਕਈ ਵਾਰੀ ਤਾਂ ਡਿਉਟੀ ਦੌਰਾਨ ਹੀ ਨਸ਼ੇ ਚ ਟੁੱਲ ਰਹਿੰਦਾ,ਪਰ ਮਾੜਾ-ਚੰਗਾ ਕਿਸੇ ਨੂੰ ਕੁੱਝ ਨਹੀਂ ਸੀ ਬੋਲਦਾ,ਕਦੇ-ਕਦੇ ਬਸ ਹਾਸੇ-ਮਜਾਕ ਦੀਆਂ ਗੱਲਾਂ ਕਰਦਾ,ਬਾਹਾਂ ਫੈਲਾ ਕੇ ਗਲ-ਵੱਕੜੀ ਪਾਉਂਦਾ,ਔਰਤ-ਮਰਦ ਦਾ ਫਰਕ ਕੋਈ ਨਾ ਸਮਝਦਾ,ਕਹਾਣੀਆਂ ਸੁਣਾਉਂਦਾ,ਮਨ ਪਰਚਾਉਂਦਾ,ਬੋਲਦਾ………………
ਲਓ ਜੀ ਇੱਕ ਸੀ ਰਾਜਾ,ਇੱਕ ਉਹਦੀ ਰਾਣੀ ਸੀ,ਬੜੀ ਸਿਆਣੀ ਸੀ,ਐਸ਼ ਕਰਦੇ ਸਨ,ਰਾਜ-ਭਾਗ ਦੇ ਮਾਲਕ,ਬੜੇ ਲਾਡਾਂ ਚਾਵਾਂ ਨਾਲ ਉਹਨਾਂ ਦੇ ਪੁੱਤਰ ਹੋਇਆ,ਪਾਲਿਆ-ਪੋਸਿਆ,ਵੱਡਾ ਕੀਤਾ,ਪਤਾ ਨਹੀੰ ਕਿਸੇ ਦਿਨ ਮੰਗਤੇ ਦੇ ਰੂਪ ਵਿੱਚ ਪ੍ਰਮਾਤਮਾ ਖੁੱਦ ਪ੍ਰਗਟ ਹੋ ਕੇ ਭੀਖ ਮੰਗਣ ਆ ਖੜਿਆ ਰਾਜੇ ਦੇ ਦਰ ਤੇ,ਮਾੜੇ ਭਾਗਾਂ ਨੂੰ ਦਾਨੀ ਰਾਜੇ ਦੇ ਮੂੰਹੋਂ ਨਾਂਹ ਨਿਕਲੀ ਤਾਂ ਮੰਗਤੇ ਦੇ ਅੰਦਰੋਂ ਆਹ ਨਿਕਲੀ ਕਿ ਜਾਹ! ਤੇਰੇ ਪੁੱਤਰ ਦੀ ਮੌਤ ਤੇ ਉਪਰ ਪਾਉਣ ਲਈ ਕੱਫਣ ਵੀ ਨਹੀਂ ਜੁੜਣਾ!ਬੱਸ ਦਿਨ ਫਿਰਦੇ ਗਏ,ਰਾਜਾ ਇੱਕ ਦਿਨ ਕੰਗਾਲ ਹੋ ਗਿਆ ਅਤੇ ਸ਼ਮਸ਼ਾਨ-ਘਾਟ ਵਿੱਚ ਮੁਰਦੇ ਫੂਕਣ ਤੇ ਲੱਗ ਗਿਆ ।ਲੱਕੜਾਂ ਵੇਚਦਾ,ਮੁਰਦਾ ਫੂਕਦਾ ਤੇ ਢਿੱਡ ਭਰਨ ਜੋਗੇ ਪੈਸੇ ਕਮਾਉਂਦਾ, ਅਜਬ ਖੇਡ ਕਿ ਭਾਈ ਇੱਕ ਦਿਨ ਰਾਣੀ ਪੁੱਤਰ ਨੂੰ ਨਾਲ ਲੈ ਕੇ ਲੱਕੜਾਂ ਚੁਗਣ ਚਲੀ ਗਈ ਤਾਂ ਪੁੱਤਰ ਨੂੰ ਕਾਲ ਰੂਪੀ ਸੱਪ ਨੇ ਡੱਸ ਲਿਆ,ਪੁੱਤਰ ਥਾਂਏਂ ਢੇਰੀ ਹੋ ਗਿਆ।ਰਾਣੀ ਕਿਸਮਤ ਨੂੰ ਕੋਸਦੀ ਦੁਹੱਥੜ ਪਿੱਟਣ ਲੱਗੀ।ਪੁੱਤਰ ਦੀ ਲੋਥ ਨੂੰ ਚੁੱਕ ਸ਼ਮਸ਼ਾਨਾਂ ਵਿੱਚ ਲੈ ਗਈ।ਅੱਗੇ ਰਾਜਾ,ਆਹ-ਹਾ,ਵਾਹ ਰੱਬ ਦੀਏ ਕੁਦਰਤੇ ! ਉਪਰ ਪਾਉਣ ਲਈ ਕੱਫਣ ਵੀ ਨਾ,ਰਾਣੀ ਨੇ ਲੀਰੋ-ਲੀਰ ਹੋਈ ਚੁੰਨੀ ਉਤੇ ਪਾ ਕੇ ਪੁੱਤਰ ਦਾ ਸਸਕਾਰ ਕਰਾ ਦਿੱਤਾ,ਸ਼ਾਇਦ ਮੇਲਾ ਰਾਜੇ ਹਰੀਸ਼ ਚੰਦਰ ਦੀ ਕਹਾਣੀ ਸੁਣਾ ਰਿਹਾ ਸੀ,ਕਿ ਜਿਉਂ ਹੀ ਉਸਨੇ ਕਿਹਾ ਕਿ ਬੱਸ ਬਾਬੂ ਜੀ,ਰੱਬ ਨੇ ਐਸਾ ਕਹਿਰ ਵਰਤਾਇਆ ਕਿ ਰਾਜੇ ਤੇ ਪਹਾੜ ਟੁੱਟ ਪਿਆ,ਤਿਉਂ ਹੀ ਤੇਜੇ ਨੇ ਉਸਦੀ ਬਦਲੀ ਦੇ ਆਰਡਰ ਲਿਆ ਹੱਥ ਵਿੱਚ ਫੜਾਏ,ਨੇੜਲੇ ਪਿੰਡੋਂ ਆਉਂਦੇ ਮੇਲੇ ਲਈ ਇਥੋਂ ਅਗਲੇ ਪਿੰਡ ਹੋਈ ਬਦਲੀ ਮਾਨੋਂ ਉਸ ਤੇ ਪਹਾੜ ਟੁੱਟ ਪਿਆ ਸੀ ਜੋ ਉਸਨੂੰ ਚੁੱਕਣ ਦੇ ਸਮਰੱਥ ਨਹੀਂ ਸੀ……।
ਅਸ਼ਲੀਲ ਗਾਣੇ ਸਰਕਾਰੀ ਬੱਸਾਂ ਚ ਹੀ ਕਿਉਂ ਬੰਦ!ਪ੍ਰਾਈਵੇਟ ਵਿੱਚ ਕਿਓਂ ਨਹੀਂ?
ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਬੱਸਾਂ ਵਿੱਚ ਵੱਜਦੇ ਅਸ਼ਲੀਲ ਗਾਣਿਆਂ ਤੇ ਪਾਬੰਦੀ ਲਾਉਣ ਦਾ ਫੁਰਮਾਨ ਜਾਰੀ ਕਰਨ ਦੀ ਖਬਰ ਸੁਣਦੇ ਸਮੇਂ ਜਾਂ ਤਾਂ ਮੈਂ ਟਪਲਾ ਖਾ ਗਿਆ ਜਾਂ ਫਿਰ ਖਬਰਾਂ ਦੇਣ ਵਾਲਾ ਜਾਂ ਇਹ ਸੱਚ ਹੈ ਕਿ ਸਰਕਾਰ ਨੇ ਸਿਰਫ ਸਰਕਾਰੀ ਬੱਸਾਂ ਵਿੱਚ ਹੀ ਵੱਜਦੇ ਅਸ਼ਲੀਲ ਅਤੇ ਲੱਚਰ ਗੀਤਾਂ ਨੂੰ ਰੋਕਣ ਲਈ ਹੁਕਮ ਜਾਰੀ ਕੀਤੇ ਹਨ ਅਤੇ ਜਿਹਨਾਂ ਬੱਸਾਂ ਵਿੱਚ ਗੰਦੇ ਗੀਤ ਵੱਜਦੇ ਕਿਸੇ ਅਚਾਨਕ ਚੈਕਿੰਗ ਸਮੇਂ ਫੜੇ ਗਏ ਤਾਂ ਉਸ ਡਰਾਈਵਰ ਵਿਰੁੱਧ ਅਨੁਸ਼ਾਸ਼ਨੀ ਕਾਰਵਾਈ ਕੀਤੀ ਜਾਵੇਗੀ।ਕਾਬਲੇ ਗੌਰ ਮਾਜਰਾ ਤਾਂ ਇਹ ਹੈ ਕਿ ਇਹ ਪਾਬੰਦੀ ਪ੍ਰਾਈਵੇਟ ਬੱਸਾਂ ਵਿੱਚ ਵੱਜਦੇ ਅਸ਼ਲੀਲ ਗੰਦੇ ਗੀਤਾਂ ਤੇ ਕਿਓਂ ਨਹੀਂ ਲਗਾਈ ਗਈ ਜਦੋਂ ਕਿ ਮੁੰਡੇ-ਕੁੜੀਆਂ,ਵੱਡੇ-ਛੋਟੇ ਸਫਰ ਤਾਂ ਪ੍ਰਾਈਵੇਟ ਬੱਸਾਂ ਵਿੱਚ ਵੀ ਕਰਦੇ ਹਨ ਅਤੇ ਇਹ ਗੀਤ ਜਿਥੇ ਨੌਜੁਆਨਾਂ ਨੂੰ ਰਾਹ ਤੋਂ ਕੁਰਾਹ ਕਰਦੇ ਹਨ ਉਥੇ ਸਫਰ ਕਰਨ ਵਾਲੇ ਵਡੇਰੀ ਉਮਰ ਦੇ ਮੁਸਾਫਰਾਂ ਨੂੰ ਵੀ ਸ਼ਰਮਸਾਰ ਕਰਦੇ ਹਨ।ਸਗੋਂ ਪ੍ਰਾਈਵੇਟ ਬੱਸਾਂ ਜਿਹੜੀਆਂ ਮਰਸੀਡੀਜ ਜਾਂ ਲਗਜਰੀ ਕਿਸਮ ਦੀਆਂ ਕਰੋੜ-ਕਰੋੜ ਦੀਆਂ ਹਨ,ਉਹਨਾਂ ਵਿੱਚ ਆਲੀਸ਼ਾਨ ਟੀ.ਵੀ. ਲੱਗੇ ਹੋਏ ਹਨ ਜਿਹਨਾਂ ਵਿੱਚ ਵੱਜਦੇ ਅਸ਼ਲੀਲ ਗੀਤ ਜਿਥੇ ਕੰਨਾਂ ਨੂੰ ਬੰਦ ਕਰਨ ਲਈ ਮਜਬੂਰ ਕਰਦੇ ਹਨ,ਉਥੇ ਸਾਹਮਣੇ ਹੋ ਰਹੇ ਗੰਦੇ ਫਿਲਮਾਂਕਣ ਸਵਾਰੀਆਂ ਨੂੰ ਅੱਖਾਂ ਬੰਦ ਕਰਕੇ ਬੈਠਣ ਲਈ ਮਜਬੂਰ ਕਰਦੇ ਹਨ ਜਦੋਂ ਕਿ ਟੁੱਟੀਆਂ ਸਰਕਾਰੀ ਬੱਸਾਂ ਵਿੱਚ ਤਾਂ ਵੱਧ ਤੋਂ ਵੱਧ ਟੇਪ ਰਿਕਾਰਡਰ ਹੀ ਕਿਤੇ ਵੱਜਦੀ ਹੋਵੇਗੀ ਅਸਲ ਵਿੱਚ ਉਹ ਵੀ ਖੜਕਦੇ ਟੁੱਟੇ ਢਾਂਚੇ ਵਿੱਚ ਸੁਣਾਈ ਨਹੀਂ ਦਿੰਦੀ ! ਖੈਰ ਸ਼ਾਇਦ ਥੋਹੜੀ ਮੋਟੀ ਸਰਕਾਰੀ ਬੱਸਾਂ ਵਿੱਚ ਸਫਰ ਕਰਦੀ ਸਵਾਰੀ ਨੂੰ ਸਫਰ ਕਰਨ ਲਈ ਪ੍ਰਾਈਵੇਟ ਕੰਪਨੀ ਦੀਆਂ ਬੱਸਾਂ ਵੱਲ ਖਿੱਚਣ ਲਈ ਹੀ ਅਜਿਹਾ ਫੁਰਮਾਨ ਜਾਰੀ ਕੀਤਾ ਗਿਆ ਹੋਵੇ ਕਿਉਂਕਿ ਅੱਜ ਕਲ ਜਿਆਦਾ ਮੰਡੇ-ਕੁੜੀਆਂ,ਬੁੜੇ-ਬੁੜੀਆਂ ਅਜਿਹੇ ਹੀ ਗੀਤਾਂ ਨੂੰ ਸੁਣਨ ਦੇ ਇੱਛੁਕ ਹਨ!ਤਰਾਸਦੀ ਇਹ ਹੈ ਕਿ ਦਿਨ-ਬ-ਦਿਨ ਸਾਡਾ ਸੱਭਿਆਚਾਰ ਵਿਗੜਦਾ ਜਾ ਰਿਹਾ ਹੈ,ਸਮਾਜ ਪਲੀਤ ਹੁੰਦਾ ਜਾ ਰਿਹਾ ਹੈ।ਲਿਖਣ ਵਾਲੇ,ਗਾਉਣ ਵਾਲੇ,ਜਿਆਦਾ ਤਰ ਸੱਭਿਆਚਾਰ ਦੇ ਬੈਨਰ ਹੇਠ ਅਸ਼ਲੀਲ ਫਿਲਮਾਂਕਣ ਵਾਲੇ ਮੁੰਡੇ-ਕੁੜੀਆਂ,ਕਾਲਜਾਂ-ਸਕੂਲਾਂ ਦੇ ਗੀਤਾਂ ਨੂੰ ਗਾ ਕੇ, ਵਿਖਾ ਕੇ ਵੱਧ ਤੋਂ ਵੱਧ ਲੋਕਾਂ ਨੂੰ ਆਕਰਸ਼ਤ ਕਰਦੇ ਹਨ,ਇਸੇ ਤਰ੍ਹਾਂ ਪ੍ਰਾਈਵੇਟ ਬੱਸਾਂ ਵਿੱਚ ਜਿਆਦਾ ਸਵਾਰੀਆਂ ਚੜਾਉਣ ਦੀ ਨੀਅਤ ਨਾਲ ਵਧੀਆ ਤੋਂ ਵਧੀਆ ਸੀ.ਡੀ.ਪਲੇਅਰ ਤੇ ਹੋਰ ਏ. ਸੀ. ਸਹੂਲਤਾਂ ਦੇਣ ਦੇ ਨਾਲ-ਨਾਲ ਹੁਣ ਪਤਾ ਨਹੀਂ ਕਿਓਂ ਕੇਵਲ ਸਰਕਾਰੀ ਬੱਸਾਂ ਵਿੱਚ ਵੱਜਦੇ ਅਸ਼ਲੀਲ ਗੀਤ ਬੰਦ ਕਰਨ ਦਾ ਫੁਰਮਾਨ ਕੀਤਾ ਗਿਆ ਹੈ ਸਗੋਂ ਸਭ ਪ੍ਰਾਈਵੇਟ ਤੇ ਸਰਕਾਰੀ ਬੱਸਾਂ ਵਿੱਚ ਵੱਜਦੇ ਗੰਦੇ ਅਸ਼ਲੀਲ ਗੀਤਾਂ ਨੂੰ ਬੰਦ ਕਰਨ ਦਾ ਹੁਕਮ ਹੋਣਾ ਚਾਹੀਦਾ ਸੀ ਅਤੇ ਕਾਨੂੰਨੀ ਕਾਰਵਾਈ ਸਭ ਲਈ ਬਰਾਬਰ ਹੋਣੀ ਚਾਹੀਦੀ ਹੈ।।
ਕਾਲਜਾਂ ਵਿੱਚ ਨਿੱਤ ਦਿਨ ਵੱਜਦੇ ਡੀ.ਜੇ. ਤੇ ਲੱਗਦੇ ਅਖਾੜੇ ਨੌਜੁਆਨਾਂ ਨੂੰ ਕੀ ਸਿਖਾਉਂਦੇ ਹਨ?
ਕਾਲਜਾਂ ਵਿੱਚ ਪੜ੍ਹਾਈ ਦੇ ਨਾਲ-ਨਾਲ ਖੇਡਾਂ ਜਰੂਰੀ ਹੁੰਦੀਆਂ ਹਨ ਜੋ ਨੌਜੁਆਨਾਂ ਨੂੰ ਨਸ਼ਿਆਂ ਤੋਂ ਨਿਜਾਤ ਦਿਵਾਉਣ ਅਤੇ ਸਰੀਰਕ ਤੰਦਰੁਸਤੀ ਲਈ ਜਰੂਰੀ ਹਨ। ਸਰੀਰਕ ਤੇ ਮਾਨਸਿਕ ਵਿਕਾਸ ਲਈ ਜਰੂਰੀ ਖੇਡਾਂ ਜਿਥੇ ਸਕੂਲਾਂ-ਕਾਲਜਾਂ ਚੋਂ ਅਲੋਪ ਹੁੰਦੀਆਂ ਜਾਂਦੀਆਂ ਹਨ ਉਥੇ ਪੜ੍ਹਾਈ ਵੀ ਨਾਂ ਦੀ ਹੀ ਹੋ ਕੇ ਰਹਿ ਗਈ ਹੈ ।ਨਿੱਤ ਦਿਨ ਸੀਨੀਅਰ-ਜੂਨੀਅਰ ਵਿਦਿਆਰਥੀਆਂ ਦੀਆਂ ਵਿਦਾਇਗੀ ਪਾਰਟੀਆਂ ਅਤੇ ਪਾਰਟੀਆਂ ਵੀ ਗਰੀਬ ਮਾਪਿਆਂ ਦੀਆਂ ਜੇਬਾਂ ਤੇ ਬੋਝ,ਜਿਹਨਾਂ ਬੜੀ ਮੁਸ਼ਕਲ ਨਾਲ ਮਹਿੰਗੀਆਂ ਫੀਸਾਂ ਭਰਕੇ ਬੱਚਿਆਂ ਨੂੰ ਪੜਾਉਣਾ ਕੀਤਾ ਹੈ,ਉਹਨਾਂ ਤੋਂ ਕਿਤੇ ਜਿਆਦਾ ਖਰਚ ਇਹਨਾਂ ਪਾਰਟੀਆਂ,ਫੀਸਟਾਂ ਤੇ; ਪਾਰਟੀਆਂ ਵੀ ਕੁਝ ਖਵਾ-ਪਿਵਾ ਕੇ ਨਹੀਂ ਕੀਤੀਆਂ ਜਾਂਦੀਆਂ ਸਗੋਂ ਡੀ.ਜੇ. ਲਗਾ ਕੇ,ਉੱਚੀ ਅਵਾਜ ਵਿੱਚ ਕੰਨ-ਪਾੜਵੇਂ ਸਪੀਕਰਾਂ ਨਾਲ ਕੀਤੀਆਂ ਜਾਂਦੀਆਂ ਪਾਰਟੀਆਂ ਜਿਥੇ ਅਵਾਜ ਪ੍ਰਦੂਸ਼ਣ ਪੈਦਾ ਕਰਦੀਆਂ ਹਨ,ਉਥੇ ਆਸ-ਪਾਸ ਦੇ ਲੋਕਾਂ ਦੀ ਨੀਂਦ ਖਰਾਬ ਕਰਦੀਆਂ ਹਨ।ਵੱਡੀ ਗੱਲ ਇਹ ਹੈ ਕਿ ਕੋਐਜੂਕੇਸ਼ਨ ਸਿਸਟਮ ਵਿੱਚ ਮੰਡੇ-ਕੁੜੀਆਂ ਦੇ ਇਸ ਤਰ੍ਹਾਂ ਨੱਚਣ-ਟੱਪਣ ਨਾਲ ਕਈ ਵਾਰੀ ਕਈ ਅਣਸੁਖਾਵੀਂਆਂ ਘਟਨਾਵਾਂ ਨੂੰ ਅੰਜਾਮ ਹੋਣਾ ਹੋ ਜਾਂਦਾ ਹੈ ਜਿਸਦਾ ਪਛਤਾਵਾ ਬਾਅਦ ਵਿੱਚ ਵਿਦਿਆਰਥੀਆਂ ਨੂੰ ਖੁੱਦ,ਮਾਪਿਆਂ ਨੂੰ ਅਤੇ ਅਧਿਆਪਕਾਂ ਨੂੰ ਉਦੋਂ ਹੁੰਦਾ ਹੈ ਜਦੋਂ ‘ਅਬ ਪਛਤਾਏ ਹੋਤ ਕਿਆ,ਜਬ ਚਿੜੀਆ ਚੁਗ ਗਈ ਖੇਤ’
ਹਰਗੋਬਿੰਦ ਸ਼ੇਖਪੁਰੀਆ

0 comments:
Speak up your mind
Tell us what you're thinking... !