ਤੇਰੀ ਬਖਸ਼ਿਸ਼ ਨੂੰ ਚਾਹਵਾਂ ਮੈਂ,ਕਰੀਂ ਬਖਸ਼ਿਸ਼ ਮੇਰੇ ਸਤਿਗੁਰ ।
ਤੇਰਾ ਨਾਂ ਸਦ ਹੀ ਧਿਆਵਾਂ ਮੈਂ, ਕਰੀਂ ਬਖਸ਼ਿਸ਼ ਮੇਰੇ ਸਤਿਗੁਰ ।
ਰਹੇ ਜਦ ਪਹਿਰ ਰਾਤਿਰ ਦਾ,ਨਾ ਸੁਰਜ ਹੋ ਉਦੇ ਹੋਇਆ,
ਤੇਰਾ ਜਸ ਉਠ ਕੇ ਗਾਵਾਂ ਮੈਂ, ਕਰੀਂ ਬਖਸ਼ਿਸ਼ ਮੇਰੇ ਸਤਿਗੁਰ ।
ਬਣਾਂ ਉਦਮੀ ਕਰਾਂ ਇਸ਼ਨਾਨ,ਤੇਰੀ ਬਾਣੀ ਉਚਾਰਾਂ ਮੈਂ,
ਤੇ ਨਿੱਤਨੇਮੀ ਕਹਾਵਾਂ ਮੈਂ, ਕਰੀਂ ਬਖਸ਼ਿਸ਼ ਮੇਰੇ ਸਤਿਗੁਰ ।
ਕਿਰਤ ਕਰਦੇ ਕਿਤੇ ਪਲ ਭਰ ਨਾ ਮਨ ਤੋਂ ਵਿਸਰ ਤੂੰ ਜਾਵੇਂ,
ਜੇ ਵਿਸਰਾਂ ਮਰ ਹੀ ਜਾਵਾਂ ਮੈਂ, ਕਰੀਂ ਬਖਸ਼ਿਸ਼ ਮੇਰੇ ਸਤਿਗੁਰ ।
ਕਮਾਵਾਂ ਕਿਰਤ ਚੋਂ ਜੋ ਖਰਚ ਹੋਵੇ ਧਰਮ-ਕਰਮਾਂ ਤੇ,
ਸਦਾ ਹੀ ਵੰਡ ਖਾਵਾਂ ਮੈਂ, ਕਰੀਂ ਬਖਸ਼ਿਸ਼ ਮੇਰੇ ਸਤਿਗੁਰ ।
ਤੇਰੇ ਦਰ ਤੋਂ ਬਿਨਾਂ ਭੁੱਲ ਕੇ ਵੀ ਕੋਈ ਹੋਰ ਦਰ ਜਾਵਾਂ,
ਸਿਦਕ ਇਸ ਦਰ ਤੇ ਲਿਆਵਾਂ ਮੈਂ, ਕਰੀਂ ਬਖਸ਼ਿਸ਼ ਮੇਰੇ ਸਤਿਗੁਰ ।
ਵਿਕਾਰਾਂ ਵੱਲ ਨਾ ਦਿਲ ਜਾਵੇ,ਨਾ ਪੰਜਾਂ ਵੱਸ ਕਿਤੇ ਆਵੇ,
ਕਿ ਆਪੇ ਨੂੰ ਬਚਾਵਾਂ ਮੈਂ, ਕਰੀਂ ਬਖਸ਼ਿਸ਼ ਮੇਰੇ ਸਤਿਗੁਰ ।
ਬਚਾ ਰੱਖੀਂ ਭਰਮ ਭੇਖਾਂ ਅਤੇ ਸਭ ਕਰਮ ਕਾਂਡਾਂ ਤੋਂ,
ਦਿਖਾਵੇ ਨੂੰ ਭੁਲਾਵਾਂ ਮੈਂ, ਕਰੀਂ ਬਖਸ਼ਿਸ਼ ਮੇਰੇ ਸਤਿਗੁਰ ।
ਸਦਾ ਹੱਕ ਸੱਚ ਦੀ ਖਾਤਰ,ਅੜਾਂ ਹਰ ਜੁਲਮ ਦੇ ਅੱਗੇ,
‘ਰੁਪਾਲ.ਸਿਰ ਵੀ ਕਟਾਵਾਂ ਮੈਂ, ਕਰੀਂ ਬਖਸ਼ਿਸ਼ ਮੇਰੇ ਸਤਿਗੁਰ ।
ਜਸਵਿੰਦਰ ਸਿੰਘ ‘ਰੁਪਾਲ.
ਲੈਕਚਰਰ ਅਰਥ-ਸ਼ਾਸ਼ਤਰ,
ਸਰਕਾਰੀ ਸੀਨੀ.ਸੈਕੰਡਰੀ ਸਕੂਲ,
ਭੈਣੀ ਸਾਹਿਬ(ਲੁਧਿਆਣਾ) -141126


0 comments:
Speak up your mind
Tell us what you're thinking... !