ਜਦੋਂ ਮੇਰਾ ਦਿਲ ਤੇਰੇ ਦਿਲ ਸੰਗ ਜੁੜਿਆ ਸੀ।
ਬਹੁਤ ਕੁਝ ਜ਼ਜ਼ਬਾਤਾਂ ਅੰਦਰ ਰੁੜਿਆ ਸੀ।
ਮਿਲੇ ਅਸੀਂ ਤੇ ਹੱਸ ਮੁਸਕਾਨਾਂ ਵੰਡੀਆਂ ਜਦ,
ਦਿਲ ਦੂਤੀ ਦਾ ਕਾਹਤੋਂ ਸੜਿਆ ਕੁੜਿਆ ਸੀ?
ਇੱਕ-ਦੂਜੇ ਦੇ ਪ੍ਰੇਮ-ਸੰਗੀਤ ਵਿਚ ਮਸਤ ਰਹੇ,
ਜੱਗ ਦੇ ਸ਼ੋਰ-ਸ਼ਰਾਬੇ ਤੋਂ ਦਿਲ ਮੁੜਿਆ ਸੀ।
ਅਸੀਂ ਜਦੋਂ ਹੱਥ ਪੀਡੇ ਕਰ ਕੇ ਪਾ ਹੀ ਲਏ,
ਭੁੜਿਆ ਸੀ ਵਕਤਾਂ ਦਾ ਕੰਵਾ ਭੁੜਿਆ ਸੀ।
ਪਿਆਰ-ਦਾਤ ਮੈਂ ਪਾਈ ਤੇਰੀ ਬਖ਼ਸ਼ਿਸ਼ ਹੈ,
ਸੋਚਾਂ, ਬਿਨ ਮੇਰੇ ਕੀ ਤੇਰਾ ਥੁੜਿਆ ਸੀ
ਜਸਵਿੰਦਰ ਸਿੰਘ ‘‘ਰੁਪਾਲ”
ਲੈਕਚਰਰ ਅਰਥ-ਸ਼ਾਸ਼ਤਰ,
ਸਰਕਾਰੀ ਸੀਨੀ.ਸੈਕੰ.ਸਕੂਲ,
ਭੈਣੀ ਸਾਹਿਬ(ਲੁਧਿਆਣਾ)-141126
9814715796
------
ਗ਼ਜ਼ਲ - ਜਸਵਿੰਦਰ ਸਿੰਘ
ਅਜ਼ਬ ਮਹਿਫ਼ਲ ਸਜਾਉਂਦੇ ਨੇ,ਮੇਰੇ ਹੰਝੂ ਤੇਰੇ ਹਾਸੇ।
ਬੜਾ ਹੀ ਕਹਿਰ ਢਾਉਂਦੇ ਨੇ, ਮੇਰੇ ਹੰਝੂ ਤੇਰੇ ਹਾਸੇ।
ਇਨ੍ਹਾਂ ਵਿੱਚ ਜ਼ਜ਼ਬ ਹੋ ਜਾਵਣ,ਮੇਰੇ ਗ਼ਮ ਤੇ ਤੇਰੀ ਖ਼ਸ਼ੀਆਂ,
ਜ਼ਮਾਨੇ ਨੂੰ ਨਾ ਭਾਉਂਦੇ ਨੇ, ਮੇਰੇ ਹੰਝੂ ਤੇਰੇ ਹਾਸੇ।
ਸਮਾਂ ਬੀਤੇ ਦੀਆਂ ਗੱਲਾਂ,ਜਵਾਰ ਭਾਟੇ ਦੀਆਂ ਛੱਲਾਂ,
ਇਹ ਸਭ ਕੁਝ ਹੀ ਲੁਕਾਉਂਦੇ ਨੇ, ਮੇਰੇ ਹੰਝੂ ਤੇਰੇ ਹਾਸੇ।
ਜੋ ਹੱਸਦੇ ਨੂੰ ਨਾ ਤੱਕ ਸਕਦੇ,ਜੋ ਰੋਂਦੇ ਨਾ ਹਸਾ ਸਕਦੇ,
ਉਨ੍ਹਾਂ ਲਈ ਵਕਤ ਪਾਉਂਦੇ ਨੇ, ਮੇਰੇ ਹੰਝੂ ਤੇਰੇ ਹਾਸੇ।
ਮੇਰੇ ਦੁੱਖਾਂ ਤੇ ਸਭ ਹੱਸਣ,ਤੇਰੀ ਖ਼ੁਸ਼ੀਆਂ ਚ. ਸਭ ਹੱਸਣ,
ਇਹ ਸਭ ਤਾਈਂ ਹਸਾਉਂਦੇ ਨੇ, ਮੇਰੇ ਹੰਝੂ ਤੇਰੇ ਹਾਸੇ।
ਸਹਾਰਾ ਪ੍ਰੀਤ ਦਾ ਦੇ ਕੇ,ਉਠਾਵਣ ਡਿੱਗਿਆਂ ਤਾਈਂ,
ਤੇ ਭੁੱਲਿਆਂ ਰਾਹ ਦਿਖਾਉਂਦੇ ਨੇ, ਮੇਰੇ ਹੰਝੂ ਤੇਰੇ ਹਾਸੇ।
ਤੂੰ ਮੇਰੇ ਦਰਦ ਦਾ ਸਾਂਝੀ,ਮੈਂ ਤੇਰੀ ਖੁਸ਼ੀਆਂ ਦਾ ਸਾਂਝੀ,
ਇਹ ਦਿਲ ਦੂਰੀ ਘਟਾਉਂਦੇ ਨੇ, ਮੇਰੇ ਹੰਝੂ ਤੇਰੇ ਹਾਸੇ।
ਹੈ ਕੀ ਰੋਣਾ ਤੇ ਕੀ ਹੱਸਣਾ,ਜਾਂ ਹਰ ਇੱਕ ਭੇਦ ਹੈ ਦੱਸਣਾ,
ਇਹ ਦਿਲ ਤਰਬਾਂ ਜਗਾਉਂਦੇ ਨੇ, ਮੇਰੇ ਹੰਝੂ ਤੇਰੇ ਹਾਸੇ।
ਦੋਹਾਂ ਦਾ ਰੰਗ ਹੈ ਇੱਕੋ,ਦੋਹਾਂ ਦੀ ਮਹਿਕ ਹੈ ਇੱਕੋ,
ਇਹ ਰੁੱਸਿਆਂ ਨੂੰ ਮਨਾਉਂਦੇ ਨੇ, ਮੇਰੇ ਹੰਝੂ ਤੇਰੇ ਹਾਸੇ।
ਜੇ ਹੰਝੂ ਭਾਫ਼ ਬਣ ਉਡਣ,ਤਾਂ ਹਾਸੇ ਹੰਝ ਬਣ ਜੰਮਣ,
‘‘ਰੁਪਾਲ” ਜਦ ਗੀਤ ਗਾਉਂਦੇ ਨੇ, ਮੇਰੇ ਹੰਝੂ ਤੇਰੇ ਹਾਸੇ।
ਜਸਵਿੰਦਰ ਸਿੰਘ
9814715796
ਲੈਕਚਰਰ ਅਰਥ-ਸ਼ਾਸ਼ਤਰ,
ਸਰਕਾਰੀ ਸੀਨੀ.ਸੈਕੰਡਰੀ ਸਕੂਲ,
ਭੈਣੀ ਸਾਹਿਬ(ਲੁਧਿਆਣਾ) -141126


0 comments:
Speak up your mind
Tell us what you're thinking... !