ਬੱਚਾ ਜਦੋਂ ਤੋਂ ਸੁਰਤ ਸੰਭਾਲ ਲੈਂਦਾ ਹੈ ਉਹ ਆਪਣਿਆ ਨਾਲ ਹਮੇਸ਼ਾਂ ਲਗਾਵ ਬਣਾਈ ਰੱਖਣ ਦੇ ਯਤਨ ਕਰਦਾ ਹੈ।ਪਰਿਵਾਰ ਦੇ ਸਾਰੇ ਜੀਅ ਉਸ ਨੂੰ ਪਿਆਰ ਕਰਦੇ ਹਨ ਤੇ ਉਹ ਆਪਣੀਆਂ ਤੋਤਲੀਆਂ ਗੱਲਾਂ ਨਾਲ ਹਰ ਇੱਕ ਦਾ ਮਨ-ਪ੍ਰਚਾਵਾ ਕਰਦਾ ਹੈ ਤੇ ਜਿਉਂ-ਜਿਉਂ ਉਹ ਵੱਡਾ ਹੁੰਦਾ ਜਾਂਦਾ ਹੈ ਤਾਂ ਪਰਿਵਾਰਕ ਜੀਆਂ ਤੋਂ ਦੂਰ ਹੁੰਦਾ ਜਾਂਦਾ ਹੈ ਤੇ ਉਸਦੇ ਘੇਰੇ ‘ਚ ਉਸਦੇ ਦੋਸਤ ਸ਼ਾਮਲ ਹੋ ਜਾਂਦੇ ਹਨ। ਉਹ ਪਰਿਵਾਰ ਨਾਲੋਂ ਆਪਣੇ ਦੋਸਤਾਂ ਦੇ ਨਾਲ ਖੇਡਣ,ਪੜ੍ਹਨ,ਘੁੰਮਣ-ਫਿਰਨ ਆਦਿ ਨੂੰ ਤਰਜ਼ੀਹ ਦਿੰਦਾ ਹੈ।ਬੱਚਿਓ!ਅੱਜ ਮੈਂ ਉਹਨਾਂ ਦੋਸਤਾਂ ਦੀ ਗੱਲ ਕਰਦਾ ਹਾਂ ਜੋ ਤੁਹਾਡੇ ਭਲੇ ਬਾਰੇ ਸੋਚਦੇ ਹਨ । ਤੁਹਾਡੀ ਕੀਤੀ ਹੋਈ ਹਰੇਕ ਗਲਤੀ ਦਾ ਅਹਿਸਾਸ ਜਿਹੜਾ ਦੋਸਤ ਤੁਹਾਡੀ ਹਾਜ਼ਰੀ ‘ਚ ਅਹਿਸਾਸ ਕਰਵਾਵੇ ਉਹੀ ਦੋਸਤ ਤੁਹਾਡਾ ਹਮਦਰਦ ਹੋਵੇਗਾ।ਪਿੱਠ ਪਿੱਛੇ ਬੁਰਾਈ ਕਰਨ ਵਾਲਾ ਤੇ ਮੂੰਹ ‘ਤੇ ਵਡਿਆਈ ਕਰਨ ਵਾਲਾ ਕਦੇ ਵੀ ਤੁਹਾਡਾ ਸੱਚਾ ਮਿੱਤਰ ਨਹੀਂ ਹੋ ਸਕਦਾ ਬਲਕਿ ਉਹ ਤੁਹਾਡੀ ਬੁੱਕਲ ‘ਚ ਬਹਿ ਕੇ ਖੰਜ਼ਰ ਮਾਰਨ ਵਾਲਾ ਸਭ ਤੋਂ ਭੈੜਾ ਦੁਸ਼ਮਣ ਏ ।ਜਿਹੜਾ ਤੁਹਾਡੇ ਮੂੰਹ ‘ਤੇ ਤੁਹਾਡੀਆਂ ਕਮੀਆਂ ਨੂੰ ਦੂਜਿਆਂ ਸਾਮ੍ਹਣੇ ਉਜਾਗਰ ਕਰੇ ਤੇ ਤੁਹਾਡੀ ਪਿੱਠ ਪਿੱਛੇ ਤਾਰੀਫ ਕਰੇ ਬਿਨ੍ਹਾਂ ਸ਼ੱਕ ਉਹ ਤੁਹਾਡਾ ਵਧੀਆ ਮਿੱਤਰ ਹੈ।ਜੇਕਰ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਆਪਣੇ ਦੋਸਤ ਨੂੰ ਦੱਸੇਗਾ ਕਿ ਮੈਂ ਅੱਜ-ਕੱਲ੍ਹ ਅਜਿਹੇ ਹਾਲਾਤਾਂ ‘ਚੋਂ ਗੁਜ਼ਰ ਰਿਹਾ ਹਾਂ।ਜੇਕਰ ਮਿੱਤਰ ਸਮਝਦਾਰ ਹੈ ਤਾਂ ਉਹ ਉਸ ਦੀ ਦਿੱਕਤ ਨੂੰ ਆਪਣੀ ਦਿੱਕਤ ਸਮਝੇਗਾ ਤੇ ਉਸ ਨੂੰ ਦਿਲਾਸਾ ਦੇ ਕੇ ਕਹੇਗਾ ਕਿ ਜ਼ਿੰਦਗੀ ਸੰਘਰਸ਼ ਦਾ ਦੂਜਾ ਨਾਂ ਹੈ ਇਸ ਲਈ ਕਦੇ ਵੀ ਹਿੰਮਤ ਨਾ ਹਾਰੀਂ ਮੇਰੇ ਯਾਰਾ ਪਰ ਜੇਕਰ ਉਹ ਧੋਖੇਬਾਜ਼ ਹੈ ਤਾਂ ਉਸ ਨਾਲ ਕੀਤੀਆਂ ਗੱਲਾਂ ਨੂੰ ਹਰ ਕੋਲ ਕਰ ਕੇ ਉਸ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕਰੇਗਾ।ਸਿਆਣੇ ਕਹਿੰਦੇ ਨੇ ਇੱਕ ਦੋਸਤ ਜੇਕਰ ਦੁਸ਼ਮਣ ਬਣ ਕੇ ਜਿੰਨਾਂ ਨੁਕਸਾਨ ਕਰ ਸਕਦਾ ਹੈ ਉਨਾਂ ਨੁਕਸਾਨ 100 ਦੁਸ਼ਮਣ ਵੀ ਮਿਲ ਕੇ ਨਹੀਂ ਕਰ ਸਕਦੇ ਕਿਉਂਕਿ ਉਹ ਤੁਹਾਡੇ ਭੇਤ ਜਾਣਦਾ ਹੈ ਤੇ ਪੈਰ-ਪੈਰ ‘ਤੇ ਘੇਰਨ ਦੇ ਨੁਕਤੇ ਤੁਸੀਂ ਉਸ ਨੂੰ ਪਹਿਲਾਂ ਹੀ ਦੇ ਚੁੱਕੇ ਹੋਂ।ਕਹਿੰਦੇ ਨੇ ਦੂਰੋਂ ਕੀਤੇ ਵਾਰ ਨੂੰ ਬੰਦਾ ਝੱਲ ਸਕਦਾ ਏ ਪਰ ਬੁੱਕਲ ‘ਚੋਂ ਕੀਤਾ ਵਾਰ ਪਾਣੀ ਵੀ ਮੰਗਣ ਨਹੀਂ ਦਿੰਦਾ। ਅਜਿਹੇ ਵਾਰ ਦੁਸ਼ਮਣ ਨਹੀਂ ਬਲਕਿ ਸਾਡੇ ਕਮੀਨੇ ਮਿੱਤਰ ਹੀ ਕਰ ਸਕਦੇ ਹਨ।ਇਸ ਲਈ ਬੱਚਿਓ ! ਮਿੱਤਰਾਂ ਦਾ ਘੇਰਾ ਸੀਮਤ ਰੱਖੋ ਤੇ ਕਦੇ ਵੀ ਕਿਸੇ ਮਿੱਤਰ ਨਾਲ ਅਜਿਹੀ ਗੱਲ ਸਾਂਝੀ ਨਾ ਕਰੋ ਜੋ ਬਾਅਦ ‘ਚ ਤੁਹਾਡੇ ਲਈ ਮੁਸੀਬਤ ਬਣ ਸਕੇ।
ਗੁਰਵਿੰਦਰ ਸਿੰਘ ਚਹਿਲ,
ਪਿੰਡ ਹੀਰੋਂ ਖੁਰਦ
ਜ਼ਿਲ੍ਹਾ ਮਾਨਸਾ। 92561-00049


0 comments:
Speak up your mind
Tell us what you're thinking... !