ਫੋਨ ਦੀ ਰਿੰਗ ਵੱਜੀ…ਮਿਠ ਬੋਲੜਾ ਜੀ ਸਜਣੁ ਸੁਵਾਮੀ ਮੋਰਾ॥…ਮਿਠ …ਰਿੰਕੀ ਨੇ ਚੁੱਕ ਕੇ ਕੰਨ ਨਾਲ ਲਾ ਲਿਆ ਉਸਦੀ ਉਂਗਲੀ ਲੱਗ ਗਈ ਫੋਨ ਬੰਦ ਹੋ ਗਿਆ।ਫੇਰ ਘੰਟੀ ਵੱਜੀ–ਮਿੱਠ ਬੋਲੜਾ ਜੀ …ਰਿੰਕੀ ਨੇ ਫੇਰ ਚੁੱਕਿਆ… ਫੋਨ ਬੰਦ ਹੋ ਗਿਆ ।ਕਮਲ ਬਾਥਰੂਮ ਵਿੱਚ ਸੀ, ਬਜ਼ੁਰਗ ਵਿਹੜੇ ਵਿੱਚ, ਦੋ ਸਾਲ ਕੁ ਦੀ ਰਿੰਕੀ ਬੈੱਡ ਤੇ ਕੱਲੀ ਬੈਠੀ ਫੋਨ ਨਾਲ ਖੇਡਣ ਲੱਗੀ।
ਫੇਰ ਫੋਨ ਆਇਆ ਕਮਲ ਨੇ “ਹੈਲੋ ਜੀ”…।
“ ਇਹ ਭੈਣ ਦਾ ਬੰਦ ਕਿਉਂ ਕੀਤਾ ਦੋ ਵਾਰੀ।”
“ਮੈਂ ਨਹੀਂ ਬੰਦ ਕੀਤਾ।”
“ਹੋਰ ਕੀਹਨੇ ਭੈਣ … ਮੈਥੋਂ ਸੁਣਦੀ ਏਂ।”
“ਨਾ ਗਾਲ਼ਾਂ ਕੀਹਨੂੰ ਕੱਢ ਰਹੇ ਓ,ਇਹ ਤਾਂ ਤੁਹਾਡੀ ਲਾਡਲੀ ਰਿੰਕੀ ਬੈੱਡ ਤੇ ਬੈਠੀ ਸੀ ਉਸਦਾ ਹੱਥ ਲੱਗ ਗਿਆ ਹੋਣੈ, ਮੈ ਤਾਂ ਬਾਥਰੂਮ ਵਿੱਚ ਸੀ।ਬੇ ਜੀ ਹੁਣੇ ਵਿਹੜੇ ਵਿੱਚ ਜਾ ਬੈਠੇ ਨੇ।”
“ਮਂੈ ਸਭ ਜਾਣਦਾਂ,ਸਾਰੀਆਂ ਜਨਾਨੀਆਂ ਇੱਕੋ ਜਿਹੀਆਂ ਹੀ ਹੁੰਦੀਆਂ ਨੇ।” ਮਨਜੀਤ ਗਾਲ਼ਾਂ ਕੱਢੀ ਜਾ ਰਿਹਾ ਸੀ।
ਗੱਲਾਂ ਘੱਟ ਹੋਈਆਂ ਸੀ ਗਾਲ਼ਾਂ ਜਿਆਦਾ । ਅੱਜ ਕਮਲ ਦੇ ਮਨ ਨੂੰ ਬੜੀ ਠੇਸ ਲੱਗੀ ਸੀ।‘ਪਤਾ ਨੀ ਇਹ ਕੀ ਸਮਝਣ ਲੱਗ ਪਿਐ ਹੁਣ।ਪਹਿਲਾਂ ਪਹਿਲਾਂ ਤਾਂ ਬੜੀ ਦੇਰ ਤੱਕ ਬੜੀਆਂ ਵਧੀਆ ਗੱਲਾਂ ਕਰਦਾ ਹੁੰਦਾ ਸੀ।ਹੁਣ ਪਤਾ ਨੀ ਕੀ ਹੋ ਗਿਆ’ ਕਮਲ ਰੋਣ ਹਾਕੀ ਹੋ ਗਈ…।
ਜਦੋਂ ਤੱਕ ਧੀਆਂ ਆਪਣੇ ਘਰ ਸੁੱਖੀ ਸਾਂਦੀ ਨਾਂ ਚਲੀਆਂ ਜਾਣ ਮਾਪਿਆਂ ਦੇ ਸਿਰ ਤੇ ਬੋਝ ਰਹਿੰਦਾ ਈ ਐ।ਫਿਰ ਵਿਧਵਾ ਮਾਂ ਦੇ ਸਿਰ ਨੂੰ ਤਾਂ ਭਾਰ ਹੋਰ ਵੀ ਵੱਧ ਮਹਿਸੂਸ ਹੋਣਾ ਸੁਭਾਵਕ ਹੀ ਹੈ। ੳੁੱਤੋਂ ਕਮਾਈ ਦਾ ਕੋਈ ਖ਼ਾਸ ਸਾਧਨ ਨਾ ਹੋਵੇ… ਕੁੱਲ ਡੇਢ ਕੀਲਾ ਜ਼ਮੀਨ, ਹੋਰ ਕੋਈ ਸਹਾਰਾ ਨਾ।ਕਮਲ ਦੀ ਮਾਂ ਨੇ ਮੱਝਾਂ ਪਾਲ ਕੇ ਗੁਜ਼ਾਰਾ ਕੀਤਾ ਸੀ।ਆਪ ਘਾਹ ਖੋਤ ਕੇ,ਕੱਖ ਕੰਡਾ ਕਰਕੇ,ਹੱਥੀਂ ਗੋਹਾ ਪੱਥ ਕੇ ਦੋਹਾਂ ਬੱਚਿਆਂ ਨੂੰ ਪਾਲ਼ਿਆ ਸੀ, ਪੜ੍ਹਾਇਆ ਸੀ।ਵੀਹ ਕੀਲਿਆਂ ਵਾਲੇ ਇਕੱਲੇ ਪੁੱਤ ਦਾ ਰਿਸ਼ਤਾ ਮਿਲ ਗਿਆ ਸੀ।ਉਸਨੇ ਤਾਂ ਸ਼ੁਕਰ ਕੀਤਾ ਸੀ ।ਮੁੰਡੇ ਨੂੰ ਐਬ ਕੋਈ ‘ਨੀ ਸੀ। ਇਸ ਕਾਰਜ ਕਰਕੇ ਤਾਂ ਉਸਨੂੰ ਪਿੰਡ ਵਿੱਚ ਬਹੁਤ ਸਮਝਦਾਰ ਗਿਣਿਆ ਜਾਂਦਾ ਸੀ।
ਜਿਸ ਦਿਨ ਮਨਜੀਤ ਦਾ ਵੀਜ਼ਾ ਲੱਗਾ ਸੀ ਉਸਦੇ ਪੈਰ ਜ਼ਮੀਨ ਤੇ ਨਹੀਂ ਸੀ ਲੱਗ ਰਹੇ।
“ਕਾਕਾ, ਅਮਰੀਕਾ ਜਾ ਕੇ ਕੀ ਲੈਣੈ,ਸਾਨੂੰ ਤਾਂ ਏਥੇ ਹੀ ਖਾਣ ਨੂੰ ਨਹੀਂ ਮੁੱਕਦਾ,ਵੀਹ ਕੀਲੇ ਥੋੜੇ ਤਾਂ ਨੀ ਹੁੰਦੇ। ਮਿਹਨਤ ਕਰੋ ਜਿੰਨੀ ਮਰਜ਼ੀ ਤਰੱਕੀ ਕਰ ਲਓ।ਬਾਹਰ ਜਾ ਕੇ ਵੀ ਤਾਂ ਮਿਹਨਤ ਹੀ ਕਰਨੀ ਐ।ਓਥੇ ਕਿਹੜਾ ਤੈਨੂੰ ਬਾਰਾਂ ਪੜ੍ਹੇ ਨੂੰ ਪ੍ਰੋਫੈਸਰੀ ਮਿਲ ਜੂ।ਚੁੱਪ ਕਰਕੇ ਟਿਕਿਆ ਰਹੁ ਏਥੇ ਈ । ਨਾਲੇ ਸਾਡੇ ਤਾਂ ਦੇਖਣ ਨੂੰ ਹੁਣ ਤੂੰਹੀਐਂ।ਉਪਰੋਂ ਕਮਲ ਦਾ ਪੈਰ ਵੀ ਭਾਰੀ ਐ।ਤੈਨੂੰ ਅਮਰੀਕਾ ਦਾ ਚਾਅ ਚੜ੍ਹਿਆ ਪਿਐ … ਕੁਝ ਗਹੁ ਨਾਲ ਸੋਚ।ਸਾਡੀ ਤਾਂ ਇਹੀ ਰਾਇ ਐ ਕਿ ਟਿਕਿਆ ਰਹਿ ਏਥੇ ਈ।ਸਾਨੂੰ ਬੁਢਾਪਾ ਨਿਸ਼ਚਿੰਤ ਰਹਿ ਕੇ ਕੱਟ ਲੈਣ ਦੇ। ਬਾਕੀ ਭਾਈ ਪੈਸੇ ਦੀ ਭੁੱਖ ਕਦੇ ਕਿਸੇ ਦੀ ਪੂਰੀ ਨੀ ਹੋਈ।” ਬੇ ਜੀ ਤੇ ਬਾਪੂ ਜੀ ਮਨਜੀਤ ਨੂੰ ਸਮਝਾ ਰਹੇ ਸੀ।
“ਦੇਖਿਓ ਤੁਸੀਂ ਬਾਹਰ ਦੀ ਸੋਚ ਹੀ ਛੱਡ ਦਿਓ।ਅਸੀਂ ਘੱਟ ਖਾ ਲਵਾਂਗੇ। ਮੇਰੀ ਵੀ ਉਮਰ ਐ,ਕੁੱਝ ਸੰਜੀਦਾ ਹੋ ਕੇ ਸੋਚੋ। ਜੇ ਮੇਰੀ ਨੀ ਤਾਂ ਆਹ ਥੋਡਾ ਲਾਡਲਾ ਦੀਪਕ ਇਹਦੇ ਬਾਰੇ ਤਾਂ ਕੁੱਝ ਧਿਆਨ ਨਾਲ ਸੋਚੋ।” ਕਮਲ ਨੇ ਬੜੇ ਤਰਲੇ ਨਾਲ ਕਿਹਾ ਸੀ।
“ਦੇਖੀਂ ਸਹੀ ਮੈਂ ਹਾਕ ਮਾਰਨ ਤੇ ਈ ਆ ਜਿਆ ਕਰਨੈ,ਹੁਣ ਅਮਰੀਕਾ ਦੂਰ ਨੀ ਰਿਹਾ।ਤੁਸੀਂ ਤਾਂ ਐਵੇਂ ਭਾਵੁਕ ਹੋਈ ਜਾਦੇਂ ਓ। ਚਿੱਟੇ ਫੁੱਲ ਨੇ ਓਥੇ ਚਿੱਟੇ ਫੁੱਲ… ਇਕ ਡਾਲਰ ਦੇ ਹਿੰਦੋਸਤਾਨ ਪਹੁੰਚਦੇ-ਪਹੁੰਚਦੇ ਪੰਤਾਲੀ ਬਣ ਜਾਂਦੇ ਨੇ।ਇਕ ਵਾਰੀ ਚਲੇ ਜਾਣ ਦਿਓ…ਢੇਰ ਲਾ ਦੇਣੈ ਮੈਂ ਚਿੱਟੇ ਫੁੱਲਾਂ ਦਾ।”
ਮਨਜੀਤ ਤਾਂ ਬਾਹਰ ਜਾਣ ‘ਤੇ ਤੁਲਿਆ ਹੋਇਆ ਸੀ।
‘ਬਾਹਰ ਜਾਣ ਨੂੰ ਤਾਂ ਅੱਜ ਕੱਲ੍ਹ ਬੜੀ ਵੱਡੀ ਡਿਗਰੀ ਸਮਝਿਆ ਜਾਂਦੈ’ ਕਮਲ ਸੋਚ ਰਹੀ ਸੀ ਪਰ ਉਹ ਨਹੀਂ ਸੀ ਸਮਝਦੀ।
ਕਿਸੇ ਲੜਕੀ ਦੇ ਮਾਤਾ ਪਿਤਾ ਵੀ ਅਮਰੀਕਾ ਜਾਣ ਦੇ ਖਿਲਾਫ ਨਹੀਂ। ਸਾਰੇ ਲੜਕੇ ਨੂੰ ਉਸਦੇ ਸ਼ਰਾਬੀ ਕਬਾਬੀ ਜਾਂ ਹੋਰ ਐਬਾਂ ਬਾਰੇ ਪੁੱਛਦੇ ਨੇ ਜਾਂ ਦਾਜ ਦੇ ਲਾਲਚ ਬਾਰੇ। ਏਸ ਕਿਸਮ ਦੇ ਲਾਲਚ ਬਾਰੇ ਤਾਂ ਕੋਈ ਵੀ ਨਹੀਂ ਪੁੱਛਦਾ।ਐਬ਼ ਦੇ ਮਾਮਲੇ ਵਿਚ ਤਾਂ ਮਨਜੀਤ ਤੋਂ ਕੋਈ ਸ਼ਿਕਾਇਤ ਨਹੀਂ ਸੀ।
ਤਿੰਨ ਸਾਲ ਹੋ ਗਏ ਸੀ ਉਸਨੂੰ ਗਏ ਨੂੰ, ਦੀਪਕ ਸਾਢੇ ਚਾਰ ਸਾਲ ਦਾ ਤੇ ਰਿੰਕੀ ਦੋ ਸਾਲ ਦੀ ਹੋ ਗਈ ਸੀ। ਛੋਟੀ ਪਾਲ ਚੋਂ ਬੱਚਿਆਂ ਦੇ ਲੰਘਦੇ ਸਮਾਂ ਬੀਤਦੇ ਪਤਾ ਹੀ ਨਾ ਲੱਗਾ। ਕਾਕਾ ਤਾਂ ਹੁਣ ਸਕੂਲ ਜਾਣ ਲੱਗਿਆ ਸੀ।ਰਿੰਕੀ ਸਾਰਾ ਦਿਨ ਦਾਦੇ ਦਾਦੀ ਦੀਆਂ ਲਟੂਰੀਆਂ ਪੁੱਟਦੀ ਰਹਿੰਦੀ।ਬਜ਼ੁਰਗਾਂ ਨੂੰ ਪੋਤੇ ਪੋਤੀ ਨਾਲੋਂ ਹੋਰ ਕੌਣ ਪਿਆਰਾ ਹੋਣਾ ਸੀ ।ਉਹ ਵੀ ਉਨ੍ਹਾਂ ਵਿਚ ਹੀ ਸਾਰਾ ਦਿਨ ਗੁਆਚੇ ਰਹਿੰਦੇ।ਰੋਜ਼ ਮਨਜੀਤ ਦਾ ਫੋਨ ਆਉਂਦਾ,ਸਾਰਿਆਂ ਨਾਲ ਖੂਬ ਗੱਲਾਂ ਕਰਦਾ।
ਮਨਜੀਤ ਨੇ ਪੱਕਾ ਹੋਣ ਵਾਸਤੇ ਕਿਰਾਏ ਵਾਲੀ ਸ਼ਾਦੀ ਕਿਸੇ ਮੇਮ ਨਾਲ ਰਚਾ ਲਈ ਸੀ।ਕਿਸੇ ਵੀ ਹਿੰਦੋਸਤਾਨੀ ਪਤਨੀ ਲਈ ਇਹ ਬਰਦਾਸ਼ਤ ਕਰਨਾ ਬਹੁਤ ਔਖੀ ਗੱਲ ਹੈ।ਪਰ ਕਮਲ ਨੇ ਜਾਣਦੇ ਹੋਏ ਵੀ ਆਪਣੀ ਮਾਨਸਿਕਤਾ ਉਤੇ ਪੱਥਰ ਰੱਖ ਕੇ ਸਹਿਣ ਕੀਤਾ।ਉਸਦੇ ਮਨ ਤੇ ਦਬਾਅ ਤਾਂ ਵੱਧ ਗਿਆ ਸੀ।ਬੱਚੇ ਹੁਣ ਸਕੂਲ ਜਾਣ ਲੱਗ ਪਏ ਸੀ।ਬੇ ਜੀ ਅਤੇ ਬਾਪੂ ਜੀ ਨਾਲ ਓਹ ਕਿੰਨੀਆਂ ਕੁ ਗੱਲਾਂ ਕਰਦੀ।ਭਾਵੇਂ ਉਹ ਬੜੇ ਚੰਗੇ ਸੀ ਪਰ ਕਮਲ ਤਾਂ ਇਕੱਲੀ ਮਹਿਸੂਸ ਕਰਨ ਲੱਗ ਪਈ ਸੀ।
ਪੱਚੀ ਸਾਲਾਂ ਦੀ ਉਮਰ… ਉਪਰੋਂ ਇਕੱਲ… ਆਪਣੇ ਆਪ ਨੂੰ ਕੋਸਦੀ, ‘ਇਹਦੇ ਨਾਲੋਂ ਤਾਂ ਵਿਆਹ ਨਾ ਕਰਵਾਉਂਦੀ ਚੰਗਾ ਸੀ। ਪੜ੍ਹਨ ਨੂੰ ਵੀ ਤਾਂ ਅੱਵਲ ਸੀ।ਹੋਰ ਪੜ੍ਹ ਲੈਂਦੀ ਚਾਰ ਜਮਾਤਾਂ… ਪ੍ਰੋਫੈਸਰ ਲੱਗੀ ਹੁੰਦੀ।’
ਕਮਲ ਨੇ ਸੋਚਿਆ ਕਿ ਕੁਝ ਪੜ੍ਹਨ ਦੀ ਆਦਤ ਪਾ ਲਈ ਜਾਵੇ। ਦੁਪਹਿਰ ਨੂੰ ਤਾਂ ਬੱਚੇ ਸਕੂਲੋਂ ਆ ਜਾਂਦੇ ਨੇ ਉਨ੍ਹਾਂ ਵਿਚ ਰੁੱਝ ਜਾਈਦੈ।ਦੁਪਹਿਰ ਤੋਂ ਪਹਿਲਾਂ ਕੁਝ ਪੜ੍ਹਨ ਲਈ ਪ੍ਰਾਪਤ ਕੀਤਾ ਜਾਏ।ਕਮਲ ਹਰ ਪਾਸਿਓਂ ਸੁਚੇਤ ਸੀ ਮਤੇ ਕੋਈ ਉਂਗਲ ਚੁੱਕੇ ਉਸ ਉੱਤੇ ਅਤੇ ਪਰਿਵਾਰ ੳੁੱਤੇ।
ਮਨਜੀਤ ਦੇ ਚਾਚਾ ਜੀ ਅਧਿਆਪਕ ਸੀ।ਉਹ ਸਾਹਿਤਕ ਰੁਚੀ ਰੱਖਦੇ ਸੀ। ਚੰਗੇ ਲੇਖਕ ਸੀ।ਉਨ੍ਹਾਂ ਕੋਲ ਸਾਹਿਤਕ ਕਿਤਾਬਾਂ,ਮੈਗਜ਼ੀਨਾਂ ਆਦਿ ਦਾ ਬੜਾ ਭੰਡਾਰ ਸੀ। ਕਮਲ ਉਨ੍ਹਾਂ ਕੋਲੋਂ ਕਿਤਾਬਾਂ ਲੈ ਲੈਂਦੀ ,ਪੜ੍ਹ ਕੇ ਮੋੜ ਦਿੰਦੀ। ਉਹ ਸਾਹਿਤ ਦੀ ਪਾਠਕ ਬਣ ਗਈ।ਮਨਜੀਤ ਦੇ ਚਾਚੇ ਨੂੰ ਇਹ ਗੱਲ ਬੜੀ ਚੰਗੀ ਲੱਗੀ। ਉਹ ਉਸਨੂੰ ਪੜ੍ਹਨ ਲਈ ਪ੍ਰੇਰਿਤ ਕਰਨ ਲੱਗਿਆ। ਉਸਦੀ ਲੜਕੀ ਜਾਨੀ ਕਿ ਮਨਜੀਤ ਦੀ ਚਚੇਰੀ ਭੈਣ ਨੂੰ ਕਮਲ ਦੀ ਸੰਗਤ ਮਿਲ ਗਈ। ਉਹ ਭਾਬੀ ਜੀ ਭਾਬੀ ਜੀ ਕਰਦੀ ਉਸਨੂੰ ਚੰਬੜੀ ਰਹਿੰਦੀ।ਚਾਚੇ ਦਾ ਛੋਟਾ ਮੁੰਡਾ ਭਾਬੀ ਜੀ ਭਾਬੀ ਜੀ ਕਰਦਾ… ਜਿਥੇ ਮਿਲਦਾ ਕਮਲ ਦੇ ਪੈਰੀਂ ਪੈਂਦਾ, ਮੱਥਾ ਟੇਕਦਾ।ਕਮਲ ਦੀ ਜਠਾਣੀ ਚਾਚੇ ਦੀ ਨੂੰਹ ਵੀ ਵਧੀਆ ਵਰਤੋਂ ਕਰਨ ਲੱਗੀ।ਪਹਿਲਾਂ ਕੁਝ ਵਿਗੜੇ ਹੋਏ ਪਰਿਵਾਰਿਕ ਰਿਸ਼ਤੇ ਮੁੜ ਸੁਹਾਵਣੇ ਹੋ ਗਏ।ਬਜ਼ੁਰਗਾਂ ਨੂੰ ਵੀ ਇਹ ਗੱਲ ਬੜੀ ਚੰਗੀ ਲੱਗੀ।ਪਰਿਵਾਰਿਕ ਆਉਣਾ ਜਾਣਾ ਵੱਧ ਗਿਆ।ਸਾਂਝ ਬਹਾਲ ਹੋ ਗਈ।
ਘਰ ਕੰਮ ਤਾਂ ਕੋਈ ਖਾਸ ਹੁੰਦਾ ਨਹੀਂ ਸੀ।ਰੋਟੀ ਪਾਣੀ ਤੋਂ ਬਿਨਾਂ ਕੁਝ ਜ਼ਰੂਰੀ ਕੰਮ ਬਜ਼ੁਰਗ ਕਰ ਦਿੰਦੇ। ਪਸੂਆਂ ਦਾ ਸਾਰਾ ਕੰਮ ਰਾਮੂ ਕਰਦਾ। ਜੋ ਬਚਪਨ ਤੋਂ ਹੀ ਇਹਨਾਂ ਕੋਲ ਸੀ। ਸਮਝੋ ਪਾਲ਼ਿਆ ਹੀ ਇਸ ਪਰਵਾਰ ਨੇ ਸੀ। ।ਉਹ ਵੱਡੀ ਸਰਦਾਰਨੀ ਨੂੰ ਬੜੀ ਬੀਬੀ ਜੀ ਅਤੇ ਕਮਲ ਨੂੰ ਛੋਟੀ ਬੀਬੀ ਜੀ ਕਹਿੰਦਾ… ਦਿਲੋਂ ਸਤਿਕਾਰ ਕਰਦਾ ਸੀ।ਸਮਾਂ ਵਧੀਆ ਲੰਘ ਰਿਹਾ ਸੀ।
ਮਨਜੀਤ ਨੂੰ ਡਾਲਰਾਂ ਦੀ ਭੁੱਖ ਹੋਰ ਵੱਧ ਰਹੀ ਸੀ। ਉਹ ‘ਚਿੱਟੇ ਫੁੱਲ’ ਜੋ ਕਿਹਾ ਕਰਦਾ ਸੀ। ਬੈਂਕਾਂ ਦੇ ਖਾਤੇ ਭਰ ਰਹੇ ਸੀ। ਕਰਾਏ ਵਾਲੀ ਮੇਮ ਨੇ ਉਸਨੂੰ ਖੂਬ ਲੁੱਟਿਆ ਸੀ… ਸਿਰਫ ਪੈਸੇ ਤੋਂ ਹੀ ਨਹੀਂ… ਬਲਕਿ ਉਸਦੀ ਮਾਨਸਿਕਤਾ ਨੂੰ ਵੀ। ਉਹ ਜਦੋਂ ਵੀ ਫੋਨ ਕਰਦਾ ਕਮਲ ਨੂੰ ਗਾਲ਼ਾਂ ਆਮ ਕੱਢਦਾ।ਕਮਲ ਵੀ ਪੜ੍ਹਿਆ ਸੁਣਿਆ ਕਰਦੀ ਸੀ ਕਿ ਉਥੇ ਦਸ ਵੀਹ ਡਾਲਰਾਂ ਵਿਚ ਰੂੰ ਦੇ ਫੰਬਿਆਂ ਵਰਗੀਆਂ ਕੁੜੀਆਂ ਮਿਲ ਜਾਦੀਆਂ ਨੇ।
‘ਪਤਾ ਨਹੀਂ ਇਹੀ ਕੁਝ ਹੋ ਗਿਆ ਸੀ,ਮਨਜੀਤ ਨੂੰ।ਜੋ ਆਪ ਚੋਰੀ ਕਰਨ ਲਗ ਜਾਏ ਉਸਨੂੰ ਸਭ ਚੋਰ ਹੀ ਤਾਂ ਲੱਗਣ ਲੱਗ ਪੈਂਦੇ ਨੇ।’
ਫੋਨ ਦੀ ਟਿਊਨ ਵਜੀ-ਮਿਠ ਬੋਲੜਾ ਜੀ…“ਇਹ ਚਾਚੇ ਦੇ ਕੀ ਭੈਣ…ਜਾਨੀ ਹੁੰਨੀ ਐਂ?”
“ਹੱਦ ਹੋ ਗਈ ਤੁਹਾਡੀ ,ਮੈਂ ਤੁਹਾਡੇ ਚਾਚੇ ਦੇ ਬੱਚਿਆਂ ਸਮਾਨ ਹਾਂ।ਇਹ ਕੀ ਕਹਿੰਦੇ ਹੋ? ਜ਼ਰਾ ਸੋਚੋ ਤਾਂ ਸਹੀ।”
“ ਨ… ਮੈਂ ਜਾਣਦਾਂ ਉਹਨੂੰ ਮਾਸਟਰ ਨੂੰ, ਤੂੰ ਬਹੁਤੀ ਹਸ਼ਿਆਰ ਨਾ ਬਣ, ਮੈਂ ਉਹਨਾਂ ਕੰਜਰਾਂ ਨੂੰ ਭੁੱਲਿਆ ਨੀ ਹੋਇਆ।”
ਕਮਲ ਦਾ ਅੰਦਰ ਕੰਬ ਗਿਆ, ਮੋਬਾਇਲ ਉਸਦੇ ਹੱਥੋਂ ਗਿਰ ਕੇ ਬੰਦ ਹੋ ਗਿਆ।
“ਇਹ ਬੰਦ ਕਿਓਂ ਕਰਤਾ ਭੈਣ ਦਾ…।”
ਕਮਲ ਸੁੰਨ ਹੋਈ ਪਈ ਸੀ, “ਮੈਂ ਬੰਦ ਨਹੀਂ ਕੀਤਾ ਇਹ ਤਾਂ ਮੇਰੇ ਹੱਥੋਂ ਡਿੱਗ ਕੇ ਬੰਦ ਹੋ ਗਿਆ ਸੀ।”
ਕਮਲ ਕਦੇ ਝੂਠ ਨਹੀਂ ਸੀ ਬੋਲੀ।ਚਾਚੇ ਕੋਲੋਂ ਕਿਤਾਬਾਂ ਲੈਕੇ ਪੜ੍ਹਨ ਬਾਰੇ ਵੀ ਤਾਂ ਉਸਨੇ ਆਪ ਹੀ ਦੱਸਿਆ ਸੀ।ਉਸ ਵੇਲੇ ਤਾਂ ਕੁਝ ਨਹੀਂ ਸੀ ਬੋਲਿਆ ਮਨਜੀਤ, ਹੁਣ ਖ੍ਵਰੈ ਕੀ ਸੁੰਘ ਗਿਆ ਸੀ ਉਸਨੂੰ।ਕਈ ਕਿਸਮ ਦੀਆਂ ਹਦਾਇਤਾਂ ਦੇਕੇ ਗਾਲ਼ਾਂ ਕੱਢਦੇ ਹੋਏ ਮਨਜੀਤ ਨੇ ਫੋਨ ਬੰਦ ਕਰ ਦਿੱਤਾ।
ਇਕ ਇਕੱਲੀ ਦੂਜੇ ਜਵਾਨੀ ਦੀ ਉਮਰ ਉਪਰੋਂ ਘਰਵਾਲੇ ਦੀਆਂ ਫੋਨ ਤੇ ਨਿੱਤ ਗਾਲ਼ਾਂ। ਮਨਜੀਤ ਨੂੰ ਬਾਪੂ ਜੀ ਅਤੇ ਬੇ ਜੀ ਨੇ ਵੀ ਫੋਨ ਤੇ ਸਮਝਾਇਆ ਸੀ ਪਰ ਉਸਦਾ ਵਤੀਰਾ ਤਾਂ ਬਦਲਦਾ ਹੀ ਜਾ ਰਿਹਾ ਸੀ।ਕਮਲ ਹੋਰ ਵੱਧ ਕਿਤਾਬਾਂ ਪੜ੍ਹ ਕੇ ਆਪਣਾ ਸਮਾਂ ਪਾਸ ਕਰਨ ਲੱਗੀ। ਫੋਨ ਦਾ ਕਿੱਤੇ ਸੁੱਚ ਬੰਦ ਹੋ ਗਿਆ।ਕਮਲ ਨੇ ਸ਼ਾਮ ਵੇਲੇ ਕਿੱਤੇ ਜਾ ਕੇ ਦੇਖਿਆ ।ਔਨ ਕੀਤਾ –ਥੋੜੇ ਹੀ ਦੇਰ ਵਿਚ ਫਿਰ ਫੋਨ ਵੱਜਿਆ “ਆਹ ਹੁਣ ਸੁੱਚ ਏ ਬੰਦ ਕਰਤੀ।”
“ਮੈਂ ਸੁੱਚ ਬੰਦ ਨੀ ਕੀਤੀ ਕਾਕੇ ਕੋਲ ਪਿਆ ਸੀ ਫੋਨ,ਕਿੱਤੇ ਬੰਦ ਹੋ ਗਈ ਹੋਣੀ ਐ।ਮੈਂ ਤਾਂ ਹੁਣੈ ਔਨ ਕੀਤੈ।”
ਕਮਲ ਨੂੰ ਫਿਰ ਗਾਲ਼ਾਂ ਪਈਆਂ… ‘ਬਾਹਰ ਨਾ ਜਾਇਆ ਕਰ, ਏਹ ਨਾ ਕਰਿਆ ਕਰ ਉਹ ਨਾ ਕਰਿਆ ਕਰ…।’ ਉਹ ਤਾਂ ਬਾਹਰ ਕਦੇ ਕੱਲੀ ਗਈ ਹੀ ਨਹੀ ਸੀ, ਬੇ ਜੀ ਜਾਂ ਬੱਚਿਆਂ ਨੂੰ ਨਾਲ ਲੈਕੇ ਹੀ ਜਾਂਦੀ ਸੀ ਜਾਂ ਚਾਚੇ ਦੀ ਨੂੰਹ ਜਾਂ ਲੜਕੀ ਨੂੰ ਨਾਲ ਲੈਕੇ। ਫੇਰ ਵੀ ਏਨਾ ਸ਼ੱਕ… ਬਦਤਮੀਜ਼ੀ ਦੀ ਵੀ ਕੋਈ ਹੱਦ ਹੁੰਦੀ ਐ।ਕਮਲ ਵੀ ਹੁਣ ਅੱਗਿਓ ਝਾੜ ਦਿੰਦੀ।ਅੱਜ ਤਾਂ ਉਸਨੇ ਚੰਗੀਆਂ ਸੁਣਾਈਆਂ ਸੀ।
“ਮੈਂ ਫੋਨ ਬੰਦ ਕਦੇ ਨੀ ਕੀਤਾ, ਐਵੇਂ ਗਾਲ਼ਾਂ ਨਾ ਕੱਢ ਜੇ ਮੈ ਬੰਦ ਕਰ ਦਿੱਤਾ ਫੇਰ ਇਹ ਚੱਲੇਗਾ ਨਹੀਂ।” ਉਸਨੇ ਅੱਜ ਸਾਫ਼ ਕਹਿ ਦਿੱਤਾ ਸੀ।
ਮਨਜੀਤ ਹੋਰ ਖਿੱਝ ਗਿਆ।ਫੋਨ ਬੰਦ ਹੋ ਗਿਆ ।ਸਵੇਰੇ ਹੀ ਫੋਨ ਫੇਰ ਵੱਜਿਆ ਫੇਰ ਗਾਲ਼ਾਂ-ਸਵੇਰੇ ਸਵੇਰੇ ਗਾਲ਼ਾਂ –ਗਾਲ਼ਾਂ ਖਾਣ ਕਰਕੇ ਤਾਂ ਉਸਨੇ ਰਾਤ ਕੁਝ ਵੀ ਨਹੀਂ ਸੀ ਖਾਧਾ। ਉਹ ਸਾਰੀ ਰਾਤ ਹੀ ਤਾਂ ਰੋਂਦੀ ਰਹੀ ਸੀ ।ਉਸਦਾ ਮਨ ਉਚਾਟ ਸੀ।ਹੁਣ ਉਹ ਹੋਰ ਗਾਲ਼ਾਂ ਨਹੀਂ ਸੀ ਸਹਿ ਸਕਦੀ।
ਫੋਨ ਵੱਜਿਆ “ਆਹ ਰਾਮੂ ਨੂੰ ਦਫਾ ਕਰਦੇ ਹਿਸਾਬ ਕਰਕੇ,ਬਥੇਰੇ ਪੈਸੇ ਭੇਜਤੇ ਮੈਂ । ਕੋਈ ਨੌਕਰਾਣੀ ਰੱਖ ਲੈ, ਫੁੱਲ ਟਾਈਮ। ਬੇ ਜੀ ਕੋਲ ਸੋਇਆ ਕਰ ,ਸੁਣ ਲਿਆ! ਮੱਤ ਕਿਸੇ ਚਾਚੇ ਚੂਚੇ ਦੇ ਜਾਵੇਂ।”
ਕਮਲ ਅੱਗ ਬਗੂਲਾ ਹੋ ਗਈ।ਅੱਜ ਵਰਗੀਆਂ ਕਦੇ ਸੁਣੀਆਂ ਹੀ ਨਹੀਂ ਸੀ।ਉਸਨੇ ਫੋਨ ਬੰਦ ਕਰ ਦਿੱਤਾ ਫਿਰ ਮੁੜਕੇ ਉਸਦਾ ਫੋਨ ਉਸਨੇ ਨਹੀਂ ਸੀ ਸੁਣਿਆ। ਕਮਲ ਨੇ ਨਵਾਂ ਨੰਬਰ ਲੈ ਲਿਆ ਸੀ।
ਉਸ ਨੇ ਕਾਫੀ ਕਿਤਾਬਾਂ ਪੜ੍ਹੀਆਂ ,ਕਹਾਣੀਆਂ ਪੜ੍ਹੀਆਂ ਮਨ ਤੇ ਪੱਥਰ ਰੱਖ ਕੇ ਸਮਾਂ ਪਾਸ ਕਰਨ ਲੱਗੀ।ਉਸਨੇ ਪੜ੍ਹਨ ਦੇ ਨਾਲ ਨਾਲ ਹੁਣ ਲਿਖਣਾ ਵੀ ਸ਼ੁਰੂ ਕਰ ਦਿੱਤਾ।ਉਹ ਆਪਣੀ ਸਮੱਸਿਆ ਵਰਗੇ ਮਸਲੇ ਧਿਆਨ ਨਾਲ ਪੜ੍ਹਦੀ। ਕਈ ਕਿਸਮ ਦੇ ਵਿਚਾਰ ਉਸਦੇ ਅੱਗੇ ਆਏ ਉਹ ਕਲਮਬੰਧ ਕਰਦੀ ਗਈ।
…ਇਕ ਲੇਖਕ ਨੇ ਆਪਣੀ ਕਹਾਣੀ ਵਿਚ ਇਕ ਐਸੀ ਔਰਤ,ਜਿਸਦਾ ਪਤੀ ਬਾਹਰ ਜਾ ਕੇ ਨਹੀਂ ਸੀ ਆਇਆ, ਵੇਸਵਾ ਬਣਦੀ ਦਰਸਾ ਦਿੱਤੀ।
…ਇਕ ਔਰਤ ਦਾ ਤਾਂ ਪਤੀ ਦੇ ਬਾਹਰ ਜਾਣ ਪਿਛੋਂ ਬਿਹਾਰੀ ਨੌਕਰ ਨਾਲ ਰਿਸ਼ਤਾ ਬਣਿਆ ਦਰਸਾ ਦਿੱਤਾ।
…ਇਕ ਨਿਕੰਮੇ ਪਤੀ ਵਾਲੀ ਤਾਂ ਭਾਣਜੇ ਨਾਲ ਹੀ ਰਿਸ਼ਤਾ ਬਣਾ ਬੈਠੀ “ਫਿਟੇ ਮੂੰਹ” ਕਮਲ ਕਹਿਣ ਲੱਗੀ “ਰਿਸ਼ਤਿਆਂ ਦੀ ਕੋਈ ਮਰਿਆਦਾ ਵੀ ਹੁੰਦੀ ਐ।”
… ਇਕ ਲਿਖਾਰੀ ਨੇ ਤਾਂ ਐਸੇ ਹਾਲਾਤ ਦਰਸਾ ਦਿੱਤੇ ਜਿਥੇ ਇਕ ਸਕੇ ਭੈਣ ਭਰਾ ਨੂੰ ਕਿਸੇ ਮਜ਼ਬੂਰੀ ਵੱਸ ਇਕ ਰਜਾਈ ਵਿਚ ਰਾਤ ਕੱਟਣੀ ਪਈ…ਬਸ।
‘ਦੁਰ ਫਿਟੇ ਮੂੰਹ! ਹੱਦ ਹੋ ਗਈ,ਲਿਖਣ ਵਾਲਿਆਂ ਦੀ ਵੀ।’ ਕਮਲ ਨੇ ਮੈਗਜ਼ੀਨ ਹੀ ਵਗਾਹ ਮਾਰਿਆ।
‘ਇਹ ਤਾਂ ਵੇਸਵਾਵਾਂ ਨਾਲੋਂ ਵੀ ਗਿਰੀ ਹੋਈੋ ਗੱਲ ਹੋ ਗਈ…।’
ਕਿਸੇ ਨੂੰ ਪੇਟ ਦੀ ਭੁੱਖ,ਕਿਸੇ ਨੂੰ ਸਰੀਰ ਦੀ ਭੁੱਖ,ਕਿਸੇ ਨੂੰ ਪੜ੍ਹਨ ਦੀ ਭੁੱਖ,ਕਿਸੇ ਨੂੰ ਹੜਨ ਦੀ ਭੁੱਖ,ਕਿਸੇ ਨੂੰ ਡਾਲਰਾਂ ਦੀ ਭੁੱਖ ਅਤੇ ਕਿਸੇ ਨੂੰ ਰੁਤਬੇ ਦੀ ਭੁੱਖ- ਉਹ ਇਸ ਦਾ ਵਿਸ਼ਲੇਸ਼ਣ ਕਰ ਰਹੀ ਸੀ ਉਸ ਕੋਲ ਇਕ ਰਚਨਾ ਤਿਆਰ ਹੋ ਗਈ,ਜਿਸ ਨੂੰ ਉਸਨੇ ‘ਫਰੀਦਾ ਮੌਤੋਂ ਭੁੱਖ ਬੁਰੀ’ ਦਾ ਨਾਂ ਦੇ ਕੇ ਇਕ ਨਾਮਵਰ ਮੈਗਜ਼ੀਨ ਨੂੰ ਭੇਜ ਦਿੱਤਾ।ਰਚਨਾ ਬਹੁਤ ਹੀ ਮਕਬੂਲ ਹੋਈ, ਜਿਸ ਦਾ ਉਸਨੂੰ ਬਾਅਦ ਵਿਚ ਪਤਾ ਲੱਗਾ ਸੀ।
ਹੁਣ ਬੱਚੇ ਹੋਰ ਵੱਡੇ ਹੋ ਗਏ ਸੀ।ਪੜ੍ਹ ਰਹੇ ਸੀ। ਕਮਲ ਨੇ ਸੋਚਿਆ ਮੈ ਵੀ ਕਿੳਂ ਨਾ ਅੱਗੇ ਪੜ੍ਹਾਈ ਕਰ ਲਵਾਂ।ਉਹ ਦੂਸਰੇ ਦਿਨ ਯੂਨੀਵਰਸਟੀ ਦੇ ਕਾੳਂੂਟਰ ਤੇ ਸੀ ।
“ਬੇਟਾ ਪ੍ਰਾਸਪੈਕਟਸ ਤਾਂ ਤੁਸੀਂ ਲੈ ਜਾਓ ਪਰ ਤੁਸੀਂ ਲੇਟ ਹੋ ਗਏ ਹੋ। ਹੁਣ ਦਾਖਲੇ ਲਈ ਵੀ.ਸੀ. ਤੋਂ ਮਨਜ਼ੂਰੀ ਲੈਣੀ ਪਏਗੀ।” ਕਾਊਂਟਰਮੈਨ ਨੇ ਕਿਹਾ।
ਕਮਲ ਫਾਰਮ ਭਰਕੇ ਵੀ.ਸੀ. ਦਫਤਰ ਪਹੁੰਚ ਗਈ।ਵੀ.ਸੀ. ਨੇ ਜੁਆਬ ਦੇ ਦਿੱਤਾ।…ਵੀ.ਸੀ. ਕਿਹੜਾ ਕੋਈ ਮਾੜੀ ਮੋਟੀ ਚੀਜ਼ ਐ,ਇਸ ਤੋਂ ਹਾਂ ਕਰਾਉਣ ਲਈ ਕੋਈ ਵੱਡੀ ਸਿਫਾਰਿਸ਼ ਚਾਹੀਦੀ ਸੀ।ਜੋ ਕਮਲ ਕੋਲ ਤਾਂ ਹੈ ਨਹੀਂ ਸੀ। ਖ਼ੈਰ, ਕਮਲ ਪੰਜਾਬੀ ਵਿਭਾਗ ਦੇ ਮੁੱਖੀ ਦੇ ਦਫ਼ਤਰ ਪਹੁੰਚ ਗਈ।
“ਬੇਟਾ ਤੁਸੀਂ ਕੱਲ ਆਇਓ, ਅੱਜ ਅਸੀਂ ਇਕ ਡਿਸਕਸ਼ਨ ਪ੍ਰੋਗਰਾਮ ਕਰਨੈ,ਇਸ ਲਈ ਮੈਂ ਵਿਹਲਾ ਨਹੀਂ।”
“ਸਰ, ਮੈਂ ਤਾਂ ਅੱਗੇ ਹੀ ਲੇਟ ਆਂ, ਸਿਰਫ ਪੰਜ ਮਿੰਟ ਮੇਰੀ ਬੇਨਤੀ।”
ਬੁੱਢੇ ਪ੍ਰੋਫੈਸਰ ਨੇ ਮੋਟੇ ਸ਼ੀਸ਼ਿਆਂ ਵਾਲੀ ਐਨਕ ਨੱਕ ਤੇ ਕਰਕੇ ਦੇਖਿਆ “ਹਾਂ ਦੱਸ ਕੀ ਐ ਇਹ, ਐਡਮੀਸ਼ਨ ਹੁਣ ਕਿੱਥੇ।” ਕਹਿਕੇ ਉਸ ਦਾ ਫਾਰਮ ਦੇਖਣ ਲੱਗ ਪਿਆ।
“ਬੇਟਾ ਨਾਮ ਤਾਂ ਤੇਰਾ ਬੜਾ ਪਿਆਰੈ ਕਮਲ ਦੀਪ ਕੌਰ…ਆਹ ਵੀ ਕਿਸੇ ਕਮਲ ਦੀਪ ਕੋਰ ਦੀ ਹੀ ਰਚਨਾ ਏ, ਜਿਸ ਤੇ ਡਿਸਕਸ਼ਨ ਕਰਨੀ ਐ। ਬੜੀ ਪਿਆਰੀ ਰਚਨਾ ਏ।”
ਪ੍ਰੋਫੈਸਰ ਦੇ ਏਨਾ ਕਹਿੰਦਿਆਂ ਹੀ ਕਮਲ ਬੋਲ ਪਈ , “ਕਿਹੜੀ ਸਰ?”
ਮੈਗਜੀਨ ਉਲਟਾ ਪਿਆ ਸੀ।ਉਹ ਹੈਰਾਨ ਹੋ ਗਈ, ‘ਇਹ ਛਪ ਗਈ, ਸਰ? ਇਹ ਤਾਂ ਮੇਰੀ ਹੀ ਪਲੇਠੀ ਕਹਾਣੀ ਐ ‘ਫਰੀਦਾ ਮੌਤੋਂ ਭੁੱਖ ਬੁਰੀ।’
‘ਇਹ ਤੇਰੀ ਐ ਬੇਟਾ ,ਸੱਚ ਮੁੱਚ ਤੇਰੀ ਐ?’ ਪ੍ਰੋਫੈਸਰ ਨੇ ਤਿੰਨ ਵਾਰ ਪੁੱਛਿਆ।
“ ਹਾਂ ਜੀ ਸਰ ਇਹ ਮੇਰੀ ਹੀ ਕਹਾਣੀ ਐ।”
“ ਵਾਹ! ਬੇਟਾ ਵਾਹ! ਫੇਰ ਤਾਂ ਮੈ ਤੈਨੂੰ ਐਮੇ.ਏ. ਜਰੂਰ ਕਰਵਾਂਵਾਂਗਾ।” ਪ੍ਰੋਫੈਸਰ ਨੇ ਕਮਲ ਦੇ ਸਿਰ ਤੇ ਹੱਥ ਰੱਖ ਦਿੱਤਾ।
ਐਮੇ.ਏ. ਵਿੱਚੋਂ ਕਮਲ ਫਸਟ ਆਈ।ਹੁਣ ਉਹ ਪੀ.ਐਚ.ਡੀ. ਕਰਨ ਲੱਗੀ ਸੀ।ਨਾਲ ਹੀ ਉਸਨੂੰ ਕਾਲਜ ਵਿਚ ਨੌਕਰੀ ਵੀ ਮਿਲ ਗਈ ਸੀ।ਉਸਨੂੰ ਪਿੰਡੋਂ ਆਉਣਾ ਔਖਾ ਲੱਗਦਾ ਸੀ।ਬੱਚੇ ਵੀ ਤਾਂ ਸ਼ਹਿਰ ਵਿੱਚ ਹੀ ਪੜ੍ਹਦੇ ਸੀ।ਬਜ਼ੁਰਗ ਬਿਰਧ ਹੋ ਚੁੱਕੇ ਸੀ।ਉਹਨਾਂ ਲਈ ਮੈਡੀਕਲ ਸਹਾਇਤਾ ਵੀ ਤਾਂ ਸ਼ਹਿਰ ਵਿੱਚੋਂ ਸੌਖੀ ਮਿਲਣੀ ਸੀ।ਕਮਲ ਨੇ ਪ੍ਰੋਫੈਸਰ ਕਲੋਨੀ ਵਿਚ ਕੋਠੀ ਲੈ ਲਈ।ਪਿੰਡ ਦੇ ਮਕਾਨ ਨੂੰ ਜਿੰਦਰਾ ਲੱਗ ਗਿਆ ਸੀ।ਉਸਦੇ ਲਗਾਏ ਹੋਏ ਚਿੱਟੇ ਫੁੱਲ ਜੰਗਲਾ ਵਾਂਗ ਵੱਧ ਫੁੱਲ ਰਹੇ ਸੀ।ਇਕ ਇਕ ਨੂੰ ਚਾਲੀ ਚਾਲੀ ਲੱਗਦੇ ਸੀ।
ਕੋਠੀ ਤੇ ਡਾ. ਦੀਪ ਕਮਲ ਦੀ ਪਲੇਟ ਲੱਗੀ ਹੋਈ ਸੀ।ਉਹ ਯੂਨੀਵਰਸਟੀ ਵਿਚ ਪੰਜਾਬੀ ਦੀ ਪ੍ਰੋਫੈਸਰ ਸੀ।ਦੀਪਕ ਡਾਕਟਰ ਬੱਣ ਚੁੱਕਾ ਸੀ।ਰਿੰਕੀ ਵਕਾਲਤ ਕਰਦੀ ਸੀ।ਬਾਈ ਸਾਲ ਲੰਘ ਗਏ ਸੀ ਮਨਜੀਤ ਨੂੰ ਗਏ ਨੂੰ।ਡਾਲਰਾਂ ਦੀਆ ਪੰਡਾਂ ਬੈਂਕਾਂ ਵਿਚ ਇਕੱਠੀਆਂ ਹੋ ਰਹੀਆਂ ਸੀ। ਕਮਲ ਨੇ ਤਾਂ ਕਦੀ ਉਹ ਪੈਸੇ ਵਰਤੇ ਹੀ ਨਹੀਂ ਸੀ..।
ਇਕ ਕਾਲੀ ਗੱਡੀ ਕਲੋਨੀ ਦੇ ਗੇਟ ਚੋਂ ਅੰਦਰ ਆ ਰਹੀ ਸੀ।ਇਕ ਚਿੱਟੀ ਗੱਡੀ ਗੇਟ ਚੋਂ ਬਾਹਰ ਜਾ ਰਹੀ ਸੀ।ਗੇਟ ਕੀਪਰ ਕਿਸੇ ਕਮਲਦੀਪ ਕੌਰ ਨੂੰ ਨਹੀਂ ਸੀ ਜਾਣਦਾ ਉਹ ਤਾਂ ਮੈਡਮ ਦੀਪ ਕਮਲ ਨੂੰ ਜਾਣਦਾ ਸੀ।ਬੜੀ ਮੁਸ਼ਕਲ ਨਾਲ ਇਜਾਜ਼ਤ ਲੈਕੇ ਮਨਜੀਤ ਕੋਠੀ ਪਹੁੰਚਿਆ ਸੀ।ਰਾਮੂ ਨੇ ਉਸਨੂੰ ਪਛਾਣ ਲਿਆ ਸੀ।ਬਾਪੂ ਦੀਆਂ ਅੱਖਾਂ ਅਤੇ ਕੰਨ ਪੂਰੀ ਤਰ੍ਹਾਂ ਜੁਆਬ ਦੇ ਚੁੱਕੇ ਸੀ।ਬੇ ਜੀ ਐਲਜ਼ੀਮਰ ਦੀ ਬਿਮਾਰੀ ਦਾ ਸ਼ਿਕਾਰ ਹੋ ਚੁੱਕੀ ਸੀ। …ਉਹ ਕਦੇ ਪੋਤੇ ਨੂੰ ‘ਭਰਾ ਜੀ’ ਕਹਿੰਦੀ ਕਦੇ ਨੂੰਹ ਨੂੰ ‘ਮਾਸੀ।’ਕੁਝ ਵੀ ਯਾਦ ਨਹੀਂ ਸੀ ਰਿਹਾ ਉਸਨੂੰ। ਅਮਰੀਕਾ ਦੇ ਨਾਂ ਤੋਂ ਦੋਨੋ ਬਹੁਤ ਦੁਖੀ ਸੀ।
“ਰਾਮੂ ਤੈਨੂੰ ਅਜੇ ਦਫਾ ਨੀ ਕੀਤਾ,ਉਏ ਸਾਲਿਆ?” ਰਾਮੂ ਨੂੰ ਮਨਜੀਤ ਕਹਿਣ ਲੱਗਾ।
ਅੰਦਰੋਂ ਦੀਪਕ ਅਤੇ ਰਿੰਕੀ ਬਾਹਰ ਆ ਗਏ।ਰਾਮੂ ਨੇ ਉਹਨਾਂ ਨੂੰ ਦੱਸਿਆ।
ਦੀਪਕ ਕਹਿਣ ਲੱਗਾ, “ਕੌਣ ਪਾਪਾ, ਰਿੰਕੀ ਵੀ ਇੰਜ ਹੀ ਕਹਿਣ ਲੱਗੀ ਅਸੀਂ ਤਾਂ ਕਿਸੇ ਪਾਪਾ ਨੂੰ ਜਾਣਦੇ ਹੀ ਨਹੀਂ।”
ਮਨਜੀਤ ਰਿੰਕੀ ਦੇ ਨੇੜੇ ਹੋਣ ਲੱਗਿਆ ਸੀ ਦੀਪਕ ਨੇ ਪਿਛਾਂਹ ਕਰ ਦਿੱਤਾ।
“ਬਾਬੂ, ਪਿੱਛੇ ਜ਼ਰਾ! ਇਹ ਮੇਰੀ ਭੈਣ ਐ ,ਮੱਤ ਹੱਥ ਲਾਵੇਂ”
‘ਮੈਂ ਮਨਜੀਤ ਸਿੰਘ ਹਾਂ’
“ਅਸੀਂ ਨਹੀਂ ਜਾਣਦੇ ਇਹ ਸਾਡਾ ਘਰ ਐ, ਸਾਡੀ ਮੰਮੀ ਡਾ. ਦੀਪ ਕਮਲ ਦਾ।”
“ਉਹ ਕਿੱਥੇ ਨੇ?”
“ ਮੰਮੀ ਦੋ ਮਹੀਨੇ ਲਈ ਅਮਰੀਕਾ ਗਏ ਨੇ, ਯੂਨੀਵਰਸਟੀ ਦੇ ਖਾਸ ਪ੍ਰੋਗਰਾਮ ‘ਤੇ।”
ਰਾਮੂ ਦੀ ਕਰਾਈ ਪਛਾਣ ਨੂੰ ਬੱਚੇ ਕਬੂਲ ਨਹੀਂ ਸੀ ਕਰ ਰਹੇ।ਬੇ ਜੀ ਅਤੇ ਬਾਪੂ ਜੀ ਕੁਝ ਪਛਾਣ ਨਹੀਂ ਸੀ ਰਹੇ। ਉਸਨੇ ਅਮਰੀਕਾ ਤੋਂ ਆਇਆਂ ‘ਮਨਜੀਤ’ ਕਿਹਾ ਹੀ ਸੀ ਕਿ ਬੇਬੇ ਗਾਲ਼ਾਂ ਕੱਢਣ ਲੱਗ ਪਈ …‘ਕੰਜਰਾ ਸਾਡੇ ਘਰ ਅਮਰੀਕਾ ਦਾ ਨਾਂ ਨਾ ਲਈਂ, ਪੱਟਤੇ ਅਸੀਂ ਅਮਰੀਕਾ ਨੇ, ਦਫਾ ਹੋ ਜਾ ਏਥੋਂ।’
ਬੱਚਿਆਂ ਨੇ ਵੀ ਘਰ ਦੇ ਅੰਦਰ ਦਾਖਲ ਹੋਣ ਦੀ ਇਜਾਜ਼ਤ ਨਾ ਦਿੱਤੀ।ਮਨਜੀਤ ਨੂੰ ਹਾਰ ਕੇ ਦੋ ਮਹੀਨੇ ਰਾਮੂ ਦੇ ਕਮਰੇ ਵਿੱਚ ਹੀ ਰਹਿਣਾ ਪਿਆ।
ਬੱਚੇ ਬੇ ਜੀ ਅਤੇ ਬਾਪੂ ਜੀ ਦੀ ਪੂਰੀ ਸਾਂਭ ਸੰਭਾਲ ਕਰਦੇ।ਬੇ ਜੀ ਨੂੰ ਖਾਣਾ ਦੀਪਕ ਖੁਆਂਦਾ,ਅਤੇ ਬਾਪੂ ਜੀ ਨੂੰ ਰਿੰਕੀ।ਬੇ ਜੀ ਖਾਣਾ ਖਾਂਦੀ ਕੁਝ ਕੁਝ ਬੋਲਦੀ ਰਹਿੰਦੀ,ਦੀਪਕ ਹਸਦਾ ਰਹਿੰਦਾ,ਫਿਰ ਉਹ ਬੇ ਜੀ ਨਾਲ ਲਾਡ ਲਡਾਉਂਦਾ।ਬੇ ਜੀ ਉਸਦਾ ਮੂੰਹ ਮੱਥਾ ਚਟੱਦੀ ਨਾ ਥੱਕਦੀ,ਅਸੀਸਾਂ ਦਿੰਦੀ। ਰਿੰਕੀ ਬਾਪੂ ਜੀ ਨਾਲ ਨਿੱਕੇ ਬੱਚਿਆਂ ਵਾਂਗ ਲਾਡ ਕਰਦੀ, ਉਹਨਾਂ ਦੇ ਮੂੰਹ ਨਾਲ ਮੂੰਹ ਘਸਾ ਘਸਾ ਕੇ ਪਿਆਰ ਲੈਂਦੀ। ਮਨਜੀਤ ਰੋਜ ਹੀ ਇਹ ਕੁਝ ਨਿੰਮੋਝੂਣ ਜਿਹਾ ਹੋਇਆ ਦੇਖਦਾ ਰਹਿੰਦਾ।
ਇਕ ਚਿੱਟੀ ਗੱਡੀ ਦੋ ਮਹੀਨੇ ਪਿੱਛੋਂ ਗੇਟ ਚੋਂ ਅੰਦਰ ਆਈ, … ‘ਮੰਮਾ ਆ ਗਏ’… ਬੱਚਿਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।ਗੈਸਟ ਰੂਮ ਵਿਚ ਕਮਲ ਦੇ ਨਾਲ ਦੇ ਪ੍ਰੋਫੈਸਰ ਬੈਠੇ ਸੀ।ਰਿਪੋਰਟ ਲੈਣ ਲਈ ਪ੍ਰੈੱਸ ਰਿਪੋਰਟਰ ਵੀ।ਪੜੌਸੀ ਦੋਸਤ ਸਹੇਲੀਆਂ ਵੀ ਆਉਣ ਲੱਗੀਆਂ।ਕੁੱਝ ਅਰਾਮ ਕਰਕੇ ਕਮਲ ਗੈਸਟਰੂਮ ਵਿੱਚ ਸਾਰਿਆਂ ਨੂੰ ਆ ਮਿਲੀ।
ਮਨਜੀਤ ਨੂੰ ਦੋ ਘੰਟੇ ਬਾਅਦ ਮੌਕਾ ਮਿਲਿਆ ਮਿਲਣ ਦਾ।
“ਤੁਸੀਂ ਆ ਗਏ”
ਭਰੇ ਹੋਏ ਬੋਲ ਵਿਚ ਅੱਖਾਂ ਭਰਦੀ ਕਮਲ ਨੇ ਕਿਹਾ।
“ਦੋ ਮਹੀਨੇ ਹੋ ਗਏ ਆਇਆਂ ਨੂੰ…।
ਰਾਮੂ ਦੇ ਕੁਅਟਰ ਵਿੱਚ ਬੈਠਾਂ ਇਕੱਲਾ” ਮਨਜੀਤ ਝੂਰਦਾ ਜਿਹਾ ਬੋਲਿਆ, “ਬੱਚਿਆਂ ਨੇ ਪਛਾਣਿਆ ਹੀ ਨਹੀਂ,ਦੁਖੀ ਹੋ ਗਿਆ।”
“ਬੱਸ ਦੋ ਮਹੀਨੇ ਹੀ ਇਕੱਲਾ ਰਹਿ ਕੇ ਦੁਖੀ ਹੋ ਗਿਆ, ਸਿਰਫ ਦੋ ਮਹੀਨੇ? ਆ ਤੇਰੇ ਖਿੜੇ ਹੋਏ ਫੁੱਲਾਂ ਨਾਲ ਤੇਰੀ ਵਾਕਫ਼ੀਅਤ ਕਰਵਾ ਦਿਆਂ।” ਕਮਲ ਹੱਥ ਫੜ ਕੇ ਮਨਜੀਤ ਨੂੰ ਅੰਦਰ ਲੈ ਗਈ……।
ਲੇਖਕ:- ਡਾ. ਰਾਜਿੰਦਰ ਸਿਘ ਦੋਸਤ
ਕ੍ਰਿਸਨਾ ਨਗਰ ਗਲੀ ਨੰ-12
ਅਮਲੋਹ ਰੋਡ ਖੰਨਾ 141401
ਮੋਬਾਇਲ ਨੰ:-98765 77827


0 comments:
Speak up your mind
Tell us what you're thinking... !