ਪੁਸਤਕ ਦਾ ਨਾਮ - ‘ਮੇਰਾ ਪਿੰਡ’
ਲੇਖਕ - ਕਾਲਾ ਤੂਰ ਤੂੰਗਾ
ਸਫ਼ੇ - 96, ਮੁੱਲ - 135 ਰੁਪਏ
ਪ੍ਰਕਾਸ਼ਕ - ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ
ਕਾਲਾ ਤੂਰ ਇਸ ਪੁਸਤਕ ਤੋਂ ਪਹਿਲਾਂ 2010 ਵਿੱਚ ਖੁਸ਼ਦਿਲ ਭੁੱਲਰ ਨਾਲ ਸਾਂਝਾ ਕਾਵਿ ਸੰਗ੍ਰਹਿ ‘ਅਸਾਂ ਕੱਲ੍ਹ ਤੁਰ ਜਾਣਾ’ ਪਾਠਕਾਂ ਦੀ ਕਚਹਿਰੀ ਵਿੱਚ ਲੈ ਕੇ ਆਇਆ ਸੀ। ਹੁਣ ਉਹ ਆਪਣੇ ਨਵੇਂ ਕਾਵਿ ਸੰਗ੍ਰਹਿ ‘ਮੇਰਾ ਪਿੰਡ’ ਨਾਲ ਮੁੜ ਪਾਠਕਾਂ ਸਾਹਮਣੇ ਪੇਸ਼ ਹੋਇਆ ਹੈ। ਕਾਲਾ ਤੂਰ ਛੋਟੀ ਉਮਰ ਦਾ ਵੱਡੀਆਂ ਸੋਚਾਂ ਰੱਖਣ ਵਾਲਾ ਗੀਤਕਾਰ ਹੈ। ‘ਮੇਰਾ ਪਿੰਡ’ ਵਿੱਚ ਉਸਨੇ ਹਰ ਵਿਸ਼ੇ ’ਤੇ ਲਿਖਿਆ ਹੈ। ਇਸ ਪੁਸਤਕ ਵਿਚਲੀਆਂ ਲਿਖਤਾਂ ਪੜ੍ਹ ਕੇ ਲਗਦਾ ਹੈ ਜਿਵੇਂ ਇਹ ਉਸਦਾ ‘ਸਵੈ ਚਿੱਤਰ’ ਹੋਵੇ। ਕਾਲਾ ਤੂਰ ਅੰਦਰ ਕਿਸੇ ਦੀ ਯਾਦ ਹੈ, ਵਿਛੋੜੇ ਦੀ ਤੜਫ਼ ਹੈ, ਧੋਖਾ ਖਾ ਜਾਣ ਦਾ ਦੁੱਖ ਹੈ ਜਿਸ ਨੂੰ ਉਹ ਇਹਨਾਂ ਸਤਰਾਂ ਰਾਹੀਂ ਬਿਆਨਦਾ ਹੈ -
ਉਹ ਗੈਰਾਂ ਨੂੰ ਆਪਣਾ ਦਸਦੀ ਏ
ਮੈਂ ਕਿਵੇਂ ਕਹਾਂ ਕਿ ਮੇਰੀ ਏ
ਕੋਈ ਮੱਲ੍ਹਮ ਆਉਾਂਦੀ ਾਸ ਨਹੀਂ
ਮੈਂ ਕੈਸੀ ਪੀੜ ਸਹੇੜੀ ਏ।
ਕਾਲਾ ਤੂਰ ਨੂੰ ਉਹਨਾਂ ਅਖੌਤੀ ਗੀਤਕਾਰਾਂ ਨਾਲ ਗਿਲਾ ਹੈ ਜਿਹੜੇ ਗੀਤਾਂ ’ਚ ਮਹਿੰਗੀਆਂ ਕਾਰਾਂ, ਉੱਚੀਆਂ ਕੋਠੀਆਂ, ਸ਼ਰਾਬ, ਸਬਾਬ, ਪੈਸੇ ਦੀ ਗੱਲ ਕਰਦੇ ਹਨ। ਉਸਦੀ ਸੋਚ ਹੈ ਅਹਿਜੇ ਗੀਤਕਾਰਾਂ ਨੂੰ ਸਮਾਜ ਦੇ ਅਸਲੀ ਯਥਾਰਥ ਵੱਲ ਨਿਗ੍ਹਾ ਮਾਰਨੀ ਚਾਹੀਦੀ ਹੈ। ਉਹ ਅਜਿਹੇ ਗੀਤਕਾਰਾਂ ਨੂੰ ਨਿਹੋਰਾ ਮਾਰਦਾ ਹੈ -
ਜਿਨ੍ਹਾਂ ਹਿੱਸੇ ਮੱਖਣ ਮਲਾਈਆਂ ਰਹਿੰਦੀਆਂ
ਤੁਸੀਂ ਸਦਾ ਹੀ ਉਹਨਾਂ ਦੀ ਗੱਲ ਕਰਦੇ
ਥੱਕ ਕੇ ਵਿਚਾਰੇ ਭੁੱਖੇ ਸੌਂ ਜਾਂਦੇ ਜੋ
ਮੂੰਹ ਕਿਉਂ ਨੀ ਦੱਸੋ ਉਨ੍ਹਾਂ ਵੱਲ ਕਰਦੇ।
ਕਾਲਾ ਤੂਰ ਇਸ ਗੱਲੋਂ ਵੀ ਸੁਚੇਤ ਹੈ ਕਿ ਮਿਹਨਤੀ ਲੋਕਾਂ ਦੀ ਕਮਾਈ ਕਿਹੜੇ ਵਿਹਲੜ ਲੋਕ ਸਕ ਰਹੇ ਹਨ। ਕਾਮੇ ਲੋਕ ਕਿਵੇਂ ਤਿਲ ਤਿਲ ਕਰਕੇ ਮਰ ਰਹੇ ਹਨ, ਉਹ ਅਜੇ ਵੀ ਉਥੇ ਹੀ ਖੜ੍ਹੇ ਹਨ ਜਿੱਥੋਂ ਉਹ ਤੁਰੇ ਸਨ। ਉਸ ਦਾ ਇਹ ਯਥਾਰਥ ਇਹਨਾਂ ਲਾਇਨਾਂ ਵਿੱਚੋਂ ਝਲਕਦਾ ਹੈ -
ਵਿੱਚ ਕਰਜ਼ੇ ਦੇ ਰੁਲ਼ੀ ਕਿਰਸਾਨੀ ਮੇਰੇ ਬਾਪੂ ਦੀ।
ਵਹੀ ਲਾਲਿਆਂ ਦੀ ਖਾ ਗਈ ਜਵਾਨੀ ਮੇਰੇ ਬਾਪੂ ਦੀ।
ਸਾਡੀਆਂ ਕਮਾਈਆਂ ਬਣੀਆਂ ਸੇਠਾਂ ਲਈ ਸਫ਼ਾਰੀ।
ਰੇੜ੍ਹੀ ਢਿੱਚ ਢਿੱਚ ਕਰਦੀ ਪੁਰਾਣੀ ਮੇਰੇ ਬਾਪੂ ਦੀ।
ਕਾਲਾ ਤੂਰ ਕੋਲ ਕਹਿਣ ਲਈ ਬੜਾ ਕੁਝ ਹੈ। ਉਸ ਕੋਲ ਅਨੁਭਵ ਹੈ, ਕਲਪਨਾ ਹੈ, ਡੂੰਘੀ ਸੋਚ ਹੈ ਪਰ ਇਸ ਸਭ ਦੀ ਪੇਸ਼ਕਾਰੀ ਵਿੱਚ ਕਚਿਆਣ ਜ਼ਰੂਰ ਝਲਕਦੀ ਹੈ। ਜੇ ਉਹ ਚੰਗੇ ਸ਼ਾਇਰਾਂ ਨੂੰ ਪੜ੍ਹੇ, ਹੋਰ ਚੰਗੀਆਂ ਲਿਖਤਾਂ ਦਾ ਪਾਠ ਕਰੇ ਤਾਂ ਉਹ ਇੱਕ ਚੰਗਾ ਗੀਤਕਾਰ ਬਣ ਸਕਦਾ ਹੈ।
ਪਰਗਟ ਸਿੰਘ ਸਤੌਜ
9592274200


0 comments:
Speak up your mind
Tell us what you're thinking... !