Headlines News :
Home » » ਰੱਬ ਕਿਵੇਂ ਵੱਡਾ ਹੋਇਆ ? - ਜਸਵਿੰਦਰ ਸਿੰਘ ਰੁਪਾਲ

ਰੱਬ ਕਿਵੇਂ ਵੱਡਾ ਹੋਇਆ ? - ਜਸਵਿੰਦਰ ਸਿੰਘ ਰੁਪਾਲ

Written By Unknown on Sunday, 17 March 2013 | 00:42


                 ਬੱਚਿਆਂ ਨੂੰ ਇਹੀ ਸਿੱਖਿਆ ਦਿੱਤੀ ਜਾ ਰਹੀ ਸੀ ਕਿ ਜੋ ਕੁਝ ਪ੍ਰਭੂ ਪਿਤਾ ਨੂੰ ਮਨਜੂਰ ਹੈ,ਓਹੀ ਹੁੰਦਾ ਹੈ।ਇਨਸਾਨ ਕੁਝ ਵੀ ਨਹੀਂ ਕਰ ਸਕਦਾ।ਜਨਮ-ਮਰਨ,ਦੁੱਖ ਸੁੱਖ ਸਭ ਉਸ ਦੇ ਹੁਕਮ ਵਿੱਚ ਹੈ।ਇਹ ਸੰਸਕਾਰ ਹੌਲੀ ਹੌਲੀ ਜੀਤੀ ਅਤੇ ਟਿੰਕੂ ਵਿੱਚ ਪ੍ਰਪੱਕ ਹੋ ਰਹੇ ਸਨ। ਜੀਤੀ ਵੱਡੀ ਸੀ ਅਤੇ ਟਿੰਕੂ ਛੋਟੀ।ਜਿਹੜੀ ਗੱਲ ਟਿੰਕੂ ਆਪਣੀ ਮੰਮੀ ਡੈਡੀ ਤੋਂ ਨਾ ਪੁੱਛਣਾ ਚਾਹੁੰਦੀ,ਜੀਤੀ ਤੋਂ ਪੁੱਛ ਲੈਂਦੀ।
                    ਅੱਜ ਅਚਾਨਕ ਟਿੰਕੂ ਘਬਰਾਈ ਜਿਹੀ ਹੋਈ ਸੀ।ਉਸ ਨੇ ਹਸਪਤਾਲ ਤੋਂ ਆਏ ਮੰਮੀ ਡੈਡੀ ਦੀਆਂ ਗੱਲਾਂ ਸੁਣ ਲਈਆਂ ਸਨ।ਕੁਝ ਕੁ ਉਹ ਸਮਝ ਗਈ ਸੀ,ਕੁਝ ਕੁ ਨਹੀਂ ਵੀ ਸਮਝ ਲੱਗੀ ਸੀ।ਉਸ ਨੇ ਦੇਖਿਆ ਸੀ ਕਿ ਹਸਪਤਾਲ ਜਾਣ ਤੋਂ ਪਹਿਲਾਂ ਮੰਮੀ ਦਾ ਢਿੱਡ ਕਾਫ਼ੀ ਵੱਡਾ ਸੀ ਤੇ ਇਸਦੇ ਬਾਰੇ ਉਸਨੂੰ ਜੀਤੀ ਨੇ ਹੀ ਦੱਸਿਆ ਸੀ ਕਿ ‘‘ਵੀਰਾ ਆਏਗਾ”।ਉਹ ਖੁਸ਼ ਹੋ ਗਈ ਸੀ ਅਤੇ ਉਡੀਕ ਕਰ ਰਹੀ ਸੀ।ਅੱਜ ਉਸ ਨੇ ਦੇਖਿਆ ਸੀ ਕਿ ਮੰਮੀ ਦਾ ਚਿਹਰਾ ਵੀ ਉਦਾਸ ਸੀ,ਬੀਮਾਰ ਜਿਹੀ ਲਗਦੀ ਸੀ ,ਢਿੱਡ ਆਮ ਵਰਗਾ ਸੀ,ਪਰ ਵੀਰਾ ਕੋਲ ਨਹੀਂ ਸੀ।ਮੰਮੀ ਪਾਪਾ ਵਿੱਚ ਹੋਈ ਗੱਲ ਉਸ ਦੇ ਕੰਨਾ ਵਿੱਚ ਗੂੰਜ ਰਹੀ ਸੀ। ਉਹ ਭੱਜੀ ਭੱਜੀ ਜੀਤੀ ਕੋਲ ਆਈ।
‘‘ਦੀਦੀ,ਪਾਪਾ ਕਹਿ ਰਹੇ ਸਨ ਕਿ ਡਾਕਟਰ ਨੇ ਵਧੀਆ ਮੌਕਾ ਸੰਭਾਲ ਲਿਆ ਸੀ,ਨਹੀਂ ਤਾਂ ਤਿੰਨ ਹੋ ਜਾਣੀਆਂ ਸਨ।ਮੰਮੀ ਕੁਝ ਨਹੀਂ ਬੋਲੀ।ਦੀਦੀ ਵੀਰਾ ਨਹੀ ਆਏਗਾ ਹੁਣ ??”
   ਜੀਤੀ ਨੇ ਸੰਖੇਪ ਵਿੱਚ ਟਿੰਕੂ ਨੂੰ ਦੱਸਿਆ ਕਿ ਟੈਸਟ ਵਿੱਚ ਲੜਕੀ ਸੀ ਅਤੇ ਉਸ ਦੀ ਸਫ਼ਾਈ ਕਰਵਾ ਦਿੱਤੀ ਗਈ ਸੀ।
ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਟਿੰਕੂ ਬੋਲੀ, ‘‘ਮੈਂ ਨਹੀਂ ਮੰਨਦੀ ਕਿ ਰੱਬ ਵੱਡਾ ਹੁੰਦਾ ਏ ਤੇ ਸਾਰਾ ਕੁਝ ਉਸ ਦੇ ਹੱਥ ਹੁੰਦਾ ਏ।ਦੀਦੀ ਤੂੰ ਹੀ ਦੱਸ ਕੌਣ ਵੱਡਾ ਹੋਇਆ ??ਰੱਬ ,ਪਾਪਾ ਜਾਂ ਡਾਕਟਰ ? ਰੱਬ ਤਾਂ ਜਨਮ ਦੇਣਾ ਚਾਹੁੰਦਾ ਸੀ।ਪਾਪਾ ਨਹੀਂ ਸੀ ਚਾਹੁੰਦੇ ਅਤੇ ਡਾਕਟਰ ਨੇ ਜਨਮ ਨਹੀਂ ਹੋਣ ਦਿੱਤਾ।ਮੈਂ ਨਹੀਂ ਅੱਜ ਤੋਂ ਰੱਬ ਨੂੰ ਵੱਡਾ ਕਹਿਣਾ।”ਜੀਤੀ ਕੋਲ ਛੋਟੀ ਦੇ ਸਵਾਲ ਦਾ ਜਵਾਬ ਨਹੀਂ ਸੀ। ਦੋਵੇਂ ਚੁੱਪ ਕਰ ਗਈਆਂ ਸਨ ਪਰ ਦੋਵੇਂ ਅਲੱਗ ਤਰਾਂ ਸੋਚ ਰਹੀਆਂ ਸਨ।
                                            ਜਸਵਿੰਦਰ ਸਿੰਘ ‘‘ਰੁਪਾਲ”
                                                          ਲੈਕਚਰਰ ਅਰਥ-ਸ਼ਾਸ਼ਤਰ,
                                            ਸਰਕਾਰੀ ਸੀਨੀ.ਸੈਕੰਡਰੀ ਸਕੂਲ,
                                               ਭੈਣੀ ਸਾਹਿਬ(ਲੁਧਿਆਣਾ) -141126
                                                                  9814715796

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template