‘ਈ... ਈ... ਈ..।’
ਭਵਾਨੀ ਦੀ ਚੀਕ
ਸੁਣ ਕੇ ਆਰਤੀ ਕਰ
ਰਿਹਾ ਪਵਨ ਆਪਣੀਆਂ ਮੋਟੇ
ਸ਼ੀਸ਼ੇ ਦੀਆਂ ਐਨਕਾਂ ਸਾਂਭਦਾ
ਰਸੋਈ ਵੱਲ ਭੱਜਿਆ।
ਉਸਨੂੰ ਲੱਗਿਆ ਕਿ ਭਵਾਨੀ
ਰਸੋਈ ਦੇ ਸੰਗਮਰਮਰੀ ਫਰਸ਼
ਤੋਂ ਤਿਲਕ ਕੇ ਡਿੱਗ
ਗਈ ਹੋਣੀ ਆ।
ਉਸਦੀ ਲੱਤ ਜਾਂ ਬਾਂਹ
ਟੁੱਟ ਗਈ ਹੋਊ ।
ਉਹ ਹੁਣ ਪੀੜ ਨਾਲ
ਤੜਪਦੀ ਪਈ ਹੋਣੀ ਆਉਂ
‘
ਸੰਗਮਰਮਰੀ ਫਰਸ਼ਾਂ ਦਾ ਵੀ
ਯੱਭ ਈ ਆ... ਪਰ
ਟੌਅਰ ਵੀ ਆ... ਮੋਟੀ
ਨੂੰ ਚੁੱਕ ਕੇ ਹਸਪਤਾਲ
ਕਿਵੇਂ ਲਿਜਾਊ ? ... ਉਤੋਂ ਕੰਮ ’ਤੇ
ਜਾਣ ਦਾ ਟਾਇਮ ਹੋਇਆ
ਪਿਆ। ਝੋਨੇ
ਦਾ ਸੀਜ਼ਨ ਆ... ਮਿੰਟ
ਦੀ ਵਿਹਲ ਨੀ.. ਭਵਾਨੀ
ਨੂੰ ਵੀ ਛੁੱਟੀ ਕਰਨੀ
ਪਊ... ਮਾਲਕਣ ਨੇ ਘਰੇ
ਕਿੱਟੀ ਪਾਰਟੀ ਰੱਖੀ ਆ...
ਇਲਾਜ ’ਤੇ ਪਤਾ ਨਹੀਂ
ਕਿੰਨ•ੇ ਪੈਸੇ ਲੱਗਣਗੇ...
ਦੋ ਕੁ ਹਜ਼ਾਰ ਤਾਂ
ਘਰੇ ਹੈਗਾ... ਅੱਠ ਕੁ
ਬੈਂਕ ’ਚ ਹੋਊ... ਪਤਾ
ਨਹੀਂ ਕਿਵੇਂ ਸਰੂ ... ਰਾਮ... ਰਾਮ... ਰਾਮ...।’ ਦਸ
ਕਦਮਾਂ ਦੀ ਦੂਰੀ ਪਾਰ
ਕਰਦਿਆਂ ਪਵਨ ਦਾ ਮੁਨੀਮੀ
ਦਿਮਾਗ ਸੈਂਕੜੇ ਜੋੜ ਘਟਾਓ
ਕਰ ਗਿਆ।
ਉਹ ਜਦੋਂ ਰਸੋਈ
ਵਿਚ ਪਹੁੰਚਿਆ ਤਾਂ ਹੈਰਾਨ
ਰਹਿ ਗਿਆ। ਭਵਾਨੀ
ਸਿੱਧੀ ਖੜੀ ਸੀ।
ਖੇਤ ਵਿਚ ਗੱਡੇ ਡਰਨੇ
ਵਾਂਗੂੰ। ਉਸਦੇ
ਦੋਵੇਂ ਹੱਥ ਆਤਮ ਸਪਰਪਨ
ਦੀ ਮੁਦਰਾ ’ਚ ’ਤਾਹਾਂ
ਨੂੰ ਚੁੱਕੇ ਹੋਏ ਸੀ। ਅੱਖਾਂ
ਟੱਡੀਆਂ ਹੋਈਆਂ। ਮੂੰਹ
ਖੁੱਲਾ। ਉਸਦਾ
ਰਾਜਸਥਾਨੀ ਚੋਲੀ ਤੇ ਪੈਟੀਕੋਟ
ਵਿਚਾਲੇ ਖਮੀਰੇ ਆਟੇ ਵਾਗੂੰ
ਫੁੱਲਿਆ ਹੋਇਆ ਢਿੱਡ
ਲੁਹਾਰ ਦੀ ਧੌਂਕਣੀ ਵਾਂਗ
ਹਿੱਲ ਰਿਹਾ ਸੀ।
ਫੂੰ ਫਾਂ... ਫੂੰ ਫਾਂ...
ਗਲੇ ’ਚ ਪਾਇਆ ਮੰਗਲ
ਸੂਤਰ ਗਿੱਠ ਗਿੱਠ ਉਪਰ
ਹੇਠਾਂ ਹੋ ਰਿਹਾ ਸੀ।
ਪਵਨ ਦੇ ਸਾਹ
’ਚ ਸਾਹ ਆਇਆ।
‘ਭਵਾਨੀ ਦੀ ਲੱਤ
ਬਾਂਹ ਤਾਂ ਕੋਈ ਨਹੀਂ
ਟੁੱਟੀ। ਭਾਂਡਾ
- ਟੀਂਡਾ ਵੀ ਕੋਈ ਟੁੱਟਿਆ
ਨਹੀਂ ਵਿਖਦਾ। ਫੇਰ
ਇਹ ਸ਼ੈਂਕ ਵੱਲ ਮੂੰਹ
ਕਰਕੇ ਕਿਉਂ ਖੜੀ ਆ,
ਯੋਗਾ ਕਰਨ ਵਾਲਿਆਂ ਵਾਂਗੂੰ
... ਕਿਤੇ ਬਰਫ ਪਾਣੀ ਤਾਂ
ਨਹੀਂ ਖੇਡਦੀ? ਲੱਗ ਗਿਆ
ਪਤਾ... ਮੈਨੂੰ
ਬੁੱਧੂ ਬਣਾਉਂਦੀ ਆ... ਬਾਗੜਨੀ
ਜਿਹੀ... ਸ਼ੈਲਰ ’ਚ ਵੀ
ਸਾਰੇ ਮੇਰੇ ਨਾਲ ਇਹੋ
ਜਿਹੀਆਂ ਸ਼ਰਾਰਤਾਂ ਕਰਦੇ ਨੇ। ਮੈਂ
ਤਾਂ ਕਦੇ ਕਿਸੇ ਨਾਲ
ਨਹੀਂ ਕੀਤੀ... ਹੁਣ ਇਹ
ਵੀ...।’ ਪਵਨ
ਨੇ ਸਥਿਤੀ ਦਾ ਜਾਇਜ਼ਾ
ਲੈਂਦਿਆਂ ਅੰਦਰੋ ਅੰਦਰੀ ਤਬਸਰਾ
ਕੀਤਾ।
‘ਏ ਭਵਾਨੀ... ਕਿਆ
ਹੂਆ,’ ਪਵਨ ਨੇ ਭਵਾਨੀ
ਦੀ ਬਾਂਹ ਨੂੰ ਆਪਣੇ
ਸੱਜ ਹੱਥ ਦੀ ਪਹਿਲੀ
ਉਂਗਲ ਨਾਲ ਹਲਕਾ ਜਿਹਾ
ਛੂਹ ਕੇ ਪੁੱਛਿਆ।
ਉਹ ਉਸਦੀ ਐਕਟਿੰਗ ਤੋਂ
ਪ੍ਰਭਾਵਿਤ ਨਾ ਹੋਣ ਦਾ
ਵਿਖਾਵਾ ਵੀ ਕਰ ਰਿਹਾ
ਸੀ ਤੇ ਕਿਸੇ ਖਤਰੇ
ਦੀ ਹਾਲਤ ’ਚ ਉਸਦੇ
ਬਚਾਅ ਦਾ ਵੀ।
‘ਈ......ਈ.... ਈ.....।’ ਭਵਾਨੀ
ਨੇ ਇਕ ਵਾਰ ਫਿਰ
¦ਬੀ ਚੀਕ ਮਾਰੀ ਤੇ
ਪਵਨ ਨੂੰ ਚਿੰਬੜ ਗਈ।
ਉਸਦਾ ਮੋਟਾ ਢਿੱਡ
ਵੱਡੇ ਸਾਰੇ ਬੁਲਬੁਲੇ ਵਾਂਗ
ਪਵਨ ਦੇ ਆਲੇ ਦੁਆਲੇ
ਫੈਲ ਗਿਆ। ਜਿਵੇਂ
ਪੋਲੀ ਰਜਾਈ ਸਾਹ ਲੈ
ਰਹੀ ਹੋਵੇ। ਬੋਝ
ਤੇ ਗੁਦਗੁਦੇ ਮਾਸ ’ਚ
ਮੂੰਹ ਖੁੱਭਣ ਕਰਕੇ ਪਵਨ
ਨੂੰ ਆਪਣਾ ਸਾਹ ਘੁੱਟਦਾ
ਲੱਗਿਆ। ਉਸਨੇ
ਭਵਾਨੀ ਨੂੰ ਆਪਣੇ ਤੋਂ
ਪਰ•ਾਂ ਕਰਨ ਦੀ
ਵਿਅਰਥ ਕੋਸ਼ਿਸ਼ ਕੀਤੀ ਕਿ
ਐਨੇ ’ਚ ਭਵਾਨੀ ਨੇ
ਆਪਣੇ ਭਾਰ ਸਿਰ ਖੜ•ੇ ਹੁੰਦਿਆਂ ਆਪਣੀਆਂ
ਪਲਕਾਂ ਤੇਜ਼ ਤੇਜ਼ ਝਪਕੀਆਂ
ਤੇ ਇਕ ਉਂਗਲ ਸ਼ੈਂਕ
ਵੱਲ ਕਰਦਿਆਂ ਕਿਹਾ, ‘
ਬਠੇ ਬਠੇ...।’
ਉਹ ਬੁਰੀ ਤਰਾਂ
ਡਰੀ ਹੋਈ ਸੀ।
‘
ਓ ਬਠੇ ਬਠੇ
ਕੀ ਲਾਈ ਆ... ਕੀ
ਆ ਓਥੇ ?’ ਪਵਨ
ਕੁਝ ਨਹੀਂ ਸਮਝਿਆ।
ਉਸਨੂੰ ਥੋੜਾ ਕੁ ਗੁੱਸਾ
ਵੀ ਚੜ• ਗਿਆ ਸੀ।
‘
ਬਠੇ ... ਬਠੇ... ਕ... ਕ...
ਕਾਕਰੋਚ... ਸੇ।’
‘
ਕਾਕਰੋਚ ! ... ਕਾਕਰੋਚ ਕਿਥੋਂ ਆਗਿਆ
?... ਤੇ ਫੇਰ ਕੀ ਆ...
ਕਾਕਰੋਚ ਈ ਆ ਕਿਤੇ
ਸ਼ੇਰ ਤਾਂ ਨੀਂ।’
ਪਵਨ ਰਸੋਈ ’ਚ ਕਾਕਰੋਚ
ਆਉਣ ਅਤੇ ਉਸ ਕਾਕਰੋਚ
ਤੋਂ ਭਵਾਨੀ ਦੇ ਡਰਨ,
ਦੋਵੇਂ ਅਸੰਭਵ ਗੱਲਾਂ ਕਰਕੇ
ਹੋਰ ਹੈਰਾਨ ਹੋ ਗਿਆ।
ਪਵਨ ਨੇ ਭਵਾਨੀ
ਨੂੰ ਪਾਸੇ ਕਰਕੇ ਸ਼ੈਂਕ
’ਚ ਵੇਖਿਆ ਤਾਂ ਉਥੇ
ਇਕ ਗੂਹੜੇ ਕਿਰਮਚੀ ਰੰਗ
ਦਾ ਵੱਡਾ ਸਾਰਾ ਕਾਕਰੋਚ
ਆਪਣੀਆਂ ਵੱਡੀਆਂ-ਵੱਡੀਆਂ ਮੁੱਛਾਂ
ਨੂੰ ਆਸੇ-ਪਾਸੇ ਹਿਲਾ
ਕੇ ਹੌਲੀ-ਹੌਲੀ ਭਾਂਡਿਆਂ
- ਤੁਰਿਆ ਫਿਰਦਾ ਸੀ।
ਜਿਵੇਂ ਫੂਡ ਸਪਲਾਈ ਇੰਸਪੈਕਟਰ
ਸ਼ੈਲਰ ’ਚ ਲੱਗੇ ਝੋਨੇ
ਦੀਆਂ ਬੋਰੀਆਂ ਗਿਣਨ ਦਾ
ਵਿਖਾਵਾ ਕਰਦਾ ਹੋਇਆ ਰੈਕਾਂ
’ਚ ਗੇੜਾ ਕੱਢਕੇ ਆਪਣਾ
ਰੇਟ ਵਧਾਉਂਦਾ ਹੋਵੇ।
ਕਾਕਰੋਚ ਦੀਆਂ ਕਾਲੀਆਂ ਤੇ
ਮੋਟੀਆਂ ਅੱਖਾਂ ਤੋਂ ਡਰ
ਲੱਗਦਾ ਸੀ। ਪਵਨ
ਨੇ ਐਨਕ ਠੀਕ ਕਰਕੇ
ਗਹੁ ਨਾਲ ਵੇਖਿਆ।
ਕਾਕਰੋਚ ਦੀ ਇਕ ਲੱਤ
ਟੁੱਟੀ ਹੋਈ ਸੀ।
ਮੁੱਛ ਦਾ ਇਕ ਪਾਸੇ
ਦਾ ਵਾਲ ਵੀ ਛੋਟਾ
ਸੀ। ਖੰਭ
ਵੀ ਪਾਸੇ ਨੂੰ ਉਲਰੇ
ਹੋਏ ਸਨ। ਇਸੇ
ਕਰਕੇ ਉਹ ਬਹੁਤੀ ਫੁਰਤੀ
ਨਹੀਂ ਸੀ ਵਰਤ ਰਿਹਾ।
‘ਹੂੰ... ਕੋਈ ਗੱਲ
ਨਹੀਂ ... ਜ਼ਖਮੀ ਆ ਵਿਚਾਰਾ...
ਆਪਾਂ ਕੱਢਕੇ ਬਾਹਰ ਮਾਰਦੇ
ਆਂ... ਤੂੰ ਬਹੁਕਰ ਲਿਆ...
ਨਹੀਂ, ਡੰਡਾ... ਚੱਲ ਛੱਡ..
ਪਾਣੀ ਦੀ ਬਾਲਟੀ ਭਰ
ਕੇ ਉਤੇ ਪਾ ਦਿੰਨੇ
ਆਂ... ਮਾਰਨਾ ਕਾਹਨੂੰ ਆ...
।’ ਪਵਨ ਨੇ
ਕਈ ਤਰਾਂ ਦੀਆਂ ਸਕੀਮਾਂ
ਵਰਤੀਆਂ ਤੇ ਅਖੀਰ ਕਾਕਰੋਚ
ਨੂੰ ਸ਼ੈਂਕ ’ਚੋਂ ਕੱਢ
ਕੇ ਗਲੀ ’ਚ ਸੁੱਟ
ਦਿੱਤਾ।
ਗਲੀ ’ਚ ਵਲ-ਵਲੇਂਵੇ ਖਾ ਕੇ
ਤੁਰਿਆ ਜਾਂਦੇ ਕਾਕਰੋਚ ਨੂੰ
ਉਹ ਚਾਹੁੰਦਾ ਹੋਇਆ ਵੀ
ਮਾਰ ਨਹੀਂ ਸੀ ਸਕਿਆ।
‘ਰਾਮ ਦਾ ਜੀਅ
ਆ, ਕਾਹਨੂੰ ਮਾਰਨਾ ਵਿਚਾਰੇ
ਨੂੰ।’
ਕਿਸੇ ਗੱਡੀ ਮੋਟਰ
ਹੇਠ ਨਾ ਆ ਜਾਵੇ,
ਸੋਚ ਕੇ ਉਸਨੇ ਗਲੀ
ਦੇ ਵਿਚਕਾਰ ਤੁਰੇ ਜਾਂਦੇ
ਕਾਕਰੋਚ ਨੂੰ
ਬਹੁਕਰ ਨਾਲ ਕੰਧ ਵੱਲ
ਸੁੱਟਿਆ ਤਾਂ ਬੁੜਕ ਕੇ
ਡਿੱਗਿਆ ਕਾਕਰੋਚ ਪੁੱਠਾ ਹੋ
ਕੇ ਲੱਤਾਂ ਮਾਰਨ ਲੱਗ
ਪਿਆ ਤੇ ਮਾਰਦਾ ਰਿਹਾ...
ਮਾਰਦਾ ਰਿਹਾ। ਉਸ
ਕੋਲੋਂ ਸਿੱਧਾ ਨਹੀਂ ਸੀ
ਹੋਇਆ ਜਾ ਰਿਹਾ।
ਕੁਝ ਸਮਾਂ ਜਕਾ ਤਕੀ
’ਚ ਖੜੇ ਪਵਨ ਨੇ,
‘ਚੱਲ ਹੋਊ ਆਪੇ...’, ਕਹਿ
ਕੇ ਬੂਹਾ ਬੰਦ ਕਰਦਿਆਂ
ਜੇਤੂ ਅੰਦਾਜ਼ ’ਚ ਭਵਾਨੀ
ਵੱਲ ਵੇਖਿਆ। ਜਿਵੇਂ
ਕਹਿ ਰਿਹਾ ਹੋਵੇ ਮਾੜਚੂ
ਆਂ ਤਾਂ ਕੀ ਹੋਇਆ...
ਮਰਦ ਆਂ, ਕਾਕਰੋਚ ਚਲਾ
ਕੇ ਮਾਰਿਆ ਨਾ ਗਲੀ
’ਚ... ਤੂੰ ਤਾਂ ਖਾ-ਖਾ ਕੇ ਦਾਲ
ਬਾਟੀ ਬਾਣੀਆਂ ਦੀ ਵਹੀ
ਵਾਂਗੂੰ ਫੁਲੀ ਜਾਂਣੀ ਆਂ...।
ਪਵਨ ਨੇ ਰਸੋਈ
’ਚ ਆ ਕੇ ਸ਼ੈਂਕ
ਨੂੰ ਮੁੜ ਵੇਖਿਆ।
ਉਥੇ ਹੋਰ ਕੋਈ ਕਾਕਰੋਚ
ਨਾ ਵਿਖਿਆ। ਉਸਨੇ
ਰਸੋਈ ਦੇ ਬਾਹਰ ਕੁਰਸੀ
ਤੇ ਬੈਠੀ ਭਵਾਨੀ ਨੂੰ
ਹਲੂਣਦਿਆਂ ਰੋਟੀ ਪਕਾਉਣ ਲਈ
ਕਿਹਾ। ਪਰ
ਭਵਾਨੀ ਨੇ ਦੋਹੇਂ ਮੋਢੇ
ਚੜ•ਾ ਕੇ ਰਸੋਈ
’ਚ ਵੜਣ ਤੋਂ ਨਾਂਹ
ਕਰ ਦਿੱਤੀ।
ਇਸ ਭਜਾ ਨੱਸੀ
’ਚ ਪਵਨ ਸ਼ੈਲਰ ਜਾਣ
ਤੋਂ ਲੇਟ ਹੋ ਗਿਆ,
ਤੇ ਉਤੋਂ ਰੋਟੀ ਵੀ
ਨਾ ਮਿਲੀ।
ਪੰਜ ਕੁ ਫੁੱਟ
ਕੱਦ, ਅੱਖਾਂ ’ਤੇ ਮੋਟੀਆਂ
ਐਨਕਾਂ, ਹਰ ਵੇਲੇ ਹੱਸਣ
ਦੀ ਮੁਦਰਾ ਵਾਲਾ ਮੂੰਹ,
ਹੇਠਾਂ ਨੂੰ ਵਾਹੇ ਵਾਲ
ਤੇ ਮਾੜਚੂ ਜਿਹੇ ਸਰੀਰ
ਉਪਰ ¦ਬੀਆਂ ਬਾਹਾਂ ਵਾਲਾ
ਕੁੜਤਾ ਤੇ ਖੁੱਲਾ ਪਜ਼ਾਮਾ
ਪਾ ਕੇ ਰੱਖਣ ਵਾਲਾ
ਪਵਨ ਇਕ ਸਾਊ ਆਦਮੀ
ਹੈ। ਸ਼ਹਿਰ
’ਚ ਜੰਮਿਆ ਪਲਿਆ ਹੋਣ
ਦੇ ਬਾਵਜੂਦ ਉਹ ਬਹੁਤੇ
ਸ਼ਹਿਰੀਆਂ ਵਾਂਗ ਕਮੀਨਗੀ ਦੀ
ਹੱਦ ਤੱਕ ਚਲਾਕ ਨਹੀਂ
ਸਗੋਂ ਸਿਆਣੀ ਤੇ ਸਾਫ
ਗੱਲ ਕਰਨ ਵਾਲਾ ਬੰਦਾ
ਸੀ। ਪਰ
ਉਸਦੀ ਸਿੱਧੀ ਗੱਲ ਸੁਣਕੇ
ਵੀ ਲੋਕ ਅਕਸਰ ਹੱਸ
ਪੈਂਦੇ ਹਨ। ਇਸ
ਕਰਕੇ ਉਹ ਖਿੱਝਿਆ ਰਹਿੰਦਾ...
ਪਰ ਇਹ ਖਿੱਝ ਗੁੱਸੇ
ਜਾਂ ਨਫਰਤ ਵਾਲੀ ਨਹੀਂ। ਅਸਲ
’ਚ ਲੋਕਾਂ ਨੂੰ ਉਸਦੀ
ਗੱਲ ਕਰਕੇ ਨਹੀਂ ਸ਼ਕਲ
ਕਰਕੇ ਹਾਸਾ ਜ਼ਿਆਦਾ ਆਉਂਦੇ। ਪਵਨ
ਨੂੰ ਹਰ ਗੱਲ ਦੀ
ਤੈਹ ਤੱਕ ਜਾਣ ਦੀ
ਆਦਤ, ਬਾਊਆਂ ਵੱਲੋਂ ਦਿੱਤਾ
ਪੁਰਾਣਾ ਵੈਸਪਾ ਸਕੂਟਰ, ਨੋਕੀਆ
ਦਾ 1100 ਮੋਬਾਇਲ ਜਿਸਦੇ ਨੰਬਰ
ਘੱਸ ਕੇ ਦਿਖਣੋ ਹੱਟ
ਗਏ ਹਨ ਅਤੇ ਹਾੜ
- ਸਿਆਲ ਪਾਈਆਂ ਗਾਂਧੀ ਮਾਰਕਾ
ਚਮੜੇ ਦੀਆਂ ਚੱਪਲਾਂ ਪਵਨ
ਦੇ ਸਰੀਰ ਦਾ ਹਿੱਸਾ
ਹਨ।
ਪਹਿਲਾਂ ਉਹ ਸੁਰਿੰਦਰ
ਬਾਂਸਲ ਦੀ ਆੜਤ ’ਤੇ
ਅਸਾਮੀਆਂ ਨੂੰ ਪਾਣੀ ਪਿਆਉਂਦਾ
ਸੀ, ਫਿਰ ਹੌਲੀ ਹੌਲੀ
ਮੁਨੀਮ ਬਣ ਗਿਆ।
ਫਿਰ ਜਦੋਂ ਸੁਰਿੰਦਰ ਨੇ
ਸ਼ੈਲਰ ਬਣਾਇਆ ਤਾਂ ਉਸਨੂੰ
ਸ਼ੈਲਰ ਦਾ ਕੰਮ ਕਾਰ
ਸੰਭਾਲ ਦਿੱਤਾ। ਹੁਣ
ਉਹ ਕਈ ਸਾਲਾਂ ਤੋਂ
ਸ਼ੈਲਰ ’ਚ ਮੁਨੀਮ ਤੋਂ
ਲੈ ਕੇ ਮੈਨੇਜਰੀ ਤੱਕ
ਸਾਰਾ ਕੰਮ ਵੇਖਦਾ।
ਕਦੇ ਇਕ ਪੈਸੇ ਦੀ
ਹੇਰਾਫੇਰੀ ਨਹੀਂ ਕੀਤੀ।
ਬਾਊ ਉਸਤੇ ਅੰਨ•ਾ
ਵਿਸ਼ਵਾਸ਼ ਕਰਦੇ ਨੇ।
ਕੁੱਲ ਮਿਲਾ ਕੇ ਪਵਨ
ਇਕ ਸ਼ਰੀਫ ਆਦਮੀ ਹੈ।
ਸਾਰੇ ਹੀ ਜਾਣਦੇ
ਨੇ ਕਿ ਆਮ ਤੌਰ
’ਤੇ ਉਨ•ਾਂ ਲੋਕਾਂ
ਨੂੰ ਸ਼ਰੀਫ ਕਿਹਾ ਜਾਂਦਾ
ਹੈ ਜਿਹੜੇ ਘਰੋਂ ਕੰਮ
’ਤੇ ਅਤੇ ਕੰਮ ਤੋਂ
ਘਰੇ ਜਾਂਦੇ
ਨੇ। ਪਵਨ
ਵੀ ਇਨ•ਾਂ ਸ਼ਰੀਫ
ਲੋਕਾਂ ’ਚੋਂ ਇਕ ਕੁਝ
ਵਧੇਰੇ ਹੀ ਸ਼ਰੀਫ ਆਦਮੀ
ਸੀ।
ਤੇ ਭਵਾਨੀ, ਪਵਨ
ਦੀ ਪਤਨੀ, ਜੋ ਰਾਜਸਥਾਨ
ਦੀ ਆ, ਵੀ ਇਸ
ਸ਼ਰੀਫ ਸਮਾਜ ਦੀ ਇਕ
ਆਦਰਸ਼ ਨਾਰੀ ਹੈ, ਜਿਹੜੀ
ਮੂੰਹ ਬੰਦ ਕਰਕੇ ਜਿਉਣ
ਅਤੇ ਰੱਜ ਕੇ ਖਾਣ
ਅਤੇ ਦੂਜਿਆਂ ’ਤੇ ਆਪਣੀ
ਟੌਅਰ ਦਾ ਰੋਹਬ ਪਾਉਣ
ਦੇ ਆਹਰ ’ਚ ਲੱਗੀ
ਰਹਿੰਦੀ ਹੈ।
ਪਵਨ ਦੇ ਆੜਤੀਏ
ਸੁਰਿੰਦਰ ਬਾਂਸਲ ਦਾ ਰਾਜਸਥਾਨ
ਦੇ ਸ਼ਹਿਰ ਕੋਟਾ ਵਿਖੇ
ਸੰਗਮਰਮਰੀ ਪੱਥਰ ਦਾ ਕਾਰੋਬਾਰ
ਹੈ। ਉਹ
ਪੱਥਰਾਂ ਦੀ ਖਾਨਾਂ ਮੁੱਲ
ਲੈ ਲੈਂਦਾ ਹੈ।
ਫੇਰ ਪੱਥਰ ਘੜ ਸੰਵਾਰ
ਕੇ ਸੰਗਮਰਮਰੀ ਸਿੱਲਾਂ ਬਣਾ ਕੇ
ਪੰਜਾਬ ’ਚ ਵੇਚ ਦਿੰਦਾ
ਹੈ। ਇਹ
ਕਈ ਗੁਣਾਂ ਮੁਨਾਫੇ ਵਾਲਾ
ਕੰਮ ਹੈ। ਪਰ
ਪਿਛਲੇ ਕੁਝ ਸਮੇਂ ਤੋਂ
ਪੱਥਰਾਂ ਦਾ ਕਾਰੋਬਾਰ ਕੁਝ
ਢਿੱਲਾ ਪਿਆ ਤਾਂ ਉਸਨੇ
ਕੋਟੇ ’ਚ ਹੀ ਇਕ
ਕੋਚਿੰਗ ਸੈਂਟਰ ਖੋਲ• ਲਿਆ। ਪੱਥਰਾਂ
ਦੀ ਮੰਡੀ ਦੇ ਨਾਲ
ਹੁਣ ਕੋਟਾ ਮੈਡੀਕਲ ਤੇ
ਨਾਨ ਮੈਡੀਕਲ ਵਿਦਿਆਰਥੀਆਂ ਲਈ
ਭਾਰਤ ਦੀ ਵੱਡੀ ਕੋਚਿੰਗ
ਮੰਡੀ ਬਣ ਗਿਆ ਹੈ। ਆਲੀਸ਼ਾਨ
ਤੇ ਫਾਈਵ ਸਟਾਰੀ ਕੋਚਿੰਗ
ਸੈਂਟਰ ਹਰ ਅਮੀਰ ਆਦਮੀ
ਲਈ ਆਪਣੇ ਧੀਆਂ ਪੁੱਤਾਂ
ਨੂੰ ਵੱਡੀਆਂ ਕਮਾਊ ਮਸ਼ੀਨਾਂ
ਬਣਾਉਣ ਦੀ ਸੁਪਨਗਾਹ ਬਣ
ਗਿਆ ਹੇ।
ਸੁਰਿੰਦਰ ਨੇ ਕੋਚਿੰਗ
ਸੈਂਟਰ ਦੇ ਨਾਲ ਹੀ
‘ਘਰੈਲੂ ਮਹਿਮਾਨਖਾਨਾ’ ਵੀ ਬਣਾ ਲਿਆ
ਹੈ। ਉਸਦਾ
ਨਾਮ ਹੈ ‘ਪੰਜਾਬ ਪੀਜੀ’। ਬਹੁਤ
ਖੂਬਸੁੂਰਤ, ਸਾਰਾ ਏ ਸੀ।
ਵੈਸੇ ਤਾਂ ਪੰਜਾਬੀ ਵਿਰਸੇ
’ਚ ਮਹਿਮਾਨ ਨੂੰ ਰੱਬ
ਦਾ ਰੂਪ ਮੰਨਿਆ ਗਿਆ
ਹੈ, ਪਰ ਵਪਾਰੀ ਪੰਜਾਬੀਆਂ
ਨੇ ਹੁਣ ਮਹਿਮਾਨ ਕੋਲੋਂ
ਵੀ ਮੁੱਲ ਲੈਣਾ ਸਿੱਖ
ਲਿਆ ਹੈ। ਵੱਡੇ
ਘਰਾਂ ਦੇ ਬੱਚੇ ਹੀ
ਪੜ•ਦੇ ਨੇ ਕੋਟਾ
ਦੇ ਕੋਚਿੰਗ ਸੈਂਟਰਾਂ ’ਚ। ਦਸਵੀਂ
ਤੋਂ ਬਾਅਦ +2 ਤੱਕ ਦੋ
ਸਾਲਾਂ ਦੇ ਵੱਖ-ਵੱਖ
ਕੋਰਸਾਂ ਦਾ ਉਕਾ-ਪੁੱਕਾ
ਦੋ ਤੋਂ ਪੰਜ ਲੱਖ
ਰੁਪਏ ਤੱਕ ਦਾ ਪੈਕਜ।
ਬੱਚੇ ਪੜ•ਦੇ ਨੇ
ਕੋਟਾ ਦੇ ਕੋਚਿੰਗ ਸੈਂਟਰਾਂ
’ਚ ਪਰ ਉਨ•ਾਂ
ਦੇ ਨਾਮ ਪੰਜਾਬ ਦੇ
ਸਰਕਾਰੀ, ਗੈਰ ਸਰਕਾਰੀ ਸਕੂਲਾਂ
’ਚ ਬੋਲਦੇ ਨੇ।
ਬਿਨਾਂ ਪੜ•ਾਏ ਮਿਲਦੀਆਂ
ਫੀਸਾਂ ਤੇ ਫਿਰ ਚੌਖੇ
ਨੰਬਰ ਲੈ ਕੇ ਸਕੂਲ
ਦੀ ਬਣਾਉਂਦੇ ਟੌਅਰ ਕਾਰਨ
‘ਕੋਟਾ ਸਟੂਡੈਂਟਾਂ’ ’ਤੇ ਸਕੂਲ ਲਾਜ਼ਮੀ
ਆਉਣ ਦੀ ਕੋਈ ਪਾਬੰਦੀ
ਨਹੀਂ। ਹਾਜ਼ਰੀ
ਤਾਂ ਉਨ•ਾਂ ਬੱਚਿਆਂ
ਦੀ ਲੱਗਦੀ ਸੀ ਜਿਹਨਾਂ
ਨੂੰ ਮਾਂ ਪਿਓ ਦਿਹਾੜੀ
ਵਾਸਤੇ ਆਪਣੇ ਨਾਲ ਘੜੀਸਦੇ
ਤੇ ਉਧਰ ਮਾਸਟਰ ਸਕੂਲ
ਨਾ ਆਉਣ ’ਤੇ ਘੂਰਦੇ
ਨੇ। ਬਾਂਸਲ
ਦਾ ਕੋਚਿੰਗ ਸੈਂਟਰ ਤੇ
ਪੀਜੀ ਸਾਲ ਦਾ ਅੱਠ
- ਦਸ ਕ੍ਰੋੜ ਦਾ ਬਿਜਨੈਸ
ਕਰ ਲੈਂਦਾ ਹੈ।
ਸਾਰੇ ਖਰਚੇ ਕੱਢ ਕੇ
ਵੀ ਪੰਜ ਕ੍ਰੋੜ ਤੋਂ
ਉਤੇ ਬੱਚ ਜਾਂਦੇ ਹਨ। ਪੀਜੀ
ਦੇ ਨਾਲ ਹੀ ਸੁਰਿੰਦਰ
ਨੇ ਆਪਣੇ ਲਈ ਇਕ
ਆਲੀਸ਼ਾਨ ਗੈਸਟ ਹਾਊਸ ਬਣਾ
ਹੋਇਆ ਹੈ। ਇਥੇ
ਉਹ ਆਪਣੇ ਯਾਰਾਂ ਬੇਲੀਆਂ
ਤੇ ਅਫਸਰਾਂ ਨਾਲ ਤਫਰੀਹ
ਕਰਨ ਲਈ ਦਸੀਂ ਪੰਦਰੀਂ
ਦਿਨੀ ਗੇੜਾ ਮਾਰਦਾ ਰਹਿੰਦਾ
ਹੈ। ਪੰਜਾਬ
’ਚ ਸਰਕਾਰ ਵੱਲੋਂ ਅੰਮ੍ਰਿਤਸਰ,
ਚੰਡੀਗੜ•, ਸਾਹਨੇਵਾਲ ਬਣਾਏ ਹਵਾਈ ਅੱਡੇ
ਅਜਿਹੇ ਵਪਾਰੀਆਂ ਲਈ ਬਹੁਤ
ਸਹਾਈ ਸਿੱਧ ਹੋ ਰਹੇ
ਸਨ। ਦਿਨੇ
ਪੰਜਾਬ ਦਾ ਕਾਰੋਬਾਰ ਵੇਖਦੇ,
ਰਾਤ ਨੂੰ ਤਫਰੀਹ ਕਰਨ
ਕੋਟੇ ਪਹੁੰਚ ਜਾਂਦੇ।
ਪੈਸੇ ਨੇ ਦੂਰੀਆਂ ਖਤਮ
ਕਰ ਦਿੱਤੀਆਂ ਸਨ।
ਉਹ ਸਰਕਾਰ ਦੀਆਂ ਵਿਕਾਸ
ਗਤੀਵਿਧੀਆਂ ਦੇ ਸੋਹਲੇ ਗਾਉਂਦੇ
‘ਪੀਟਰ ਸਕਾਟ’ ਤੇ ‘ਟੀਚਰਜ਼
ਵਿਸਕੀ’ ਦੇ ਪੈਗ ਲਾਉਂਦੇ
ਹਨ। ਤੇ
ਉਸੇ ਪੰਜਾਬ ਦੇ ਕੈਂਸਰ
ਮਾਰੇ ਲੋਕ ਅਜੇ ਵੀ
ਤੂੜੀ ਵਾਂਗ ਲੱਦੀ ਰੇਲ
’ਚ ਠੰਡੀਆਂ ਰੋਟੀਆਂ ’ਚ
ਅਚਾਰ ਦੀਆਂ ਫਾੜੀਆਂ ਤੁੰਨੀ
ਤੇ ਹੱਥ ’ਚ ਦੂਸ਼ਿਤ
ਪਾਣੀ ਦੀਆਂ ਕੈਨੀਆਂ ਲਈ
ਸਾਰੀ ਰਾਤ ਜਾਗ ਕੇ
ਬੀਕਾਨੇਰ ਦੇ ਕੈਂਸਰ ਹਸਪਤਾਲਾਂ
’ਚ ਪੁੱਜਦੇ ਨੇ।
ਖੈਰ, ਆਪਾਂ ਗੱਲ
ਕਰ ਰਹੇ ਸੀ ਕੋਟਾ
ਵਿਚਲੇ ਬਾਂਸਲ ਦੇ ‘ਪੰਜਾਬ
ਪੀਜੀ’ ਦੀ। ਇਸ
ਪੀਜੀ ਦੇ ਨਾਲ ਹੀ
ਜੁੜੀ ਹੈ ਭਵਾਨੀ ਦੇ
ਬਚਪਨ ਦੀ ਗਾਥਾ ਤੇ
ਅੱਗੋਂ ਪਵਨ ਦੀ ਰਸੋਈ
’ਚ ਪਹੁੰਚ ਕੇ ਕਾਕਰੋਚਾਂ
ਨਾਲ ਦੋ - ਚਾਰ ਹੋਣ
ਦੀ ਗੱਲ।
ਬਾਂਸਲ ਦੇ ਕੋਟਾ
ਵਿਚਲੇ ਗੈਸਟ ਹਾਊਸ ’ਚ
ਰੋਟੀ ਪਾਣੀ ਲਈ ਭਵਾਨੀ
ਦੀ ਵੱਡੀ ਭੈਣ ਦੁਰਗਾ ਕੰਮ
ਕਰਦੀ ਸੀ। ਦੋਵੇਂ
ਭੈਣਾਂ ਗੈਸਟ ਹਾਊਸ ਦੇ
ਕੁਆਟਰ ’ਚ ਹੀ ਰਹਿੰਦੀਆਂ
ਸਨ। ਉਨ•ਾਂ ਦਾ ਦੂਰ
ਦੀ ਰਿਸ਼ਤੇਦਾਰੀ ’ਚੋਂ ਚਾਚਾ ਲੱਗਦਾ
ਧਨੀਆ ਵੀ ਉਥੇ ਰਹਿੰਦਾ
ਸੀ। ਜਦੋਂ
ਸੁਰਿੰਦਰ ਬਾਂਸਲ ਜਾਂ ਉਸਦਾ
ਕੋਈ ਯਾਰ ਬੇਲੀ ਗੈਸਟ
ਹਾਊਸ ’ਚ ਹੁੰਦਾ ਤਾਂ
ਦੁਰਗਾ ਦੇਰ ਰਾਤ ਤੱਕ
ਰੋਟੀ ਪਾਣੀ ਪਕਾਉਂਦੀ ਤੇ
ਖਵਾਉਂਦੀ ਰਹਿੰਦੀ। ਉਨ•ਾਂ ਦੀ ਮਾਂ
ਬਚਪਨ ’ਚ ਉਨ•ਾਂ
ਨੂੰ ਛੱਡ ਕੇ ਕਿਸੇ
ਟੂਰਿਸਟ ਨਾਲ ਚਲੀ ਗਈ
ਸੀ। ਪਿਓ
ਨੇ ਹੀ ਪਾਲੀਆਂ ਸਨ। ਪਰ
ਹੁਣ ਪਿਓ ਵੀ ਦੁਨੀਆਂ
ਹੀ ਛੱਡ ਕੇ ਤੁਰ
ਗਿਆ ਸੀ। ਇਕ
ਰਾਤ ਚੰਗੀ ਭਲੀ ਦੁਰਗਾ
ਬਾਂਸਲ ਅਤੇ ਉਸਦੇ ਯਾਰਾਂ
ਬੇਲੀਆਂ ਨੂੰ ਰਾਤ ਦੀ
ਰੋਟੀ ਖਵਾਉਣ ਲਈ ਗੈਸਟ
ਹਾਊਸ ’ਚ ਰੁਕੀ ਹੋਈ
ਸੀ ਕਿ ਅਚਾਨਕ ਹੋਏ
ਪੇਟ ਦਰਦ ਨਾਲ ਮਰ
ਗਈ। ਇਸ
ਗੱਲ ਦਾ ਪਤਾ ਭਵਾਨੀ
ਨੂੰ ਉਸਦੇ ਚਾਚਾ ਰਾਹੀਂ
ਲੱਗਿਆ ਸੀ। ਪਰ
ਜਦੋਂ ਤੱਕ ਇਹ ਮੁੱਦਾ
ਗੈਸਟ ਹਾਊਸ ਦੀ ਚਾਰ
ਦੀਵਾਰੀ ’ਚੋਂ ਬਾਹਰ ਨਿਕਲਦਾ
ਤੇ ਅਖਬਾਰਾਂ ਤੇ ਟੈਲੀਵੀਜ਼ਨ
ਦੀ ਸੁਰਖੀ ਬਣਦਾ ਉਸਤੋਂ
ਪਹਿਲਾਂ ਹੀ ਸਾਂਭ ਲਿਆ
ਗਿਆ। ਸੁਰਿੰਦਰ
ਬਾਂਸਲ ਨੇ ਪੰਜਾਬ ਸਰਕਾਰ
ਦੇ ਵਿਕਾਸ ਦਾ ਫਾਇਦਾ
ਉਠਾਉਂਦਿਆਂ ਰਾਤੋ ਰਾਤ ਹਵਾਈ
ਜਹਾਜ਼ ’ਤੇ ਆਪਣੀ ਘਰਵਾਲੀ
ਰਮਾ ਨੂੰ ਕੋਟੇ ਸੱਦ ਲਿਆ। ਪਵਨ
ਵੀ ਉਸ ਨਾਲ ਸੀ। ਸੁਰਿੰਦਰ
ਨੇ ਰਮਾ ਨੂੰ ਸਾਰੀ
ਗੱਲ ਸਮਝਾਈ। ਕ੍ਰੋੜਾਂ
ਦਾ ਕਾਰੋਬਾਰ ਹੁਣ ਭਵਾਨੀ
ਦੇ ਦੋ ਬੋਲਾਂ ’ਤੇ
ਹੀ ਟਿਕਿਆ ਸੀ।
ਤੇ ਇਹ ਬੋਲ ਰਮਾ
ਸੰਭਾਲ ਸਕਦੀ ਸੀ।
ਰਮਾ ਨੇ ਕੁਝ ਪਲ
ਅੱਖਾਂ ਕੱਢੀਆਂ, ਪਹਿਲਾਂ ਅੱਖਾਂ
ਦਾ ਰੰਗ ਲਾਲ ਹੋਇਆ
ਫਿਰ ਉਨ•ਾਂ ’ਚ
ਪਾਣੀ ਆ ਗਿਆ।
ਪਾਣੀ ਨਾਲ ਗੁੱਸਾ ਧੋਤਾ
ਗਿਆ ਅਤੇ ਗੁੱਸੇ ਵਾਲਾ
ਲਾਲ ਰੰਗ ਦੁੱਖ ਵਾਲੇ
ਲਾਲ ਰੰਗ ’ਚ ਬਦਲ
ਗਿਆ। ਫਿਰ
ਉਹ ਖਾਮੋਸ਼ ਹੋ ਗਈ। ਭਾਰਤੀ
ਪ੍ਰੰਪਰਾਵਾਦੀ ਸਤੀ ਸਵਿਤਰੀ ਭਾਰਤੀ
ਨਾਰੀ ਰਮਾ ਨੇ ਭਵਾਨੀ
ਨੂੰ ਆਪਣੀ ਗੋਦ ’ਚ
ਲਿਆ। ਪਿਆਰ
ਕੀਤਾ ਤੇ ਆਪਣੀ ਧੀ
ਬਣਾ ਲਿਆ। ਭਾਰਤੀ
ਨਾਰੀ ਮਹਾਨ ਹੈ।
ਰਮਾ ਨੇ ਹੀ
ਆਪਣੇ ਨਾਲ ਗਏ ਪਵਨ
ਨਾਲ ਭਵਾਨੀ ਦਾ ਉਸੇ
ਵੇਲੇ ਲਗਨ ਪੜ•ਾ
ਦਿੱਤਾ। ਭਵਾਨੀ
ਦੀ ਮਰੀ ਹੋਈ ਭੈਣ
ਦੁਰਗਾ ਦੀ ਫੋਟੋ ਦੀ
ਥਾਂ ਭਵਾਨੀ ਦੇ ਲਗਨ
ਵਾਲੀ ਫੋਟੋ ਅਖਬਾਰਾਂ ਦੀ
ਮੁੱਖ ਸੁਰਖੀ ਬਣ ਗਈ;
‘ਪੰਜਾਬ ਪੀਜੀ ਕੇ ਮਾਲਕ
ਸੇਠ ਸੁਰਿੰਦਰ ਬਾਂਸਲ ਨੇ
ਬੇਸਹਾਰਾ ਭਵਾਨੀ ਕੋ ਦੀਆ
ਸਹਾਰਾ - ਸ਼ਾਦੀ ਪਰ ਲਾਖੋਂ
ਖਰਚੇ’। ਭਵਨ
ਦੇ ਸਾਰੇ ਰਿਸ਼ਤੇਦਾਰ ਸੱਦੇ
ਗਏ। ਗਰੀਬ
ਰਿਸ਼ਤੇਦਾਰਾਂ ਨੂੰ ਮਹਿੰਗੇ ਤੋਹਫੇ
ਦਿੱਤੇ ਗਏ। ਸਾਰੇ
ਰਿਸ਼ਤੇਦਾਰਾਂ ਨੇ ਸੁਰਿੰਦਰ ਵੱਲੋਂ
ਕੀਤੇ ਪਰਉਪਕਾਰ ਬਦਲੇ ਉਸਦੇ
ਪੈਰੀਂ ਹੱਥ ਲਾਏ।
ਪੰਜਾਬ ਤੇ ਪੰਜਾਬੀਆਂ ਦੀ
ਜੈ ਜੈ ਕਾਰ ਕੀਤੀ। ਇਹ
ਫੋਟੋ ਵੀ ਅਖਬਾਰਾਂ ਦੇ
ਪਹਿਲੇ ਕਾਲਮ ’ਚ ਲੱਗੀ। ਟੀਵੀ
ਚੈਨਲਾਂ ਨੇ ਲਾਈਵ ਪ੍ਰਸਾਰਨ
ਕਰਕੇ ਪੰਜਾਬੀਅਤ ਦੇ ਝੰਡੇ ਗੱਡੇ। ਸ਼ਹਿਰ
ਦੇ ਵੱਡੇ - ਵੱਡੇ ਸਮਾਜ
ਸੇਵਕ, ਪੱਤਰਕਾਰ, ਕੋਚਿੰਗ ਸੈਂਟਰਾਂ ਦੇ
ਮਾਲਕ ਤੇ ਵਿਦਿਆਰਥੀ ਸੱਦੇ
ਗਏ। ਇਕ
ਦਿਨ ਦੇ ਭੋਜ ’ਤੇ
ਦਸ ਲੱਖ ਰੁਪਏ ਖਰਚੇ
ਗਏ। ਸੁਰਿੰਦਰ
ਲਈ ਇਹ ਸੌਦਾ ਬਹੁਤ
ਸਸਤਾ ਸੀ। ਪਵਨ
ਤੇ ਭਵਾਨੀ ਬਿਨਾਂ ਕੁਝ
ਸਮਝੇ ਸੁਪਨਮਈ ਹੋਏ ਪਏ
ਸਨ। ਕਦੇ
ਉਹ ਸੇਠ ਸੁਰਿੰਦਰ ਬਾਂਸਲ
ਤੇ ਰਮਾ ਨੂੰ ਨਤਮਸਤਕ
ਹੁੰਦੇ ਤੇ ਕਦੇ ਰਾਮ
ਜੀ ਨੂੰ। ਭਵਾਨੀ
ਦਾ ਕੰਨਿਆ ਦਾਨ ਸੁਰਿੰਦਰ
ਬਾਂਸਲ ਨੇ
ਕੀਤਾ ਤੇ ਪਵਨ ਵੱਲੋਂ
ਸ਼ਗਨ ਰਮਾ ਨੇ ਪਾਇਆ। ਪਵਨ
ਤੇ ਭਵਾਨੀ ਦੀ ਸੁਹਾਗਰਾਤ
ਲਈ ਜੈਪੁਰ ਦੇ ਇਕ
ਹੋਟਲ ਬੁੱਕ ਕੀਤਾ ਗਿਆ। ਅਖਬਾਰਾਂ
ਨੇ ਇਹ ਖ਼ਬਰ ਵੀ
ਡੱਬੀ ’ਚ ਲਾਈ।
ਪਵਨ ਤੇ ਭਵਾਨੀ
ਸੁਹਾਗਰਾਤ ਦੇ ਅਗਲੇ ਹੀ
ਦਿਨ ਲਾਲ ਪੱਥਰ ਦੇ
ਸ਼ਹਿਰ ਜੈਪਰ ਤੋਂ ਪੰਜਾਬ
ਦੀ ਹਰੀ ਭਰੀ ਤੇ
ਖੁਸ਼ਹਾਲ ਧਰਤੀ ’ਤੇ ਪਹੁੰਚ
ਗਏ। ਮੁੜ ਭਵਾਨੀ
ਰਾਜਸਥਾਨ ਨਹੀਂ ਗਈ।
ਸੁਣਿਆ ਇਕ ਦੋ ਸਿਰ
ਫਿਰੇ ਪੱਤਰਕਾਰ ਦੁਰਗਾ ਦਾ
ਸਿਵਾ ਫੋਲਦੇ ਫਿਰਦੇ ਹਨ। ਉਹ
ਗੈਸਟ ਹਾਊਸ ਦੀਆਂ ਦਰੀਆਂ
ਖੇਸਾਂ ’ਚੋਂ ਵੀ ਸੁੰਧਕ
ਸੁੰਧਕ ਲੈਂਦੇ ਰਹੇ ਪਰ
ਉਨ•ਾਂ ਨੂੰ ਨਾਂ
ਤਾਂ ਭਵਾਨੀ ਮਿਲੀ ਤੇ
ਨਾਂ ਭਵਾਨੀ
ਦੇ ਕਿਸੇ ਰਿਸ਼ਤੇਦਾਰ ਨੇ
ਕੋਈ ਸ਼ਕਾਇਤ ਕੀਤੀ।
ਸਗੋਂ ਰਿਸ਼ਤੇਦਾਰ ਤਾਂ ਸੇਠ ਸੁਰਿੰਦਰ
ਬਾਂਸਲ ਵੱਲੋਂ ਦਿੱਤੇ ਤੋਹਫੇ
ਦਿਖਾ ਕੇ ਉਸਨੂੰ ਫਰਿਸ਼ਤਾ
ਦੱਸ ਰਹੇ ਸੀ।
ਰਮਾ ਨੇ ਪਵਨ
ਤੇ ਭਵਾਨੀ ਨੂੰ ਰਹਿਣ
ਲਈ ਆਪਣਾ ਪੁਰਾਣਾ ਖਾਲੀ
ਪਿਆ ਘਰ ਦੇ ਦਿੱਤਾ। ਪਵਨ
ਪਹਿਲਾਂ ਆਪਣੇ ਮਾਂਪਿਓ ਵਾਲੇ
ਖਸਤਾ ਜਿਹੇ ਘਰ ’ਚ
ਰਹਿੰਦਾ ਸੀ। ਉਸਦੇ
ਮਾਂਪਿਓ ਮਰਿਆਂ ਨੂੰ ਕਾਫੀ
ਸਮਾਂ ਹੋ ਗਿਆ ਸੀ। ਰਮਾਂ
ਨੇ ਪਵਨ ਨੂੰ ਪਿੱਤਰੀ
ਘਰ ਨੂੰ ਢਾਹ ਕੇ
ਨਵਾਂ ਬਣਾਉਣ ਲਈ ਦੋ
ਲੱਖ ਰੁਪਈਆ ਦੇ ਦਿੱਤਾ।
ਭਵਾਨੀ, ਰਮਾ ਮੈਡਮ ਦੇ
ਨਿੱਜੀ ਕੰਮ ਕਾਰ ਕਰਦੀ। ਪਾਰਟੀਆਂ
’ਤੇ ਨਾਲ ਜਾਂਦੀ ਮਾਲਕਣ
ਦਾ ਬੈਗ ਤੇ ਕੱਪੜੇ
ਸਾਂਭੀ ਰੱਖਦੀ। ਘਰੇ
ਰਸੋਈ ਦਾ ਕੰਮ ਕਾਰ
ਕਰਦੀ।
ਭਵਾਨੀ ਥੋੜੀ ਸਿੱਧਰੀ ਸੀ। ਜੋ
ਕੰਮ ਕਿਹਾ ਜਾਂਦਾ ਉਹ
ਕਰ ਲੈਂਦੀ। ਪਰ
ਉਸਦੇ ਰਾਜਸਥਾਨੀ ਕੜੇ, ਘੁੰਗਰੂ, ਗਜਰੇ,
ਬਿੱਛੂ, ਬੋਰਲਾ, ਤੜਾਗੀ ਤੇ
ਸ਼ੋਖ ਰੰਗਾਂ ਦੇ ਕੱਪੜੇ
ਰਮਾਂ ਨੂੰ ਚੰਗੇ ਲੱਗਦੇ।
ਭਵਾਨੀ, ਸੁਰਿੰਦਰ ਬਾਂਸਲ ਦੇ
ਮੱਥੇ ਨਾ ਲੱਗੇ, ਰਮਾ
ਨੇ ਅਜਿਹਾ ਪ੍ਰਬੰਧ ਕਰ
ਦਿੱਤਾ ਸੀ।
ਪਵਨ ਦੇ ਨਾਲ
ਦੇ ਕਾਮੇ ਅਕਸਰ ਵਿਹਲੇ
ਵੇਲੇ ਗੀਤ ਗਾਉਂਦੇ, ‘ਪਹਿਲਾਂ
ਪਵਨ ਨੂੰ ਮਿਲਿਆ ਵੇਸਪਾ
ਸਕੂਟਰ, ਫੇਰ ਮਿਲੀ ਘਰਵਾਲੀ
- ਦੋਵੇਂ ਹੀ ਨੇ ਧੱਕਾ
ਸਟਾਰਟ, ਸਰਵਿਸ ਭਾਲਣ ਬਾਹਲੀ
- ਅਸੀਂ ਅਜੇ ਵੀ ਛੜੇ
ਫਿਰਦੇ, ਸਾਨੂੰ ਵੀ ਲਿਆਦੇ
ਪਵਨ ਸਿਆਂ ਰਾਜਸਥਾਨੀ ਸਾਲੀ।’ ਆਪਣੇ
ਆਪ ਨੂੰ ਛੜਾ ਕਹਿਣ
ਵਾਲਿਆ ’ਚ ਬਹੁਤੇ ਕਈ
ਕਈ ਜਵਾਕਾਂ ਦੇ ਪਿਓ
ਸਨ। ਪਵਨ
ਆਪਣੇ ਵਿਸ਼ੇਸ਼ ਅੰਦਾਜ਼ ’ਚ
ਗੱਲਾਂ ਫੁਲਾ ਕੇ ਤੇ
ਬੁੱਲ ਬਾਹਰ ਕੱਢਕੇ ਆਪਣਾ
ਗੁੱਸਾ ਵਿਖਾਉਂਦਾ ਅਤੇ ਨਸੀਹਤ ਦਿੰਦਾ
ਕਿ ਵਿਆਹ ਕਰਾਉਣਾ ਤਾਂ
ਆਪੋ ਆਪਣੇ ਮਾਪਿਆਂ ਜਾਂ
ਸੇਠਾਂ ਨੂੰ ਕਹੋ।
ਉਹ ਗੀਤ ਵਿਚਲੀ ਰਮਜ਼
ਨਹੀਂ ਸੀ ਸਮਝਦਾ।
ਪਵਨ ਤੇ ਭਵਾਨੀ ਦੇ ਵਿਆਹ
ਨੂੰ ਸਾਲ ਤੋਂ ਉਤੇ
ਹੋ ਗਿਆ। ਭਵਾਨੀ ਦਾ ਕੋਈ
ਰਿਸ਼ਤੇਦਾਰ ਉਨ•ਾਂ ਕੋਲ
ਨਹੀਂ ਆਇਆ। ਉਸਦੀ
ਇੱਛਾ ਸੀ ਕਿ ਆਪਣਾ
ਬਹੁਤ ਸੋਹਣਾ ਘਰ ਬਣਾ
ਕੇ ਆਪਣੇ ਰਿਸ਼ਤੇਦਾਰਾਂ ਨੂੰ
ਸੱਦੇਗੀ।
ਉਧਰ
ਹੁਣ ਕਾਕਰੋਚ ਪਵਨ ਦੀ
ਖੋਜ ਦਾ ਵਿਸ਼ਾ ਬਣ
ਗਿਆ। ਉਸਨੂੰ
ਅਜੇ ਖੋਜ ਕਾਰਜ ਸ਼ੁਰੂ
ਕੀਤਿਆਂ ਦੋ ਦਿਨ ਹੀ
ਹੋਏ ਸੀ ਕਿ ਇਕ
ਰਾਤ ਨੂੰ ਰਸੋਈ ਵਿਚੋਂ ਭਵਾਨੀ
ਦੀ ਚੀਕ ਫਿਰ ਸੁਣਾਈ
ਦਿੱਤੀ।
‘ਡਿੱਗੀ ਤਾਂ ਨਹੀਂ
ਹੋਣੀ। ਕਾਕਰੋਚ
ਵੀ ਨਹੀਂ ਆ ਸਕਦਾ।
ਫੇਰ...।’
ਟੀ ਵੀ ਮੂਹਰੇ
ਬੈਠਾ ਡਿਸਕਵਰੀ ਚੈਨਲ ’ਤੇ
ਕੀਟ ਪਤੰਗਿਆਂ ਬਾਰੇ ਫਿਲਮ
ਵੇਖ ਰਿਹਾ ਪਵਨ ਜਦੋਂ
ਰਸੋਈ ਲੂ’ਚ ਗਿਆ
ਤਾਂ ਭਵਾਨੀ ਨਾ ਤਾਂ
ਡਰਨੇ ਵਾਗੂੰ ਸਿੱਧੀ ਖੜੀ
ਸੀ ਤੇ ਨਾ ਹੀ
ਚੀਕ ਮਾਰਕੇ ਉਸਨੂੰ ਚਿੰਬੜੀ। ਸਗੋਂ
ਉਹ ਝਾੜੂ ਨੂੰ
ਜ਼ੋਰ - ਜ਼ੋਰ ਦੀ ਫਰਸ਼
’ਤੇ ਮਾਰ ਰਹੀ ਸੀ। ਨਾਲ
ਹੀ ਬਾਗੜੀ ’ਚ ਚੀਕਾਂ
ਵਰਗੀਆਂ ਗਾਹਲਾਂ ਕੱਢ ਰਹੀ
ਸੀ ਜਿਹੜੀਆਂ ਪਵਨ ਨੇ
ਪਹਿਲਾਂ ਨਹੀਂ ਸੀ ਸੁਣੀਆਂ। ਫਰਸ਼
’ਤੇ ਇਕ ਛੋਟਾ ਜਿਹਾ
ਕਾਕਰੋਚ ਭੱਜਿਆ ਫਿਰਦਾ ਸੀ।
ਪਵਨ ਦੇ ਨਿਰੀਖਣ
ਅਨੁਸਾਰ ਇਹ ਛੋਟਾ ਮੈਲੇ
ਚਿੱਟੇ ਜਿਹੇ ਰੰਗ ਦਾ
ਕਾਕਰੋਚ ਸੀ। ਬੜਾ
ਮਾਸੂਮ ਜਿਹਾ। ਪਰ
ਭੱਜਦਾ ਬਹੁਤ ਤੇਜ਼ ਸੀ। ਇਹ
ਕਾਕਰੋਚ ਦਾ ਬੱਚਾ ਹੋਊ
ਜਾਂ ਛੋਟੀ ਨਸਲ ਦਾ
ਵੱਡਾ।
ਭਵਾਨੀ ਝਾੜੂ ਮਾਰਦੀ ਤਾਂ
ਕਾਕਰੋਚ ਉਸਦੀ ਮਾਰ ਤੋਂ
ਪਰ•ਾਂ ਜਾ ਚੁੱਕਿਆ
ਹੁੰਦਾ। ਉਸਦਾ
ਗੁੱਸਾ ਹੋਰ ਵੱਧ ਜਾਂਦਾ। ਅਖੀਰ
ਅੰਨ•ੇ ਵਾਹ ਝਾੜੂ
ਮਾਰਦੀ ਭਵਾਨੀ ਨੇ ਕਾਕਰੋਚ
ਮਾਰ ਹੀ ਦਿੱਤਾ।
‘ਕੋਈ ਠਾ ਕੋ
ਨੀ ਯਾਅ ਕਾਕਰਾਚ ਕਠਾਂ
ਸੇ ਆਨ ਲਾਗਰੇ... ਅਭੀ
ਥਾ ਕੁਝ ਕਰੋ ਕੇ...।’ ਟੀ
ਸ਼ਰਟ ਤੇ ਪਜ਼ਾਮੀ ’ਚ
ਫਸੀ ਖੜੀ ਭਵਾਨੀ
ਕਸਰਤ ਕਰਕੇ ਹਟੇ ਭਲਵਾਨ
ਵਾਂਗ ਵੱਖੀਆਂ ’ਤੇ ਹੱਥ
ਰੱਖ ਕੇ ਗੁੱਸੇ ਨਾਲ
ਪਵਨ ਵੱਲ ਵੇਖ ਰਹੀ
ਸੀ। ਫੇਰ
ਉਸ ਨੇ ਝਾੜੂ ਪੁੱਠੇ
ਪਏ ਕਾਕਰੋਚ ਦੀ ਮ੍ਰਿਤਕ
ਦੇਹ ’ਤੇ ਸੁੱਟ ਦਿੱਤਾ।
‘ਇਬ ਉਠਾਓ ਇਸ
ਮਰਦੂਦ ਕੋ ... ਫੈਂਕ ਆਓ
ਗੰਦ ਨੇ ...।’
‘ਕਾਹਨੂੰ ਮਾਰਤਾ ਵਿਚਾਰਾ...
ਨਿੱਕਾ ਜਿਹਾ... ਐਵੀਂ...।’
‘ਨਾ ਮਾਰੂੰ ਤੋਂ
ਇੰਗੀ ਆਰਤੀ ਉਤਾਰੂੰ ਕੇ...
ਮੈਂ ਥਨੇ ਕਹਿਨ ਲਾਗਰੀ
ਊਂ ਕਿ ਕੁਸ਼ ਕੁਝ
ਕਰੋ ਥੋ... ਇਭੀ ਤੋ
ਘਰ ਮੋਂ ਮਾਤਾ ਕਾ
ਜਾਗਰਨ ਬੀ ਕੋ ਨੀ
ਕਰਾਇਓ...।’
‘ਹਾਂ ਮੈਂ ਤੋ
ਪਹਿਲੇ ਈ ਕਰੀ ਜਾਂਦਾ
ਪ੍ਰਬੰਧ ਇੰਨ•ਾਂ ਦਾ...
ਤੂੰ ਇਹ ਦੱਸ ਬਈ
ਇਹ ਕਿਹੜੇ ਪਾਸਿਓਂ ਆਇਆ
ਸੀ... ਊਪਰ ਸੇ ਜਾਂ
ਹੇਠਾਂ ਸੇ...।’
‘ਮੈਂ ਕੌਣ ਸੀ
ਬਿੰਗੀ ਮੂਵੀ ਬਣਾਨ ਲਾਗਰੀ
ਕੇ ਕਠੂ ਸੇ ਆਇਓ
ਕਠੂ ਨਾ ਆਇਓ... ਮੰਨੇ
ਕੇ ਠਾਅ... ਆ ਤਾਂ
ਮਾਰੇ ਪਾਗਿਆਂ ਮੇਂ ਪੜਿਓ
ਥੋ... ਕੇ ਫਜ਼ੂਲ ਬਾਤਾਂ
ਕਰਨ ਲਾਗਰਿਆ... ਥੇ ਕਰੋ ਕੁਝ
ਜੀ... ਨਈਂ ਤੋਂ ਮੈਂ
ਰਸੋਈ ਮੈਂ ਕੋ ਨਾ
ਘੁਸੂੰ..।’
ਭਵਾਨੀ ਪੱਲੇਦਾਰਾਂ ਦੇ ਫੂਡ ਸਪਲਾਈ
ਦਫਤਰ ਮੂਹਰੇ ਰੋਸ ਮੁਜ਼ਾਹਰਾ
ਕਰਨ ਵਾਂਗ ਰਸੋਈ ਦੇ
ਬਾਰ ’ਚ ਅੜੀ ਖੜੀ
ਸੀ।
ਪਵਨ ਸਾਰੀ ਰਾਤ
ਕਾਕਰੋਚਾਂ ਦੀ ਗਿਣਤੀ ਮਿਣਤੀ
ਕਰਦਾ ਰਿਹਾ ਤੇ ਅਖੀਰ
ਇਸ ਸਿੱਟੇ ’ਤੇ ਪਹੁੰਚਿਆ
ਕਿ ਇਹ ਰਸੋਈ ’ਚ
ਕਰਵਾਏ ‘ਵੁੱਡ ਵਰਕ’ ਦੀਆਂ
ਖੱਲਾਂ ਖੂੰਜਿਆਂ ’ਚ ਹੀ ਰਹਿੰਦੇ
ਹੋਣਗੇ। ਫਿੱਕੀ
ਹਰੀ ਤੇ ਗੂਹੜੇ ਭੂਰੇ
ਰੰਗ ਦੇ ਕੰਬੀਨੇਸ਼ਨ ਵਾਲੀ
ਸਨਮਾਈਕਾ ਅਤੇ ਸ਼ੀਸ਼ੇ ਵਾਲੀਆਂ
ਬਾਰੀਆਂ ਵਾਲਾ ‘ਵੁੱਡ ਵਰਕ’
ਉਸਨੇ ਬਹੁਤ ਸ਼ੌਂਕ
ਨਾਲ ਕਰਵਾਇਆ ਸੀ।
ਸੁਰਿੰਦਰ ਬਾਊ ਦੀ ਨਵੀਂ
ਕੋਠੀ ’ਚ ਬਣੀ ਰਸੋਈ
ਦਾ ਹੂਬਹੂ ਡਿਜ਼ਾਇਨ ਲਾਹਿਆ
ਸੀ ਪਰ ਖਰਚਾ ਉਸਤੋਂ
ਕਈ ਗੁਣਾਂ ਘੱਟ ਕੀਤਾ
ਸੀ। ਬਲੈਕ
ਮਾਰਬਲ ਦੀ ਸਲੈਬ, ਸਟੀਲ
ਦਾ ਸ਼ੈਂਕ, ਕੋਟਾ ਸਟੋਨ
ਦਾ ਫਰਸ਼ ਤੇ ‘ਭਾਰਤ’
ਦੀਆਂ ਪਿੱਤਲ ਦੀਆਂ ਟੂਟੀਆਂ
ਤੇ ‘ਗਲੈਕਸੀ’ ਦੀ ਅਸੈਸਰੀ
ਸਾਰਾ ਕੁਝ ਲਾ ਕੇ
ਉਸਦਾ ਇਕੱਲੀ ਰਸੋਈ ’ਤੇ
ਹੀ ਲੱਖ ਰੁਪਈਆ ਖਰਚ
ਆਇਆ ਸੀ। ਜਗ•ਾ ਜ਼ਰੂਰ ਬਾਊਆਂ
ਦੀ ਰਸੋਈ ਨਾਲ ਘੱਟ
ਸੀ, ਪਰ ਦੋ ਜੀਆਂ
ਦੇ ਪਰਿਵਾਰ ਲਈ ਵਾਧੂ
ਸੀ। ਦੋ
ਲੱਖ ਤਾਂ ਬਾਊਆਂ ਨੇ
ਦਿੱਤਾ ਸੀ ਬਾਕੀ ਉਸਨੇ
ਆਪਣੀ ਜਮਾਂ ਪੂੰਜੀ ਸਾਰੀ
ਖਰਚ ਕਰਕੇ ਸ਼ਾਨਦਾਰ ਘਰ
ਬਣਾ ਲਿਆ ਸੀ।
ਇਹ ਪਵਨ ਤੇ ਭਵਾਨੀ
ਦਾ ਸਾਂਝਾ ਸੁਪਨਾ ਸੀ। ਇਸੇ
ਸੁਪਨੇ ਨੂੰ ਪੂਰਾ ਕਰਨ
ਲਈ ਉਨ•ਾਂ ਅਜੇ
ਤੱਕ ਕੋਈ ਬੱਚਾ ਵੀ
ਪੈਦਾ ਨਹੀਂ ਸੀ ਕੀਤਾ,
ਜਾਂ ਸ਼ਾਇਦ ਆਪੇ ਹੀ
ਹੋਇਆ ਨਹੀਂ ਸੀ।
ਪਰ ਉਹ ਖੁਸ਼ ਸਨ। ਹੁਣ
ਉਹ ਇਕ ਸ਼ਾਨਦਾਰ ਜਗਰਾਤਾ
ਤੇ ਪਾਰਟੀ ਕਰਨਾ ਚਾਹੁੰਦੇ
ਸੀ। ਆਪਣੇ
ਸਾਰੇ ਰਿਸ਼ਤੇਦਾਰਾਂ ਨੂੰ ਸੱਦ ਕੇ
ਆਪਣਾ ਘਰ ਵਿਖਾਕੇ ਉਨ•ਾਂ ’ਤੇ ਆਪਣਾ
ਰੋਹਬ ਪਾਉਣ ਲੲਂੀ ਉਹ
ਤਰਲੋ ਮੱਛੀ ਹੋ ਰਹੇ
ਸਨ।
ਪਰ ਇਸ ਦੌਰਾਨ
ਕਾਕਰੋਚਾਂ ਦੀ ਦਖਲ ਅੰਦਾਜ਼ੀ
ਹੋਣਾ ਸਿਰਫ ਭੈੜੀ ਹੀ
ਨਹੀਂ ਖਤਰਨਾਕ ਵੀ ਸੀ। ਜਿਵੇਂ
ਸਟੋਰ ਕੀਤੀ ਕਣਕ ਨੂੰ
ਸੁਸਰੀ ਲੱਗ ਗਈ ਹੋਵੇ
ਜਾਂ ਮੀਂਹ ਦੇ ਪਾਣੀ
’ਚ ਭਿੱਜਣ ਨਾਲ ਝੋਨੇ
ਦਾ ਰੰਗ ਬਦਰੰਗ ਹੋ
ਗਿਆ ਹੋਵੇ।
ਸੁਭਾ ਉਠਦੇ ਹੀ ਪਵਨ
ਨੇ ਲੱਕੜ ਵਾਲੇ ਦਰਸ਼ਨ
ਮਿਸਤਰੀ ਨੂੰ ਫੋਨ ਕੀਤਾ। ਕਾਕਰੋਚਾਂ
ਬਾਰੇ ਦੱਸਿਆ। ਵਾਰ
ਵਾਰ ਛੇਤੀ ਆਉਣ ਲਈ
ਕਹੀ ਗਿਆ। ਅੱਧੇ
ਕੁ ਘੰਟੇ ਬਾਅਦ ਦਰਸ਼ਨ
ਮਿਸਤਰੀ ਆਪਣੇ ਸੰਦ ਸਮਾਨ
ਵਾਲੀ ਪੇਟੀ ਸਾਇਕਲ ਦੇ
ਮਗਰ ਲੱਦੀ ਆ ਗਿਆ। ਜਦੋਂ
ਉਸਨੇ ਇਕ-ਦੋ ਪੇਚ
ਖੋਹਲ ਕੇ ਕੱਪ ਬੋਰਡ
ਦੇ ਪਿਛਲੇ ਪਾਸਿਓਂ ਲੱਕੜ
ਨੂੰ ਥੋੜਾ ਜਿਹਾ ਹਿਲਾਇਆ
ਤਾਂ ਕਈ ਕਾਕਰੋਚ ਥੱਲੇ
ਡਿੱਗ ਪਏ। ਪਵਨ
ਤੇ ਰੇਨੂੰ ਦੇ ਚਿਹਰੇ
ਦਾ ਰੰਗ ਚਿੱਟਾ ਪੈ
ਗਿਆ। ਉਹ
ਰੋਣ ਹਾਕੇ ਹੋ ਗਏ। ਉਧਰ
ਦਰਸ਼ਨ ਮਿਸਤਰੀ ਨੇ ਆਪਣਾ
ਆਪ੍ਰੇਸ਼ਨ ਹੋਰ ਤੇਜ਼ ਕਰ
ਦਿੱਤਾ। ਅੱਗੇ
ਤੋਂ ਅੱਗੇ ਨੱਟ ਖੋਲ•ਦੇ ਤੇ ਗੱਟੀਆਂ
ਪੁੱਟਦੇ ਨੇ ਦੁਪਹਿਰ ਤੱਕ
ਸਾਰੇ ਕੱਪ ਬੋਰਡ ਤੇ
ਬਾਰੀਆਂ ਲਾਹ ਦਿੱਤੀਆਂ।
ਕਈ ਥਾਂਵਾਂ ਤੋਂ ਸਨਮਾਇਕਾ
ਟੁੱਟ ਗਈ। ਪਲਾਈ
ਬੋਰਡ ਦਾ ਤਾਂ ਜਵਾਂ
ਹੀ ਸੱਤਿਆ ਨਾਸ ਹੋ
ਗਿਆ। ਕੰਧ
ਨਾਲ ਲੱਗੇ ਬੋਰਡ ਨੂੰ
ਕਾਕਰੋਚਾਂ ਨੇ ਖਾ ਲਿਆ
ਸੀ।
‘ਬਾਊ ਜੀ, ਜੇ
ਇਕ ਦੋ ਦਿਨ ਹੋਰ
ਨਾ ਲਾਹੁੰਦੇ ਤਾਂ ਇਹ
ਬਾਰੀਆਂ ਆਪੇ ਡਿੱਗ ਜਾਣੀਆਂ
ਸੀ... ਸ਼ੀਸ਼ਾ ਟੁੱਟ ਕੇ
ਜ਼ਿਆਦਾ ਨੁਕਸਾਨ ਹੋਣਾ ਸੀ...
ਭੈਣ ਜੀ ਤਾਂ ਰਸੋਈ
’ਚ ਈ ਹੁੰਦੇ ਆ...
ਥਾਂ ਕੁ ਥਾਂ ਲੱਗਦੀ
ਤਾਂ ਹੋਰ ਈ... ਚਲੋ
ਬੱਚਤ ਹੋ ਗਈ... ਐਨੂੰ ਹੁਣ
ਆਪਾਂ ਪਹਿਲਾਂ ਤਾਂ ਮੁਰੰਮਤ
ਕਰੀਏ... ਨਾਲੇ ਕੀੜੇ ਮਾਰ
ਦਵਾਈ ਮਾਰ ਕੇ ... ਪਾਣੀ
ਤੋਂ ਬਚਾਅ ਕੇ ਰੱਖਿਆ
ਕਰੋ ਭੈਣ ਜੀ... ਇਹ
ਕਾਕਰੋਚ ਤਾਂ ਮੇਰੇ ਸਾਲੇ,
ਸਾਬਣ, ਚਮੜੇ ਦੇ ਬੂਟ
ਵੀ ਨਹੀਂ ਛੱਡਦਾ... ਹੋਰ
ਤਾਂ ਕੀ ਛੱਡਣਾ... ਮਾੜੀ
ਮੋਟੀ ਦਵਾਈ ਨੀਂ ਇਨ•ਾਂ ’ਤੇ ਅਸਰ
ਕਰਦੀ... ਅੱਗੇ
ਤਾਂ ਗੰਦੇ ਥਾਂ ਹੁੰਦੇ
ਸੀ ਹੁਣ ਤਾਂ ਕੰਜਰ
ਪੂਜਾ ਆਲੇ ਕਮਰਿਆਂ ’ਚ
ਵੀ ਵੜੇ ਫਿਰਦੇ ਨੇ...
ਬੜਾ ਲਹੂ ਪੀਤਾ... ਲੱਖਾਂ
ਰੁਪਈਆ ਮਿੰਟ ’ਚ ਈ
ਮਿੱਟੀ ਕਰ ਦਿੰਦੇ ਆ
ਜੀ... ਸਾਡਾ ਤਾਂ ਨਿੱਤ
ਦਾ ਵਾਹ।’ ਦਰਸ਼ਨ
ਕੰਮ ਵੀ ਕਰੀ ਜਾਂਦਾ
ਸੀ ਤੇ ਅਫਸੋਸ ਵੀ। ਨਾਲੋ
- ਨਾਲੋ ਅਗਲੇ ਕੰਮ ਦੀ
ਵਿਉਂਤ ਵੀ ਕਰ ਰਿਹਾ
ਸੀ।
ਦਰਸ਼ਨ ਤੇ ਉਸਦੇ
ਸ਼ਗਿਰਦ ਨੇ ਪਲਾਈ ਬੋਰਡ
’ਚ ਖੁੱਡਾਂ ਬਣਾੲਂੀ ਬੈਠੇ
ਤੇ ਕੰਧਾਂ ਦੀਆਂ ਤ੍ਰੇੜਾਂ
’ਚ ਫਸੇ ਕਾਕਰੋਚਾਂ ’ਤੇ
ਦਵਾਈ ਦਾ ਸਪ੍ਰੇਅ ਕਰਕੇ
ਮਾਰ ਦਿੱਤੇ। ਰਸੋਈ
’ਚ ਥਾਂ - ਥਾਂ ਕਾਕਰੋਚਾਂ
ਦੀਆਂ ‘ਲਾਸ਼ਾਂ’ ਪਈਆਂ ਸਨ। ਪੁੱਠੇ
ਪਏ ਕਾਕਰੋਚਾਂ ਦੇ ਚੌਰਸ ਪਲਾਸ
ਵਰਗੇ ਮੂੰਹ ਸਾਫ ਵਿਖਾਈ
ਦਿੰਦੇ। ਪਵਨ
ਕਾਕਰੋਚਾਂ ਨੂੰ ਮਾਰਨ ਤੋਂ
ਰੋਕਣਾ ਚਾਹੁੰਦਾ ਵੀ ਰੋਕ
ਨਹੀਂ ਸੀ ਸਕਿਆ।
ਉਹ ਸਿੱਲ ਪੱਥਰ ਬਣ
ਗਿਆ ਸੀ। ਉਸਨੇ
ਇਸ ਪਾਪ ਤੋਂ ਮੁਕਤੀ
ਲਈ ਰਾਮ ਜੀ ਨੂੰ
ਬੇਨਤੀ ਕੀਤੀ। ਰਾਤ
ਨੂੰ ਡਰ ਨਾ ਆਵੇ
ਹਨੂਮਾਨ ਚਲੀਸਾ ਪੜਿ•ਆ।
ਸਾਰੇ ਘਰ ’ਚ
ਖਿਲਾਰਾ ਪੈ ਗਿਆ।
ਕਿਧਰੇ ਕਾਕਰੋਚਾਂ ਦੀ ਖਾਧੀ ਹੋਈ
ਲੱਕੜ ਦਾ ਚੂਰਾ ਪਿਆ
ਸੀ। ਕਿਧਰੇ
ਕਿੱਲ ਕਾਬਲੇ, ਫੱਟੀਆਂ, ਸਨਮਾਇਕਾ
ਦੇ ਟੁੱਕੜੇ, ਸਲੈਬਾਂ, ਭਾਂਡੇ ਤੇ ਹੋਰ
ਨਿਕ ਸੁੱਕ। ਭਵਾਨੀ
ਨੇ ਬੜੇ ਚਾਅ ਨਾਲ
ਰਸੋਈ ਦੀ ਇਕ ਬਾਰੀ
ਨੂੰ ਕੱਚ ਦੀ ਕਟਿੰਗ
ਕਰਵਾਕੇ ਗਨੇਸ਼ ਜੀ ਦੀ
ਮੂਰਤੀ ਵਾਲਾ ਦਰਵਾਜ਼ਾ ਲਵਾਇਆ
ਸੀ। ਸ਼ੀਸ਼ੇ
ਦੀ ਇਸ ਅਲਮਾਰੀ ’ਚ
ਤ੍ਰੇੜ ਆਉਣ ਕਾਰਣ ਗਨੇਸ਼
ਜੀ ਮੂਰਤੀ ਵੱਖ ਹੋ
ਗਈ ਸੀ ਤੇ ਉਨ•ਾਂ ਦੀ ਸਵਾਰੀ
ਚੂਹਾ ਵੱਖ। ਹੁਣ
ਇੰਨ•ਾਂ ਦੇ ਉਤੇ
ਥੱਲੇ ਲੱਕੜਾਂ ਦਾ ਢੇਰ
ਲੱਗਿਆ ਪਿਆ ਸੀ।
ਜਗਮਗ ਕਰਦੀ ਰਸੋਈ ਉੋਜੜੀ
ਪਈ ਸੀ। ਜਿਵੇਂ
ਕਿਸੇ ਘੁੱਗ ਵਸਦੇ ਸ਼ਹਿਰ
ਨੂੰ ਟੈਕਾਂ ਨਾਲ ਹਮਲਾ
ਕਰਕੇ ਤਬਾਹ ਕੀਤਾ ਹੋਵੇ। ਭਵਾਨੀ
ਸਾਰਾ ਦਿਨ ਰੋਂਦੀ ਰਹੀ। ਨਾ
ਸੁਭਾ ਦਾ ਨਾਸ਼ਤਾ ਬਣਾਇਆ
ਤੇ ਨਾ ਰਾਤ ਦੀ
ਰੋਟੀ। ਦਵਾਈ
ਦੇ ਮੁਸ਼ਕ ਕਰਕੇ ਰਸੋਈ
ਤਾਂ ਕੀ ਘਰ ’ਚ
ਵੜਣਾ ਔਖਾ ਹੋ ਗਿਆ
ਸੀ। ਅਖੀਰ
ਦੋ ਤਿੰਨ ਦਿਨਾਂ ’ਚ
ਪਵਨ ਤੇ ਭਵਾਨੀ ਨੇ
ਰਸੋਈ ਨੂੰ ਮੁੜ ਤੋਂ
ਤਿਆਰ ਕਰ ਲਿਆ।
ਪਰ ਟੁੱਟੀ ਫੁੱਟੀ ਰਸੋਈ
ਨੇ ਉਨ•ਾਂ ਦੀ
ਜ਼ਿੰਦਗੀ ਨੂੰ ਲੀਹ ਤੋਂ
ਲਾਹ ਦਿੱਤਾ ਸੀ।
ਅਜੇ ਤਾਂ ਉਨ•ਾਂ
ਜਗਰਾਤਾ ਕਰਾਉਣਾ ਸੀ।
ਘਰ ’ਤੇ ਆਏ ਖਰਚੇ
ਦਾ ਹਿਸਾਬ - ਕਿਤਾਬ ਮੁਕੰਮਲ
ਹੁੰਦਿਆਂ ਹੀ ਅਗਲਾ ਕੰਮ
ਜਗਰਾਤੇ ਦਾ ਸੀ।
ਗਰੀਬ ਘਰ ਤੋਂ ਆਈ
ਭਵਾਨੀ ਆਪਣੇ ਰਿਸ਼ਤੇਦਾਰਾਂ ਨੂੰ
ਸੱਦ ਕੇ ਆਪਣੀ ਟੌਅਰ
ਬਣਾਉਣ ਦੀਆਂ ਵਿਉਂਤਾਂ ਘੜੀ
ਬੈਠੀ ਸੀ। ਵਿਆਹ
ਤੋਂ ਬਾਅਦ ਇਹ ਉਨ•ਾਂ ਦੀ ਪਹਿਲੀ
ਖੁਸ਼ੀ ਸੀ। ਪਰ
ਕਾਕਰੋਚਾਂ ਨੇ ਸਭ ਕਾਸੇ
’ਤੇ ਪਾਣੀ ਫੇਰ ਦਿੱਤਾ।
ਪਵਨ ਹੁਣ ਸ਼ੈਲਰ
’ਚ ਝੋਨੇ ਦੀ ਛੰਡਾਈ,
ਲਿਫਟਿੰਗ, ਸਪੈਸ਼ਲ ਤੇ ਸਪਲਾਈ
ਦੀ ਬਜਾਏ ਕਾਕਰੋਚਾਂ ਬਾਰੇ
ਜਾਣਕਾਰੀ ਜ਼ਿਆਦਾ ਇਕੱਠੀ ਕਰਦਾ। ਸ਼ੈਲਰ
ਵਿਚ ਤਾਂ ਕਾਕਰੋਚਾਂ, ਟਿੱਡੀਆਂ,
ਮੱਛਰਾਂ, ਚੂਹਿਆਂ, ਸੁਸਰੀਆਂ ਤੇ
ਕੀੜਿਆਂ ਦੀ ਭਰਮਾਰ ਸੀ। ਪਰ
ਉਸਦਾ ਨਿਸ਼ਾਨਾ ਸਿਰਫ ਕਾਕਰੋਚ
ਸਨ। ਉਸਨੇ
ਸ਼ੈਲਰ ਦੀਆਂ ਫਲੱਸ਼ਾਂ ਤੇ
ਖੱਲਾਂ ਖੁੂੰਜਾਂ ’ਚ ਕਈ ਥਾਂਈ
ਕਾਕਰੋਚ ਵੇਖੇ। ਉਹ
ਕਈ ਰੰਗਾਂ ਰੂਪਾਂ ਦੇ
ਸਨ। ਉਹ
ਸ਼ੈਲਰ ਦੇ ਚੌਂਕੀਦਾਰ ਜ਼ੈਲੇ
ਨਾਲ ਜਾਣਕਾਰੀ ਸਾਂਝੀ ਕਰਦਾ
ਹੋਇਆ ਉਸਨੂੰ ਦੱਸਦਾ ਕਿ
ਧਰਤੀ ਉਤੇ ਕੋਈ ਵੀ
ਜੀਵ ਜੰਤੂ ਅਜਿਹਾ ਨਹੀਂ
ਜਿਸਨੂੰ ਪ੍ਰਮਾਣੂ ਬੰਬ ਤੋਂ
ਖਤਰਾ ਨਾ ਹੋਵੇ, ਪਰ
ਕਾਕਰੋਚ ’ਤੇ ਤਾਂ ਪ੍ਰਮਾਣੂ
ਬੰਬ ਦਾ ਵੀ ਅਸਰ
ਨਹੀਂ। ਇਹ
ਕੀੜਾ ਤਾਂ 35 ਕ੍ਰੋੜ ਸਾਲ
ਪੁਰਾਣਾ ਹੈ। ਇਨ•ਾਂ ਨੂੰ ਤਾਂ
ਜ਼ਹਿਰ ਵੀ ਨਹੀਂ ਮਾਰ
ਸਕਦੀ। ਇਹ
ਤਪਦੇ ਰੇਗਿਸਤਾਨ ਤੇ ਠੰਡੇ ਬਰਫੀਲੇ
ਪਹਾੜਾਂ ’ਚ ਵੀ ਪਾਇਆ
ਜਾਂਦਾ ਹੈ। ਇਸਦੀਆਂ
ਕਰੀਬ 35 ਹਜ਼ਾਰ ਪ੍ਰਜਾਤੀਆਂ ਹਨ। ਹੋਰ
ਤਾਂ ਹੋਰ ਸਿਰ ਵੱਢਿਆਂ
ਵੀ ਇਹ ਕਈ ਹਫ਼ਤਿਆਂ
ਤੱਕ ਜਿੳਂੁਦਾ ਰਹਿ ਸਕਦਾ
ਹੈ। ਇਹ
ਗੰਦਗੀ ਤੋਂ ਲੈ ਕੇ
ਮੇਵਿਆਂ ਤੱਕ ਸਭ ਕੁਝ
ਚਟਮ ਕਰ ਜਾਂਦਾ ਹੈ,
ਫਿਰ ਮਰੇ ਕਿਵੇਂ। ਜੇ
ਕਿਤੇ ਫਸ ਜੇ ਤਾਂ
ਛੇ ਮਹੀਨਿਆਂ ਤੱਕ ਬਿਨਾਂ
ਪਾਣੀ ਤੋਂ ਵੀ ਰਹਿ
ਸਕਦਾ ਹੈ ਤੇ ਫਿਰ
ਹੋਰ ਦੋ ਮਹੀਨੇ ਸਿਰਫ
ਪਾਣੀ ਪੀ ਕੇ ਹੀ
ਰਹਿ ਸਕਦਾ ਹੈ, ਫਿਰ
ਦ¤ਸੋ ਮਰੂ
ਕਿਵੇਂ। ਵਿਗਿਆਨੀ
ਕਹਿੰਦੇ ਨੇ ਇਹ ਬਿਨਾਂ
ਰੁਕੇ ਕਈ ਮੀਲ ਦੌੜ
ਸਕਦਾ ਹੈ ਤੇ ਧਰਤੀ
ਦੇ ਪ੍ਰਕੋਪ ਸਹਿਣ ਦੀ
ਤਾਕਤ ਬੰਦੇ ਨਾਲੋਂ ਸੌ
ਗੁਣਾ ਜ਼ਿਆਦਾ ਹੈ।
ਬਸ ਜੇ ਮਾਰਨਾ ਹੋਵੇ
ਤਾਂ ਉਪਰੋਂ ਨਹੀਂ ਹੇਠਾਂ
ਦੀ ਮਾਰੋ। ਕਾਕਰੋਚ
ਮਾਰਕਾ ਚਾਕ ਦੀਆਂ ਲੀਕਾਂ
ਧਰਤੀ ਤੇ ਵਾਹ ਦਿਓ
ਜਦੋਂ ¦ਘੂ ਤਾਂ ਫੱਟ
ਮਰਜੂ। ਚੌਂਕਦਾਰ
ਪਹਿਲਾਂ ਤਾਂ ਗੰਭੀਰ ਹੋ
ਕੇ ਉਸਦੀ ਗੱਲ ਸੁਣਦਾ
ਫਿਰ ਚੁੱਪ ਕਰ ਛੱਡਦਾ। ਸਭ
ਤੋਂ ਛੋਟਾ ਮੁਲਾਜ਼ਮ ਹੋਣ
ਕਰਕੇ ਉਸ ਨੂੰ ਪਵਨ
ਦਾ ਮਜ਼ਾਕ ਉਡਾਉਣ ਦੀ
ਹੀਆ ਨਹੀਂ ਸੀ ਪੈਂਦਾ। ਇਸ
ਲਈ ਜਦੋਂ ਪਵਨ ਨੂੰ
ਕੋਈ ਨਵੀਂ ਗੱਲ ਪਤਾ
ਲੱਗਦੀ ਤਾਂ ਉਹ ਸਿਰਫ
ਜ਼ੈਲੇ ਨੂੰ ਹੀ ਦੱਸਦਾ।
ਪਵਨ ਕਾਕਰੋਚ ਮਾਰਨ
ਵਾਲਾ ਚਾਕ ਲੈ ਆਇਆ...
ਸਾਰੇ ਘਰ ’ਚ ਲਕੀਰਾਂ
ਮਾਰ ਦਿੱਤੀਆਂ।
ਪਰ ਰਸੋਈ ਦੀ
ਹੋ ਚੁੱਕੀ ਦਰੁਦਸ਼ਾ ਦੀਆਂ
ਲਕੀਰਾਂ ਉਸਦੇ ਮਨ ਤੋਂ
ਨਾ ਮਿਟੀਆਂ। ਉਧਰ
ਸ਼ੈਲਰ ਵਾਲੇ ਅੱਡ ਝਹੇਡਾਂ
ਕਰਦੇ ਸਨ... ਕਹਿੰਦੇ ਪਵਨ
ਪੁੱਤਰ ਜਦੋਂ ਸ਼ੇੈਲਰ ’ਤੇ
ਆ ਜਾਂਦਾ ਤਾਂ
ਮਗਰੋਂ ਘਰ ’ਚ ਮੋਟੇ
- ਮੋਟੇ ਕਾਕਰੋਚ ਤੇ ਭਵਾਨੀ
ਭਾਬੀ ਇਕੱਲੇ ਹੁੰਦੇ ਨੇ
ਪਤਾ ਨੀਂ ਬਈ ਕੀ
ਕਰਦੇ ਹੋਣਗੇ...। ਪਵਨ
ਆਪਣੇ ਅੰਦਾਜ਼ ’ਚ ਬੁੱਲ
ਬਾਹਰ ਨੂੰ ਕੱਢਕੇ ਤੇ
ਗੱਲਾਂ ਫੁਲਾਕੇ ਗੁੱਸਾ ਵਿਖਾਉਂਦਾ...
ਬੋਲਦਾ ਕੁਝ ਨਾ।
ਅਖੀਰ ਪਵਨ ਨੇ
ਮੁੜ ਤੋਂ ਹਿੰਮਤ ਇਕੱਠੀ
ਕੀਤੀ। ਦਰਸ਼ਨ
ਮਿਸਤਰੀ ਨੂੰ ਸੱਦਿਆ ਤੇ
ਰਸੋਈ ਦੀ ਮੁਰੰਮਤ ਦਾ
ਖਰਚਾ ਪੁੱਛਿਆ। ਤਜ਼ਰਬੇਕਾਰ
ਦਰਸ਼ਨ ਨੇ ਰਸੋਈ ਤੋਂ
ਪਹਿਲਾਂ ਘਰ ਦੇ ਹੋਰ
ਕਮਰਿਆਂ ’ਚ ਬਣੇ ਲੱਕੜ
ਦੇ ਕੱਪਬੋਰਡ ਤੇ ਚੁਗਾਠਾਂ
ਆਦਿ ਦੀ ਪੜਤਾਲ ਕਰਨ
ਦਾ ਸੁਝਾਅ ਦਿੱਤਾ ਤਾਂ
ਕਿ ਕੋਈ ਹੋਰ ਨੁਕਸਾਨ
ਹੋਇਆ ਹੋਵੇ ਤਾਂ ਇਕੋ
ਵਾਰ ਸਾਰਾ ਹਿਸਾਬ ਕਿਤਾਬ
ਲੱਗ ਸਕੇ। ਉਸਨੇ
ਹਾਮੀ ਭਰ ਦਿੱਤੀ।
ਅਗਲੇ ਕਈ ਦਿਨ ਘਰ
’ਚ ਤੇਸਾ - ਆਰੀ ਤੇ
ਕਦੇ ਕਦੇ ਹਥੋੜਾ - ਛੈਣੀ
ਵੀ ਚੱਲਦਾ ਰਿਹਾ ਤੇ
ਕਈ ਕੁਝ ਮੁਰੰਮਤ ਵਾਲਾ
ਨਿਕਲ ਆਇਆ। ਜੋੜ
ਘਟਾਓ ਕਰਕੇ ਦਰਸ਼ਨ ਨੇ
ਡੇਢ ਲੱਖ ਦਾ ਖਰਚਾ
ਦੱਸਿਆ।
ਪਵਨ ਨੇ ਹਿਸਾਬ
ਲਾਇਆ ਬਾਊਆਂ ਤੋਂ ਪਹਿਲਾਂ
ਹੀ ਬਥੇਰੇ ਐਡਵਾਂਸ ਲਏ
ਨੇ। ਹੋਰ
ਮੰਗੇ ਤਾਂ ਸਿਵਾਏ ਮਖੌਲ
ਦੇ ਕੁਝ ਨਹੀਂ ਮਿਲਣਾ। ਉਸਨੂੰ
ਕਰਜ਼ੇ ਤੋਂ ਡਾਢੀ ਨਫਰਤ
ਸੀ ਪਰ ਮਜ਼ਬੂਰੀ ’ਚ
ਇਹੀ ਰਾਹ ਸੁਝਿਆ।
ਬੈਕਾਂ ਨਾਲ ਉਨ•ਾਂ
ਦਾ ਨਿੱਤ ਦਾ ਲੱਖਾਂ
ਦਾ ਲੈਣ-ਦੇਣ ਆ। ਔਖੇ
ਸੌਖੇ ਕਿਸ਼ਤਾਂ ਮੋੜੀ ਜਾਊ। ਐਵੇਂ
ਕਿਸੇ ਦਾ ਅਹਿਸਾਨ
ਕਿਉਂ ਕਰਾਉਣਾ।
ਅਗਲੇ ਦਿਨ ਉਹ
ਬੈਂਕ ਮੈਨੇਜਰ ਨੂੰ ਮਿਲਿਆ। ਉਸਨੇ
ਅੱਗੇ ਫੀਲਡ ਅਫਸਰ ਨਾਲ
ਗੱਲ ਕਰਨ ਲਈ ਕਿਹਾ। ਫੀਲਡ
ਅਫਸਰ ਨੇ ਉਸਨੂੰ ਕਰਜ਼ੇ
ਦੇ ਕਈ ਫਾਰਮੂਲੇ ਦੱਸੇ
ਜਿੰਨ•ਾਂ ’ਚੋਂ ਉਸਨੂੰ
ਕਾਰ ਲੋਨ ਸੌਖਾ ਲੱਗਿਆ। ਪੁਰਾਣੀ
ਕਾਰ ਵਾਸਤੇ ਡੇਢ ਲੱਖ
ਰੁਪਈਆ ਮਿਲ ਸਕਦਾ ਸੀ। ਫੀਲਡ
ਅਫਸਰ ਨੇ ਇਹ ਵੀ
ਦੱਸ ਦਿੱਤਾ ਕਿ ਸੁਰਿੰਦਰ
ਬਾਊ ਦੀ ਇਕ ਕਾਰ
ਉਹ ਆਪਣੇ ਨਾਮ ਕਰਵਾ
ਕੇ ਉਸਦੀ ਫੋਟੋ ਕਾਪੀ
ਬੈਂਕ ਨੂੰ ਵਿਖਾ ਦੇਵੇ,
ਹੋਰ ਕੋਈ ਖਰਚਾ ਵੀ
ਨਹੀਂ ਆਉਣਾ। ਬਿਨਾਂ
ਕਾਰ ਖਰੀਦੇ ਪੈਸੇ ਆਪਣੇ
ਕੰਮ ਵਾਸਤੇ ਵਰਤ ਲਵੇ। ਬੱਸ
ਇਸ ਵਾਸਤੇ ਇਕ ਡਰਾਇਵਰੀ
ਲਾਇਸੰਸ ਦੀ ਲੋੜ ਹੈ। ਡਰਾਇਵਰੀ
ਲਾਇਸੰਸ ਹੋਊ ਤਾਂ ਹੀ
ਕਾਰ ਚਲਾਵੇਗਾ ਨਾ।
ਫਾਰਮੈਲਟੀ ਆ।
ਸਾਰੇ ਲੋੜੀਂਦੇ ਕਾਗਜ਼ ਲਿਖ
ਕੇ ਬੈਂਕ ’ਚੋਂ ਨਿਕਲੇ
ਪਵਨ ਦੇ ਚਿਹਰੇ ’ਤੇ
ਕਈ ਦਿਨਾਂ ਦੀ ਛਾਈ ਉਦਾਸੀ
ਕਾਫੀ ਘੱਟ ਗਈ ਸੀ। ਉਸਨੇ
ਫੋਨ ਕਰਕੇ ਭਵਾਨੀ ਨੂੰ
ਵੀ ਸਾਰੀ ਸਕੀਮ ਦੱਸ
ਦਿੱਤੀ।
ਡਰਾਇਵਰੀ ਲਾਇਸੰਸ ਬਣਿਆ
ਨਹੀਂ ਕਿ ਕਰਜ਼ਾ ਮਿਲਿਆ
ਨਹੀਂ... ਤੇ ਫੇਰ ਰਸੋਈ
ਜਗਮਗ ਕੀਤੀ ਨਹੀਂ...।
ਪਵਨ ਰਾਤ ਨੂੰ ਗੁਣ
ਗੁਣਾ ਕੇ ਭਵਾਨੀ ਨੂੰ
ਸਾਰੀ ਕਹਾਣੀ ਸੁਣਾ ਰਿਹਾ
ਸੀ।
ਭਵਾਨੀ
ਵੀ ਖੁਸ਼ੀ ਭਰਿਆ ਰਾਜਸਥਾਨੀ
ਗੀਤ ਗੁਣ ਗੁਣਾ ਰਹੀ
ਸੀ।
ਦਿਨ ਚੜ•ਦੇ
ਹੀ ਪਵਨ ਜ਼ਿਲ•ਾ
ਟਰਾਂਸਫਰ ਅਫਸਰ ਦੇ ਦਫਤਰ
ਪਹੁੰਚ ਗਿਆ। ਉਹ ਸਾਹਜਰੇ
ਹੀ ਲਾਇਸੰਸ ਦੀ ਅਰਜ਼ੀ
ਡੀ ਟੀ ਓ ਦਫਤਰ
ਜਮਾਂ ਕਰਵਾ ਕੇ ਸ਼ੈਲਰ
’ਤੇ ਜਾਣਾ ਚਾਹੁੰਦਾ ਸੀ। ਸਪੈਸ਼ਲ
ਲੱਗੀ ਹੋਣ ਕਰਕੇ ਸ਼ੈਲਰ
ਦਾ ਕੰਮ ਬਹੁਤ ਵਧਿਆ
ਹੋਇਆ। ਉਸਨੇ
ਦਫਤਰ ਦੇ ਬਾਹਰ ਬੈਠੇ
ਟਾਇਪ ਵਾਲਿਆਂ ਤੋਂ ਕਾਗਜ਼
ਭਰਵਾ ਲਏ ਤੇ ਦਫਤਰ
ਦਾ ਪਤਾ ਪੁੱਛ ਕੇ
ਉਧਰ ਨੂੰ ਤੁਰ ਪਿਆ। ਮਈ
ਦਾ ਮਹੀਨਾ... ਵਰਦ•ੀ ਅੱਗ...
ਤੇ ਅੱਗੋਂ ਦਫਤਰ ਦੀ
ਖਿੜਕੀ ਸਿੱਧੀ ਸੂਰਜ ਦੇਵਤਾ
ਵੱਲ। ਨੇੜੇ
ਤੇੜੇ ਕੋਈ ਦਰਖਤ ਵੀ
ਹੈਨੀ। ਸ਼ਾਇਦ
ਡਰਾਇਵਰੀ ਕਰਨ ਵਾਲਿਆਂ ਦਾ
ਕੋਈ ਇਮਤਿਹਾਨ ਲੈਣ ਲਈ
ਹੀ ਖਿੜਕੀ ਵਿਸ਼ੇਸ਼ ਸਥਾਨ
’ਤੇ ਬਣਾਈ ਸੀ।
ਜਿਵੇਂ ਗਰਮ ਗਰਮ ਕੜਾਹ
ਮੂੰਹ ’ਚ ਪਾਉਣ ਤੋਂ
ਬਾਅਦ ਆਦਮੀ ਨਾ ਬਾਹਰ
ਸਿੱਟ ਸਕਦਾ ਨਾ ਅੰਦਰ
¦ਘਾ ਸਕਦਾ। ਸਿਵਾਏ
ਛੜੱਪੇ ਮਾਰਨ ਦੇ।
ਵਾਰੀ ਖੁੱਸਣ ਦੇ ਡਰੋਂ
ਲੋਕ ਧੁੱਪ ’ਚ ਸਿਰਾਂ
ਉਪਰ ਕਾਗਜ਼ਾਂ ਦੀ ਛਾਂ
ਕਰੀ ਖੜੇ ਸਨ।
ਪਵਨ ਵੀ ਖੜ ਗਿਆ। ਦਸ
ਵਜੇ ਤੱਕ ਦਫਤਰ ਕੋਈ
ਬਾਊ ਨਹੀਂ ਆਇਆ।
ਹੋਰ ਵੀ ਕਈ ਆਦਮੀ
ਬਾਊ ਦੀ ਭਾਲ ’ਚ
ਉਦਾਸੇ ਜਿਹੇ ਫਿਰਦੇ ਸਨ। ਫਿਰ
ਇਕ ਮੋਟੇ ਜਿਹਾ ਆਦਮੀ
ਨਵਾਂ ਹੀਰੋ ਹਾਂਡਾ ਮੋਟਰ
ਸਾਇਕਲ ਖੜਾ ਕਰਕੇ ਦਫਤਰ
ਵੱਲ ਆਇਆ। ਉਸ
ਨੇ ਜਦੋਂ ਦਫਤਰ ਦਾ
ਜਿੰਦਰਾ ਖੋਲਿ•ਆ ਤਾਂ
ਪਵਨ ਦੇ ਸਾਹ ’ਚ
ਸਾਹ ਆਇਆ। ਸਾਰੇ
ਉਸਦੇ ਦੁਆਲੇ ਹੋ ਗਏ। ਉਹ
ਇਕ ਕੁਰਸੀ ’ਤੇ ਬੈਠ
ਕੇ ਲੋਕਾਂ ਦੇ ਕਾਗਜ਼
ਵੇਖ ਕੇ ਉਨ•ਾਂ
ਦੇ ਹੱਲ ਦੱਸਣ ਲੱਗਿਆ। ਪਵਨ
ਦੇ ਕਾਗਜ਼ ਵੇਖ ਕੇ
ਉਸਨੇ ਤਿੰਨ ਨੰਬਰ ਖਿੜਕੀ
’ਤੇ ਜਾਣ ਲਈ ਕਿਹਾ। ਪਵਨ
ਨੇ ਮਿੰਨਤ ਕਰਦਿਆਂ ਕਿਹਾ
ਬਾਊ ਜੀ ਤੁਸੀਂ ਕਾਗਜ਼
ਫੜ ਲਓ... ਉਸਨੇ ਅੱਗੋਂ
ਘੜੇ ਜਿੱਡਾ ਸਿਰ ਹਿਲਾ
ਦਿੱਤਾ। ਬਾਅਦ
’ਚ ਉਥੇ ਖੜੇ ਆਦਮੀਆਂ
ਤੋਂ ਪਵਨ ਨੂੰ ਪਤਾ
ਲੱਗਿਆ ਕਿ ਇਹ ਕਲਰਕ
ਨਹੀਂ ਸਗੋਂ ਡੀ ਟੀ
ਓ ਦਾ ਚਪੜਾਸੀ
ਹੈ। ਡੀ ਟੀ
ਓ ਤੋਂ ਇਕ
ਕਾਗਜ਼ ਦੇ ਦਸਖਤ ਕਰਾਉਣ
ਦੇ ਪੰਜ ਸੱਤ ਸੌ
ਰੁਪਈਆ ਲੈਂਦਾ। ਕੰਮ
ਦੇ ਹਿਸਾਬ ਨਾਲ ਵੱਟਾ
ਪਾਉਂਦਾ। ਕਲਰਕ
ਵੀ ਇਸੇ ਨੂੰ ਕਾਗਜ਼
ਫੜਾਉਂਦੇ ਨੇ ਡੀ ਟੀ
ਓ ਤੋਂ ਦਸਤਖਤ
ਕਰਾਉਣ ਲਈ। ਡੀ
ਟੀ ਓ ਦੇ ਸਾਰੇ
ਖਰਚੇ ਤੇ ਲੈਣ ਦੇਣ
ਇਹੀ ਕਰਦੈ। ਸਰਕਾਰੀ
ਡਾਕ ਲਿਆਉਣ ਤੇ ਲਿਜਾਣ
ਲਈ ਤਾਂ ਅੱਗੇ ਇਸਨੇ
ਦੋ ਤਿੰਨ ਮੁੰਡੇ ਰੱਖੇ
ਹੋਏ ਨੇ। ਪਵਨ
ਦਾ ਹੈਰਾਨੀ ਨਾਲ ਮੂੰਹ
ਅੱਡਿਆ ਪਿਆ ਸੀ।
ਉਸਨੂੰ ਲੱਗਿਆ ਕਿ ਫੂਡ
ਸਪਲਾਈ ਇੰਸਪੈਕਟਰ ਤਾਂ ਡੀ ਟੀ
ਓ ਦੇ ਚਪੜਾਸੀ
ਮੂਹਰੇ ਐਂਵੇ ਈ ਆ...
ਜਿਵੇਂ ਵੱਡੇ ਕਾਕਰੋਚ ਦੇ
ਮੂਹਰੇ ਸੁਸਰੀ।
‘ਸ਼ੈਲਰ ’ਚੋਂ ਫੋਨ
ਆਈ ਜਾਂਦੇ ਨੇ।
ਕੀ ਕਰਾਂ.. .।’
ਬਾਰਾਂ ਵੱਜਣ ਵਾਲੇ
ਹੋ ਗਏ। ਐਨੇ
’ਚ ਰੌਲਾ ਪੈ ਗਿਆ...
ਲਾਇਸੰਸਾਂ ਵਾਲੇ ਬਾਊ ਜੀ
ਆ ਗਏ ... ਆ
ਗਏ ... ਭੀੜ ਤਿੰਨ ਨੰਬਰ
ਖਿੜਕੀ ਮੂਹਰੇ ਇਕੱਠੀ ਹੋ
ਗਈ... ਧੱਕਮ ਧੱਕਾ ਸ਼ੁਰੂ
ਹੋ ਗਿਆ... ਕੋਈ ਫੋਨ
ਬਾਊ ਦੇ ਕੰਨ ਨੂੰ
ਲਾਉਂਦਾ... ਕੋਈ ਸਾਲ ਭਰ
ਦੇ ਵਾਅਦੇ ਯਾਦ ਕਰਾਉਂਦਾ...
ਕੋਈ ਡਰਾਇਵਰੀ ਦੀ ਨੌਕਰੀ
ਦਾ ਵਾਸਤਾ ਦਿੰਦਾ... ਕੋਈ
ਹੱਥ ਜੋੜਦਾ... ਤੇ ਕੋਈ...।
ਪਵਨ ਨੂੰ ਲੱਗਿਆ
ਕਿ ਉਸਦੀ ਸਮੱਸਿਆ ਤਾਂ
ਬਹੁਤ ਛੋਟੀ ਆ... ਉਹ
ਤਾਂ ਅੱਜ ਪਹਿਲੇ ਦਿਨ
ਹੀ ਆਇਆ...ਐਥੇ ਤਾਂ
ਸਾਲ ਸਾਲ ਵਾਲੇ ਫਿਰਦੇ
ਨੇ... ਪਹਿਲਾਂ ਦੂਜਿਆਂ ਨੂੰ
ਕੰਮ ਕਰਵਾ ਲੈਣ ਦੇਵੇ,
ਆਪ ਬਾਅਦ ’ਚ ਕਰਵਾ
ਲਵੇਗਾ।
ਦੋ - ਚਾਰ ਕਾਗਜ਼ਾਂ
’ਤੇ ਦਸਤਖਤ ਕਰਕੇ... ਦੋ
ਵਾਰ ਪਾਣੀ ਤੇ ਇਕ
ਵਾਰ ਚਾਹ ਪੀਣ ਤੋਂ
ਬਾਅਦ ਬਾਊ ਜੀ ¦ਚ
ਟਾਈਮ ਕਹਿ ਕੇ ਉਠ
ਗਏ...। ਇਕ
ਆਦਮੀ ਨੇ ਬਾਰੀ ਨੂੰ
ਧੱਕਾ ਮਾਰ ਕੇ ਖੋਲ•ਦਿਆਂ ਕਿਹਾ ਕਿ
ਪਹਿਲਾਂ ਤਾਂ ਲੇਟ ਆਇਆਂ
ਤੇ ਹੁਣ ਰੋਟੀ ਖਾਣ
ਦੀ ਕਾਹਲ ਹੋ ਗਈ...
ਅਸੀਂ ਸਵੇਰ ਦੇ ਖੜੇ
ਸੁੱਕਗੇ ... ਸਾਡਾ ਕੰਮ ਕਰਕੇ
ਜਾਹ...।
ਬਾਊ ਨੇ ਮੁਸਕਰਾਉਂਦਿਆਂ
ਕਿਹਾ ‘ਸਰਦਾਰ ਜੀ ਜੇ
ਆਉਣ ’ਚ ਦੇਰੀ ਹੋ
ਗਈ ਤਾਂ ਰੋਟੀ ਖਾਣ
’ਚ ਤਾਂ ਨਾ ਕਰੀਏ...
ਯਾਰ ਕੋਈ ਕੰਮ ਤਾਂ
ਟਾਇਮ ਸਿਰ ਕਰ ਲੈਣਾ
ਦਿਆ ਕਰੋ... ਜਾਓ ਜਾਓ
ਤੁਸੀਂ ਵੀ ਛੋਲੇ ਭਟੂਰੇ
ਖਾ ਆਓ... ਕੰਟੀਨ ਵਾਲਾ
ਬਹੁਤ ਸਵਾਦ ਬਣਾਉਂਦਾ... ਜਾਓ
ਜਾਓ ... ਐਵੇਂ ਨਾ ਸਿਰ
ਖਾਓ... ਜਾਓ ਛੋਲੇ ਭਟੂਰੇ
ਖਾਓ...।’ ਬਿਨਾਂ
ਗੁੱਸੇ ਜਾਂ ਖਿੱਝ ਦੇ
ਉਸਨੇ ਇਸ਼ਾਰਾ ਕੀਤਾ... ਡੀ
ਟੀ ਓ ਦੇ ਮੋਟੇ
ਗੰਨਮੈਨਾਂ ਨੇ ਠਾਹ ਦੇਣੇ
ਖਿੜਕੀ ਬੰਦ ਕਰ ਦਿੱਤੀ। ਮੁੜ
ਕਿਸੇ ਦੀ ਖਿੜਕੀ ਖੜਕਾਉਣ
ਦੀ ਜੁਰਅੱਤ ਨਾ ਹੋਈ।
ਰੋਟੀ
ਖਾਣ ਗਿਆ ਬਾਊ ਵਾਪਸ
ਨਾ ਮੁੜਿਆ। ਘੜੇ
ਵਰਗੇ ਸਿਰ ਵਾਲੇ ਚਪੜਾਸੀ
ਤੋਂ ਪੁੱਛਿਆ ਤਾਂ ਕਹਿੰਦਾ,‘ਮੀਟਿੰਗ ’ਤੇ ਗਏ
ਨੇ... ਭਲਕੇ ਕੋਰਟ ਐਵੀਂਡੈਂਸ
ਆ... ਪਰਸੋਂ ਸ਼ਨੀਵਾਰ ਤੇ
ਫਿਰ ਐਤਵਾਰ ਦੀ ਛੁੱਟੀ...
ਅਗਲਾ ਹਫਤਾ ਮੁੱਖ ਮੰਤਰੀ
ਦੇ ਸੰਗਤ ਦਰਸ਼ਨਾਂ ਦਾ
ਵਾ... ਤੁਸੀਂ ਅਗਲੇ ਤੋਂ
ਅਗਲੇ ਸੋਮਵਾਰ ਆਇਓ... ਨਹੀਂ
ਤਾਂ ਬਾਹਰ ਸੁੱਖੀ ਹੋਰੀਂ
ਬੈਠੇ ਨੇ ਟਾਈਪ ਵਾਲੇ
ਉਨ•ਾਂ ਨਾਲ ਗਲ
ਕਰ ਲੋ... ਐਂਵੀਂ ਗੇੜੇ
ਮਾਰੋਂਗੇ... ਅੱਜ ਕੱਲ ਟੈਮ
ਕੀਹਦੇ ਕੋਲ ਆ ...।’
ਕਹਾਣੇ ਜਿਹੇ ਪਾਉਂਦਾ ਚਪੜਾਸੀ
ਵੀ ਆਪਣੇ ਮੋਟਰ ਸਾਇਕਲ
ਨੂੰ ਕਿੱਕ ਮਾਰ ਕੇ
ਤੁਰਦਾ ਬਣਿਆ।
ਲੋਕ ਅਜੇ ਵੀ
ਅੱਖਾਂ ਦੁਆਲੇ ਹੱਥਾਂ ਦੀ
ਵਾੜ ਕਰਕੇ ਬਾਰੀਆਂ ਦੇ
ਸ਼ੀਸ਼ਿਆਂ ਥਾਂਈ ਅੰਦਰ ਝਾਕੀ
ਜਾਂਦੇ ਸੀ। ਕੁਝ
ਦੂਰ ਖੜੇ ਰੁੱਖਾਂ ਦੀ
ਛਾਂ ਥੱਲੇ ਇੱਟਾਂ ਦੇ
ਪੀਹੜੇ ਬਣਾ ਕੇ ਬੈਠ
ਗਏ। ਪਵਨ
ਕੁਝ ਦੇਰ ਉਥੇ ਖੜਾ
ਪੈਰ ਜਿਹੇ ਮਲਦਾ ਰਿਹਾ। ਉਸਨੂੰ
ਲੱਗਿਆ ਸੀ ਜਿਵੇਂ ਗੰਦ
- ਮੰਦ ਖਾ ਕੇ ਰੱਜੇ
ਹੋਏ ਕਾਕਰੋਚ ਆਪਣੀਆਂ ਖੁੱਡਾਂ
ਵੱਲ ਭੱਜ ਗਏ ਹੋਣ। ਅਖੀਰ
ਉਹ ਵੀ ਸਿਰ ਝਟਕਦਾ
ਘਰ ਨੂੰ ਮੁੜ ਆਇਆ।
ਪਵਨ ਦਫਤਰੀ ਕੰਮ
ਕਰਾਉਣ ਗਿੱਝਿਆ ਹੋਇਆ ਸੀ। ਸ਼ੈਲਰ
ਦੇ ਕੰਮਾਂ ਲਈ ਰੋਜ਼
ਕਿਸੇ ਨਾ ਕਿਸੇ ਦਫਤਰ
ਜਾਣਾ ਪੈਂਦਾ ਸੀ।
ਬਾਊਆਂ ਦੀ ਘੀਸ ਘੀਸ
ਕਰਨ ਦੀ ਆਦਤ ਤੋਂ
ਉਹ ਵਾਕਿਫ਼ ਸੀ।
ਸੋਮਵਾਰ ਨੂੰ ਉਹ ਜ਼ਿਲ•ਾ ਟਰਾਂਸਪੋਰਟ
ਅਫਸਰ ਦੇ ਦਫਤਰ ਪਹੁੰਚ
ਗਿਆ। ਪਰ
ਉਥੇ ਉਹੀ ਹਾਲ।
ਅਖੀਰ ਕਈ ਦਿਨਾਂ ਹੀ
ਭੱਜ ਨੱਸ ਤੋਂ ਬਾਅਦ
ਜਦੋਂ ਉਸਨੇ ਆਪਣੀ ਫਾਇਲ
ਬਾਊ ਹੱਥ ਫੜਾਈ ਤਾਂ
ਬਾਊ ਨੇ ਦੂਰ ਸੱਜੇ
ਪਾਸੇ ਦੀ ਇਕ ਪਿਸਤਾ
ਰੰਗੀ ਖੂਬਸੂਰਤ ਇਮਾਰਤ ਵੱਲ
ਉਂਗਲੀ ਕਰਕੇ ਕਿਹਾ, ‘ਹੁਣ
ਲਾਇਸੰਸ ਉਥੇ ਸੁਵਿਧਾ ਸੈਂਟਰ
’ਚ ਬਣਦੇ ਨੇ ਉਥੇ
ਜਾਓ ਗੋਲ ਗੱਪਾ ਜੀ...
ਸਰਕਾਰ ਨੇ ਸਾਡੀਆਂ ਬੇੜੀਆਂ
’ਚ ਵੱਟੇ ਪਾ ਤੇ...
ਪਹਿਲਾਂ ਅਸੀਂ ਚਾਰ ਪੈਸੇ
ਲੈਂਦੇ ਸੀ ਤਾਂ ਉਹ
ਰਿਸ਼ਵਤ ਵੱਜਦੀ ਸੀ... ਪਰ
ਹੁਣ ਸਰਕਾਰ ਨੇ ਸਰਕਾਰੀ
ਰਿਸ਼ਵਤ ਫਿਕਸ ਕਰ ’ਤੀ...
ਹਰ ਕੰਮ ਦੀ ਫੀਸ
ਲਈ ਜਾਂਦੀ ਆ... ਸਾਡੇ
ਕੋਲੋਂ ਤਾਂ ਕੋਈ ਬਚ
ਜਾਂਦਾ ਸੀ ਪਰ ਉਥੋਂ
ਕਿਸੇ ਨੀਂ ਬਚਣਾ... ਭੁੱਖੇ
ਮਾਰਤਾ... ਜਾਓ ਜਾਓ ਬਾਬਾ
ਜੀ ... ਸੁਵਿਧਾ ਸੈਂਟਰ ਦੀ
ਹਵਾ ਲਓ ਠੰਡੀ ਠੰਡੀ...।’ ਪਵਨ
ਨੂੰ ਡੀ ਟੀ ਓ
ਦਫਤਰ ਦਾ ਬਾਬੂ ਗਲੀ
ਵਿਚ ਢੂਈ ਪਰਨੇ ਪਏ
ਕਾਕਰੋਚ ਵਰਗਾ ਲੱਗਿਆ ਜਿਹੜਾ
ਸਿੱਧਾ ਹੋਣ ਲਈ ਲੱਤਾ
ਮਾਰੀ ਜਾਂਦਾ ਸੀ ਪਰ
ਉਸਦੀ ਕੋਈ ਪੇਸ਼ ਨਹੀਂ
ਜਾਂਦੀ।
ਉਸ ਬਾਬੂ ਵੱਲ ਝਾਕਦਾ
ਉਸਦੀ ਉਂਗਲ ਦੀ ਸੇਧ
ਤੁਰ ਪਿਆ।
ਪਵਨ ਦੇ ਨਾਲ
ਹੋਰ ਵੀ ਕਈ ਆਦਮੀ
ਉਧਰ ਨੂੰ ਭੱਜੇ ਜਾ
ਰਹੇ ਸਨ। ਸੁਵਿਧਾ ਸੈਂਟਰ ਦੀ
ਖੂਬਸੂਰਤ ਸ਼ੀਸ਼ਿਆਂ ਵਾਲੀ ਇਮਾਰਤ
ਤੇ ਅੰਦਰ ਏ ਸੀ
ਦੀ ਠੰਡੀ ਹਵਾ ਨੇ
ਇਕ ਵਾਰ ਤਾਂ ਉਸਨੂੰ
ਨਜ਼ਾਰਾ ਲਿਆ ਦਿੱਤਾ।
ਨਵੇਂ ਬਣੇ ‘ਮੋਲ’ ਵਰਗਾ
ਮਾਹੌਲ ਸੀ। ਨਿੱਕੀਆਂ
ਨਿੱਕੀਆਂ ਡੱਬੀਆਂ ਵਰਗੇ ਖੂਬਸੂਰਤ
ਕਾਊਂਟਰਾਂ ’ਚ ਬੈਠੇ ਟਾਈਆਂ
ਵਾਲੇ ਚੁਸਤ ਦਰੁਸਤ ਮੁੰਡੇ
ਕੁੜੀਆਂ, ਹਰ ਕਾਊਂਟਰ ’ਤੇ
ਐਲ ਸੀ ਡੀ - ਕੰਪਿਊਟਰ,
ਕਾਊਂਟਰ ਦੇ ਹਰ ਸ਼ੀਸ਼ੇ
’ਤੇ ਕੀਤੇ ਜਾਣ ਵਾਲੇ
ਕੰਮ ਦਾ ਵੇਰਵਾ। ਸਟੀਲ
ਦੀਆਂ ਚਮਕਦਾਰ ਕੁਰਸੀਆਂ, ਠੰਡੀ
ਹਵਾ। ਲੋਕ
ਲਾਇਨਾਂ ’ਚ ਲੱਗੇ ਖੜੇ
ਸੀ ਜਿਵੇਂ ਬਾਹਰਲੇ ਮੁਲਕ
’ਚ ਖੜਦੇ ਨੇ।
ਕੋਈ ਖੜਕਾ ਨਹੀਂ, ਕੋਈ
ਰੌਲਾ ਨਹੀਂ, ਲੋਕ ਹੌਲੀ
ਹੌਲੀ ਬੋਲ ਰਹੇ ਨੇ...
ਵਾਤਾਵਰਣ ਦਾ ਅਸਰ ਸੀ
ਜਾਂ ਆਧੁਨਿਕਤਾ ਦਾ ਜਾਂ ਠੰਡੀ
ਹਵਾ ਦਾ ਜਾਂ ਫਿਰ
ਡਰੀ ਹੋਈ ਮਜ਼ਬੂਰੀ ਦਾ...
ਉਸਨੂੰ ਲੱਗਿਆ ਇਹ ਸਰਕਾਰੀ
ਦਫਤਰ ਨਹੀਂ ਸਕੂਲ ਵਾਲੇ
ਸਾਇੰਸ ਮਾਸਟਰ ਚੌਪੜੇ ਦਾ
ਪੀਰੀਅਡ ਆ ਜਿਥੇ ਸਾਰੇ
ਬੱਚੇ ਸਾਹ ਰੋਕ ਕੇ
ਬੈਠਦੇ ਸਨ, ਉਸਦੇ ਪੰਜ
ਕਿਲੋ ਭਾਰੇ ਮੁੱਕੇ ਦੀ
ਮਾਰ ਤੋਂ ਡਰਦੇ ਹੋਏ..
ਜਾਂ ਫੇਰ ਏਅਰਪੋਰਟ ਆ
ਜਿਥੇ ਬਾਹਰ ਜਾਣ ਵਾਲੇ
ਸਾਹ ਰੋਕ ਕੇ ਜਹਾਜ਼
ਉਡੀਕਦੇ ਨੇ...। ਮੁੜਕੇ ਨਾਲ ਗੜੁੱਚ
ਕਪੜਿਆਂ ਦੇ ਠੰਡੇ ਹੋਣ
ਕਾਰਣ ਇਕ ਵਾਰ ਤਾਂ
ਉਸਨੂੰ ਕਾਂਬਾਂ ਛਿੜ ਗਿਆ। ਆਪਣੀਆਂ
ਮੋਟੀਆਂ ਐਨਕਾਂ ਨੂੰ ਥਾਂ
ਸਿਰ ਕਰਦਿਆਂ ਉਸਨੇ ਕਾਊਂਟਰਾਂ
’ਤੇ ਲੱਗੀਆਂ ਨੀਲੇ ਰੰਗ
ਦੀਆਂ ਪੱਟੀਆਂ ’ਤੇ ਛਪੇ
ਚਿੱਟੇ ਅੱਖਰਾਂ ਨੂੰ ਪੜ•ਣਾ ਸ਼ੁਰੂ ਕਰ
ਦਿੱਤਾ।
ਸੁਵਿਧਾ ਸੈਂਟਰ ਰੂਪੀ
ਹਵਾ ਮਹਿਲ ’ਚ ਤੈਰਦਾ
ਉਹ ਪੁੱਛ ਗਿੱਛ ਵਾਲੇ
ਕਾਊਂਟਰ ’ਤੇ ਚਲਾ ਗਿਆ। ਉਸਨੇ
ਡਰਾਇਵਰੀ ਲਾਇਸੰਸ ਬਣਾਉਣ ਦੀ
ਗੱਲ ਕੀਤੀ ਤਾਂ ਸੋਹਣੀ
ਜਿਹੀ ਕੁੜੀ ਨੇ ਇਕ
ਨੰਬਰ ਕਾਊਂਟਰ ਤੋਂ ਫਾਇਲ
ਲੈਣ ਵਾਸਤੇ ਕਿਹਾ।
ਕਾਊਂਟਰ ’ਤੇ ਸੌ ਕੁ
ਬੰਦੇ ਦੀ ¦ਬੀ ਲਾਇਨ
ਲੱਗੀ ਹੋਈ ਸੀ।
ਪਰ ਸ਼ੁਕਰ ਸੀ ਕਿ
ਠੰਡੀ ਹਵਾ ਹੋਣ ਕਰਕੇ
ਕੀੜੀ ਦੀ ਤੋਰ ਤੁਰਦਿਆਂ
ਵੀ ਉਸਨੂੰ ਕੋਈ ਤਕਲੀਫ
ਨਾ ਹੋਈ। ਇਕ
ਨੰਬਰ ਵਾਲੀ ਕੁੜੀ ਨੇ
ਦੋ ਕਾਗਜ਼ਾਂ ਵਾਲੀ ਫਾਇਲ
ਦੇ ਪੰਜਾਹ ਰੁਪਏ ਮੰਗੇ
ਤਾਂ ਉਸਨੂੰ ਪਹਿਲਾ ਝਟਕਾ
ਲੱਗਿਆ।
‘ਭੈਣ ਜੀ ਮੈਂ
ਇਕ ਹੀ ਫਾਇਲ ਲੈਣੀ
ਆ...।’
‘ਯੈਸ ਸਰ, ਆਈ
ਟੈਲ ਯੂ ਸਿੰਗਲ ਫਾਈਲ
ਪਰਾਈਸ, ਪਲੀਜ਼ ... ਪੰਜਾਹ ਰੁਪਏ...।’
ਕੁੜੀ ਦੀ ਮਿੱਠੀ ਅੰਗਰੇਜ਼ੀ
’ਚ ਪੰਜਾਬੀ ਦੀ ਗਾਹਲ
ਜਿੰਨ•ੀ ਕੜਵਾਹਟ ਸੀ।
‘ਮੈਡਮ, ਬਾਹਰੋਂ ਤਾਂ
ਮੈਂ ਦਸ ਰੁਪਈਆਂ ’ਚ
ਲਿਆਇਆਂ ਜੀ ਇਹ ਸਾਰਾ
ਕੁਝ... ਅਜੇ ਥੋੜੇ ਦਿਨ
ਈ ਹੋਏ ਆ...
ਇਹ ਕਾਗਜ਼ ਨੀਂ ਕੰਮ
ਦਿੰਦੇ...।’
‘ਤੁਸੀਂ ਲਾਇਨ ’ਚੋਂ
ਪਾਸੇ ਹੋ ਜੋ... ਮਗਰਲਿਆਂ
ਨੂੰ ਆਉਣ ਦਿਓ... ਇਹ
ਜਿਹੜੀ ਏ ਸੀ ਦੀ
ਹਵਾ ਤੇ ਗੱਦੇ ਦਾਰ
ਕੁਰਸੀਆਂ ਰੱਖੀਆਂ ਨੇ ਇਹ
ਪੈਸੇ ਇਨ•ਾਂ ਫਾਇਲਾਂ
’ਚੋਂ ਹੀ ਨਿਕਲਣੇ ਨੇ...
ਆ ਜਾਂਦੇ ਨੇ...
ਨੈਕਸਟ...।’
‘ਅੱਛਾ ਜੀ ਦੇ
ਦਿਓ ... ਇਕ ਫਾਇਲ ਡਰਾਇਵਰੀ
ਲਾਇਸੰਸ ਦੀ...।’ ਪਵਨ
ਦੇ ਮੂੰਹੋਂ ਮਸੀਂ ਨਿਕਲਿਆ।
ਇਹ ਕੁੜੀ ਆ
ਕਿ ਕਾਕਰੋਚ।
ਉਸਨੂੰ ਹੁਣ ਠੰਡੀ
ਹਵਾ ’ਚ ਘੁਟਣ ਮਹਿਸੂਸ
ਹੋ ਰਹੀ ਸੀ ਤੇ
ਸੋਹਣੀ ਜਿਹੀ ਕੁੜੀ ਵੀ
ਡੀ ਟੀ ਓ ਦੇ
ਸੜੇ ਜਿਹੇ ਕਲਰਕ ਵਰਗੀ
ਲੱਗੀ।
ਫਾਇਲ ਲੈਣ ਤੋਂ
ਬਾਅਦ ਉਹ ਫਿਰ ਪੁੱਛ-ਗਿੱਛ ਕਾਊਂਟਰ ’ਤੇ
ਆਇਆ। ਕੁੜੀ
ਨੇ ਡਰਾਇਵਰੀ ਲਾਇਸੰਸ ਵਾਸਤੇ
ਰਾਸ਼ਨ ਕਾਰਡ, ਸਕੂਲ ਸਰਟੀਫਿਕੇਟ,
ਮੈਡੀਕਲ ਸਰਟੀਫਿਕੇਟ, ਬਲੱਡ ਗਰੁੱਪ ਦੀ
ਰਿਪੋਰਟ ਤੇ ਫੋਟੋਆਂ ਲਿਆਉਣ
ਲਈ ਦੱਸ ਕੇ ਉਸਨੂੰ
ਤੋਰ ਦਿੱਤਾ।
ਹਫਤਾ ਭਰ ਫਿਰ
ਸ਼ੈਲਰ ਦੇ ਕੰਮਾਂ ’ਚ
ਉਲਝਿਆ ਰਹਿਣ ਤੋਂ ਬਾਅਦ
ਫਾਇਲ ਮੁਕੰਮਲ ਕਰਕੇ ਜਦੋਂ
ਪਵਨ ਸੁਵਿਧਾ
ਸੈਂਟਰ ਦੇ ਪੁੱਛ ਗਿੱਛ
ਕਾਊਂਟਰ ’ਤੇ ਪੁੱਜਿਆ ਤਾਂ
ਕੁੜੀ ਨੇ ਉਸਨੂੰ ਅੱਖਾਂ
ਦੇ ਡਾਕਟਰ ਕੋਲੋਂ ਖਾਸ
ਮੈਡੀਕਲ ਕਰਾਉਣ ਦਾ ਕਹਿ
ਕੇ ਪੁੱਠੇ ਪੈਰੀਂ ਮੋੜ
ਦਿੱਤਾ। ਅਖੈ
ਤੇਰੇ ਤਾਂ ਐਨਕਾਂ ਬਹੁਤ
ਮੋਟੀਆਂ ਲੱਗੀਆਂ ਨੇ ਪਤਾ
ਨੀਂ ਵਿਖਦਾ ਵੀ ਆ
ਕਿ ਨਹੀਂ।
ਫਿਰ ਪੰਜ ਸੱਤ
ਦਿਨਾਂ ਬਾਅਦ ਅੱਖਾਂ ਦਾ
ਖਾਸ ਮੈਡੀਕਲ ਕਰਵਾ ਕੇ
ਉਹ ਪੁੱਛ ਗਿੱਛ ਕਾਊਂਟਰ
’ਤੇ ਪੁੱਜਿਆ। ਉਸਦੀ
ਫਾਇਲ ਬਿਨਾਂ ਚੈਕ ਕੀਤਿਆਂ
ਹੀ ਕੁੜੀ ਨੇ ਉਸਦੇ
ਹੱਥ ਇਕ ਟੋਕਨ ਨੰਬਰ
ਦੇ ਕੇ ਅੱਠ ਨੰਬਰ
ਖਿੜਕੀ ਵੱਲ ਤੋਰ ਦਿੱਤਾ। ਜਦੋਂ
ਉਹ ਟੋਕਨ ਵੱਲ ਝਾਕਿਆ
ਤਾਂ ਉਸਦਾ ਨੰਬਰ 65 ਸੀ। ਪਤਾ
ਲੱਗਿਆ ਕਿ ਵਾਰੀ ਤਿੰਨ
ਵਜੇ ਤੋਂ ਬਾਅਦ ਆਊਗੀ। ਉਸਨੇ
ਉਥੇ ਬੈਠਣ ਨਾਲੋਂ ਸ਼ੈਲਰ
ਜਾ ਕੇ ਕੋਈ ਕੰਮ
ਕਰਨਾ ਚੰਗਾ ਸਮਝਿਆ।
ਦੋ ਵਜੇ ਸ਼ੈਲਰ ਤੋਂ
ਸੁਵਿਧਾ ਸੈਂਟਰ ਵੱਲ ਚੱਲਿਆ
ਤਾਂ ਰਾਹ ’ਚ ਫਾਟਕ
ਬੰਦ ਸੀ। ਉਹ
ਖੁੱਲਿਆ ਤਾਂ ਅੱਗੇ ਟਰੈਫਿਕ
ਵਾਲਿਆਂ ਉਸਦਾ ਚਲਾਨ ਕਰ
ਦਿੱਤਾ। ਕਹਿੰਦੇ
ਬਿਨਾਂ ਲਾਇਸੰਸ ਤੋਂ ਸਕੂਟਰ
ਭਜਾਈ ਫਿਰਦੈਂ। ਉਹ
ਖੱਜਲ ਖੁਆਰ ਹੁੰਦਾ ਚਾਰ ਵਜੇ ਦਫਤਰ
ਪੁੱਜਿਆ ਤਾਂ ਉਸਦਾ 65 ਨੰਬਰ
¦ਘ ਚੁੱਕਿਆ ਸੀ।
ਉਸਨੇ ਕਾਊਂਟਰ ਵਾਲੇ ਦੀਆਂ
ਬਥੇਰੀਆਂ ਮਿੰਨਤਾਂ ਕੀਤੀਆਂ ਉਸ
ਇਕ ਨਹੀਂ ਮੰਨੀ।
ਕਹਿੰਦਾ ਕੰਪਿਊਟਰ ਵਾਰੀ ਸਿਰ
ਹੀ ਕੰਮ ਕਰਦਾ ਨਾ
ਪਹਿਲਾਂ ਨਾ ਬਾਅਦ ’ਚ।
ਹੁਣ ਪਵਨ ਲਈ
ਸੁਵਿਧਾ ਸੈਂਟਰ ਓਪਰਾ ਨਹੀਂ
ਸੀ। ਹਫਤੇ
ਕੁ ਬਾਅਦ ਉਹ ਫਿਰ
ਸੁਵਿਧਾ ਸੈਂਟਰ ’ਚ ਪੁੱਜਿਆ,
ਨਵਾਂ ਟੋਕਨ ਲਿਆ, ਲਾਇਨ
’ਚ ਲੱਗਿਆ ਪਰ ਜਦੋਂ
ਵਾਰੀ ਆਈ ਤਾਂ ਕਾਊਂਟਰ
ਵਾਲੇ ਮੁੰਡੇ ਨੇ ਫਾਇਲ
ਮੋੜ ਦਿੱਤੀ... ਕਹਿੰਦਾ ਤੁਹਾਡੇ ਨਜ਼ਰ
ਦੀਆਂ ਐਨਕਾਂ ਲੱਗੀਆਂ... ਸਰਕਾਰੀ
ਹਸਪਤਾਲ ਦੇ ਅੱਖਾਂ ਦੇ
ਡਾਕਟਰ ਤੋਂ ਰਿਪੋਰਟ ਲੈ
ਕੇ ਆਓ... ।
‘ਰਿਪੋਰਟ ਲੱਗੀ ਆ...
ਪਟਿਆਲੇ ਵਾਲੇ ਅੱਖਾਂ ਦੇ
ਡਾਕਟਰ ਦੀ...।’
‘ਬਾਊ ਜੀ ਸਰਕਾਰੀ
ਹਸਪਤਾਲ ’ਚੋਂ ਕਰਵਾ ਕੇ
ਲਿਆਓ... ਪ੍ਰਾਈਵੇਟ ਡਾਕਟਰ ਤਾਂ ਪੈਸੇ
ਲੈ ਕੇ ਮੋਹਰ ਠੋਕ
ਦਿੰਦੇ ਨੇ... ਇਹ ਨਹੀਂ
ਚੱਲਦੀ... ਤੁਹਾਡਾ ਖਾਸ ਮੈਡੀਕਲ
ਹੋਣਾ...।’ ਮੁੰਡਾ
ਨੇ ਕੰਪਿਊਟਰ ’ਤੇ ਟਿਪ ਟਿਪ
ਕਰਦਿਆਂ ਕਿਹਾ।
ਮਿੰਨ
ਮਿੰਨ ਕਰਦੇ ਪਵਨ ਦੀ
ਠੰਡੀ ਹਵਾ ਵਾਲੇ ਕਮਰੇ
’ਚ ਕਿਸੇ ਗੱਲ ਨਾ
ਸੁਣੀ।
ਫਿਰ
ਡਾਕਟਰਾਂ ਦੇ ਚੱਕਰ...।
ਅਖੀਰ ਉਸਨੂੰ ਕਿਸੇ ਸਿਆਣੇ
ਨੇ ਮੱਤ ਦਿੱਤੀ ਬਾਊ
ਕਿਉਂ ਭਕਾਈ ਕਰੀ ਜਾਨੈ...
ਸੁਵਿਧਾ ਸੈਂਟਰ ਦੇ ਬਾਹਰ
ਬਥੇਰੇ ਏਜੰਟ ਬੈਠੇ ਨੇ
... ਉਨ•ਾਂ ਦੀ ਸੁਵਿਧਾ
ਲੈ... ਫੜਾ ਦੇ ਕਿਸੇ
ਨੂੰ ਫਾਇਲ ... ਆਪੇ ਮੁਕੰਮਲ ਕਰਾ
ਦੂ ... ਉਤੇ ਲਾ ਦੂ
ਨਿਸ਼ਾਨੀ... ਫੇਰ ਨੀਂ ਕੋਈ
ਮੋੜਦਾ...।
ਅਖੀਰ
ਛੇ ਮਹੀਨਿਆਂ ਦੀ ਭਕਾਈ
ਤੋਂ ਬਾਅਦ ਬੱਤੀ ਸੌ
ਸੱਠ ਰੁਪਈਏ ਖਰਚ ਕਰਕੇ
ਉਸਦੇ ਹੱਥ ਡਰਾਇਵਰੀ ਲਾਇਸੰਸ
ਆਇਆ ਸੀ। ਪਰ
ਏ ਟੀ ਐਮ
ਕਾਰਡ ਵਰਗੇ ਲਾਇਸੰਸ ’ਤੇ
ਆਪਣੀ ਗੋਲ ਗੱਪੇ ਵਰਗੀ
ਫੋਟੋ ਵੇਖ ਕੇ ਉਸਨੂੰ
ਸਭ ਕੁਝ ਭੁੱਲ ਗਿਆ।
ਰਾਤ
ਨੂੰ ਪਵਨ ਨੇ ਗੁਣ
ਗੁਣਾਉਂਦਿਆਂ ਭਵਾਨੀ
ਨੂੰ ਠੰਡੀ ਖੀਰ ਬਣਾਉਣ
ਲਈ ਕਿਹਾ। ਕਹਿੰਦਾ
ਲਾਇਸੰਸ ਬਣ ਗਿਆ ਹੁਣ
ਲੋਨ ਲੈ ਕੇ ਤੇਰੀ
ਰਸੋਈ ਫੇਰ ਚਮਕਾ ਦੇਣੀ
ਆ... ਤੇ ਫੇਰ ਨਾਲ
ਦੀ ਨਾਲ ਜਗਰਾਤਾ... ਜੈ
ਮਾਤਾ ਦੀ... ਕਰਦੇ ਬੇੜਾ
ਪਾਰ ਸ਼ੇਰਾ ਵਾਲੀਏ... ਲਿਆਈਏ
ਤੇਰਾ ਦਰਬਾਰ... ਸ਼ੇਰਾਂ ਵਾਲੀਏ...।
ਉਹ ਲੋਰ ’ਚ ਆਇਆ
ਤਾੜੀਆਂ ਮਾਰ ਕੇ ਝੂਮ
ਰਿਹਾ ਸੀ। ਭਵਾਨੀ ਵੀ ਉਸਦਾ
ਸਾਥ ਦੇ ਰਹੀ ਸੀ।
ਅਗਲੇ
ਦਿਨ ਪਵਨ ਬੈਂਕ ਗਿਆ
ਤੇ ਫੀਲਡ ਅਫਸਰ ਨੂੰ
ਲਾਇਸੰਸ ਵਿਖਾਇਆ ਤਾਂ ਉਸਨੇ
ਕੁਝ ਕਾਗਜ਼ਾਂ ’ਤੇ ਦਸਤਖਤ
ਕਰਾਉਂਦਿਆਂ ਮਕਾਨ ਦੀ ਰਜਿਸਟਰੀ
ਦੇਣ ਲਈ ਕਿਹਾ।
‘ਉਹ ਤਾਂ ਜੀ
ਘਰ ਪਈ ਆ...।’
‘ਚੁੱਕ ਲਿਆ ਫੇਰ... ਉਸਨੂੰ ਹੁਣ
ਅਸੀਂ ਸਾਂਭ ਕੇ ਰੱਖਾਂਗੇ
ਬੱਚੂ ਜੀ...।’
‘ਹੁਣੇ ਆਇਆ ਜੀ...।’ ਕਹਿਕੇ
ਪਵਨ ਘਰ ਆਇਆ ਤੇ
ਮਕਾਨ ਦੀ ਰਜਿਸਟਰੀ ਲੈ
ਕੇ ਬੈਂਕ ਪਹੁੰਚ ਗਿਆ।
‘ਪਵਨ ਸਿਆਂ... ਤੈਨੂੰ
ਤਾਂ ਹੀ ਮੁੰਡੇ ਛੇੜਦੇ
ਰਹਿੰਦੇ ਆ... ਓ ਪਤੰਦਰਾ
ਰਜਿਸਟਰੀ ਤਾਂ ਅਜੇ ਤੱਕ
ਕੰਵਾਰੀਓ ਲਈ ਫਿਰਦੈ ... ਐਹਦੀ
ਘੁੰਢ ਚੁਕਾਈ ਤਾ ਕਰਾ...
ਉਹ ਭਾਈ ਇਹਦਾ ਇੰਤਕਾਲ
ਕਰਵਾ ਪਟਵਾਰੀ ਤੋਂ, ਫੇਰ
ਈ ਬਣੂ ਕੋਈ
ਗੱਲ... ਅਜੇ ਤਾਂ ਇਹ
ਤੇਰੇ ਬਾਪੂ ਦੇ ਨਾਂ
ਈ ਬੋਲਦੀ ਆ,
ਹੁਣ ਤਾਂ ਐਹਦੀ ਕਿਸੇ
ਕਾਣੀ ਕੌਡੀ ਨੀਂ ਦੇਣੀ...
ਜਾ ਮੇਰਾ ਸ਼ੇਰ...।’
ਪਵਨ ਨੂੰ ਲੱਗਿਆ ਬਾਬੂ
ਕਾਕਰੋਚ ਵਾਂਗ ਹੌਲੀ ਹੌਲੀ
ਉਸਦੀ ਰਜਿਸਟਰੀ ਨੂੰ ਚਟਮ
ਕਰ ਰਿਹਾ ਹੋਵੇ।
ਉਸਨੇ ਕਾਹਲੀ ਨਾਲ ਬਾਬੂ
ਦੇ ਹੱਥੋਂ ਰਜਿਸਟਰੀ ਖੋਹਦਿਆਂ
ਕਿਹਾ, ‘ਅੱਛਾ ਜੀ... ਪਟਵਾਰੀ
ਕੋਲੋਂ ਜਾ ਕੇ ਐਹਦਾ
ਇੰਤਕਾਲ ਕਰਾ ਕੇ ਮੈਂ
ਹੁਣੇ ਆਇਆ... ਅੱਜ ਲੋਨ
ਫਾਈਨਲ ਕਰਨਾ ਜੀ... ਅੱਗੇ
ਈ ਬੜਾ ਲੇਟ
ਹੋ ਗਿਆ ... ਘਰਦੇ ਔਖੇ
ਹੁੰਦੇ ਨੇ... ਨਾਲੇ ਬਾਊ...।’
ਪਵਨ
ਕਾਹਲੀ ’ਚ ਬੈਂਕ ’ਚੋਂ
ਨਿਕਲਿਆ ਤੇ ਵੇਸਪਾ ਪਟਵਾਰ
ਖਾਨੇ ਵੱਲ ਭਜਾ ਲਿਆ। ਪਹਿਲਾਂ
ਵੀ ਸ਼ੇੈਲਰ ਦੇ ਕੰਮ
ਕਾਰ ਉਹ ਅਕਸਰ ਜਾਂਦਾ
ਰਹਿੰਦਾ ਸੀ। ਪਟਵਾਰੀ
ਦੇ ਟੁੱਟੇ ਜਿਹੇ ਦਫਤਰ
ਦੇ ਖਸਤਾ ਹਾਲ ਬੂਹੇ
ਨੂੰ ਬਾਹਰੋਂ ਹਮੇਸ਼ਾਂ ਜਿੰਦਰਾ
ਲਟਕਿਆ ਰਹਿੰਦਾ। ਲੋਕ ਵੇਖ
ਵੇਖ ਮੁੜੀ ਜਾਂਦੇ।
ਜਿਹੜਾ ਭੇਤੀ ਹੁੰਦਾ ਉਹ
ਧੱਕਾ ਮਾਰ ਕੇ ਬੂਹਾ
ਖੋਲਦਾ ਅੰਦਰੋਂ ਜਾ ਕੇ
ਫੇਰ ਧੱਕੇ ਨਾਲ ਬੰਦ
ਕਰ ਦਿੰਦਾ। ਭੇਤੀਆਂ
ਲਈ ਤਾਂ ਇਹ ਬੂਹਾ
ਸਣੇ ਜਿੰਦਰੇ ਖੁੱਲਦਾ ਸੀ
ਪਰ ਅਣਜਾਣਾਂ ਵਾਸਤੇ ਇਸਦਾ
ਜਿੰਦਰਾ ਕਦੇ ਨਹੀਂ ਖੁੱਲਿਆ।
ਪਵਨ ਵੀ ਭੇਤੀ
ਸੀ, ਉਨ•ੇ ਝੱਟ
ਦੇਣੇ ਸਣੇ ਜਿੰਦਰੇ ਬੂਹੇ
ਨੂੰ ਧੱਕਾ ਮਾਰਿਆ ਤੇ
ਅੰਦਰ ਦਾਖਲ ਹੋ ਗਿਆ। ਪਟਵਾਰੀ
ਅੱਖਾਂ ਬੰਦ ਕੇ ਕੁਰਸੀ
’ਤੇ ਝੂਲੀ ਜਾ ਰਿਹਾ
ਸੀ। ਉਹ ਕਾਫੀ ਦੇਰ
ਖੜਾ ਰਿਹਾ। ਫਿਰ
ਪਤਾ ਨਹੀਂ ਕਿਵੇਂ ਉਸਦੇ
ਹੱਥ ਜੁੜ ਗਏ।
ਪਰ ਪਟਵਾਰੀ ਦੀ ਅੱਖ
ਨਾ ਖੁੱਲੀ। ਉਹ
ਕੁਰਸੀ ਦੇ ਝੂਟੇ ਲਈ
ਗਿਆ। ਐਨੇ
ਨੂੰ ਪਟਵਾਰੀ ਦਾ ਕਰਿੰਦਾ
ਆਇਆ ਉਸਨੇ ਮੇਜ਼ ’ਤੇ
ਉਂਗਲੀ ਦੀ ਠੋਕਰ ਮਾਰੀ। ਪਟਵਾਰੀ
ਨੇ ਖੱਬੀ ਅੱਖ ਥੋੜੀ
ਜਿਹੀ ਪੱਟੀ। ਕਰਿੰਦੇ
ਨੇ ਪਵਨ ਵੱਲ ਉਂਗਲ
ਕਰ ਦਿੱਤੀ। ਪਟਵਾਰੀ
ਨੇ ਸਿਰ ਮਾਰ ਕੇ
ਫਿਰ ਅੱਖਾਂ ਬੰਦ ਕਰ
ਲਈਆਂ। ਬੰਦਾ
ਕਹਿੰਦਾ, ‘ ਬਾਊ ਜੀ ਪਟਵਾਰੀ
ਸਾਅਬ ਅੱਜ ਖੁਮਾਰੀ ’ਚ
ਨੇ ਕੱਲ ਨੂੰ ਆਇਓ...
ਰਾਜਸਥਾਨੋ ਅੱਜ ਈ ਮਾਲ
ਆਇਆ... ਬਾਹਲਾ ਖਰਾ... ਸਾਅਬ
ਜੀ ਪਰਖ ਰਹੇ ਨੇ...
ਸਮਝ ਗਏ ਨਾ ਜਾਓ
ਹੁਣ ਘਰੇ... ਸ਼ਕੰਜਵੀ ਬਣਾ
ਕੇ ਪੀਓ...’
ਪਵਨ ਇੰਤਕਾਲ ਕਰਾਉਣ
ਲਈ ਅੜ ਗਿਆ ਤਾਂ
ਪਟਵਾਰੀ ਨੇ ਫਿਰ ਸੱਜੀ
ਅੱਖ ਖੋਲੀ ਤੇ ਕਿਹਾ,
‘ਤੂੰ ਤਾਂ ਮੇਰੇ ਹਲਕੇ
ਦਾ ਬੰਦਾ ਈ ਹੈਣੀ।’
ਪਵਨ ਦੇ ਹੋਸ਼
ਉਡ ਗਏ। ਉਸਨੂੰ
ਲੱਗਿਆ ਜਿਵੇਂ ਉਹ ਭਰੇ
ਬਜ਼ਾਰ ’ਚ ਨੰਗਾ ਹੋ
ਗਿਆ ਹੋਵੇ। ਕਿਸੇ
ਜਾਦੂਗਰ ਨੇ ਉਸਦੇ ਸਾਰੇ
ਕੱਪੜੇ ਚੁਟਕੀ ’ਚ ਗਾਇਬ
ਕਰ ਦਿੱਤੇ ਹੋਣ।
ਉਹ ਹੱਥ ਅੱਗੇ ਪਿੱਛੇ
ਕਰਕੇ ਤੇ ਲੱਤਾਂ ਜੋੜਕੇ
ਖੜਾ ਹੋ ਗਿਆ।
ਹੁਣ ਕੀ ਸਬੂਤ ਦੇਵੇ
ਕਿ ਉਹ ਉਸੇ ਪਟਵਾਰੀ
ਦੇ ਹਲਕੇ ਦਾ ਰਹਿਣ
ਵਾਲਾ। ਕੱਲ
ਨੂੰ ਪਟਵਾਰੀ ਕਹਿਦੂ ਤੂੰ
ਤਾਂ ਇਸ ਸ਼ਹਿਰ ਦਾ
ਈ ਹੈਨੀ।
ਤੇਰਾ ਮਕਾਨ ਵੀ ਤੇਰਾ
ਹੈਣੀ। ਤੇਰੀ
ਘਰਵਾਲੀ ਵੀ ਤੇਰੀ ਨਹੀਂ,
ਤੇਰਾ.... ਮੈਂ ਕੀ ਸਬੂਤ
ਦਿਆਂ... ਮੈਂ... ਮੇਰਾ...।
ਘਰ ਦਾ ਇੰਤਕਾਲ
ਕਰਾਉਂਦੇ ਪਵਨ ਨੂੰ ਤਾਂ
ਆਪਣਾ ਇੰਤਕਾਲ ਗਵਾਚਦਾ ਲੱਗਿਆ।
ਡੌਰ ਭੌਰ ਹੋਏ
ਪਵਨ ਨੇ ਪਟਵਾਰੀ ਦੇ
ਕਰਿੰਦੇ ਨੂੰ ਇਸ਼ਾਰਾ ਕੀਤਾ,
‘ਕੀ ਕਰਾਂ ?’
ਉਹ ਕਹਿੰਦਾ,‘ਰਾਸ਼ਨ
ਕਾਰਡ ਲੈ ਕੇ ਆ
ਜੀਂ ਲਾਲਾ, ਸਵੇਰੇ।’
‘
ਰਾਸ਼ਨ ਕਾਰਡ ਤਾਂ ਮੈਂ
ਬਣਾਇਆ ਨੀਂ ... ਨਾ ਹੀ
ਵੋਟ ਬਣਾਈ ਆ... ਕੀ
ਕਰਨੀ ਆ... ਕਦੇ ਲੋੜ
ਈਂ ਨੀਂ ਪਈ...।’
‘
ਮੈਂ ਕੱਲ ਨੂੰ ਗੱਲ
ਕਰਕੇ ਰੱਖੂ...ਚੋਗਾ ਪਾਉਣੇ
ਆਂ... ਜੇ ਪਟਵਾਰੀ ਸਾਅਬ
ਨੇ ਚੁਗ ਲਿਆ ਤਾਂ
ਪਿੰਜਰੇ ’ਚ ਵਾੜ ਲਾਂ
ਗੇ ਤੇ ਮਰਵਾ ਲਵਾਂਗੇ
ਠੁੰਗਾ... ਨਹੀਂ ਤਾਂ ਫੇਰ
... ਠੀਕ
ਆ ਨਾ ਸੇਠਾ...
ਤੇਰਾ ਦਸ ਲੱਖ ਦਾ
ਘਰ ਠੁੰਗ ਬਿਨਾਂ ਮਿੱਟੀ
ਆ.. ਬੈਂਕ ਨੇ ਧੇਲਾ
ਨੀਂ ਦੇਣਾ ਇਸ ਠੁੰਗ
ਦੇ ਬਿਨਾਂ... ਚਾਲੀ ਪੰਜਾਹ ਹਜ਼ਾਰ
ਦਾ ਪ੍ਰਬੰਧ ਕਰਕੇ ਆ
ਜੀਂ ਕੱਲ ਨੂੰ ... ਨਾਲੇ
ਚੁੱਪ ਕਰਕੇ... ਚੱਲ ਬਾਊ
ਹੁਣ ਤੂੰ ਪਹੁੰਚ ਘਰੇ
ਠੰਡੇ ਠੰਡੇ ... ਪੀ ਕੋਕਾ ਕੋਲੋ
ਸੇਠਾਣੀ ਕੋਲੋਂ ਜਾ ਕੇ...
ਜਾਂਦਾ ਹੋਇਆ ਬੂਹਾ ਭੇੜ
ਜੀਂ... ਐਵੇਂ ਕੋਈ ਹੋਰ
ਮੂੰਹ ਚੱਕੀ ਆਊ ਤੇਰੇ
ਵਾਂਗੂੰ...।’ ਕਰਿੰਦੇ
ਨੇ ਹਲਕੀ ਜਿਹੇ ਅੰਦਾਜ਼
’ਚ ਸ਼ੁਰੂ ਕੀਤੀ ਗੱਲ
ਨੂੰ ਕਰੜੇ ਸੁਰ ’ਚ
ਸਮੇਟਦਿਆਂ ਉਸਨੂੰ ਦਫਤਰੋਂ ਤੋਰ
ਦਿੱਤਾ।
‘ਨਹੀਂ ਮੈਂ ਨਹੀਂ
ਦੇਣੇ ਪੈਸੇ... ਆਪਣਾ ਮਕਾਨ
ਆ... ਕੋਈ ਚੋਰੀ ਦਾ
ਮਾਲ ਆ... ਪਿਓ ਨੇ
ਮੁੱਲ ਖਰੀਦਿਆ ਸੀ... ਰਜਿਸਟਰੀ
ਕੋਲ ਆ... ਇੰਤਕਾਲ ਰਹਿੰਦਾ
ਕੱਲਾ... ਉਹਦੇ ਪੰਜਾਹ ਹਜ਼ਾਰ
ਮੰਗਦਾ ਪਟਵਾਰੀ... ਪੰਜਾਹ ਹਜ਼ਾਰ ਹੁੰਦਾ
ਤਾਂ ਮੈਂ ਇੰਤਕਾਲ ਢੂਏ
’ਚ ਲੈਣਾ ਸੀ... ਰਸੋਈ
ਦਾ ਕੰਮ ਈ ਨਾ
ਕਰਾ ਲੈਂਦਾ... ਸਾਲੇ ਕਾਕਰੋਚ ’ਕੱਲੀ
ਰਸੋਈ ’ਚ ਨਹੀਂ ਹਰ
ਦਫਤਰ ’ਚ ਬੈਠੇ ਨੇ...ਇਨ•ਾਂ ’ਤੇ
ਤਰਸ ਨੀਂ ਕਰਨਾ ਚਾਹੀਦਾ...ਸਲਿਆਂ ਨੂੰ ਪੁੱਠੇ
ਪੁੱਠੇ ਕਰਕੇ ਮਾਰੇ...।’
ਪਵਨ ਸੁਰਿੰਦਰ ਬਾਂਸਲ ਕੋਲ
ਜਾ ਕੇ ਜ਼ਾਰੋ ਜ਼ਾਰ
ਰੋ ਪਿਆ।
ਬਾਂਸਲ ਨੇ ਉਸਨੂੰ
ਆਪਣੇ ਵਕੀਲ ਸ਼ਾਸਤਰੀ ਕੋਲ
ਜਾਣ ਲਈ ਕਿਹਾ ਜਿਸ
ਕੋਲੋਂ ਉਹ ਆਪਣੀ ਆੜਤ,
ਸ਼ੈਲਰ, ਕਾਰਖਾਨੇ, ਫੈਕਟਰੀਆਂ ਤੇ ਗੱਡੀਆਂ ਦੇ
ਕਰਜ਼ੇ ਦੇ ਕੇਸ ਕਰਾਉਂਦਾ। ਜਦੋਂ
ਪਵਨ ਕਚਿਹਰੀ ਗਿਆ ਤੇ
ਸ਼ਾਸਤਰੀ ਵਕੀਲ ਬਾਰੇ ਪੁੱਛਿਆ
ਤਾਂ ਉਥੇ ਸ਼ਾਸਤਰੀ ਨਾਂ
ਵਾਲੇ ਤਿੰਨ ਵਕੀਲ ਸਨ। ਪਵਨ
ਨੇ ਫੇਰ ਬਾਊ ਨੂੰ
ਫੋਨ ਕੀਤਾ ਕਿ ਇਥੇ
ਤਾਂ ਤਿੰਨ ਸ਼ਾਸਤਰੀ ਹਨ
ਕਿਹੜੇ ਕੋਲ ਜਾਵਾਂ।
ਉਨ•ਾਂ ਕਿਹਾ ਕਿ
ਸੋਮ ਨਾਥ ਸ਼ਾਸਤਰੀ ਕੋਲ। ਪਤਾ
ਕੀਤਾ ਤਾਂ ਸੋਮ ਨਾਥ
ਵੀ ਦੋ ਨੇ ਤਾਂ
ਬਾਊ ਨੇ ਕਿਹਾ ਜਿਹੜੇ
ਸ਼ਾਸਤਰੀ ਨੇ ਲਾਲ ਰੰਗ
ਦਾ ਕੋਟ ਪਾਇਆ ਹੈ,
ਉਸ ਕੋਲ। ਲਾਲ
ਰੰਗ ਦੇ ਕੋਟ ਵਾਲੇ
ਸ਼ਾਸਤਰੀ ਨੇ ਜਾਂਦਿਆਂ ਹੀ
ਉਸਨੂੰ ਆਪਣੀ ਪਹਿਚਾਣ ਦੇ
ਨੁਕਤੇ ਸਮਝਾਉਣੇ ਸ਼ੁਰੂ ਕੀਤੇ,‘
ਕਾਕਾ ਪਵਨ ਜੀ ਮੈਂ
ਹਮੇਸ਼ਾ ਲਾਲ ਰੰਗ ਦਾ
ਕੋਟ ਪਾ ਕੇ ਰੱਖਦਾਂ...
ਹਾੜ ਹੋਵੇ ਸਿਆਲ... ਵਾਏ..
. ਪਤਾ ਜੇ ਕਿਉਂ... ਦੂਜੇ
ਦੋਵੇਂ ਸ਼ਾਸਤਰੀ ਠੱਗ ਨੇ,
ਮੇਰੇ ਸਾਇਲਾਂ ਨੂੰ ਵੀ
ਕੁੰਡੀ ਲਾ ਜਾਂਦੇ ਨੇ...
ਨਾਂ ਤਾਂ ਮੇਰਾ ਵਰਤ
ਲੈਂਦੇ ਨੇ ਪਰ ਲਾਲ
ਰੰਗ ਦਾ ਕੋਟ ਨਹੀਂ
ਪਾ ਸਕਦੇ... ਵਾਏ... ਪਤਾ
ਜੇ ਕਿਉਂ... ਕਿਉਂਕੇ ਇਕ
ਤਾਂ ਬੁੱਢਾ, ਉਹ ਪੁਰਾਣੇ
ਜ਼ਮਾਨੇ ਦੀ ਵਾਸਕਟ ਪਾਉਂਦੇ...
ਹੁਣ ਲਾਹੁਣੋਂ ਰਿਹਾ... ਤੇ
ਦੂਜਾ ਮੁੰਡਾ ਉਹਨੂੰ ਊਂ
ਸ਼ਰਮਾ ਆਉਂਦੀ ਆ, ਲਾਲ
ਕੋਟ ਪਾਉਂਦੇ ਨੂੰ... ਤਾਂ
ਹੀ ਮੈਂ ਕੋਟ ਪਾ
ਕੇ ਰੱਖਦਾਂ... ਮੈਨੂੰ ਲੋਕ ਲਾਲ
ਕੋਟ ਵਾਲਾ ਸ਼ਾਸਤਰੀ ਕਹਿੰਦੇ
ਨੇ। ਅੱਗੇ
ਤੋਂ ਇਹੀ ਨਾਂ ਦੱਸ
ਕੇ ਭੇਜਣਾ ਜੇ ਕਿਸੇ
ਨੂੰ ਭੇਜਣਾ ਹੋਵੇ ਤਾਂ।
ਸ਼ਾਸਤਰੀ ਨੇ ਪਵਨ
ਨੂੰ ਕੁਰਸੀ ’ਤੇ ਬਿਠਾਇਆ। ਸ਼ਕੰਜਵੀ
ਦਾ ਗਿਲਾਸ ਪਿਆਇਆ।
ਫਾਇਲ ਖਰਚੇ ਵਾਸਤੇ ਤੇਤੀ
ਸੌ ਰੁਪਏ ਲੈ ਕੇ
ਕਰਜ਼ਾ ਲੈਣ ਦਾ ਪਾਠ
ਪੜ•ਾਉਣ ਲੱਗਿਆ।
‘ਵੇਖੋ ਸਰਦਾਰ ਬਹਾਦਰ
ਪਵਨ ਜੀ, ਤੁਹਾਡੇ ਤੋਂ
ਲਏ ਤੇਤੀ ਸੌ ਰੁਪਏ
’ਚੋਂ ਤਿੰਨ ਹਜ਼ਾਰ ਮੇਰੇ
ਤੇ ਤਿੰਨ ਸੌ ਮੁਨਸ਼ੀ
ਦੇ... ਠੀਕ ਆ।
ਹੁਣ ਅਗਲੀ ਗੱਲ ਸੁਣੋ,
ਮਕਾਨ ਵਾਸਤੇ ਬੈਂਕ ਤੋਂ
ਕਰਜ਼ਾ ਲੈਣਾ ਹੋਵੇ ਤਾਂ
ਸਮਾਂ ਖੁੱਲਾ ਚਾਹੀਦਾ... ਬਈ
ਬੰਦਾ ਘਰੋਂ ਤੁਰ ਪਵੇ
... ਤੇ ਸਾਰਾ ਦਿਨ ਗੇੜੇ
ਕੱਢ ਕੇ ਖਾਲੀ ਹੱਥ
ਘਰ ਚਲਾ ਜਾਵੇ ... ਪਰ
ਘਬਰਾਵੇ ਨਾ... ਇਹ ਕੰਮ
ਇਕ ਦੋ ਦਿਨ ਨਹੀਂ
ਕਈ ਮਹੀਨਿਆਂ ਤੱਕ ਵੀ
ਚੱਲ ਸਕਦੈ... ਹੁਣ ਵੇਖੋ
ਤਾਂ ਵੱਡੀਆਂ ਕੰਪਨੀਆਂ ਤੇ
ਵੱਡਿਆਂ ਬੰਦਿਆਂ ਨੇ ਸਾਡੇ
ਵਰਗੇ ਰੱਖੇ ਹੋਏ ਨੇ
ਭਕਾਈ ਕਰਨ ਨੂੰ... ਵਾਏ..
. ਪਤਾ ਜੇ ਕਿਉਂ... ਅਗਲੇ
ਪੈਸੇ ਦਿੰਦੇ ਨੇ ਅਸੀਂ
ਭਕਾਈ ਕਰੀ ਜਾਣੇ ਆਂ...
ਹਾਂ, ਦੂਜੀ ਗੱਲ ਮਕਾਨ
ਦੀ ਰਜਿਸਟਰੀ, ਇੰਤਕਾਲ, ਜਮਾਂਬੰਦੀ ਤੇ
ਜ਼ਮੀਨ ਦੇ ਨੰਬਰ ਸਹੀ
ਹੋਣੇ ਚਾਹੀਦੇ ਹਨ... ਮਕਾਨ
ਨੰਬਰ ਤੋਂ ਪਹਿਲਾਂ ਖਸਰਾ
ਨੰਬਰ, ਕਿਲਾ ਨੰਬਰ, ਮੁਸਤੀਲ
ਨੰਬਰ, ਰਕਬਾ ਯਾਦ ਹੋਣਾ
ਚਾਹੀਦਾ ਹੈ... ਕਮੇਟੀ ਤੋਂ
ਚੁੱਲ•ਾ ਟੈਕਸ ਦੀ
ਰਸੀਦ... ਮਕਾਨ ਨੰਬਰ ਦੀ
ਪਰਚੀ ਹੋਣੀ ਚਾਹੀਦੀ ਹੈ
ਤੇ ਇਹ ਸਾਰਾ ਕੁਝ
ਲੈ ਕੇ ਤੁਸੀਂ ਜਦੋਂ
ਬੈਂਕ ਦੇ ਵਕੀਲ ਕੋਲ
ਜਾਉਂਗੇ ਤਾਂ ਜੇ ਉਹ
ਲਿਖ ਕੇ ਦੇਵੇਗਾ ਕਿ
ਤੁਹਾਡਾ ਮਕਾਨ ਤੁਹਾਡਾ
ਹੀ ਹੈ ਤਾਂ ਫਿਰ
ਬੈਂਕ ਵਾਲੇ ਕਰਜ਼ੇ ਵਾਸਤੇ
ਵਿਚਾਰ ਕਰਨਗੇ... ਠੀਕ ਹੈ ਨਾ
ਜੀ... ਹੁਣ ਤੁਸੀਂ ਜਾਓ
ਤੇ ਮੇਰੇ ਮੁਨੀਮ ਤੋਂ
ਸਾਰੇ ਕਾਗਜ਼ ਸਮਝ ਲਓ
ਉਹ ਲੈ ਕੇ ਆਓ
ਤੇ ਮੈਂ ਫਟਾ - ਫਟ
ਘੁੱਗੀ ਮਾਰ ਦਊਂ... ਜਨਾਬ,
ਤੁਸੀਂ ਸੇਠਾਂ ਦੇ ਬੰਦੇ
ਓਂ... ਸੇਠਾਂ ਦੀ ਸਿਫਾਰਸ਼
ਆ... ਬਾਊ ਨੇ ਸਪੈਸ਼ਲ
ਫੋਨ ਕੀਤਾ, ਹੁਣ ਕੰਮ
ਤਾਂ ਤੁਹਾਡਾ ਜਲਦੀ ਕਰਨਾ
ਈ ਪਊ ਨਾ...।’
‘ਕਿੰਨੇ ਕੁ ਦਿਨਾਂ
’ਚ ਮੇਰਾ ਕੰਮ ਹੋ
ਜੂ ਸ਼ਾਸਤਰੀ ਜੀ... ਮੈਨੂੰ
ਇਕ ਦੋ ਦਿਨਾਂ ’ਚ
ਕਰਾ ਦਿਓ... ਮੈਂ ਨਾ
ਜੀ ਅੱਗੇ ਈ ਬਹੁਤ
ਲੇਟ ਹੋ ਗਿਆਂ... ਮੇਰੀ
ਰਸੋਈ ’ਚ ਕਾਕਰੋਚ... ਜਗਰਾਤਾ
ਕਰਾਉਣਾ...।’ ਪਵਨ
ਸ਼ਾਸਤਰੀ ਦੀ ਸਲਾਹ ਸੁਣ
ਕੇ ਘਬਰਾਇਆ ਹੋਇਆ ਬੋਲਿਆ।
‘ਛੇਤੀ ਚਾਹੀਦਾ ਕਰਜ਼ਾ...
ਤਾਂ ਕਾਕਾ ਇਕ ਗੱਲ
ਹੋਰ ਸੁਣ ਜਾ ਕਰਜ਼ਾਂ
ਤਾਂ ਮਿਲਜੂ ਪਰ ਜਿਹੜੇ
ਕੰਮ ਤੂੰ ਕਰਨੇ ਉਹਦੇ
ਬਾਕੀ ਪੈਸੇ ਕਿਥੋਂ ਆਉਣਗੇ। ਕੋਣ
ਦਊ, ਕਿਉਂ ਦਊ, ਜੇ
ਤੁਹਾਡੇ ਕੋਲ ਹਨ ਤਾਂ
ਕਿਥੋਂ ਆਏ... ਆਮਦਨ ਕਰ
ਭਰਿਆ ਕਿ ਨਹੀਂ।
ਜੇ ਪੈਸੇ ਹੈਗੇ ਤਾਂ
ਕਰਜ਼ਾ ਕਿਉਂ ਲੈਣੇ ਓਂ,
ਜੇ ਹੈਣੀ ਤਾਂ ਕਰਜ਼ਾ
ਕਿਉਂ ਦਈਏ... ਜ਼ਮੀਨ ਤੁਹਾਡੀ,
ਮਕਾਨ ਤੁਹਾਡਾ, ਪੈਸੇ ਤੁਸੀਂ
ਲਾਏ ਪਰ ਕੀਮਤ ਪਟਵਾਰੀ
ਲਿਖੂ... ਠੀਕ ਆ... ਫੇਰ
ਸਾਰੇ ਬੈਂਕਾਂ ਤੋਂ ਇਹ
ਵੀ ਲਿਖਾਓ ਕਿ ਮੈਂ
ਕਰਜ਼ਾ ਨਹੀਂ ਲਿਆ... ਜਿਵੇਂ
ਭੀਖ ਲੈਣੀ ਹੋਵੇ, ਰੱਬ
ਦਾ ਵਾਸਤਾ ਮੈਨੂੰ ਲਿਖ
ਦਿਓ ਮੈਂ ਭਿਖਾਰੀ ਸੌਰੀ
ਕਰਜ਼ਾਈ ਨਹੀਂ... ਹੈਂ ਹੈਂ
ਹੈਂ...।’ ਸ਼ਾਸਤਰੀ
ਆਪਣੇ ਹੀ ਡਾਇਲਾਗ ’ਤੇ
ਖੁੱਲ ਕੇ ਹੱਸਿਆ,‘ ਲੈ
ਤੂੰ ਕਹਿੰਦਾ ਹੋਵੇਂਗਾਂ ਮੈਨੂੰ
ਐਨਾ ਗਿਆਨ ਕਿਥੋਂ ਆਇਆ...
ਸੁਣ... ਜਦੋਂ ਜੰਮਿਆ ਸੀ
ਤਾਂ ਮਾਂ ਨੇ ਪੰਜ
ਸਾਲ ਮੰਗ ਕੇ ਕੱਪੜੇ
ਪਾਏ ਸੀ... ਗਲੀ ਗੁਆਂਢ,
ਰਿਸ਼ਤੇਦਾਰ ਸਾਰੇ ਪੁਰਾਣੇ ਲਾਹੇ
ਕੱਪੜੇ ਦੇ ਜਾਂਦੇ.. ਕੋਈ
ਵੱਡਾ, ਜਿਵੇਂ ਝੋਲੇ ’ਚ
ਪੰਪ ਪਾਇਆ ਹੋਵੇ ... ਕੋਈ
ਛੋਟਾ ਜਿਵੇਂ ਕੱਛੂ ਖੋਲ
’ਚੋ ਸਿਰ ਕੱਢਕੇ ਬਾਹਰ
ਝਾਕਦਾ... ਤਾਂ ਹੀ ਤਾਂ
ਗ੍ਰਿਹਾਂ ਤੋਂ ਬਚਦੇ ਬਚਾਉਂਦੇ
ਐਥੋਂ ਤੱਕ ਪੁੱਜਿਆਂ, ਸਾਹਿਬ
ਬਹਾਦਰ... ਤੂੰ ਦੱਸ ਮਹੀਨੇ
ਦੀ ਕਮਾਈ ਕਿੰਨੀ ਆ
ਮੇਰੀ... ਚੱਲ ਮੈਂ ਈ
ਦੱਸਦਾਂ ਕਮਾਈ ਕਾਹਦੀ ਦਾਅ
ਲੱਗਦਾ ਸਾਡਾ ਤਾਂ... ਸੀਜ਼ਨ ਚੰਗਾ ਲੱਗ
ਗਿਆ ਤਾਂ ਪੌਂ ਬਾਰਾਂ
ਨਹੀਂ ਤਿੰਨ ਕਾਣੇ... ਪਰ
ਗੱਲ ਸੁਣ ਲਾ ਬੈਂਕ
ਵਾਲੇ ਤੈਨੂੰ ਕਹਿਣਗੇ ਫਿਕਸ
ਇਨਕਸ ਦੱਸੋ... ਪੇ ਸਲਿੱਪ,
ਦੋ ਸਾਲਾਂ ਦੀ ਟੈਕਸ
ਰਿਟਰਨ, ਛੇ ਮਹੀਨਿਆਂ ਦੀ
ਬੈਂਕ ਸਟੇਟਮੈਂਟ, ਕਹਿੰਦੇ ਤੁਹਾਡੀ ਰੀਪੇਅੰਗ
ਕੈਪੇਸਟੀ ਦੇ ਆਧਾਰ ’ਤੇ
ਕਰਜ਼ਾ ਦੇਣਾ... ਵਾਏ.. . ਪਤਾ
ਜੇ ਕਿਉਂ... ਵੱਧ ਤਨਖਾਹ
ਤਾਂ ਵੱਧ ਕਰਜ਼ਾ ... ਭਲਿਓ
ਮਾਨਸੋ ਜੇ ਤਨਖਾਹ ਵੱਧ
ਹੋਵੇ ਤਾਂ ਕਰਜ਼ਾ ਅਗਲੇ
ਨੇ ਢੂਏ ’ਚ ਲੈਣਾ
ਕਿ ਸਿਰ ’ਚ ਮਾਰਨਾ...
ਫੇਰ ਕਹਿਣਗੇ ਪ੍ਰੋਸੈਸਿੰਗ ਫੀਸ
ਭਰੋ, ਬੈਂਕ ਨੇ ਕੰਮ
ਕਰਨਾ... ਹੈਂ... ਸਰ ਤੁਸੀਂ
ਦੱਸੋ, ਸੌਦਾ ਵੇਚਣ ਵਾਲੇ
ਗਾਹਕ ਨੂੰ ਰਿਆਇਤਾਂ ਦਿੰਦੇ
ਨੇ ਇਥੇ ਬੈਂਕ ਗਾਹਕ
ਕੋਲੋਂ ਫੀਸ ਮੰਗਦੇ ਆ। ਪਹਿਲਾਂ
ਤਾਂ ਕਹਿੰਦੇ ਆਓ ਕਰਜ਼ਾ
ਲਓ। ਅਸੀਂ
ਤੁਹਾਡੀ ਸੇਵਾ ’ਚ... ਜਿਵੇਂ
ਜਿਵੇਂ ਬੰਦਾ ਫਸਦਾ ਜਾਂਦਾ,
ਫੀਸਾਂ ਮੰਗਦੇ ਜਾਂਦੇ ਨੇ...
ਇਕ ਵਾਰ ਜਦੋਂ ਕਰਜ਼ੇ
ਦੀ ਦਰਖਾਸਤ ’ਤੇ ਦਸਤਖਤ
ਹੋ ਗਏ ਤਾਂ ਫਿਰ
ਚਰਾਸੀ ਦਾ ਚੱਕਰ ਸ਼ੁਰੂ,
ਅਖੈ ਇਹ ਲੋਨ ਪ੍ਰੋਸੈਸ
ਆ। ਕਦੇ
ਲੀਗਲ ਓਪੀਨੀਅਨ, ਵੈਲਯੂਏਸ਼ਨ, ਡਾਕੂਮੈਂਟ ਪ੍ਰੋਰੈਸਸਿੰਗ, ਲੋਨ ਅਪਰੂਵਲ, ਡਾਕੂਮੈਂਟੇਸ਼ਨ
, ਡਿਸਪੋਜ਼ਲ, ਅਵੱਲੇ ਅਵੱਲੇ ਲਫਜ਼
ਤੇਰੀ ਬੋਲ ਚਾਲ ਦਾ
ਹਿੱਸਾ ਬਣ ਜਾਣਗੇ...।’
ਸ਼ਾਸਤਰੀ ਦੀਆਂ ਅੱਖਾਂ ਉਸਦੇ
ਲਾਲ ਕੋਟ ਵਰਗੀਆਂ ਲਾਲ
ਹੋ ਗਈਆਂ ਸਨ।
ਉਹ ਲਗਾਤਾਰ ਬੋਲੀ ਜਾ
ਰਿਹਾ ਸੀ ਜਿਵੇਂ ਉਸਤੇ
ਕੋਈ ਭੂਤ ਸਵਾਰ ਹੋ
ਗਿਆ ਹੋਵੇ, ‘ਬੈਂਕ ਦਾ
ਪ੍ਰੋਸੈਸ ਦੋ ਹਫਤਿਆਂ ਤੋਂ
ਲੈ ਕੇ ਮਹੀਨਿਆਂ ਤੱਕ
ਵੀ ਫੈਲ ਸਕਦੈ ... ਕੱਲ
ਮੇਰੇ ਕੋਲ ਇਕ ਜੱਟ
ਆਇਆ... ਕਈ ਮਹੀਨੇ ਹੋ
ਗਏ ਕਰਜ਼ੇ ਦੇ ਚੱਕਰ
’ਚ ਪਏ ਨੂੰ ਕਹਿੰਦਾ
ਸਭ ਜੀਅ ਜੰਤੂਆਂ ਦੇ
ਸੂਣ ਦਾ ਟੈਮ ਆ
ਪਰ ਬੈਂਕ ਆਲਿਆਂ ਦੀ
ਫੈਲ ਦੇ ਸੂਣ ਦਾ
ਕੋਈ ਟੈਮ ਨੀਂ, ਪਤਾ
ਨਹੀਂ ਸੂਊ ਵੀ ਕਿ
ਨਹੀਂ, ਇਹ ਤਾਂ ਫਿਰਦੀ
ਵੀ ਬਹੁਤ ਆ, ਦੱਬੇ
ਵੀ ਬਹੁਤ ਮਾਰਦੀ ਆ...
ਸਰ, ਮੇਰੀ ਗੱਲ ਪੱਲੇ
ਬੰਨ• ਲਓ, ਦਿਨ ਬੰਨ•
ਕੇ ਨਾ ਆਵੇ ਇਥੇ
ਤਾਂ ਖੁੱਲਾ ਟੈਮ ਲੈ
ਕੇ ਆਵੇ... ਫੇਰ ਬੈਂਕ
ਵਾਲਿਆਂ ਦੇ ਆਪਣੇ ਬੰਦੇ
ਮਕਾਨ ਦਾ ਮੁਆਇਨਾ ਕਰਨਗੇ...
ਵਾਏ.. . ਪਤਾ ਜੇ ਕਿਉਂ... ਮੁਆਇਨਾ
ਕਾਹਦਾ, ਮੁਆਇਨੇ ਦੇ ਨਾਂ
’ਤੇ ਘੁੱਗੀ ਮਾਰਨ ਦੀ
ਫੀਸ ਲੈਂਦੇ ਨੇ।
ਮੁਆਇਨੇ ਨੂੰ ਅਗਲਾ ਭੱਜ
ਕੇ ਜਾਊ ਕਿਥੇ, ਮਕਾਨ
ਤੋਂ ਲੈ ਕੇ ਹੱਥ
ਪੈਰ ਤੱਕ ਤਾਂ ਕਬਜ਼ੇ
’ਚ ਕਰ ਲਏ ...।’
ਸ਼ਾਸਤਰੀ ਅਜੇ ਅੱਖਾਂ
ਬੰਦ ਬੋਲੀ ਜਾ ਰਿਹਾ
ਸੀ ਕਿ ਪਵਨ, ਮੁਨੀਮ
ਹੱਥੋਂ ਇਕ ਫਾਇਲ ਲੈ
ਕੇ ਉਥੋਂ ਤੁਰ ਪਿਆ। ਤੇਤੀ
ਸੌ ਰੁਪਏ ’ਚ ਉਸਦੇ
ਹੱਥ ਚਾਰ ਕੁ ਕਾਗਜ਼
ਆਏ ਸਨ।
ਪਟਵਾਰੀ, ਵਕੀਲ ਤੇ
ਬੈਂਕ ਦੇ ਚੱਕਰ ਕੱਢਦਾ
ਪਵਨ ਹਰ ਹੀਲੇ ਆਪਣੀ
ਭਵਾਨੀ ਦੀ ਰਸੋਈ ਨੂੰ
ਜਗਮਗਾਉਂਦੀ ਵੇਖਣਾ ਚਾਹੁੰਦਾ ਸੀ। ਉਹ
ਨਾਲ ਦੀ ਨਾਲ ਚੰਗੀ
ਭਜਨ ਮੰਡਲੀ ਤੇ ਕਰਾਕਰੀ
ਵਾਲਿਆਂ ਦੀ ਵੀ ਪੁੱਛ
ਗਿੱਛ ਕਰਦਾ ਫਿਰਦਾ ਸੀ। ਕਹਿੰਦਾ
ਅੱਗੇ ਕੰਮ ਰਹਿ ਗਿਆ
ਹੁਣ ਨਾਲ ਦੀ ਨਾਲ
ਸਾਰਾ ਨਿਬੇੜ ਦੇਣਾ।
ਪਰ ਅਜੇ ਤੱਕ ਇੰਤਕਾਲ
ਦਾ ਕੰਮ ਵਿਚੇ ਲਟਕਿਆ
ਪਿਆ ਸੀ।
ਤਹਿਸੀਲ ’ਚ ਵੱਜਦੇ
ਨਿੱਤ ਦੇ ਗੇੜਿਆਂ ਕਾਰਨ
ਉਸਦੀ ਕਈ ਅਰਜ਼ੀ ਨਵੀਸਾਂ
ਨਾਲ ਜਾਣ ਪਛਾਣ ਹੋ
ਗਈ ਸੀ। ਜਿਨ•ਾਂ ’ਚੋਂ ਇਕ
ਰਮਨ ਜੱਗਾ ਸੀ।
ਮਸਾਂ ਬਾਈ ਕੁ ਸਾਲ
ਦਾ ਮੁੰਡਾ ਜਿਹਾ।
ਪਰ ਹਰ ਅਫਸਰ ਨਾਲ
ਉਸਦੀ ਬੁੱਕਲ ਖੁੱਲੀ ਸੀ,
ਕਹਿੰਦਾ,‘ਤਹਿਸੀਲਦਾਰ ਤੋਂ ਸਿੱਧਾ ਇੰਤਕਾਲ
ਮੰਨਜ਼ੂਰ ਕਰਵਾ ਦੂੰ... ਪਟਵਾਰੀ
ਪੰਜਾਹ ਮੰਗਦਾ ਤੂੰ ਪੱਚੀ
ਹਜ਼ਾਰ ਦੇ ਦੇਹ...ਪਰ
ਸ਼ਰਤ ਆ ਕਿ ਐਸੇ
ਸ਼ਨੀਵਾਰ ਤੱਕ ਕੰਮ ਹੋ
ਸਕਦਾ ਉਸਤੋਂ ਬਾਦ ਨੀਂ...।’
‘ਯਾਰ ਤੂੰ ਕਿਵੇਂ
ਕਰਵਾ ਲਵੇਂਗਾ ਤਹਿਸੀਲਦਾਰ ਤੋਂ
ਸਿੱਧਾ ਤੇ ਸਸਤਾ ਕੰਮ...।’
‘ਤੈਨੂੰ ਨੀਂ ਪਤਾ
... ਇਹ ਬਰੈਡ ਆਮਲੇਟ ਹਫਤਾ
ਚੱਲ ਰਿਹੈ... ਇਸ ਹਫਤੇ
’ਚ ਮੈਂ ਜੋ ਮਰਜ਼ੀ
ਕੰਮ ਕਰਵਾ ਲਵਾਂ ਪੈਸੇ
ਸਾਰੇ ਮੇਰੀ ਜੇਬ ’ਚ
ਪੈਣਗੇ।’ ਰਮਨ
ਜੱਗੇ ਨੇ ਭੇਤ ਜਾਹਿਰ
ਕੀਤਾ।
‘ਬਰੈਡ ਆਮਲੇਟ...?’
‘ਘੋਗੜ ਸ਼ਾਹ... ਅਸਲ
ਗੱਲ ਇਹ ਆ ਕਿ
ਸਿੰਘਾਪੁਰ ’ਚ ਕਈ ਹੋਟਲ
ਆ ਜਿਥੇ ਇਕ
ਆਦਮੀ ਦੋ - ਦੋ ਔਰਤਾਂ
ਨਾਲ ਇਕੋ ਵੇਲੇ ਐਸ਼
ਕਰਦਾ... ਐਹਦਾ ਕੋਡ ਵਰਡ
ਰੱਖਿਆ ਹੋਇਆ ਬਰੈਡ ਆਮਲੇਟ...
ਜਿਵੇਂ ਬਰੈਡ ਦੇ ਦੋ
ਪੀਸਾਂ ’ਚ ਆਮਲੇਟ ਹੁੰਦਾ...
ਤੇ ਯਾਰ ਤੈਨੂੰ ਪਤਾ
ਈ ਆ ਕਿ
ਤਹਿਸੀਲਦਾਰ ਸਾਲਾ ਮੋਟੂ ਹੈਗਾ
ਠਰਕੀ... ਐਸ ਡੀ ਐਮ
ਵੀ ਇਹੋ ਜਿਹਾ ਈ
ਆ... ਇਸਨੇ ਮੈਨੂੰ ਕਿਹਾ
ਕਿ ਸਾਡੇ ਆਮਲੇਟ ਦਾ
ਖਰਚਾ ਤੂੰ ਦੇ ਦੇਹ
ਤੇ ਇਕ ਹਫਤਾ ਮੇਰੇ
ਕੋਲੋਂ ਜਿੰਨ•ੇ ਮਰਜ਼ੀ
ਆਮਲੇਟ ਖਾ ਲਈਂ... ਮੇਰਾ
ਲੱਗਿਆ ਚਾਰ ਲੱਖ, ਹੁਣ
ਮੈਂ ਛੇ ਲੱਖ ਤਾਂ
ਕਮਾ ਲਿਆ ਬਾਕੀ ਵੀ
ਜੋ ਕਮਾਊਂ ਉਹ ਮੇਰਾ...
ਇਥੇ ਤਾਂ ਬਾਈ ਅਈਂ
ਚੱਲਦਾ... ਹੁਣ ਤੂੰ ਭਾਵੇਂ
ਕਾਗਜ਼ ਲੈ ਕੇ ਤਹਿਸੀਲਦਾਰ
ਦੇ ਬਾਰ ’ਚ ਸਾਰਾ
ਦਿਨ ਖੜਾ ਰਹੀ...ਅੰਦਰ
ਤਾਂ ਆਮਲੇਟ ਵਾਲਾ ਈ
ਜਾਊ।’ ਰਮਨ
ਨੇ ਪਵਨ ਦੀ ਪਿੱਠ
’ਤੇ ਧੱਫਾ ਮਾਰਦਿਆਂ ਸਾਰੀ
ਗੱਲ ਸਮਝਾਈ।
ਪਰ ਪਵਨ ਦੀ
ਸਮਝ ਇਹ ਨੀਂ ਆਇਆ
ਕਿ ਜੇ ਕੰਮ ਆਮਲੇਟ
ਨਾਲ ਹੋਣੇ ਆ ਤਾਂ
ਫੇਰ ਇਹ ਪੜਤਾਲ ਕਾਹਦੀ
ਕਰਦੇ ਆ।
ਆਮਲੇਟ ਖਵਾ ਕੇ ਅਗਲਾ
ਜੋ ਮਰਜ਼ੀ ਕਰਵਾ ਲਵੇ।
‘ਆਮਲੇਟ ਨੀਂ ਖਾਂਦੇ
ਸਾਲੇ ਗੂੰਹ ਖਾਂਦੇ ਨੇ
ਗੂੰਹ... ਕਾਕਰੋਚਾਂ ਵਾਂਗੂ... ਜੋ ਸਾਹਮਣੇ ਆ
ਗਿਆ ਬੱਸ ਖਾਈ ਜਾਣਾ...
ਤਾਂ ਹੀ ਤਾਂ ਮੋਟੇ
ਹੋਏ ਪਏ ਨੇ ... ਮੁਸ਼ਕ
ਵੀ ਨੀਂ ਆਉਂਦਾ ਕਿਸੇ
ਕਾਗਜ਼ ’ਚੋਂ ... ਹਰ ਕਾਗਜ਼
ਈ ਖਾਣ ਨੂੰ
ਪੈਂਦੇ ਨੇ... ਸਾਲੇ ਹਰਾਮੀ।’ ਪਵਨ
ਉਤੋਂ ਹੱਸਦਾ ਤੇ ਅੰਦਰੋ
ਖਿੱਝਦਾ ਜੱਗੇ ਦੇ ਅੱਡੇ
ਤੋਂ ਉਠ ਆਇਆ।
ਪੱਚੀ ਦੀ ਥਾਂ
ਪੰਦਰਾਂ ਹਜ਼ਾਰ ਜੱਗੇ ਨੂੰ
ਦੇ ਕੇ ਉਸਨੇ ਇੰਤਕਾਲ
ਮੰਨਜ਼ੂਰ ਕਰਵਾ ਲਿਆ।
ਪਰ ਉਸਦੀ ਜੰਗ
ਅਜੇ ਖਤਮ ਨਹੀਂ ਸੀ
ਹੋਈ। ਉਸਦਾ
ਵਾਹ ਨਿੱਤ ਦਿਨ ਨਵੀਂ
ਮੁਸੀਬਤ ਨਾਲ ਪੈਂਦਾ।
ਪਹਿਲਾਂ ਬੈਂਕ ਵਾਲਿਆਂ ਨੇ
ਅਸਲੀ ਕਾਗਜ਼ ਰੱਖ ਲਏ,
ਫਿਰ ਵਕੀਲ ਕਹਿੰਦਾ ਮੈਨੂੰ
ਅਸਲ ਲਿਆ ਕੇ ਦੇਹ,
ਉਸਨੂੰ ਦਿੱਤੇ ਤਾਂ ਬੈਂਕ
ਦਾ ਪ੍ਰਾਪਰਟੀ ਵੈਲਯੂਲੈਟਰ ਕਹਿੰਦਾ ਮੇਰੀ ਫਾਇਲ
’ਚ ਵੀ ਅਸਲੀ ਕਾਗਜ਼
ਲੱਗਣਗੇ। ਜਿਵੇਂ
ਪੁਦੀਨੇ ਦੀ ਚੱਟਣੀ ਕਈ
ਕੁਸ਼ ਪਾ ਕੇ ਬਣਦੀ
ਆ ਇਸੇ ਤਰਾਂ
ਕਈ ਫਾਇਲਾਂ ਰਲ ਕੇ
ਕਰਜ਼ੇ ਦੀ ਫਾਇਲ ਤਿਆਰ
ਹੋਈ। ਪਰ
ਇਹ ਆਖਰੀ ਕੰਮ ਨਹੀਂ
ਸੀ, ਸ਼ੁਰੂਆਤ ਸੀ, ਬੈਂਕ
ਦੀ। ਹੁਣ
ਤੱਕ ਤਾਂ ਬੈਂਕ ਵਾਲਿਆਂ
ਨੇ ਖਾਨਾ ਪੂਰਤੀ ਹੀ
ਕਰਵਾਈ ਸੀ, ਅਸਲੀ ਕੰਮ
ਤਾਂ ਹੁਣ ਉਨ•ਾਂ
ਆਪ ਕਰਨਾ ਸੀ।
ਮੋਟੇ ਮੈਨੇਜਰ ਨੇ ਮੋਟੀਆਂ
ਐਨਕਾਂ ਲਾ ਕੇ ਫੂੰ
ਫੂੰ ਕਰਦਿਆਂ ਫਾਇਲ ’ਤੇ
ਨਿਗ•ਾ ਮਾਰੀ ਤੇ
ਸ਼ਹਿਰ ਦੇ ਦੂਜੇ ਕੋਣੇ
’ਚ ਬਣੀ ਇਕ ਬੈਂਕ
ਵੱਲ ਉਂਗਲ ਕਰ ਦਿੱਤੀ। ਜਿਵੇਂ
ਮੰਗਤੇ ਨੂੰ ਅਗਲੇ ਘਰ
ਦਾ ਰਾਹ ਵਿਖਾਈਦਾ।
‘ਤੁਹਾਡਾ ਏਰੀਆ... ਹੁਣ
ਓਸ ਬੈਂਕ ਨੂੰ ਦੇ
ਦਿੱਤਾ ਹੈ... ਫਾਇਲ ਉਥੇ
ਲੈ ਜਾਓ...।’
ਅਗਲੇ ਬੈਂਕ ਵਾਲਿਆਂ
ਫਾਇਲ ਰੱਖ ਲਈ।
ਚੁੱਪ ਕਰਕੇ। ਕਈ
ਦਿਨਾਂ ਬਾਅਦ ਗਿਆ ਕਹਿੰਦੇ
ਠਹਿਰ ਕੇ ਆਈਂ। ਕਈ
ਦਿਨਾਂ ਬਾਅਦ ਗਿਆ ਤਾਂ
ਕਈ ਕਾਗਜ਼ ਕੱਢ ਕੇ
ਰੱਖ ਦਿੱਤੇ ਕਹਿੰਦੇ ਡੇਟ
¦ਘ ਗਈ ਦੁਬਾਰਾ ਲਿਖਾ
ਕੇ ਲਿਆ। ਫੇਰ
ਪਟਵਾਰੀ, ਤਹਿਸੀਲਦਾਰ, ਵਕੀਲ ਦੇ ਚੱਕਰ।
ਬਦਹਵਾਸ ਖੜੇ ਪਵਨ
ਕੋਲ ਬੈਂਕ ਦੇ ਇਕ
ਬਾਊ ਨੇ ਆ ਕੇ
ਕੰਨ ’ਚ ਕਿਹਾ,‘ਬੈਂਕ
ਦੀ ਕੰਟੀਨ ਵਾਲੇ ਧੀਂਗੜੇ
ਕੋਲ ਚਲਾ ਜਾਹ... ਕੰਮ
ਕਰਵਾ ਦਊ...।’
ਧੀਂਗੜਾ, ਮੋਟੇ ਢਿੱਡ
’ਤੇ ਸਿਰਫ ਬੁਨੈਣ ਰੱਖਦਾ...ਉਹ ਵੀ ਧੁੰਨੀ
ਤੋਂ ਉਚੀ। ਥੱਲੇ
ਖਿਡਾਰੀਆਂ ਦੇ ਪਾਉਣ ਵਾਲਾ
ਪਜ਼ਾਮਾ ਜਿਹੜਾ ਗੋਲ ਢਿੱਡ
ਦੇ ਬਹੁਤ ਥੱਲੇ ਜਾ
ਖੜਦਾ ਸੀ। ਥੋੜਾ
ਜਿਹਾ ਬੈਠਦਾ ਤਾਂ ਅੱਧੇ
ਚਿੱਤੜ ਨੰਗੇ ਹੋ ਜਾਂਦੇ। ਪਿੰਡੇ
’ਤੇ ਕਾਲੇ ਚਿੱਟੇ ਵਾਲਾਂ
ਦਾ ਜੰਗਲ ਸੀ।
ਵਾਲਾ ਤੋਂ ਰਹਿਤ ਚਮੜੀ
ਪਾਪੜੀ ਵਰਗੀ, ਖੁਸ਼ਕ, ਕਾਲੀ
ਤੇ ਨਿੱਕੇ ਨਿੱਕੇ ਫੋੜਿਆਂ
ਵਾਲੀ। ।
ਸਿਰੋਂ ਗੰਜਾ। ਕੰਟੀਨ
ਦੀ ਇਕ ਕੰਧ ’ਤੇ
ਅੰਨ•ਾ ਹਜ਼ਾਰੇ ਤੇ
ਬਾਬਾ ਰਾਮਦੇਵ ਦੀ ਇਕ
ਦੂਸਰੇ ਦੇ ਕੰਨ ’ਚ
ਗੱਲ ਕਰਦਿਆਂ ਦੀ ਤਸਵੀਰ
ਟੰਗੀ ਹੋਈ ਸੀ।
ਦੂਸਰੀ ਨੁੱਕਰ ’ਚ ਸ਼ਿਵ
ਜੀ ਦੀ ਫੋਟੋ ਉਤੇ ਢੇਰ ਸਾਰੇ
ਹਾਰ ਪਏ ਸਨ ਜਿੰਨ•ਾਂ ’ਚੋਂ ਕਈ
ਮੱਖੀਆਂ ਦੀ ਗੰਦਗੀ ਨਾਲ
ਕਾਲੇ ਹੋਏ ਪਏ ਸਨ। ਗਾਹਕਾਂ
ਦੇ ਬੈਠਣ ਵਾਲੇ ਮੇਜ਼
ਦੀ ਪਲਾਈ ਕਈ ਥਾਵਾਂ
ਤੋਂ ਫੁਲੀ ਹੋਈ ਸੀ। ਅਨਜਾਣ
ਆਦਮੀ ਚਾਹ ਦਾ ਭਰਿਆ
ਗਿਲਾਸ ਰੱਖਦਾ ਤਾਂ ਗਿਲਾਸ
ਟੇਡਾ ਹੋਣ ਨਾਲ ਅੱਧੀ
ਚਾਹ ਡੁੱਲ ਜਾਂਦੀ।
ਕੰਟੀਨ ’ਚ ਆਇਆ ਨਵਾਂ
ਆਦਮੀ ਧੀਂਗੜੇ ਵੱਲ ਘੰਟਿਆਂ
ਬੱਧੀ ਵੇਖ ਕੇ ਵੀ
ਨਹੀਂ ਸੀ ਰੱਜਦਾ, ਜਿਵੇਂ
ਤੁਰਿਆ ਫਿਰਦਾ ਡਿਸਕਵਰੀ ਚੈਨਲ
ਹੋਵੇ।
ਧੀਂਗੜੇ ਨੇ ਚਾਹ
ਗਿਲਾਸਾਂ ’ਚ ਪੁਣਦਿਆਂ ਹੀ
ਪਵਨ ਦੀ ਗੱਲ ਸੁਣੀ,
‘... ਹੂੰ ਡੇਢ ਲੱਖ ਦਾ
ਕਾਰ ਲੋਨ... ਸੱਤ ਮਹੀਨੇ
ਫਾਇਲ ਲੇਟ... ਇਨਕਮ ਟੈਕਸ
ਰਿਟਰਨ... ਟੂੰ... ਟਾਂ... ਟੀਂ...
ਬਾਊ ਕੰਮ ਤਾਂ ਵੀਹ
ਹਜ਼ਾਰ ਦਾ ... ਤੂੰ ਮਹਾਜਨ
ਭਰਾ... ਅਠਾਰਾਂ ਦੇ ਦਈਂ...
ਵੇਖ ਟੈਮ ਦੀ ਬਹੁਤ
ਟੈਂ ਟੈਂ ਆ... ਹੁਣ
ਮੇਰੇ ਕੋਲ ਚਾਹ ਛੱਡ
ਕੇ ਤੇਰੀ ਗੱਲ ਸੁਣਨ
ਦਾ ਟੈਮ ਨੀਂ... ਤੂੰ
ਛੇ ਮਹੀਨੇ ਗੇੜੇ ਮਾਰੇਂਗਾ...
ਕਿੰਨਾ ਸਮਾਂ ਲੱਗੂਗਾ... ਫੇਰ
ਪਤਾ ਨੀਂ ਸਾਅਬ ਕੀ
ਜਵਾਬ ਦੇਣ... ਨਿੱਤ ਅਫਸਰ
ਬਦਲਦੇ ਨੇ... ਫਾਇਲ ਇਕ
ਨੇ ਲਈ ਪੈਸੇ ਲਏ
ਬਦਲ ਗਿਆ... ਅਗਲਾ ਆਊ
ਅੱਡ ਪੈਸੇ ਭਾਲੂ... ਮੈਂ
ਐਥੇ ਪੱਕਾਂ... ਮੈਂ ਜਿਹੜਾ ਕੰਮ
ਫੜ ਲਿਆ ਉਹ ਮੇਰਾ
... ਤੂੰ ਫਿਕਰ ਨਾ ਕਰ...
(ਮੁੰਡੂ ਵੱਲ ਮੂੰਹ ਕਰਕੇ)
ਚੱਕ ਓਏ ਅੰਨਾ ਹਜ਼ਾਰੇ
ਅੱਠ ਕੱਪ ਕਰਜ਼ਾ ਬਰਾਂਚ
ਦੇ... ਇਕ ਕੈਸ਼ੀਅਰ ਦਾ...
ਤੇ ਦੋ ਗੰਨਮੈਨਾਂ ਦੇ...ਏ ਟੀ ਐਮ
’ਚੋਂ ਗਲਾਸ ਲੈਂਦਾ ਆਈ...।’
ਕਰਜ਼ਾ ਮੰਨਜ਼ੂਰ ਕਰਾਉਣ
ਲਈ ਪਵਨ ਹੁਣ ਤੱਕ
ਸ਼ੈਲਰ ਦੇ ਖਾਤੇ ’ਚੋਂ
ਸੱਠ ਹਜ਼ਾਰ ਰੁਪਈਆ ਖਰਚ
ਚੁੱਕਿਆ ਸੀ। ਬਾਊਆਂ
ਨੂੰ ਇਸਦਾ ਕੋਈ ਪਤਾ
ਨਹੀਂ ਸੀ। ਉਸਨੇ
ਸੋਚਿਆ ਜਦੋਂ ਕਰਜ਼ਾ ਮਿਲਿਆ
ਹਿਸਾਬ ਪੂਰਾ ਕਰ ਦਊਗਾ। ਭਵਾਨੀ
ਦੇ ਚਾਂਦੀ ਦੇ ਭਾਰੇ
ਗਹਿਣੇ ਤੇ ਵੇਸਪਾ ਸਕੂਟਰ
ਵੀ ਕਰਜ਼ੇ ਦੀ ਭੇਂਟ
ਚੜ• ਗਿਆ ਸੀ।
ਅਖੀਰ ਕੌੜਾ ਘੁੱਟ ਭਰਕੇ
ਉਸਨੇ ਹੋਰ ਅਠਾਰਾਂ ਹਜ਼ਾਰ
ਰੁਪਏ ਸ਼ੈਲਰ ’ਚੋਂ ਇਧਰ
- ਉਧਰ ਕਰਕੇ ਧੀਂਗੜੇ ਨੂੰ
ਦੇ ਦਿੱਤੇ।
ਗਰਮੀਆਂ ¦ਘ ਗਈਆਂ। ਠੰਡ
ਆ ਗਈ।
ਫਰਵਰੀ ਦਾ ਮਹੀਨਾ ਅਖੀਰ
’ਤੇ ਸੀ। ਐਤਕੀਂ
ਪਿਛੇਤੀ ਕੜਾਕੇ ਦੀ ਠੰਡ
ਪੈਣ ਲੱਗੀ ਸੀ।
ਠੁਰ - ਠੁਰ ਕਰਦਾ ਪਵਨ
ਧੀਂਗੜੇ ਕੋਲ ਗਿਆ।
ਉਸਨੇ ਗਰਮ ਚਾਹ ਦਾ
ਕੱਪ ਪਵਨ ਦੇ ਹੱਥ
ਫੜਾਉਂਦਿਆਂ ਕਿਹਾ, ‘ ਭਾ ਜੀ
ਅੱਜ ਤੇਰੀ ਫਾਇਲ ’ਤੇ
ਤੇਰੇ ਦਸਤਖਤ ਕਰਾਉਣੇ ਨੇ,
ਸਾਰਾ ਦਿਨ ਲੱਗ ਜੂ...
ਰੋਟੀ ਪਾਣੀ ਖਾ ਕੇ
ਆ ਜਾਈਂ...।’
ਉਹ ਦੁਪਹਿਰ ਤੋਂ
ਬਾਅਦ ਫਿਰ ਧੀਂਗੜੇ ਕੋਲ
ਗਿਆ। ਧੀਂਗੜਾ
ਚਾਹ ਦੀ ਟਰੇਅ ਤੇ
ਉਸਨੂੰ ਲੈ ਕੇ ਮੈਨੇਜਰ ਦੇ
ਕਮਰੇ ’ਚ ਗਿਆ।
ਪਵਨ ਦੀ ਫਾਇਲ ਮਰੇ
ਹੋਏ ਕੁੱਤੇ ਦੇ ਆਫਰੇ
ਢਿੱਗ ਵਰਗੀ ਮੈਨੇਜਰ ਦੀ
ਮੇਜ਼ ’ਤੇ ਪਈ ਸੀ।
‘ਪਲੀਜ਼ ਸਿੱਟ ਡਾਊਨ...
ਲੈ ਬਈ ਕਾਕਾ ਵਧਾਈਆਂ
ਤੇਰਾ ਕੰਮ ਹੋ ਗਿਆ...
ਅੜਿੱਕਾ ਤਾਂ ਬੜਾ ਸੀ
ਪਰ ਧੀਂਗੜਾ ਸਾਹਿਬ ਕਹਿੰਦੇ
ਕਰਨਾ... ਹੁਣ ਅਸੀਂ ਤਾਂ
ਸਾਰਾ ਦਿਨ ਇੰਨ•ਾਂ
ਕੋਲੋਂ ਹੀ ਖਾਣਾ ਪੀਣਾ
ਹੁੰਦੈ... ਧੀਂਗੜਾ ਸਾਹਿਬ ਦੀ
ਕਿਵੇਂ ਮੋੜਦੇ... ਕੰਮ ਟੇਡਾ ਸੀ...
ਟਾਇਮ ਤਾਂ ਲੱਗ ਗਿਆ
ਪਰ ਮਸਲਾ ਹੱਲ ਕਰ
’ਤਾ ਤੇਰਾ... ਲੈ ਸਾਰੇ
ਕਾਗਜ਼ਾਂ ਦੇ ਅਖੀਰ ’ਤੇ
ਅਤੇ ਜਿਥੇ ਆਹ ਕੱਚੀ
ਪੈਨਸਲ ਨਾਲ ਨਿਸ਼ਾਨੀ ਲੱਗੀ
ਆ... ਦਸਤਖਤ ਕਰੀ ਚੱਲ...
ਲਿਆਓ ਜੀ ਧੀਂਗੜਾ ਸਾਹਿਬ
ਚਾਹ ਪਿਆਓ... ਵਾਹ ਬਈ
ਵਾਹ ਬੜੀਆਂ ਭਾਫਾਂ ਛੱਡਦੀ
ਆ... ਕਾਕਾ ਜੀ ਨੂੰ
ਵੀ ਦਓ ਇਕ ਕੱਪ...
ਗਰਮਾ ਗਰਮ।’ ਮੈਨੇਜਰ
ਵੱਲੋਂ ਧੀਂਗੜਾ ਨੂੰ ਵਾਰ
ਵਾਰ ਸਾਹਿਬ ਕਹਿਣ ’ਤੇ
ਉਸਨੂੰ ਪਤਾ ਨਹੀਂ ਸੀ
ਲੱਗ ਰਿਹਾ ਕਿ ਧੀਂਗੜਾ
ਚਾਹ ਵਾਲਾ ਜਾਂ ਉਸਦਾ
ਸੀਨੀਅਰ।
ਹਰੇ, ਪੀਲੇ, ਲਾਲ
ਪਤਾ ਨਹੀਂ ਕਿੰਨੇ ਕੁ
ਕਾਗਜ਼ ਸੀ... ਵਹੀਆਂ ਲਿਖਦੇ
ਦੀਆਂ ਉਸਦੀਆਂ ਉਂਗਲਾਂ ਨੀਂ
ਕਦੇ ਦੁਖੀਆਂ ਪਰ ਅੱਜ
ਕਰਜ਼ਾ ਕੇਸ ’ਤੇ ਦਸਤਖਤ
ਕਰਦੇ ਦੀਆਂ ਪਤਾ ਨਹੀਂ
ਕਿਉਂ ਦੁਖਣ ਲੱਗ ਪਈਆਂ...।
‘ਲਓ ਕਾਕਾ ਜੀ...
ਤੁਹਾਡਾ ਕਰਜ਼ਾ ਕੇਸ ਮੰਨਜ਼ੂਰ
ਹੋਗਿਆ... ਕਾਂਗਰੇਚੂ... ਤੁਸੀਂ ਹੁਣ ਤਹਿਸੀਲਦਾਰ
ਕੋਲੋਂ ਰਜਿਸਟਰੀ ਕਰਵਾ ਕੇ
ਲੈ ਆਓ... ਐਂਡ ਦੇਨ
ਵੂਈ ਮੇਡ ਪੇਮੇਂਟ ਟੂ
ਯੂ... ਓ ਕੇ... ਪਲੀਜ਼।’ ਮੈਨੇਜਰ
ਨੇ ਫਾਇਲ ਵਿਚੋਂ ਕੁਝ
ਕਾਗਜ਼ ਕੱਢਕੇ ਉਸਦੇ ਹੱਥ
ਫੜਾਉਂਦਿਆਂ ਬਾਹਰ ਵੱਲ ਇਸ਼ਾਰਾ
ਕੀਤਾ।
ਫੇਰ ਤਹਿਸੀਲਦਾਰ ਕੋਲ
ਫਾਇਲ... ਹੁਣ ਤਾਂ ਆਮਲੇਟ
ਹਫਤਾ ਵੀ ਕਦੋਂ ਦਾ
ਖਤਮ ਹੋ ਗਿਆ... ਹੁਣ
ਤਾਂ ਉਹ ਮੇਰਾ ਆਮਲੇਟ
ਬਣਾ ਦੂ...।
ਉਧਰੋਂ ਦਰਸ਼ਨ ਮਿਸਤਰੀ
ਦਾ ਫੋਨ ਆ ਗਿਆ,‘
ਬਾਊ ਜੀ ਕੀ ਬਣਿਆ
ਕੰਮ ਦਾ... ਮੈਂ ਇਕ
ਹੋਰ ਥਾਂ ਕੰਮ ਸ਼ੁਰੂ
ਕਰਨਾ ਸੀ ... ਦੋ ਤਿੰਨ
ਮਹੀਨੇ ਲੱਗ ਜਾਣਗੇ ... ਫੇਰ
ਨਾ ਕਹਿਓ... ਨਾਲੇ ਹੁਣ
ਆਪਣਾ ਐਸਟੀਮੇਟ ਵੀ ਕਾਫੀ
ਵੱਧ ਗਿਆ... ਸਮਾਨ ਦੇ
ਭਾਅ ਦੁੱਗਣੇ ਹੋ ਗਏ
ਨੇ... ਤੁਸੀਂ ਦੋ ਲੱਖ
ਤੋਂ ਉਪਰ ਦਾ ਪ੍ਰਬੰਧ
ਕਰਕੇ ਮੈਨੂੰ ਇਕ ਅੱਧੇ
ਦਿਨ ’ਚ ਦੱਸ ਦਿਓ...
ਚੰਗਾ ਜੀ...।’
ਦਰਸ਼ਨ ਦਾ ਫੋਨ
ਕੱਟਿਆ ਤਾਂ ਸੁਰਿੰਦਰ ਬਾਂਸਲ
ਦਾ ਆ ਗਿਆ, ‘ਹਰਾਮੀਆ
ਆਹ ਕੀ ਕੀਤਾ... ਹਿਸਾਬ
’ਚ ਲੱਖ ਰੁਪਏ ਦੀ
ਮਾਂ ਦੀ... ਤੂੰ ਹੈਂਅ
ਕਿਥੇ ਆਜਾ ਵੱਢਦਾਂ ਤੈਰੀਆਂ
ਲੱਤਾਂ... ਸਾਲਿਆ ਸਾਡਾ ਖਾ
ਕੇ ਸਾਡੇ ਨਾਲ ਹੀ
ਠੱਗੀਆਂ... ਮੈਂ ਸਾਰਾ ਹਿਸਾਬ
ਚੈਕ ਕਰੂੰ ਤੇ ਇਕ
ਇਕ ਪੈਸਾ ਕਢਾਊਂ ਤੇਰੇ
ਹੱਡਾਂ ’ਚੋ... ਤੈਨੂੰ ਮੈਂ
ਮਾਲਕ ਬਣਾ ਕੇ ਬਿਠਾਇਆ
ਤੇ ਤੂੰ ਸਾਨੂੰ ਹੀ
ਖਾਣ ਪੈ ਗਿਆ... ਸਾਲਿਆ
ਕਾਕਰੋਚਾ... ਤੂੰ ਹੁਣੇ ਪਹੁੰਚ
ਮੇਰੇ ਕੋਲ ਨਹੀਂ ਤਾਂ
ਪੁਲਸ ਕੋਲੋਂ ...।’ ਸੁਰਿੰਦਰ
ਬਾਂਸਲ ਦੇ ਫੋਨ ਨੇ
ਪਵਨ ਦੀ ਜਾਨ ਕੱਢ
ਦਿੱਤੀ। ਉਸਨੇ
ਤਾਂ ਸੋਚਿਆ ਸੀ ਕਰਜ਼ਾ
ਲੈ ਕੇ ਸ਼ੈਲਰ ਦਾ
ਹਿਸਾਬ ਕਿਤਾਬ ਦਰੁਸਤ ਕਰ
ਦਊ ਪਰ...।
ਪਵਨ ਦੇਰ ਰਾਤ
ਨੂੰ ਘਰ ਪੁੱਜਿਆ।
ਰਸੋਈ ਉਸੇ ਤਰਾਂ ਖਿੱਲਰੀ
ਪਈ ਸੀ ਜਿਹੋ ਜਿਹੀ
ਸਾਲ ਪਹਿਲਾਂ ਸੀ।
ਰਸੋਈ ’ਚੋਂ ਪੁੱਟੀ ਲੱਕੜ
ਦਾ ਲਾਬੀ ਦੇ ਇਕ
ਖੂੰਜੇ ਢੇਰ ਲੱਗਿਆ ਹੋਇਆ
ਸੀ।
ਭਵਾਨੀ ਨੇ ਪਾਣੀ
ਦਾ ਗਿਲਾਸ ਫੜਾਉਂਦਿਆਂ ਕਿਹਾ
‘ਹਾਂ ਜੀ... ਕਾਮ ਪੂਰੋ
ਹੋ ਗਿਓ ਕੇ... ਦਰਸ਼ਨ
ਮਿਸਤਰੀ ਆਇਆ ਥੋ ... ਮਨੇ
ਕਹਿ ਦੀਓ ਥੋ ਕਿ
ਮਹਾਰੇ ਘਰਵਾਲੇ ਸੇ ਬਾਤ
ਕਰ ਲੀਓ... ਮਨੇ ਬੋਲ
ਦੀਓ ਥੋ ਕਿ ਮਹਾਰੋ
ਕੇਸ ਆਜ ਫਾਈਨਲ ਹੋ
ਜਾਸੀ, ਥਾਰਾ ਜਿਤੋ ਪੀਸਾ
ਬਣੇ ਥਨੇ ਮਾਹ ਦੇ
ਦਿਆਂਗਾ...ਬੱਸ ਮਾਹਾਰੋ ਕਾਮ
ਬਡੀਆ ਹੋਣਾ ਚਾਹੀਏ ... ਏਕ
ਨੰਬਰ... ਸਾਲੋ ਕਾਕਰੋਚ ਮਹਾਰੀ
ਰਸੋਈ ਮਾਂ ਕੋ ਕੋਨੀ
ਦਿਖਣੋ ਚਾਹੀਏ... ਇਬ ਦੇਰ ਮਤ
ਕਰੀਓ ਜੀ... ਸਾਗੇ ਕੀ
ਸਾਗੇ ਮਾਤਾ ਕਾ ਜਗਰਾਤਾ
ਬੀ ਕਰਾ ਈ ਦਈਓ...।’
ਭਵਾਨੀ ਬੋਲੀ ਗਈ
ਪਵਨ ਖੜਾ ਸੁਣੀ ਗਿਆ।
ਫੇਰ ਉਹ ਇਕ
ਦਮ ਪਲਟਿਆ। ਲਾਬੀ
ਚ ਪਈਆਂ ਲੱਕੜਾਂ
ਗਲੀ ਵਿਚ ਸੁੱਟਣ ਲੱਗਿਆ
ਤੇ ਪਲਾਂ ’ਚ ਹੀ
ਉਸਨੇ ਗਲੀ ਵਿਚ ਢੇਰ
ਲਾ ਦਿੱਤਾ।
ਭਵਾਨੀ ਸਮਝੀ ਨਵਾਂ
ਸਮਾਨ ਰੱਖਣ ਲਈ ਖਾਲੀ
ਕਰ ਰਹੇ ਨੇ ਪਰ
ਸਾਰਾ ਕੁਝ।
ਅਗਲੇ ਹੀ ਪਲ
ਪਵਨ ਨੇ ਲੱਕੜਾਂ ਨੂੰ
ਅੱਗ ਲਾ ਦਿੱਤੀ ਤੇ
ਉੱਚੀ ਉਚੀ ਬੋਲਣ ਲੱਗਿਆ,
‘ਸਾਲੇ ਕਾਕਰੋਚ ਕੱਲੀ ਰਸੋਈ
’ਚ ਈ ਨਹੀਂ ਹਰ
ਥਾਂ ਵੜੇ ਬੈਠੇ ਨੇ
... ਜੋ ਕੁਝ ਸਾਹਮਣੇ ਆ
ਜੇ ਉਨੂੰ ਚਟਮ ਕਰ
ਦਿੰਦੇ ਨੇ... ਮੈਂ ਹੁਣ
ਕਾਕਰੋਚਾਂ ਦੇ ਅੱਡੇ ਨਹੀਂ
ਬਣਨ ਦੇਣੇ... ਸਾਰੇ ਅੱਡੇ
ਪੁੱਟ ਦੂੰਗਾ ਕੰਜਰਾਂ ਦੇ...
ਨਾ ਅੱਡੇ ਹੋਣਗੇ ਨਾ
ਕਾਕਰੋਚ ਪੈਦਾ ਹੋਣਗੇ... ਭਵਾਨੀ,
ਮੈਨੂੰ ਪਤਾ ਲੱਗ ਗਿਆ
ਇਹ ਚਮਕਦਾਰ ਰਸੋਈਆਂ ਈ
ਕਾਕਰੋਚ ਪੈਦਾ ਕਰਦੀਆਂ ਨੇ...
ਤੂੰ ਥੋੜਾ ਸਬਰ ਕਰ...
ਹੁਣ ਆਪਾਂ ਐਹੋ ਜਿਹਾ
ਘਰ ਬਣਾਵਾਂਗੇ ਜਿਥੇ ਕਾਕਰੋਚ ਪੈਦਾ
ਹੀ ਨਾ ਹੋਣ...
ਮੈਂ ਇਕ ਇਕ ਕਾਕਰੋਚ
ਦਾ ਅੱਡਾ ਪੱਟਦੂੰ..।’
ਪਵਨ ਹਰਫਲਿਆ ਹੋਇਆ ਬੋਲੀ
ਜਾ ਰਿਹਾ।
ਗਲੀ ਦੇ ਲੋਕ ਬੂਹਿਆਂ
’ਚ ਖੜੇ ਤਮਾਸ਼ਾ ਵੇਖ
ਰਹੇ ਸਨ। ਸੋਚ
ਰਹੇ ਹੋਣਗੇ ਕਿ ਪਵਨ
ਨੇ ਫਰਵਰੀ ’ਚ ਕਾਹਦੀ
ਲੋਹੜੀ ਬਾਲ ਲਈ... ਨਾਲੇ
ਕਾਕਰੋਚ... ਕਾਕਰੋਚ ਕੀ ਕਰੀ
ਜਾਂਦੈ...।
ਭਵਾਨੀ ਵੀ ਮੂੰਹ
ਅੱਡੀ ਸਭ ਕੁਝ ਵੇਖ
ਰਹੀ ਸੀ।
ਉਧਰ ਪਵਨ ਗੁੱਸੇ
’ਚ ਬਲਦੀਆਂ ਲੱਕੜਾਂ ਦੇ
ਆਲੇ ਦੁਆਲੇ ਗੇੜੇ ਦਿੰਦਾ
ਲਗਾਤਾਰ ਬੋਲੀ ਜਾ ਰਿਹਾ
ਸੀ। ਹੁਣ
ਉਹ ਪਹਿਲਾਂ ਵਾਲਾ ਸ਼ਰੀਫ
ਆਦਮੀ ਨਹੀਂ ਸੀ ਲੱਗ
ਰਿਹਾ। ਲੱਕੜਾਂ
’ਚੋਂ ਨਿਕਲ ਕੇ ਭੱਜੇ
ਜਾਂਦੇ ਦੋ ਕਾਕਰੋਚ ਪਵਨ
ਦੀ ਨਜ਼ਰੀ ਪਏ ਤਾਂ
ਉਸਨੇ ਇਕੋ ਵੇਲੇ ਦੋਹਾਂ
ਨੂੰ ਆਪਣੀਆਂ ਗਾਂਧੀ ਮਾਰਕਾ
ਚੱਪਲਾਂ ਥੱਲੇ ਮਸਲ ਦਿੱਤਾ। ਕਾਕਰੋਚਾਂ
ਨੂੰ ਮਸਲਦਿਆਂ ਨਾ ਉਸਨੂੰ
ਨਾ ਕਚਿਆਣ ਆਈ ਤੇ
ਨਾ ਤਰਸ। ਹੁਣ
ਉਸਦੇ ਮੂੰਹ ’ਤੇ ਇਕ
ਸੰਤੁਸ਼ਟੀ ਸੀ।
ਗੁਰਸੇਵਕ
ਸਿੰਘ ਪ੍ਰੀਤ
ਮੋਬਾਇਲ
94173-58073

0 comments:
Speak up your mind
Tell us what you're thinking... !