Headlines News :
Home » » ਪਿਆਰ ਦੀ ਮੂਰਤ,ਬੇ-ਹੱਦ ਖ਼ੂਬਸੂਰਤ ਅਦਾਕਾਰਾ ਸੀ ; ਮਧੂਬਾਲਾ - ਰਣਜੀਤ ਸਿੰਘ ਪ੍ਰੀਤ

ਪਿਆਰ ਦੀ ਮੂਰਤ,ਬੇ-ਹੱਦ ਖ਼ੂਬਸੂਰਤ ਅਦਾਕਾਰਾ ਸੀ ; ਮਧੂਬਾਲਾ - ਰਣਜੀਤ ਸਿੰਘ ਪ੍ਰੀਤ

Written By Unknown on Saturday, 16 March 2013 | 23:42


                        ਜ਼ਿੰਦਗੀ ਦੇ ਛੋਟੇ ਸਫ਼ਰ ਦੀ ਵੱਡੀ ਅਦਾਕਾਰਾ ਮੁਮਤਾਜ ਬੇਗਮ ਜਹਾਂ ਦੇਹਲਵੀ ਦਾ ਜਨਮ 14 ਫਰਵਰੀ 1933 ਨੂੰ ਤਮਾਕੂ ਕੰਪਨੀ ਵਿੱਚ ਪਿਸ਼ਾਵਰ ਵਿਖੇ ਨੌਕਰੀ ਕਰਦੇ ਅਤਾਉੱਲਾ ਖ਼ਾਨ ਦੇ ਘਰ ਪੰਜਵੇਂ ਬੱਚੇ ਵਜੋਂ ਦਿੱਲੀ ਵਿੱਚ ਹੋਇਆ। ਫਿਰ ਇਹ ਪਰਿਵਾਰ ਮੁੰਬਈ ਜਾ ਵਸਿਆ। ਇਸ ਦੀਆਂ 4 ਭੈਣਾ ਅਤੇ ਦੋ ਭਰਾ ਅੱਲਾ ਨੂੰ ਪਿਆਰੇ ਹੋ ਚੁੱਕੇ ਸਨ। ਇਹਦੇ ਵੀ ਜਮਾਂਦਰੂ ਹੀ ਦਿਲ ਵਿੱਚ ਮੋਰੀ ਸੀ। ਇਸ ਨੇ 9 ਸਾਲ ਦੀ ਉਮਰ ਵਿੱਚ ਪਹਿਲੀ ਫ਼ਿਲਮ ‘‘ਬਸੰਤ” (1942) ਨੂੰ ਕੀਤੀ ਅਤੇ ਇਹਦਾ ਨਾਅ ਨਾਮਵਰ ਅਭਿਨੇਤਰੀ ਦੇਵਿਕਾ ਰਾਣੀ ਨੇ ਮਧੂ (ਸ਼ਹਿਦ ਵਰਗੀ ਮਿੱਠੀ) ਰੱਖਿਆ। ਜੋ ਮਧੂਬਾਲਾ ਅਖਵਾਉਂਣ ਲੱਗੀ। ਫ਼ਿਲਮ ਜਗਤ ਵਿੱਚ 1942 ਤੋਂ 1960 ਤੱਕ ਬਾਦਸ਼ਾਹਤ ਕਰਨ ਵਾਲੀ ਮਧੂਬਾਲਾ ਦੀ ਆਖ਼ਰੀ ਫ਼ਿਲਮ ‘‘ਜਵਾਲਾ” (1971) ਰਹੀ। ।                           
                                ਇਸ ਬਾਦਸ਼ਾਹਤ ਵਾਂਗ ਉਸਦੀਆਂ ਪ੍ਰੀਤ ਕਹਾਣੀਆਂ ਵੀ ਅੱਕਾਂ ਦੇ ਭੱਬੂਆਂ ਵਾਂਗ ਇੱਧਰ-ਉਧਰ ਉਡਦੀਆਂ ਰਹੀਆਂ, ਇਹਨਾ ਕਹਾਣੀਆਂ ਦਾ ਆਰੰਭ ਫ਼ਿਲਮੀ ਖ਼ੇਤਰ ਵਿੱਚ ਪ੍ਰਵੇਸ਼ ਕਰਨ ਦੇ ਨਾਲ ਹੀ ਅਰਥਾਤ ਸਕਰੀਨ ਟੈਸਟ ਦੇਣ ਸਮੇ ਹੀ ਸ਼ੁਰੂ ਹੋ ਗਿਆ। ਪਰ ਮਧੂਬਾਲਾ ਦੇ ਬਚਪਨ ਦਾ ਸੱਭ ਤੋਂ ਪਹਿਲਾ ਪ੍ਰੇਮੀ ਲਤੀਫ਼ ਸੀ।।ਉਸਦਾ ਦਿਲ ਉਦੋਂ ਟੁੱਟ ਗਿਆ ਜਦੋਂ ਉਹ ਮੁੰਬਈ ਆ ਗਈ।।ਉਸ ਵੱਲੋਂ ਦਿੱਤਾ ਹੋਇਆ ਲਾਲ ਗੁਲਾਬ ਦਾ ਫੁੱਲ ਲਤੀਫ਼ ਨੇ 30 ਸਾਲ ਤੱਕ ਸੰਭਾਲੀ ਰੱਖਿਆ, ਅਤੇ ਉਹਦੇ ਇੰਤਕਾਲ ਤੋਂ ਬਾਅਦ ਉਹਨੇ ਉਹੀ ਫੁੱਲ ਅੱਖਾਂ ਪੂੰਝਦਿਆਂ,ਹਟਕੋਰੇ ਲੈਦਿਆਂ, ਮੁੰਬਈ ਜਾ ਕੇ ਸ਼ਾਂਤਾ ਕਰੂਜ ਵਿਚ ਉਸਦੀ ਕਬਰ ‘ਤੇ ਰੱਖ ਆਂਦਾ।।ਉਹਨੇ ਹਰੇਕ ਸਾਲ 23 ਫਰਵਰੀ ਦੇ ਦਿਨ ਇਕ ਲਾਲ ਗੁਲਾਬ ਦਾ ਫੁੱਲ ਮਧੂਬਾਲਾ ਦੀ ਕਬਰ ਤੇ ਰੱਖ ਕੇ ਆਉਂਣਾ ਜਾਰੀ ਰੱਖਿਆ। 
                          ਨਿਰਮਾਤਾ-ਨਿਰਦੇਸ਼ਕ ਕੇਦਾਰ ਸ਼ਰਮਾ ਨੇ ਸਕਰੀਨ ਟੈੱਸਟ  ਦੇ ਨਾਲ ਹੀ 14 ਵਰ੍ਹਿਆਂ ਦੀ ਮਧੂਬਾਲਾ ਨੂੰ ਪਿਆਰ ਨਾਲ ਤਕਦਿਆਂ,ਅਤੇ ਉਸ ਨੂੰ ਆਪਣੇ ਨਜ਼ਦੀਕ ਰੱਖਣ ਲਈ ਪਹਿਲੀ ਫਿਲਮ ‘‘ਨੀਲ ਕਮਲ” (1947) ਵਿੱਚ ਰਾਜ ਕਪੂਰ ਨਾਲ ਅਹਿਮ ਰੋਲ ਦੇ ਦਿੱਤਾ।।ਉਮਰ ਦੇ ਵੱਡੇ ਕੇਦਾਰ ਸ਼ਰਮਾਂ ਦੇ ਪ੍ਰੇਮ ਦੀ ਭਾਸ਼ਾ ਨੂੰ ਛੋਟੀ ਉਮਰ ਦੀ ਮਧੂ ਪੜ੍ਹ ਹੀ ਨਾ ਸਕੀ। ਮਧੂਬਾਲਾ ਅਜੇ ਅਜਿਹੀ ਕਾਹਲ ਵਿੱਚ ਵੀ ਨਹੀਂ ਸੀ। ਉਸ ਨੂੰ ਪਿਤਾ ਦਾ ਡਰ ਵੀ ਸੀ। ਕਿਓਂਕਿ ਉਹੀ ਤਾਂ ਪਰਿਵਾਰ ਦੀ ਕਮਾਈ ਦਾ ਸਾਧਨ ਸੀ। 
                        4 ਸਾਲਾਂ ਵਿੱਚ 24 ਫ਼ਿਲਮਾਂ ਕਰਨ ਕਰਕੇ ਉਹਦੀ ਅਲੋਚਨਾ ਵੀ ਹੋਈ। ਏਸੇ ਦੌਰਾਂਨ ਉਹਦਾ ਤੀਜਾ ਪ੍ਰੇਮੀ ਬਣਿਆ, ਉਸਦੀ ਸੁਪਰ ਹਿੱਟ ਫਿਲਮ ‘‘ਮਹਿਲ” ਦਾ ਨਿਰਦੇਸ਼ਕ ਕਮਾਲ ਅਮਰੋਹੀ।।ਮਧੂਬਾਲਾ ਦੇ ਪਿਤਾ ਅਤਾਉੱਲਾ ਖਾਨ ਨੇ ਵੀ ਉਨ੍ਹਾਂ ਦੇ ਵਿਆਹ ਦੀ ਮਨਜੂਰੀ ਦੇ ਦਿੱਤੀ ਸੀ,ਪਰ ਮਧੂਬਾਲਾ ਵੱਲੋਂ ਪਹਿਲੀ ਪਤਨੀ ਨੂੰ ਤਲਾਕ ਦੇਣ ਵਾਲੀ ਰੱਖੀ ਸ਼ਰਤ ਅਮਰੋਹੀ ਨੂੰ ਪ੍ਰਵਾਨ ਨਹੀਂ ਸੀ। ਮਧੂਬਾਲਾ ਆਪਣੇ ਪਤੀ ਨੂੰ ਕਿਸੇ ਨਾਲ ਸ਼ੇਅਰ ਕਰਨਾ ਪਸੰਦ ਨਹੀਂ ਸੀ ਕਰਦੀ। ਇਸ ਕਰਕੇ ਮਧੂਬਾਲਾ ਨੇ ਕਮਾਲ ਅਮਰੋਹੀ ਨਾਲ ਵਿਆਹ ਨਾ ਕਰਵਾਉਂਣ ਵਾਲਾ ਅਹਿਮ ਫੈਸਲਾ ਲਿਆ।  
                    ਮਧੂਬਾਲਾ ਆਪਣੇ ਪਿਆਰ ਦਾ ਇਜ਼ਹਾਰ ਲਾਲ ਗੁਲਾਬ ਦਾ ਫੁੱਲ ਦੇ ਕੇ ਕਰਿਆ ਕਰਦੀ ਸੀ।। ਏਵੇਂ ਹੀ ਉਹਨੇ ਲਾਲ ਗੁਲਾਬ ਦਾ ਫੁੱਲ ਅਭਿਨੇਤਾ ਪ੍ਰੇਮਨਾਥ ਨੂੰ ਵੀ ਇਹ ਲਿਖ ਕੇ ਭੇਜ ਦਿੱਤਾ ਕਿ ‘‘ਜੇ ਤੂੰ ਮੈਨੂੰ ਪਿਆਰ ਕਰਦਾ ਏਂ ਤਾਂ ਇਹ ਰੱਖ ਲਈ, ਨਹੀਂ ਵਾਪਸ ਮੋੜ ਦੇਵੀਂ”।।ਉਸਨੇ ਚਾਅ ਨਾਲ ਫੁੱਲ ਆਪਣੇ ਕੋਟ ਦੇ ਬਟਨ ਵਿਚ ਟੰਗ ਲਿਆ ਅਤੇ ਇਸ ਸੰਕੇਤ ਦੇ ਨਾਲ ਹੀ ਸੰਦੇਸ਼ਾ ਵੀ ਕਬੂਲ ਹੋ ਗਿਆ। ਪਰ ਜਦੋਂ ਪ੍ਰੇਮਨਾਥ ਨੂੰ ਇਹ ਪਤਾ ਲੱਗਿਆ, ਕਿ ਇਹੋ ਜਿਹਾ ਹੀ ਫੁੱਲ ਮਧੂਬਾਲਾ ਨੇ ਅਸ਼ੋਕ ਕੁਮਾਰ ਨੂੰ ਵੀ ਭੇਜਿਆ ਹੈ। ਤਾਂ ਉਹਨੇ ਜ਼ਿੰਦਗੀ ਭਰ ਮਧੂ ਨਾਲ ਨਾ ਬੋਲਣ ਦਾ ਪੱਕਾ ਫੈਸਲਾ ਕਰ ਲਿਆ।।ਜ਼ਮਾਨੇ ਦੀ ਮਲਿਕਾ - ਇ - ਹੁਸਨ ਦਾ ਨਾਅ ਉਦੋਂ ਮੁੰਬਈ ਵਿਚ ਵਕੀਲ,ਪਾਕਿਸਤਾਨ ਦੇ ਮਰਹੂਮ ਪ੍ਰਧਾਨ ਮੰਤਰੀ ਜ਼ੁਲਫ਼ਕਾਰ ਅਲੀ ਭੁੱਟੋ ਨਾਲ ਵੀ ਅਫਵਾਹਾਂ ਵਿੱਚ ਰਿਹਾ ਅਤੇ ਦਲੀਪ ਕੁਮਾਰ ਨਾਲ ਵੀ ਉਹਦੇ ਸਬੰਧਾਂ ਦੀ ਗੱਲ 5 ਸਾਲ ਖੰਭਾਂ ਤੋਂ ਡਾਰਾਂ ਅਤੇ ਬਾਤਾਂ ਤੋਂ ਬਤੰਗੜ ਬਣੀ ਰਹੀ। ।        
                    ਮਧੂਬਾਲਾ ਅਤੇ ਗਾਇਕ,ਅਦਾਕਾਰ ਕਿਸ਼ੋਰ ਕੁਮਾਰ ਨੇ ਜਦ ‘‘ਚਲਤੀ ਕਾ ਨਾਮ ਗਾੜੀ” (1958), ‘‘ਝੁਮਰ”ੂ (1961) ਵਿੱਚ ਇਕੱਠਿਆਂ ਕੰਮ ਕੀਤਾ ਤਾਂ ਪ੍ਰੇਮ ਸਬੰਧ ਬਣ ਗਏ। ਪਰ ਮਧੂਬਾਲਾ ਦੇ ਅੱਬੂ ਨੇ ਉਡੀਕ ਕਰਨ ਦੀ ਸਲਾਹ ਦਿੱਤੀ। ਉਧਰ ਕਿਸ਼ੋਰ ਦਾ ਬੰਗਾਲੀ ਗਾਇਕਾ ਅਤੇ ਅਦਾਕਾਰਾ ਪਹਿਲੀ ਪਤਨੀ ਰੂਮਾਂ ਗੁਹਾ ਠਾਕੁਰਤਾ ਨਾਲੋਂ ਵੀ ਜਦ ਤਲਾਕ ਹੋ ਗਿਆ ਤਾਂ ਦੋਹਾਂ ਨੇ ਸ਼ਾਦੀ ਕਰਨ ਦਾ ਫ਼ੈਸਲਾ ਕਰ ਲਿਆ। ਭਾਵੇਂ ਜਾਤੀ ਬੰਧਨ ਵੀ ਸਨ।। ਪਰ ਮਧੂਬਾਲਾ ਦੀ ਮਾਂਗ ਵਿੱਚ ਸੰਧੂਰ ਪਵਾਉਣ ਵਾਲੀ ਗੱਲ 16 ਨਵੰਬਰ 1960 ਨੂੰ ਸਿਰੇ ਚੜ੍ਹ ਗਈ। ਭਾਵੇਂ ਪਰਿਵਾਰ ਨੇ ਵਿਰੋਧ ਕਰਦਿਆਂ ਉਸ ਨੂੰ ਬਤੌਰ ਨੂੰਹ ਕੋਈ ਮਾਨਤਾ ਨਾ ਦਿੱਤੀ। ਘਰ ਵਿੱਚ ਬਣੇ ਤਣਾਅ ਤੋਂ ਚਿੰਤਤ ਮਧੂਬਾਲਾ ਇੱਕ ਮਹੀਨੇ ਬਾਅਦ ਹੀ ਬਾਂਦਰਾ ਵਿਖੇ ਆਪਣੇ ਬੰਗਲੇ ਵਿਚ ਵਾਪਸ ਆ ਗਈ।।         
                        ਲੰਦਨ ਦੇ ਡਾਕਟਰਾਂ ਦੀ ਭਵਿੱਖਬਾਣੀ ਸੱਚ ਹੋਈ ਕਿ ਹੁਣ ਇਹਦੀ ਉਮਰ ਬਹੁਤ ਥੋਹੜੀ ਰਹਿ ਗਈ ਏ। ਅਨਾਰਕਲੀ ਨੂੰ ਜ਼ਿੰਦਗੀ ਦੇਣ ਵਾਲੀ,ਸਿਨੇਹ ਜਗਤ ਦੀ ਮੈਡੋਨਾ,ਆਪਣੀ ਪ੍ਰੋਡਕਸ਼ਨ ਨਾਲ ਵੀ ਕੰਮ ਕਰਨ ਵਾਲੀ,ਅਦਾਕਾਰਾ ਚੰਚਲ ਦੀ ਭੈਣ,“‘‘ਪਿਆਰ ਕੀਆ ਤੋ ਡਰਨਾ ਕਿਆ” ਦੇ ਪ੍ਰਮਾਣ ਦੇਣ ਵਾਲੀ, ਹੌਲੀਵੁੱਡ ਦੀ ਪੇਸ਼ਕਸ਼ ਠੁਕਰਾਉਂਣ ਵਾਲੀ,ਜ਼ਿੰਦਗੀ ਦੇ ਮਹਿਜ਼ 36 ਬਸੰਤ ਵੇਖਣ ਵਾਲੀ,ਅਦਾਕਾਰਾ ਮਧੂਬਾਲਾ 23 ਫਰਵਰੀ 1969 ਦੇ ਐਤਵਾਰ ਦੀ ਸਵੇਰ ਨੂੰ ਦਿਲ ਦਾ ਦੌਰਾ ਪੈਣ ਨਾਲ ਚੱਲ ਵਸੀ। ਭਾਵੇ ਉਸਦੀਆਂ ਕਈ ਫ਼ਿਲਮਾਂ ਹਿੱਟ ਰਹੀਆਂ। ਪਰ ਮਾਣ-ਸਨਮਾਨ ਮਿਲਣ ਵਾਲੀ ਉਹਦੀ ਸੱਧਰ ਉਹਦੇ ਜਿਉਂਦੇ ਜੀਅ ਖੁਦਕਸ਼ੀਆਂ ਹੀ ਕਰਦੀ ਰਹੀ। ਜਿਸ ਦਾ ਉਹਦੇ ਚਹੇਤਿਆਂ ਨੂੰ ਕੱਲ੍ਹ ਵੀ ਗਿਲਾ ਸੀ,ਅੱਜ ਵੀ ਹੈ ਅਤੇ ਕੱਲ੍ਹ ਨੂੰ ਵੀ ਰਹੇਗਾ। 
ਰਣਜੀਤ ਸਿੰਘ ਪ੍ਰੀਤ
ਭਗਤਾ (ਬਠਿੰਡਾ)-151206
ਸੰਪਰਕ ;98157-07232
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template