ਸੂਰਜ ਨਿੱਤ ਚੜ੍ਹਦਾ, ਮਾਂਵਾਂ ਬਾਝੋ ਘਰੀਂ ਹਨ੍ਹੇਰੇ……...
ਚੰਨ ਦਾ ਚਾਨਣ ਫਿੱਕਾ ਪੈ ਜੇ, ਮਾਂ ਦੀ ਮਮਤਾ ਅੱਗੇ
ਰੋਟੀ ਖਾਣ ਨੂੰ ਦਿਲ ਕਰਦਾ, ਪਰ ਚੰਗੀ ਨਾ ਲਗੇ
ਉਝ ਦਾ ਪੰਧ ਮੁੱਕ ਜਾਂਦੇ, ਪਰ ਮਾਂ ਬਾਝੋ ਰਾਹ ਲੰਮੇਰੇ
ਸੂਰਜ ਨਿੱਤ ਚੜ੍ਹਦਾ, ਮਾਂਵਾਂ ਬਾਝੋ ਘਰੀਂ ਹਨ੍ਹੇਰੇ……………………
ਦੁਨੀਆਂ ਦੇ ਸਭ ਸੁੱਖ ਵੀ, ਪਰ ਮਾਂਵਾਂ ਬਿਨਾਂ ਨਾ ਕੋਈ
ਜੀਹਦੇ ਕੋਲੋਂ ਮਾਂ ਵਿਛੜੀ, ਪੁੱਛ ਦੇਖ ਲਵੇ ਉਹਨੂੰ ਕੋਈ
ਰਿਸ਼ਤੇ ਹੋਰ ਵੀ ਗੂੜੇ, ਪਰ ਮਾਂਵਾਂ ਬਿਨਾਂ ਨਾ ਲੱਗਣ ਚੰਗੇਰੇ
ਸੂਰਜ ਨਿੱਤ ਚੜ੍ਹਦਾ, ਮਾਂਵਾਂ ਬਾਝੋ ਘਰੀਂ ਹਨ੍ਹੇਰੇ……………………
ਦੋਲਤਾਂ ਕਮਾ ਕੇ ਘਰ ਭਰ ਲਏ, ਸੁੱਖਾਂ ਦੀਆਂ ਲੱਗੀਆਂ ਝੜੀਆਂ
ਵਿਹੜੇ ਵਿੱਚ ਮਾਂ ਨਾ ਦਿਸੇ, ਮੈਂ ਹਾਕਾਂ ਮਾਰੀਆਂ ਬੜੀਆਂ
ਘਿਉ ਦੇ ਦੀਵੇ ਬਾਲ ਧਰ ਲਏ, ਪਰ ਮਾਂ ਬਾਝੋ ਘੁੱਪ ਹਨ੍ਹੇਰੇ
ਸੂਰਜ ਨਿੱਤ ਚੜ੍ਹਦਾ, ਮਾਂਵਾਂ ਬਾਝੋ ਘਰੀਂ ਹਨ੍ਹੇਰੇ……………………
ਲੜਦਿਆਂ ਨੂੰ ਕੌਣ ਝਿੜਕ ਬਿਠਾਵੇ, ਰੋਦਿਆਂ ਨੂੰ ਕੌਣ ਚੁੱਪ ਕਰਾਵੇ
ਮਾਂ ਦੇ ਤੁਰ ਜਾਣ ਪਿੱਛੋ, ਮਹਿਲ ਜਿਹਾ ਘਰ ਵੱਢ-ਵੱਢ ਖਾਵੇ
ਉਠ-ਉਠ ਦੇਵੇ ਲੋਰੀਆਂ, ਜਦੋਂ ਨੀਂਦ ਨਾ ਚੰਦਰੀ ਘੇਰੇ
ਸੂਰਜ ਨਿੱਤ ਚੜ੍ਹਦਾ, ਮਾਂਵਾਂ ਬਾਝੋ ਘਰੀਂ ਹਨ੍ਹੇਰੇ……………………
ਧੰਨ ਹੈ ਮਾਂ ਮੇਰੀਏ, ਤੇਰੀ ਸੇਵਾ ਕਰਕੇ ਸਵਰਗ ਮੈਂ ਪਾਵਾਂ
ਚਰਨਾਂ ਦੀ ਧੂੜ ਤੇਰੀ ਨੂੰ, ਹਰ ਪਲ ਮੱਥੇ ਦੇ ਨਾਲ ਲਾਵਾਂ
‘ਬੁੱਕਣਵਾਲ’ ਦਾ ‘ਨਾਇਬ’ ਵੀ ਆਖੇ, ਮਾਂ ਪੈਰਾਂ ਵਿੱਚ ਸਵਰਗ ਹੈ ਤੇਰੇ
ਸੂਰਜ ਨਿੱਤ ਚੜ੍ਹਦਾ, ਮਾਂਵਾਂ ਬਾਝੋ ਘਰੀਂ ਹਨ੍ਹੇਰੇ……………………
ਨਾਇਬ ਬੁੱਕਣਵਾਲ
ਪਿੰਡ : ਬੁੱਕਣਵਾਲ
ਤਹਿ – ਮਾਲੇਰਕੋਟਲਾ
ਜ਼ਿਲ੍ਹਾ : ਸੰਗਰੂਰ
ਮੋਬਾਇਲ ਨੰ. 9417661708

0 comments:
Speak up your mind
Tell us what you're thinking... !