ਮਹਿੰਦਰ ਕਪੂਰ ਦੇ ਗਾਏ ਜਲੰਧਰ ਦੂਰਦਰਸ਼ਨ ਤੋਂ ਪ੍ਰਸਾਰਿਤ ਹੁੰਦੇ ਗੀਤ ‘ਕੁੜੀ ਹੱਸਗੀ ਝਾਂਜ਼ਰਾਂ ਵਾਲੀ, ਤੇ ਕੈਂਠੇ ਵਾਲਾ ਹੌਕੇ ਭਰਦਾ’ ਦੂਜਾ ਗੀਤ ‘ਨਖਰਾ ਬੰਤੋ ਦਾ’ ਜੋ ਇੱਕੋ ਵੇਲੇ ਅੱਗੇ ਪਿੱਛੇ ਪ੍ਰਸਾਰਿਤ ਹੁੰਦੇ ਸਨ, ਛੋਟੇ ਹੁੰਦੇ ਸੁਣਦੇ ਰਹੇ ਹਾਂ।ਮਹਿੰਦਰ ਕਪੂਰ ਨੇ ਬੜੀ ਪੁੱਖਤਾ ਅਵਾਜ਼ ਵਿੱਚ ਇਹ ਗੀਤ ਗਾਏ ਸਨ। ਜਿਉਂ-ਜਿਉਂ ਸਮਾਂ ਆਪਣੀ ਚਾਲੇ ਚੱਲਦਾ ਗਿਆ ਤੇ ਮੇਰਾ ਮੇਲ ਪ੍ਰਸਿੱਧ ਸ਼ਾਇਰ, ਐਕਟਰ,ਡਾਇਰੈਕਟਰ ਸ਼੍ਰੀ ਚਮਨ ਲਾਲ ਸ਼ੁਗਲ ਜੀ ਨਾਲ ਹੋਇਆ। ਮੈਂ ਉਹਨਾਂ ਨੂੰ ਆਪਣਾ ਗੀਤਕਾਰੀ ਵਿੱਚ ਉਸਤਾਦ ਧਾਰਿਆ ਤੇ ਉਦੋਂ ਪਤਾ ਲੱਗਿਆ ਕਿ ਇਹ ਦੋਵੇਂ ਗੀਤ ਚਮਨ ਲਾਲ ‘ਸ਼ੁਗਲ’ ਜੀ ਨੇ ਲਿਖੇ ਹਨ। ਮਹਿੰਦਰ ਕਪੂਰ ਦਾ ਜਨਮ 9 ਜਨਵਰੀ 1934 ਨੂੰ ਪਿਤਾ ਜੈ ਚੰਦ ਕਪੂਰ ਤੇ ਮਾਤਾ ਸ਼ਾਤੀ ਦੇਵੀ ਦੇ ਘਰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ। ਗਾਉਣ ਦਾ ਸ਼ੌਕ ਆਪ ਨੂੰ ਬਚਪਨ ਤੋ ਹੀ ਸੀ। ਆਪ ਮੁਹੰਮਦ ਰਫੀ ਦੇ ਬੜੇ ਵੱਡੇ ਫੈਨ ਸਨ ਤੇ ਆਪ ਨੇ ਮੁਹੰਮਦ ਰਫੀ ਨੂੰ ਬਿਨ੍ਹਾਂ ਮਿਲੇ ਹੀ ਉਸਤਾਦ ਧਾਰ ਲਿਆ ਸੀ। ਆਪ ਦੇ ਵੱਡੇ ਭਰਾ ਮੁਬੰਈ ਵਿੱਚ ਕੱਪੜੇ ਦਾ ਵਪਾਰ ਕਰਦੇ ਸਨ। ਉਹ ਆਪ ਨੂੰ ਮੁਬੰਈ ਰਫੀ ਸਾਹਬ ਕੋਲ ਲੈ ਕੇ ਗਏ ਸਨ। ਰਫੀ ਸਾਹਬ ਦੀ ਸਲਾਹ ਤੇ ਆਪ ਨੁੰ ਆਪ ਦੇ ਵੱਡੇ ਭਰਾ ਨੇ ਉਸ ਸਮੇਂ ਦੇ ਪ੍ਰਸਿੱਧ ਉਸਤਾਦਾਂ ਪੰਡਿਤ ਹੁਸਨ ਲਾਲ, ਪੰਡਿਤ ਜਗਨ ਨਾਥ, ਮਨਹਰ ਪੋਦਾਰ, ਉਸਤਾਦ ਅਹਿਮਦ ਖਾਨ, ਉਸਤਾਦ ਅਬਦੁੱਲ ਰਹਿਮਾਨ, ਅਫ਼ਜ਼ਲ ਹੂਸੈਨ ਤੇ ਪੰਡਿਤ ਤੁਲਸੀ ਦਾਸ ਤੋਂ ਕਲਾਸੀਕਲ ਸੰਗੀਤ ਦੀ ਤਾਲੀਮ ਹਾਸਲ ਕਰਵਾਈ। ਸੰਗੀਤ ਦੀ ਭੱਠੀ ਵਿੱਚ ਤਪ ਕੇ ਕੁੰਦਨ ਬਣ ਚੁੱਕੇ ਮਹਿੰਦਰ ਕਪੂਰ ਨੇ ਫਿਲਮੀ ਦੁਨੀਆਂ ਦਾ ਰੁੱਖ ਕੀਤਾ। ਗਾਇਕੀ ਦੇ ਪਿੜ ਵਿੱਚ ਧਮਾਲਾਂ ਪਾਉਣ ਲਈ ਤਿਆਰ ਹੋ ਚੁੱਕੇ ਮਹਿੰਦਰ ਕਪੁਰ ਨੇ ‘ਮੈਟਰੋ ਮਰਫੀ ਆਲ ਇੰਡੀਆ ਸਿਗਿੰਗ ਕੰਪੀਟੀਸ਼ਨ’ ਵਿੱਚ ਹਿੱਸਾ ਲਿਆ। ਉੱਥੇ ਜੱਜ ਦੀ ਭੂਮਿਕਾ ਨਿਭਾ ਰਹੇ ਸੰਗੀਤਕਾਰ ਨੌਸ਼ਾਦ, ਸੀ.ਰਾਮ.ਚੰਦਰ, ਅਨਿਲ ਬਿਸਬਾਸ ਤੇ ਵਸੰਤ ਦੇਸਾਈ ਨੇ ਆਪ ਨੂੰ ਆਪਣੀਆਂ ਫਿਲਮਾਂ ਵਿੱਚ ਗਾਉਣ ਦਾ ਚਾਂਸ ਦਿੱਤਾ। ਉਸ ਤੋਂ ਬਾਅਦ ਮਹਿੰਦਰ ਕਪੂਰ ਨੇ ਪਿੱਛੇ ਮੁੜ ਕੇ ਨਹੀ ਦੇਖਿਆ। ਬੀ.ਆਰ.ਚੋਪੜਾ ਤੇ ਯਸ਼ ਚੋਪੜਾ ਨੇ ਵੀ ਮਹਿੰਦਰ ਕਪੁਰ ਨਾਲ ਲੰਬੀ ਪਾਰੀ ਖੇਡੀ। ਜੋ ਲੰਮਾ ਸਮਾ ਬਰਕਰਾਰ ਰਹੀ। ਮਹਿੰਦਰ ਕਪੂਰ ਨੇ ਫਿਲਮ ਇੰਡਸਟਰੀ ਨੂੰ ਯਾਦਗਾਰੀ ਗੀਤ ਦਿੱਤੇ ਜਿੰਨ੍ਹਾਂ ਵਿੱਚ ‘ਤੇਰੇ ਪਿਆਰ ਕਾ ਆਸਰਾ’ ਫਿਲਮ ਧੂਲ ਕਾ ਫੂਲ(1959), ‘ਚਲੋ ਏਕ ਬਾਰ’ ਫਿਲਮ ਗੁਮਰਾਹ(1963), ‘ ਮੇਰਾ ਪਿਆਰ ਵੋਹ ਹੈ’ ਫਿਲਮ ਯੇ ਰਾਤ ਫਿਰ ਨਾ ਅਏਗੀ(1965), ‘ਬਦਲ ਜਾਏ ਅਗਰ ਮਾਲੀ’ ਫਿਲਮ ਬਹਾਰੇ ਫਿਰ ਭੀ ਆਏਗੀ(1966), ‘ਨੀਲੇ ਗਗਨ ਕੇ ਤਲੇ’ , ‘ਤੁਮ ਅਗਰ ਸਾਥ ਦੇਨੇ ਕਾ ਵਾਅਦਾ ਕਰੋ’ , ‘ਨਾ ਮੂੰਹ ਛੁਪਾ ਕੇ ਜੀਉ’ ਫਿਲਮ ਹਮਰਾਜ(1967), ‘ਲਾਖੋਂ ਹੈ ਯਹਾਂ ਦਿਲਵਾਲੇ’ ਫਿਲਮ ਕਿਸਮਤ(1968), ‘ਇੱਕ ਤਾਰਾ ਬੋਲੇ’ ਫਿਲਮ ਯਾਦਗਾਰ, ‘ਭਾਰਤ ਕਾ ਰਹਨੇ ਵਾਲਾ ਹੂੰ’ ਫਿਲਮ ਪੂਰਬ ਔਰ ਪੱਛਮ(1970), ‘ ਔਰ ਨਹੀ ਬੱਸ ਔਰ ਨਹੀ’ ਫਿਲਮ ਰੋਟੀ ਕੱਪੜਾ ਔਰ ਮਕਾਨ(1974), ‘ ਫਕੀਰਾ ਚਲ ਚਲਾ ਚਲ’ ਫਿਲਮ ਫਕੀਰਾ(1975), ‘ਅਬ ਕੇ ਬਰਸ’ ਫਿਲਮ ਕ੍ਰਾਂਤੀ(1981), ‘ਕਬ ਤਲਕ ਸ਼ਮਾਂ ਜਲੀ’ ਫਿਲਮ ਪੇਂਟਰ ਬਾਬੂ(1983) ਆਦਿ ਯਾਦਗਰੀ ਗੀਤ ਦਿੱਤੇ। ਮਹਿੰਦਰ ਕਪੂਰ ਨੇ ਪੰਜਾਬੀ, ਹਿੰਦੀ, ਗੁਜਰਾਤੀ, ਮਰਾਠੀ ਤੇ ਕਈ ਹੋਰ ਭਸ਼ਾਂਵਾਂ ਵਿੱਚ ਫਿਲਮੀ ਤੇ ਗੈਰ ਫਿਲਮੀ ਧਾਰਮਿਕ, ਭਜਨ, ਭੇਟਾਂ ਕੁਲ ਮਿਲਾ ਕੇ ਲਗਭਗ ਵੀਹ ਹਜ਼ਾਰ ਤੋਂ ਵੀ ਉੱਪਰ ਗੀਤ ਗਾਏ।ਪੰਜਾਬੀ ਹੋਣ ਦੇ ਨਾਤੇ ਉਹਨਾਂ ਨੇ ਪੰਜਾਬੀ ਗੀਤ ਤਾਂ ਰੱਜ ਕੇ ਗਾਏ, ਜੋ ਲੋਕ ਗੀਤ ਬਣ ਗਏ। ਮਹਿੰਦਰ ਕਪੂਰ ਨੇ ਪੰਜਾਬੀ ਫਿਲਮਾਂ ਜਿਵੇਂ ਲੰਬੜਦਾਰਨੀ, ਜੱਟ ਪੰਜਾਬੀ, ਨਾਨਕ ਨਾਮ ਜ਼ਹਾਜ ਹੈ, ਚੰਨ ਪ੍ਰਦੇਸੀ, ਆਸਰਾ ਪਿਆਰ ਦਾ, ਬਲਬੀਰੋ ਭਾਬੀ, ਭਗਤ ਧੰਨਾ ਜੱਟ ਤੇ ਸੋਹਣੀ ਮਹੀਂਵਾਲ ਆਦਿ ਫਿਲਮਾਂ ਵਿੱਚ ਪਾਏਦਾਰ ਗੀਤ ਗਾ ਕੇ ਨਾਮਣਾ ਖੱਟਿਆ। ਉਹਨਾ ਨੇ ਪੰਜਾਬੀ ਦੇ ਪ੍ਰਸਿੱਧ ਸ਼ਾਇਰਾਂ ਦੀਆ ਵੀ ਰਚਨਾਵਾਂ ਗਾਈਆ। ਸ਼ਿਵ ਕੁਮਾਰ ਬਟਾਲਵੀ ਤੇ ਚਮਨ ਲਾਲ ਸ਼ੁਗਲ ਆਦਿ ਦੇ ਗੀਤਾਂ ਨੁੰ ਵੀ ਆਪਣੀ ਅਵਾਜ਼ ਦਿੱਤੀ। ਉਹਨਾਂ ਨੇ ਇੰਨੀ ਮਿਹਨਤ ਕਰਕੇ ਜੋ ਮਾਨ-ਸਨਮਾਨ ਹਾਸਲ ਕੀਤੇ ਗੀਤ ‘ਚਲੋ ਏਕ ਬਾਰ’ ਫਿਲਮ ਗੁਮਰਾਹ 1964 ਵਿੱਚ ਫਿਲਮ ਫੇਅਰ ਐਵਾਰਡ ਆਫ ਬੈਸਟ ਮੇਲ ਪਲੇਬੈਕ ਸਿੰਗਰ ਦਾ ਐਵਾਰਡ ਹਾਸਲ ਕੀਤਾ। ਦੂਜਾ ਗੀਤ ‘ਮੇਰੇ ਦੇਸ਼ ਕੀ ਧਰਤੀ’ ਫਿਲਮ ਉਪਕਾਰ ਲਈ 1968 ਵਿੱਚ ਨੈਸ਼ਨਲ ਫਿਲਮ ਐਵਾਰਡ ਆਫ ਬੈਸਟ ਮੇਲ ਪਲੇਬੈਕ ਸਿੰਗਰ ਦਾ ਖਿਤਾਬ ਹਾਸਲ ਕੀਤਾ। ਤੀਜਾ ਗੀਤ ‘ਨੀਲੇ ਗਗਨ ਕੇ ਤਲੇ’ਫਿਲਮ ਹਮਰਾਜ ਲਈ 1968 ਵਿੱਚ ਫਿਲਮ ਫੇਅਰ ਐਵਾਰਡ ਬੈਸਟ ਮੇਲ ਪਲੇਬੈਕ ਸਿੰਗਰ ਦਾ ਐਵਾਰਡ ਜਿੱਤਿਆ। 1968 ਵਿੱਚ ਹੀ ਗੀਤ ‘ਮੇਰੇ ਦੇਸ਼ ਕੀ ਧਰਤੀ’ ਫਿਲਮ ਉਪਕਾਰ ਲਈ ਨੋਮਨਿੇਟਿਡ ਹੋਏ।ਗੀਤ ‘ਔਰ ਨਹੀ ਬੱਸ ਔਰ ਨਹੀ’ ਫਿਲਮ ਰੋਟੀ ਕੱਪੜਾ ਔਰ ਮਕਾਨ 1975 ਵਿੱਚ ਫਿਲਮ ਫੇਅਰ ਐਵਾਰਡ ਆਫ ਬੈਸਟ ਮੇਲ ਪਲੇ ਬੈਕ ਸਿੰਗਰ ਐਵਾਰਡ ਦਾ ਮਾਅਰਕਾ ਮਾਰਿਆ। ਗੀਤ ‘ਸੁਨਕੇ ਤੇਰੀ ਪੁਕਾਰ’ ਫਿਲਮ ਫਕੀਰਾ 1977 ਲਈ ਨੋਮੀਨੇਟਿਡ ਹੋਏ। ਅੰਤ ਏਨੀ ਸਟਰਗਲ ਭਰੀ ਜ਼ਿੰਦਗੀ ਨੂੰ ਵਿੱਚੇ ਛੱਡ ਸਾਡਾ ਸਾਰਿਆ ਦਾ ਮਹਿਬੂਬ ਕਲਾਕਾਰ ਨੇ 27 ਸਤੰਬਰ 2008 ਨੂੰ ਆਪਣੀਆਂ ਤਿੰਨ ਧੀਆਂ ਤੇ ਇੱਕ ਪੁੱਤਰ ਰੋਹਿਨ ਕਪੂਰ ਤੇ ਲੱਖਾਂ ਸਰੋਤਿਆਂ ਨੂੰ ਛੱਡ ਕੇ ਬਹੁਤ ਦੂਰ ਜਾ ਡੇਰੇ ਲਾਏ।
ਪਿੰਡ:ਡਾਕ: ਚੱਬਾ,
ਤਰਨਤਾਰਨ ਰੋਡ,
ਅੰਮ੍ਰਿਤਸਰ- 143022
ਮੋਬਾ: 97817-51690



0 comments:
Speak up your mind
Tell us what you're thinking... !