Headlines News :
Home » » ਜੋੜੀ ਸਹੀ ਸਲਾਮਤ ਹੈ - ਜਰਨੈਲ ਸਿੰਘ ‘ਮਾਗਟ’ ਖੰਨਾ

ਜੋੜੀ ਸਹੀ ਸਲਾਮਤ ਹੈ - ਜਰਨੈਲ ਸਿੰਘ ‘ਮਾਗਟ’ ਖੰਨਾ

Written By Unknown on Friday, 8 February 2013 | 01:53


       ਇਹ ਗੱਲ ਉਦੋਂ ਦੀ ਹੈ, ਜਦੋਂ ਮੈਂ ਸਾਡੇ ਪਿੰਡ ਦੇ ਪਰਾਇਮਰੀ ਸਕੂਲ ਵਿੱਚ,ਤੀਜੀ ਜਮਾਤ ਵਿੱਚ ਪੜ੍ਹਦਾ ਸੀ।ਜਦੋਂ ਸਕੂਲ ਚੋਂ ਸਾਰੀ ਛੁੱਟੀ ਹੋਈ,ਤਾਂ ਮੈਂ ੳਪਣਾ ਬਸਤਾ ਅਤੇ ਫੱਟੀ ਚੁੱਕ ਕੇ ਘਰ ਆਇਆ,ਦੇਖਿਆ,ਕਿ ਮੇਰੀ ਬੇਬੇ ਕੋਲ,ਇਕ ਸਾਧ ਬੈਠਾ ਦੁੱਧ ਪੀ ਰਿਹਾ ਸੀ।ਬੇਬੇ ਥੋੜੇ ਜਿਹੇ ਫਰਕ ਨਾਲ ਬੈਠੀ ਸਾਧ ਤੋਂ ਕੁੱਝ ਪੁੱਛ ਰਹੀ ਸੀ। ਮੈਂ ਸਾਧ ਨੂੰ ਵੇਖਕੇ ਡਰ ਗਿਆ,ਕਿਉਂ ਕਿ ਉਸਦੀ ਸ਼ਕਲ ਬਹੁਤ ਡਰਾਉਣੀ ਸੀ।ਕੱਪੜੇ ਬੇਅੰਤ ਮੈਲੇ,ਸਿਰ ਤੇ ਜਟਾਂ,ਮੋਟੀਆਂ ਮੋਟੀਆਂ ਲਾਲ ਸੁਰਖ਼,ਗੇਰੂ ਵਰਗੀਆਂ ਅੱਖਾਂ, ਦਾੜ੍ਹੀ ਕੱਟੀ ਹੋਈ ਅਤੇ ਵੱਡੀਆਂ ਵੱਡੀਆਂ ਮੁੱਛਾਂ,ਜਾਣੀ ਮੈਨੂੰ ਤਾਂ ਕੋਈ ਜਿੰਨ ਲੱਗ ਰਿਹਾ ਸੀ।
       ਬੇਬੇ ਮੇਰੇ ਵੱਲ ਨੂੰ ਵੇਖਕੇ ਕਹਿੰਦੀ “ਨਾ ਪੁੱਤ ਡਰ ਨਾ…ਇਹ ਤਾਂ  ਬਾਬਾ ਜੀ ਨੇ …ਇਹ ਨਹੀਂ ਕਹਿੰਦੇ ਹੁੰਦੇ ਕੁਛ…ਟੇਕ ਬਾਬਿਆਂ ਨੂੰ ਮੱਥਾ …ਲਾ ਪੁੱਤ ਪੈਰੀਂ ਹੱਥ ਬਾਬਿਆਂ ਦੇ।”
       ਮੈਂ ਡਰਦੇ ਡਰਦੇ ਨੇ ਉਸ ਨੂੰ ਮੱਥਾ ਟੇਕਿਆ ਅਤੇ ਪੈਰੀ ਹੱਥ ਵੀ ਲਾ ਦਿੱਤੇ। ਉਸ ਨੇ ਮੇਰੇ ਸਿਰ ਤੇ ਹੱਥ ਰੱਖਿਆ ,ਲੱਗਿਆ ਅਸੀਸਾਂ ਦੇਣ ਕਿ ‘ਜੁੱਗ ਜੁੱਗ ਜੀਓ ਬੱਚਾ…ਪ੍ਰਮਾਤਮਾ ਭਲੀ ਕਰੇਗਾ…ਤੂੰ ਪੜ੍ਹ ਲਿਖਕੇ ਬਹੁਤ ਵੱਡਾ ਅਫ਼ਸਰ ਬਣੇਗਾ…ਅਤੇ ਮਾਤਾ ਪਿਤਾ ਦੀ ਸੇਵਾ ਕਰੇਂਗਾ ਆਦਿ।”
       ਹੁਣ ਮੇਰਾ ਵੀ ਡਰ ਜਿਹਾ ਲਹਿ ਗਿਆ,ਬੇਬੇ ਨੇ ਮੈਨੂੰ ਛੰਨਾ ਚੂਰੀ ਦਾ ਲਿਆ ਫੜ੍ਹਾਇਆ ਕਹਿੰਦੀ “ਲੈ ਪੁੱਤ…ਚੂਰੀ ਖਾ ਲੈ…ਸਵੇਰ ਦਾ ਭੁੱਖਾ ਹੋਵੇਂਗਾ।” ਮੈਂ ਚੂਰੀ ਦਾ ਛੰਨਾ ਫੜ੍ਹਕੇ ਉਨ੍ਹਾਂ ਦੇ ਕੋਲ ਬੈਠਕੇ ਹੀ ਖਾਣ ਲੱਗ ਪਿਆ।
       ਹਣ ਉਹ ਬੇਬੇ ਨੂੰ ਕਹਿੰਦਾ “ਉੱਠ ਮਾਈ!...ਲਿਆ ਸਰੋਂ ਦੇ ਤੇਲ ਦਾ ਕੌਲ੍ਹਾ ਭਰਕੇ…ਨਾਲੇ ਚਮਚਾ ਕੁ ਹਲਦੀ ਦਾ ਵੀ ਲੈ ਆਈਂ।” ਬੇਬੇ ਉੱਠਕੇ ਤੇਲ ਅਤੇ ਹਲਦੀ ਲੈਣ ਅੰਦਰ ਚਲੀ ਗਈ।ਪੰਜ ਕੁ ਮਿੰਟਾਂ ਬਾਅਦ ਉਸਨੇ ਸਰੋਂ ਦੇ ਤੇਲ ਦਾ ਕੌਲਾ ਅਤੇ ਹਲਦੀ ਲਿਆਕੇ ਉਸਦੇ ਮੂਹਰੇ ਧਰ ਦਿੱਤੇ।ਸਾਧ ਨੇ ਹਲਦੀ ਦੀਆਂ,ਪੰਜ ਚੁਟਕੀਆਂ ਭਰਕੇ ਤੇਲ ਦੇ ਵਿੱਚ ਪਾ ਦਿੱਤੀਆਂ,ਅਤੇ ਅਪਣੀ ਝੋਲ਼ੀ ਵਿੱਚੋਂ,ਇਕ ਛੇ ਕੁ ਇੰਚ ਦੀ ਲੋਹੇ ਦੀ ਪੱਤੀ ਕੱਢਕੇ,ਸੁੱਚੇ ਪਾਣੀ ਨਾਲ ਧੋ ਕੇ,ਤੇਲ ਦੇ ਕੌਲ੍ਹੇ ਵਿੱਚ ਪਾ ਦਿੱਤੀ। ਹੁਣ ਉਹ ਕੌਲ਼ੇ ਨੂੰ,ਦੋਹਾਂ ਹੱਥਾਂ ਨਾਲ ਚੁੱਕ ਕੇ ਇਉਂ ਹਿਲਾਉਣ ਲੱਗਿਆ,ਜਿਵੇ ਗਰਮ ਦੁੱਧ ਠੰਡਾ ਕਰੀਦੈ।ਉਹ ਮੂੰਹ ਵਿੱਚ ਵੀ,ਕੁਝ ਬੁੜ-ਬੁੜ ਕਰ ਰਿਹਾ ਸੀ,ਜਿਵੇਂ ਕੋਈ ਮੰਤਰ ਪੜ੍ਹ ਰਿਹਾ ਹੋਵੇ।ਦੋ ਕੁ ਮਿੰਟਾਂ ਬਾਅਦ ਕੀ ਹੋਇਆ,ਉਹ ਲੋਹੇ ਦੀ ਪੱਤੀ ਤੜੱਕ ਦੇਕੇ ਟੁੱਟ ਗਈ,ਜਿਸਦੇ ਦੋ ਟੁੱਕੜੇ ਹੋ ਗਏ।ਉਹ ਤੇਲ ਦਾ ਕੌਲ੍ਹਾ,ਬੇਬੇ ਦੇ ਮੂਹਰੇ ਨੂੰ ਕਰਕੇ ਕਹਿੰਦਾ “ਦੇਖ ਮਾਈ…ਧਿਆਨ ਨਾਲ…ਕੁਝ ਦਿੱਸਦੈ।”
      “ਹਾਂ ਬਾਬਾ ਜੀ…ਦਿਸਦੈ…ਇਹ ਪੱਤੀ ਤਾਂ ਲੋਹੇ ਦੀ ਸੀ…ਇਹ ਵਿਚਾਲਿਉਂ ਕਿਵੇਂ ਟੁੱਟਗੀ।” ਬੇਬੇ ਨੇ ਸਾਧ ਨੂੰ ਪੁੱਛਿਆ।
       ਅਗੋਂ ਉਹ ਕਹਿੰਦਾ “ਮਾਈ,ਪਹਿਲਾਂ ਐਂ ਦੱਸ,ਤੇਰੇ ਬੱਚੇ ਕਿੰਨੇ ਨੇ।” 
       ਬੇਬੇ ਕਹਿੰਦੀ “ ਦੋ ਲੜਕੇ ਨੇ ਜੀ…ਸੁੱਖ ਨਾਲ…ਮੇਰੇ ਵੱਲ ਹੱਥ ਕਰਕੇ ਕਹਿੰਦੀ…ਆਹ ਤਾਂ ਜੀ ਛੋਟੈ…ਦੂਜਾ ਇਸਤੋਂ ਪੰਜ ਸਾਲ ਵੱਡੈ…ਉਹ ਨਾਲ ਦੇ ਪਿੰਡ…ਅੱਠਵੀਂ ਜਮਾਤ ਵਿੱਚ ਪੜ੍ਹਦੈ…ਉਸਨੇ ਅਜੇ ਆਉਣੈ ਪੜ੍ਹਕੇ।” 
       ਉਹ ਕਹਿੰਦਾ “ਮਾਈ…ਤੇਰੇ ਬੱਚਿਆਂ ਉੱਤੇ ਤਾਂ ਕਸ਼ਟ ਬਹੁਤ ਐ…ਦੋ ਕੁ ਮਹੀਨੇ ਰਹਿੰਦੇ ਨੇ…ਦੀਵਾਲੀ ਆਉਣ ਵਿੱਚ…ਉਸਤੋਂ ਪਹਿਲਾਂ ਪਹਿਲਾਂ…ਜਿਵੇਂ ਲੋਹੇ ਦੀ ਪੱਤੀ ਟੁੱਟੀ ਐ ਨਾ…ਇਸੇ ਤਰ੍ਹਾਂ ਤੇਰੀ ਜੋੜੀ ਵਿੱਚ ਵੀ… ਭਿੰਗਣਾਂ ਪੈ ਜਾਣੀ ਐਂ…ਦੀਵਾਲੀ ਤੋਂ ਪਹਿਲਾਂ ਇਕ ਦੀ ਮੌਤ ਲਾਜ਼ਮੀ ਹੋ ਜਾਣੀ ਐ।”
       ਬੇਬੇ ਤਾਂ ਡਰ ਗਈ ਬਹੁਤ,ਉਸਦਾ ਤਾਂ ਰੰਗ ਪੀਲ਼ਾ ਪੈ ਗਿਆ,ਕੰਬਦੀ ਜਿਹੀ ਜ਼ੁਬਾਨ ਨਾਲ ਕਹਿਣ ਲੱਗੀ “ ਬਾਬਾ ਜੀ…ਕਰੋ ਕੋਈ ਉਪਾਅ…ਮੈਂ ਤਾਂ ਰੱਬ ਤੋਂ ਸੁਖਾਂ ਸੁੱਖ ਸੁੱਖਕੇ ਲਏ ਨੇ…ਛੇਤੀ ਕਰੋ ਕੋਈ ਹੀਲਾ…ਮੇਰੇ ਲਾਲਾਂ ਦੀ ਜੋੜੀ ਬਣੀ ਰਹੇ।”
       ਹੁਣ ਬਾਬਾ,ਦੋਵੇਂ ਹੱਥ ਜੋੜਕੇ,ਅੱਖਾਂ ਮੀਚਕੇ,ਚੌਂਕੜੀ ਮਾਰਕੇ, ਬਹਿ ਗਿਆ ਅੰਤਰ-ਧਿਆਨ ਜਿਹਾ ਹੋਕੇ।ਪੰਜ ਕੁ ਮਿੰਟਾਂ ਮਗਰੋਂ,ਉਸਨੇ ਅੱਖਾਂ ਖੋਲ੍ਹੀਆਂ,ਮੁੱਛਾਂ ਤੇ ਹੱਥ ਫੇਰਕੇ ਕਹਿਣ ਲੱਗਿਆ “ਮਾਈ…ਪ੍ਰਮਾਤਮਾਂ ਤਾਂ ਤੁਹਾਡੇ ਉੱਤੇ ਬਹੁਤ ਨਰਾਜ਼ ਸੀ…ਮੰਨਦਾ ਨਹੀਂ ਸੀ ਪਤੰਦਰ…ਮੈਂ ਤਾਂ ਮਿੰਨਤਾ ਤਰਲੇ ਕਰਕੇ ਮਸੀਂ ਮਨਾਇਐ…ਚੰਗਾ ਹੁਣ ਐਂ ਕਰ…ਜੇ ਪੁੱਤਰਾਂ ਦੀ ਸੁੱਖ ਚਾਹਉਂਨੀਐਂ…ਤਾਂ ਸੰਤਾਂ ਨੂੰ ਘਰੋਂ ਕੁਝ ਦਾਨ ਪੁੰਨ ਕਰ।”
       ਬੇਬੇ ਦੋਵੇਂ ਹੱਥ ਜੋੜਕੇ ਕਹਿਣ ਲੱਗੀ “ਦੱਸੋ ਬਾਬਾ ਜੀ…ਕੀ ਕਰਨਾ ਪਊ…ਦਾਨ ਪੁੰਨ…ਜੋ ਤੁਸੀਂ ਕਹੋਂਗੇ ਮੈਂ ਜਰੂਰ ਦਾਨ ਕਰੂੰ…ਮੈਨੂੰ ਅਪਨੇ ਪੁੱਤਾਂ ਨਾਲੋਂ ਹੋਰ ਕੀ ਚੰਗੈ…ਪਰ ਮੇਰੇ ਬੱਚਿਆਂ ਨੂੰ ਤਤੀ ਵਾਅ ਨਾ ਲੱਗੇ।”
       ਉਹ ਕਹਿੰਦਾ “ਚੰਗਾ ਉੱਠ ਫੇਰ…ਇਉਂ ਕਰ…ਵੀਹ ਕੁ ਸੇਰ ਦਾਣੇ…ਪੰਜ ਕੁ ਸੇਰ ਸ਼ੱਕਰ …ਇਕ ਅਣ-ਲੱਗ ਖੱਦਰ ਦਾ ਖੇਸ ਅਤੇ ਇਕ ਸੌ ਇਕ ਰੁਪਇਆ ਲਿਆ…ਅਸੀਂ ਅਪਣੇ ਡੇਰੇ ਤੇ ਜਾਕੇ ਭੰਡਾਰਾ ਕਰਾਂਗੇ…ਉਸ ਡਾਢੇ ਅੱਗੇ ਤੁਹਾਡੇ ਭਲੇ ਲਈ ਬੇਨਤੀਆਂ,ਜੋਦੜੀਆਂ ਕਰਾਂਗੇ, ਤੇਰੇ ਪੁੱਤਰਾਂ ਦਾ ਵਾਲ਼ ਵੀ ਵਿੰਗਾ ਨਹੀਂ ਹੋਵੇਗਾ।” ਉਦੋਂ ਸੌ ਦਾ ਨੋਟ ਤਾਂ ਕਿਸੇ ਕਿਸੇ ਦੀ ਜੇਬ ਵਿੱਚ ਹੀ ਹੁੰਦਾ ਸੀ।
       ਬੇਬੇ ਝੱਟ ਦੇਣੇ ਉੱਠੀ,ਡਰੀ ਹੋਈ ਨੇ ਅੱਧਾ ਥੈਲਾ ਕਣਕ ਦਾ, ਅੱਠ ਦਸ ਸੇਰ ਸ਼ੱਕਰ, ਇਕ ਅਣਲੱਗ ਖੈਸ ਅਤੇ ਇਕ ਸੌ ਇਕ ਰੁਪਇਆ ਸਾਧ ਦੇ ਮੂਹਰੇ ਲਿਆ ਧਰਿਆ।ਉਹ ਸਾਰਾ ਸਮਾਨ ਸਮੇਟ ਕੇ ਸਾਡੇ ਘਰੋਂ ਤੁਰ ਗਿਆ।
       ਉਸ ਦੇ ਜਾਣ ਤੋਂ ਮਗਰੋਂ,ਮੈਂ ਬੇਬੇ ਨੂੰ ਕਿਹਾ ਕਿ “ਬੇਬੇ…ਬੇਬੇ…ਦੇਖੀਂ…ਮੈਨੂੰ ਇਕ ਆਨਾ ਦੇ ਦੇ…ਮੈਂ ਨਾ…ਤੇਲੂ ਰਾਮ ਦੀ ਹੱਟੀ ਤੋਂ ਪਕੌੜੀਆਂ ਲੈ ਕੇ ਖਾਣੀਆਂ ਨੇ…ਦੇਖੀਂ ਸਾਰੇ ਬੱਚੇ ਖਾਂਦੇ ਨੇ …ਮੇਰਾ ਵੀ ਜੀ ਕਰਦੈ।”
      “ਜਾਹ…ਮੇਰੇ ਕੋਲ ਨੀ ਹੈਗਾ…ਆਨਾ ਊਨਾ…ਤੈਂ ਨੀ ਰੱਜਣਾ…ਅਜੇ ਹੁਣ ਤਾਂ ਚੂਰੀ ਝੁਲਸ ਕੇ ਹਟਿਐਂ… ਤੇਰਾ ਢਿੱਡ ਐ ਕਿ ਟੋਆ…ਬੇਬੇ ਨੇ ਮੈਨੂੰ ਝਿੜਕੀ ਜਿਹੀ ਦੇਕੇ…ਟੱਲੀ ਵਰਗਾ ਜਵਾਬ ਦੇ ਦਿੱਤਾ।”ਮੈਂ ਰੋਣ ਲੱਗ ਪਿਆ…ਐਨੇ ਨੂੰ ਮੇਰਾ ਬਾਪੂ ਵੀ ਆ ਗਿਆ ਖੇਤਾਂ ਵਿੱਚੋਂ…ਬਾਪੂ ਅੱਠ ਜਮਾਤਾਂ ਪੜ੍ਹਿਆ ਸੀ… ਉਹ ਅੰਨ੍ਹੀਂ ਸ਼ਰਧਾ ਵਾਲਾ ਅਤੇ ਅੰਧ ਵਿਸ਼ਵਾਸ਼ੀ ਨਹੀਂ ਸੀ।”
       ਉਹ ਮੈਨੂੰ ਰੋਂਦੇ ਨੂੰ ਵੇਖਕੇ ਕਹਿਣ ਲੱਗਿਆ “ਕੀ ਹੋਇਆ …ਮੇਰੇ ਸ਼ੇਰ ਪੁੱਤ ਨੂੰ…ਰੋਂਦਾ ਕਿਉਂ ਐਂ…ਦੱਸ ਕਿਸਨੇ ਮਾਰਿਐ ਤੈਨੂੰ?”
       ਮੈਂ ਵੀ ਰੋਂਦੇ ਨੇ ਬਾਪੂ ਨੂੰ ਸਭ ਕੁਝ ਦੱਸ ਦਿੱਤਾ,ਮੈਂ ਕਿਹਾ “ਬਾਪੂ… ਬੇਬੇ ਨੇ…ਮੈਨੂੰ ਤਾਂ ਪਕੌੜੀਆਂ ਲੈਣ ਲਈ …ਇਕ ਆਨਾ ਨਹੀਂ ਦਿੱਤਾ…ਇਕ ਗੰਦੇ ਜਿਹੇ ਸਾਧ ਨੂੰ…ਕਣਕ …ਸ਼ਕਰ…ਖੇਸ…ਅਤੇ ਇਕ ਸੌ ਇਕ ਰੁਪਇਆ ਦੇ ਦਿੱਤੇ।”
       ਬਾਪੂ ਤਾਂ ਸੁਣਦੀ ਸਾਰ ਹੋ ਗਿਆ ਲੋਹਾ ਲਾਖਾ, ਲੱਗਿਆ ਬੇਬੇ ਨੂੰ ਗਾਲ਼ਾ ਕੱਢਣ,ਉਹ ਕੁੱਟ ਪੈਣ ਤੋਂ ਡਰਦੀ ਮੱਲਕ ਦੇਕੇ ਉੱਠੀ ਗਵਾਂਡੀਆਂ ਦੇ ਘਰ ਜਾ ਲੁਕੀ।ਬਾਪੂ ਨੇ ਮੈਨੂੰ ਪੁੱਛਿਆ,ਕਹਿੰਦਾ “ਕਿੰਨਾ ਕੁ ਚਿਰ ਹੋਇਐ…? ਸਾਧ ਨੂੰ ਗਏ ਨੂੰ…ਕਿੱਧਰ ਨੂੰ ਗਿਐ?”
       ਮੈਂ ਕਿਹਾ “ਹੁਣੇ ਗਿਐ…ਦਸ ਕੁ ਮਿੰਟ ਹੋਏ ਨੇ।” ਬਾਪੂ ਕਹਿੰਦਾ, “ਫਿਰ ਤਾਂ ਅਜੇ ਪਿੰਡ ਵਿੱਚੇ ਹੋਊ…ਲਿਆ ਕੇਰਾਂ ਮੇਰਾ ਖੁੰਡਾ ਚੁੱਕਕੇ… ਅੰਦਰੋਂ।” ਬਾਪੂ ਪੂਰੇ ਗੁੱਸੇ ਵਿੱਚ ਕੰਬ ਰਿਹਾ ਸੀ। ਮੈਂ ਝੱਟ ਦੇਣੇ ਉਠਿਆ, ਅੰਦਰੋਂ ਖੂੰਝੇ ਨਾਲ ਲਾਕੇ ਖੜਾਇਆ,ਸੰਮਾਂ ਵਾਲਾ ਖੁੰਡਾ ਲਿਆ ਕੇ ਬਾਪੂ ਨੂੰ ਫੜਾ ਦਿੱਤਾ।ਬਾਪੂ ਨੇ ਅਜੇ ਖੇਤੋਂ ਆਕੇ ਚਾਹ ਪਾਣੀ ਵੀ ਨਹੀਂ ਸੀ ਪੀਤਾ। ਫੜਿਆ ਖੁੰਡਾ ਬਾਹਰ ਨਿਕਲ ਗਿਆ।ਮੈਂ ਵੀ ਉਸਦੇ ਪਿੱਛੇ ਪਿੱਛੇ ਚਲਿਆ ਗਿਆ।ਅੱਗੇ ਸਾਧ ਤੇਲੂ ਰਾਮ ਦੀ ਹੱਟੀ ਉੱਤੇ ਬੈਠਾ ਕਣਕ ਅਤੇ ਸ਼ੱਕਰ ਵੇਚਣ ਲਈ ਭਾਅ ਤਹਿ ਕਰ ਰਿਹਾ ਸੀ।ਤੇਲੂ ਰਾਮ ਵੀ ਕਣਕ ਅਤੇ ਸ਼ੱਕਰ ਜੋਖ਼ਣ ਲਈ ਅਪਣਾ ਤੱਕੜੀ ਵੱਟਾ ਲੋਟ ਕਰ ਰਿਹਾ ਸੀ।ਮੈਂ ਸਾਧ ਨੂੰ ਵੇਖਕੇ, ਬਾਪੂ ਦੀ ਬਾਂਹ ਨੂੰ ਹੱਥ ਲਾਕੇ ,ਕਿਹਾ “ਬਾਪੂ …ਆਹ ਬੈਠੈ ਉਹ ਸਾਧ ਹੱਟੀ ਵਿੱਚ।”
       ਬਾਪੂ ਨੇ ਮਾਰਿਆ,ਜ਼ੋਰ ਨਾਲ ਲਲਕਾਰਾ,ਕਹਿੰਦਾ “ਓਏ ਤੇਲੂ ਰਾਮਾਂ… ਖ਼ਬਰਦਾਰ…ਜੇ ਇਕ ਵੀ ਦਾਣਾ ਤੋਲਿਐ ਤਾਂ… ਇਹ ਠੱਗ ਆਹ ਸਾਰਾ ਸਮਾਨ ਮੇਰੇ ਘਰੋਂ ਠੱਗਕੇ ਲਿਆਇਐ…ਕੱਢ ਇਹਨੂੰ ਕੁੱਤੇ ਸਾਧ ਨੂੰ ਬਾਹਰ…ਦੇਖਾਂ ਇਹਨੂੰ।”
       ਬਾਪੂ ਦਾ ਲਲਕਾਰਾ ਸੁਣਕੇ,ਤੇਲੂ ਰਾਮ ਦੇ ਤਾਂ,ਹੱਥੋਂ ਤੱਕੜੀ ਵੱਟਾ ਡਿੱਗ ਪਿਆ।ਸਾਧ ਵੀ ਲੱਗਿਆ ਉੱਠਕੇ ਭੱਜਣ,ਬਾਪੂ ਨੇ ਮਾਰਿਆ,ਦੋਹਾਂ ਹੱਥਾਂ ਨਾਲ ਜੋੜਕੇ,ਸਾਧ ਦੇ ਮੌਰਾਂ ਵਿੱਚ ਖੁੰਡਾ,ਤਹਿ ਲਾਤੀ ਸਾਧ ਦੀ,ਉਹ ਜਦੋਂ ਉੱਠਕੇ ਫੇਰ ਭੱਜਣ ਲੱਗਿਆ,ਤਾਂ ਬਾਪੂ ਨੇ ਦੂਜਾ ਖੁੰਡਾ,ਮਾਰਕੇ ਖੁੱਚਾਂ ਵਿੱਚ,ਸਿੱਟ ਲਿਆ ਸਾਧ ਨੂੰ,ਬੀਹੀ ਵਿੱਚ ਮੂਧੇ-ਮੂੰਹ,ਬਹਿ ਗਿਆ ਉਸਦੇ ਉੱਤੇ,ਦੇਹ ਘਸੁੰਨ,ਲੈ ਘਸੁੰਨ,ਲਿਆ ਦਿੱਤੀਆ ਸਾਧ ਨੂੰ ਤੌਣੀਆਂ।ਉਹ ਥੱਲੇ ਪਿਆ ਅਰਾਹਟ ਪਾਵੇ,ਮਿੰਨਤਾਂ ਕਰੇ,ਕਹੇ “ਓਏ ਛੱਡਦੇ ਸਰਦਾਰਾ…ਮੈਂ ਤੇਰੀ ਕਾਲ਼ੀ ਗਊ ਆਂ।”
       ਐਨੇਂ ਨੂੰ ਰੌਲਾ ਪੈਂਦਾ ਸੁਣਕੇ ਆਲ੍ਹੇ ਦੁਆਲ੍ਹੇ ਦੇ ਘਰਾਂ ਵਿੱਚੋਂ ਹੋਰ ਵੀ ਪੰਜ ਸੱਤ ਬੰਦੇ ਆ ਗਏ,ਜਿਨ੍ਹਾਂ ਨੇ ਬਾਪੂ ਨੂੰ ਖਿੱਚਕੇ ਪਰ੍ਹਾਂ ਕੀਤਾ ਤੇ ਸਾਧ ਨੂੰ ਹੇਠੋਂ ਕੱਢਿਆ।ਉਹ ਬਾਪੂ ਨੂੰ ਵੀ ਸਮਝਾਉਣ ਲਗੇ ਕਹਿੰਦੇ “ਹੁਣ ਜਾਣ ਦੇ ਬਾਈ…ਵਥੇਰੀ ਹੋਗੀ ਇਹਦੇ ਨਾਲ…ਛੱਡ ਪਰ੍ਹਾਂ…ਮਰਜੂ ਸਾਲਾ…ਜੇ ਦੋ ਚਾਰ ਹੋਰ ਲੱਗਿਆਂ ਤਾਂ।”
       ਬਾਪੂ ਨੇ ਅਪਣਾ ਸਾਰਾ ਸਮਾਨ ਅਤੇ ਸੌ ਰੁਪਇਆ ਲੈ ਲਿਆ। ਜਦੋਂ ਲੋਕਾਂ ਨੇ ਸਾਧ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਵੀਹ ਕੁ ਰੁਪਏ ਹੋਰ ਨਿਕਲੇ,ਜੋ ਉਸਨੇ ਪਹਿਲਾਂ ਕਿਸੇ ਹੋਰ ਤੋਂ ਠੱਗੇ ਹੋਏ ਸਨ।ਉਹਨਾਂ ਨੇ ਵੀਹ ਰੂਪੈ ਦੀਆਂ ਪਕੌੜੀਆਂ,ਬਿਸਕੁਟ ਅਤੇ ਸਤ ਵਾਲੀਆਂ ਗੋਲੀਆਂ ਲੈਕੇ ਪਿੰਡ ਦੇ ਬੱਚਿਆਂ ਨੂੰ ਵੰਡ ਦਿੱਤੀਆਂ।ਸਾਧ ਤੋਂ ਨੱਕ ਨਾਲ ਲਕੀਰਾਂ ਕਢਵਾਕੇ ਮੁੜਕੇ ਪਿੰਡ ਵਿੱਚ ਨਾ ਵੜਨ ਦਾ ਵਾਅਦਾ ਕਰਕੇ ਛੱਡ ਦਿੱਤਾ।
       ਮੇਰੇ ਬਾਪੂ ਅਤੇ ਬੇਬੇ ਹੋਰੀਂ ਤਾਂ ਹੁਣ ਅਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਕਦੋਂ ਦੇ ਪ੍ਰਲੋਕ ਸੁਧਾਰ ਚੁਕੇ ਹਨ।ਸ਼ਾਇਦ ਉਹ ਪਖੰਡੀ ਸਾਧ ਵੀ ਹੁਣ ਇਸ ਦੁਨੀਆਂ ਵਿੱਚ ਨਾ ਰਿਹਾ ਹੋਵੇ ਪਰ ਸਾਡੀ ਦੋਵਾਂ ਭਰਾਵਾਂ ਦੀ ਜੋੜੀ ਅਜੇ ਤੱਕ “ਸਹੀ ਸਲਾਮਤ” ਹੈ।

ਲੇਖਕ:-ਜਰਨੈਲ ਸਿੰਘ ‘ਮਾਗਟ’ ਖੰਨਾ
ਗੁਰੁ ਨਾਨਕ ਨਗਰ,ਗਲੀ ਨੰ:-2,ਵਾਰਡ ਨੰ:-10
ਅਮਲੋਹ ਰੋਡ ਖੰਨਾ,ਨੇੜੇ ਸੁਨੇਤ ਸਰਵਿਸ ਸਟੇਸ਼ਨ
ਜ਼ਿਲਾ- ਲੁਧਿਆਣਾ (ਪੰਜਾਬ)
ਮੋਬਾਇਲ ਨੰ:-94633-19453
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template