ਪੁਲਿਸ ਭਰਤੀ
ਰੂਹ ਵਿੱਚ ਖੁਸ਼ੀ ਦੇ, ਫੁੱਲ ਜਾਂਦੀ
ਜਦੋਂ ਭਰਤੀ ਪੁਲਿਸ ਦੀ ਖੁੱਲ ਜਾਂਦੀ
ਜਿਆਦਾ ਨਾ, ਜੋ ਪੜ੍ਹਾ ਸਕਦੇ
ਰੋਜਗਾਰ ਭਾਲਦੇ, ਥੱਕ ਜਾਂਦੇ,
ਇੰਟਰਵਿਊ ਦੇ ਦੇ ਅੱਕ ਜਾਂਦੇ,
ਇਹੋ ਜਿਹੇ ਗਰੀਬ ਲੋਕਾਂ ਦੀ
ਗਮੀਂ ਵਿੱਚ, ਖੁਸ਼ੀ ਦੇ ਭੁੱਲ ਜਾਂਦੀ
ਜਦੋਂ ਭਰਤੀ ਪੁਲਿਸ ਦੀ ਖੁੱਲ ਜਾਂਦੀ ......
ਦਿਨ ਰਾਹਾਂ ਇੱਕ ਉਹ ਕਰ ਲੈਂਦੇ,
ਮਾਲਕ ਦੀਆਂ ਗਾਲਾਂ ਜਰ ਲੈਂਦੇ
ਨਾ ਖੁੱਸ ਜਾਵੇ, ਲੱਕੀ ਚਾਣਸ
ਕਰਦੇ ਮਜਦੂਰੀ ਡਰ ਜਾਂਦੇ,
ਸਿਰਫ ਬੱਸ ਕਿਰਾਏ ਖਾਤਰ ਹੀ
ਫਿਰ ਜਾਨ ਤਲੀ ਤੇ ਤੁਲ ਜਾਂਦੀ
ਜਦੋਂ ਭਰਤੀ ਪੁਲਿਸ ........
ਕਈ ਪੈਸਾ ਲੈ ਵਿਆਜ ਉਤੇ
ਕਿਸਮਤ ਅਜਮਾਉਣ ਲਈ ਤੁਰ ਪੈਂਦੇ
ਕਰਕੇ ਪਾਸ ਟਰਾਇਲ ਸਾਰੇ
ਆ ਮੈਰਿਟ ਦੇ ਵਿੱਚ ਗਿਰ ਪੈਂਦੇ
ਹੰਝੂ ਵੇਖ ਪੁੱਤਰ ਦੀਆਂ ਅੱਖਾਂ ਵਿੱਚ
ਮਾਂ ਦੀ ਵੀ ਮਮਤਾ ਹਿੱਲ ਪੈਂਦੀ
ਜਦੋਂ ਭਰਤੀ ਪੁਲਿਸ .....
ਕਈ ਗੱਡਾ ਪੜ੍ਹ ਕਿਤਾਬਾਂ ਦਾ
ਰੋਜਗਾਰ ਤੋਂ ਵਾਂਝੇ ਰਹਿ ਜਾਂਦੇ,
ਨਾ ਰਿਸ਼ਵਤ ਕੋਈ ਦੇ ਸਕਦੇ
ਫੜ ਡਿਗਰੀ ਹੱਥ ਵਿੱਚ ਬਹਿ ਜਾਂਦੇ,
ਜਦੋਂ ਰੱਖਦਾ ਕੋਈ ਚਪੜਾਸੀ ਨਾ
ਹਜਾਰਾਂ ਹੋਈ ਇਕੱਠੀ ਖਲਕਤ ਵਿੱਚ
ਫਿਰ ਪੱਗ ਕਈਆਂ ਦੀ ਰੁਲ ਜਾਂਦੀ
ਜਦੋਂ ਭਰਤੀ ਪੁਲਿਸ ...
ਜੇ ਅਫਸਰ ਨੇਕ ਕੋਈ ਆ ਜਾਵੇ
ਭਰਤੀ ਵਿੱਚ ਖੇੜਾ ਛਾ ਜਾਵੇ
ਜਦੋਂ ਮਿਣਤੀ ਸਹੀ ਹੋਣ ਲੱਗੇ
ਚੇਹਰਿਆਂ ਤੇ ਲਾਲੀ ਭਾਉਣ ਲੱਗੇ
ਉਹ ਟਾਈਮ ਮੰਡੇਰਾ ਕੀ ਪੁੱਛਦੈਂ
ਇੱਕ ਖੁਸ਼ੀ ਅਨੋਖੀ ਮਿਲ ਜਾਂਦੀ
ਜਦੋਂ ਭਰਤੀ ਪੁਲਿਸ ...
------
ਨਾ ਸੰਗ ਕਰੀਂ, ਨਾ ਸ਼ਰਮ ਕਰੀਂ
ਜੋ ਮਨ ਭਾਉਂਦਾ, ਸੋ ਕਰਮ ਕਰੀਂ
ਪਰ ਲੁੱਟਾਂ ਖੋਹਾਂ, ਬੇਈਮਾਨੀ ਤੇ
ਮਾਨਵਤਾ ਦੇ ਦਾਨੀ ਤੇ,
ਕੁੱਝ ਰਹਿਮ ਕਰੀਂ, ਕੁੱਝ ਤਰਨ ਕਰੀਂ।
ਲੁੱਟਦੇ ਜੋ ਗਰੀਬਾਂ ਨੂੰ ਉਹ ਤੇਰੇ ਨਜਰੀਂ ਪੈਂਦੇ ਨਾ
ਪਰ!
ਇਸਦੇ ਉਲਟ,
ਤੇਰੀ ਰਾਇਫਲ ਦੀ ਵੈਰਲ ਚੋਂ, ਨਿੱਕਲੀ ਹੋਈ ਗੋਲੀ
ਇੱਕ ਮਾਸੂਮ ਦੇ, ਸੀਨੇ ਨੂੰ,
ਦੋਫਾੜ ਕਰ ਜਾਂਦੀ ਏ।
ਪੁੱਛਦਾ ਏ ਕੋਈ
ਜਰਾ ਦੇਖੋ ਤੇ ਸਹੀ,
ਮ੍ਰਿਤਕ ਦੀ ਦੇਰੀ ਤੇ, ਕੌਣ ਬ੍ਰਿਧ ਧਾਹਾਂ ਪਾਉਂਦੀ ਏ।
ਲਹੂ ਦੇ ਛੱਪੜ ’ਚ
ਕੁਰਲਾ ਰਹੀ ਮਨੁੱਖਤਾ ਨੂੰ
ਪਾਣੀ ਦੀ ਵੀ ਬੂੰਦ ਕੋਈ ਦੇਣ ਲਈ ਤਿਆਰ ਨਹੀਂ।
ਦੇਖ ਦੇਖ ਤੁਰੀ ਜਾਂਦੇ,
ਡਰਦੇ
ਕਾਨੂੰਨੀ ਉਲਝਣਾ ਤੋਂ,
ਖੂਨ ਗਲ ਪੈ ਨਾ ਜਾਵੇ
ਕੋਈ ਇਤਬਾਰ ਨਹੀਂ।
ਮਰ ਗਈ ਇਨਸਾਨੀਅਤ, ਅੱਜ ਦੇ ਇਨਸਾਨ ’ਚੋਂ
‘ਰਹਿਮ’ ਨਾਂ ਦਾ ਸ਼ਬਦ
ਵੀ ਹੁਣ ਖਤਮ ਹੁੰਦਾ ਜਾ ਰਿਹਾ
ਖਤਮ ਹੋ ਗਈ ਮਮਤਾ
ਅੱਜ ਮਾਂ ਦੇ ਵੀ ਦਿਲ ਵਿਚੋਂ,
ਭਾਈਆਂ ਕੋਲੋਂ ਭਾਈਆਂ ਦਾ
ਕਤਲੇਆਮ ਹੁੰਦਾ ਜਾ ਰਿਹੈ
ਕਾਮ ਤੇ ਕਰੋਧ ਨੇ, ਝੂਠ ਤੇ ਲੋਭ ਨੇ
ਭੁਲੇਖੇ ਦੀ ਆੜ ਲੈ ਕੇ,
ਢਾਅ ਲਿਆ ਸਚਾਈ ਨੂੰ।
ਦੇਸ਼ ਦੀਆਂ ਜੋਕਾਂ ਨੇ,
ਸੋਨੇ ਲੱਦੇ ਲੋਕਾਂ ਨੇ,
ਗਰੀਬ ਮਜਦੂਰ ਦੀ
ਖਾ ਲਿਆ ਕਮਾਈ ਨੂੰ।
ਹਿਰਦੇ ’ਚ ਮਨੁੱਖ ਦੇ,
ਬੈਠਾ ਰੱਬ ਵੀ ਹੁਣ ਚੁੱਪ ਹੈ।
ਦਰਦ ਦੀ ਪੀੜ ਨਾਲ
ਇਨਸਾਨ ਧਾਹਾਂ ਮਾਰਦਾ।
ਤੇਰੀ ਕਰਾਮਾਤ ਨੂੰ,
ਨਵੀਂ ਪ੍ਰਭਾਤ ਨੂੰ
ਦੇਖਣ ਦੀ ਇੱਛਾ ਨਾਲ,
ਬੈਠਾ ਹੈ ‘ਮੰਡੇਰ’
ਤੈਨੂੰ ਦਿਨ ਰਾਤ ਭਾਲਦਾ।
ਹਰਪਾਲ ਸਿੰਘ ਮੰਡੇਰ
ਭੁਰਥਲਾ ਮੰਡੇਰ,
ਤਹਿਸੀਲ ਮਾਲੇਰ ਕੋਟਲਾ
ਜਿਲ੍ਹਾ ਸੰਗਰੂਰ
ਫੋਨ ਨੰ: 96462 94909


0 comments:
Speak up your mind
Tell us what you're thinking... !