Headlines News :
Home » » ਧੀਆ ਪ੍ਰਤੀ ਸੋਚ - Mandeep Kaur Nandha

ਧੀਆ ਪ੍ਰਤੀ ਸੋਚ - Mandeep Kaur Nandha

Written By Unknown on Saturday, 2 March 2013 | 21:43



ਬੜੇ ਹੀ ਦੁੱਖ ਤੇ ਅਫਸੋਸ ਵਾਲੀ ਗੱਲ ਹੈ ਕਿ ਅੱਜ 21ਵੀਂ ਸਦੀ ਵਿੱਚ ਧੀਆਂ ਨੂੰ ਆਪਣੇ ਵਜੂਦ ਨੂੰ ਬਚਾਈ ਰੱਖਣ ਲਈ ਆਪਣੇ ਜਨਮ ਦਾਤਿਆਂ, ਆਪਣੇ ਵਡੇਰਿਆਂ ਅੱਗੇ ਸੈਮੀਨਾਰਾਂ ਵਿੱਚ ਤਰਕ ਦੇਣੇ ਪੈ ਰਹੇ ਹਨ | ਵਿਚਾਰ ਕਰਨ ਵਾਲੀ ਗੱਲ ਹੈ ਕਿ ਇੱਕ ਅਣਜੰਮੀ ਬੇਟੀ ਹੱਥ ਜੋੜ ਕੇ ਆਪਣੇ ਜੀਵਨ ਦੀ ਭੀਖ ਮੰਗਣ ਲਈ ਮਜ਼ਬੂਰ ਕਿਉਂ ਹੋ ਗਈ ?  ਜੇਕਰ ਸਾਡੇ ਤੋਂ ਕੋਈ ਵਿਅਕਤੀ ਕੋਈ ਚੀਜ਼ ਖੋਹ ਲਵੇ ਤਾਂ ਸਾਨੂੰ ਬੜੀ ਤਕਲੀਫ਼ ਹੁੰਦੀ ਹੈ ਤੇ ਇੱਥੇ ਇੱਕ ਅਣਜੰਮੀ ਧੀ ਤੋਂ ਜੀਵਨ ਦਾ ਆਨੰਦ ਲੈਣ ਦਾ ਅਧਿਕਾਰ ਹੀ ਖੋਹਿਆ ਜਾ ਰਿਹਾ ਹੈ, ਜਿਸ ਦੀ ਕਿਸੇ ਨੂੰ ਕੋਈ ਤਕਲੀਫ਼ ਨਹੀਂ ਮਹਿਸੂਸ ਹੋ ਰਹੀ |

ਗੁਰੂਆਂ ਪੀਰਾਂ ਦੀ ਧਰਤੀ ਤੇ ਗੁਰੂਆਂ ਪੀਰਾਂ ਦਾ ਓਟ ਆਸਰਾ ਲੈ ਕੇ ਚੱਲਣ ਵਾਲੇ ਪੰਜਾਬੀਆਂ ਦੀ ਧਰਤੀ ਤੇ ਕੁੜੀਆਂ ਦੀ ਤਾਦਾਦ ਮੁੰਡਿਆਂ ਦੇ ਮੁਕਾਬਲੇ ਬੜੀ ਘੱਟ ਹੈ। ਭਰੂਣ ਹੱਤਿਆ ਦੀ ਬਿਮਾਰੀ ਦੀਆਂ ਤੰਦਾਂ ਕਈ ਪਾਸੇ ਜੁੜੀਆਂ ਹੋਈਆਂ ਹਨ। ਪੰਜਾਬ ਭਾਰਤ ਦਾ ਸਰਹੱਦੀ ਸੂਬਾ ਹੋਣ ਕਰਕੇ ਹਜ਼ਾਰਾਂ ਸਾਲ ਹਮਲਾਵਰ ਇਸੇ ਰਸਤਿਓਂ ਹਿੰਦੋਸਤਾਨ ’ਤੇ ਹਮਲੇ ਕਰਦੇ ਰਹੇ ਅਤੇ ਧੀਆਂ ਦੀ ਪੱਤ ਰੋਲ਼ਦੇ ਰਹੇ। ਇੱਥੇ ਹੀ ਵੱਸ ਨਹੀਂ, 1947 ’ਚ ਆਪਣਿਆਂ ਨੇ ਆਪਣਿਆਂ ਦੀਆਂ ਧੀਆਂ ਦੀਆਂ ਇਜ਼ਤਾਂ ਨਾਲ ਖੇਡਿਆ। ਇਸੇ ਬੇਇਜ਼ਤੀ ਡਰੋਂ ਬਹੁਤੇ ਪਿਓਆਂ ਨੇ ਲਾਡਾਂ ਨਾਲ ਪਾਲੀਆਂ ਧੀਆਂ ਦੇ ਹੱਥੀਂ ਗਲੇ ਦਬਾਏ। ਦਾਜ-ਦਹੇਜ ਵਰਗੀਆਂ ਬਿਮਾਰੀਆਂ ਨੇ ਭਰੂਣ ਹੱਤਿਆ ਨੂੰ ਸ਼ਹਿ ਦਿੱਤੀ ਹੈ। ਇਸ ਲਈ ਜਦ ਤੱਕ ਬੰਦੇ ਦੀ ਮਾਨਸਿਕਤਾ ਨਹੀਂ ਬਦਲਦੀ ਉਦੋਂ ਤੱਕ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਨਕੇਲ ਪਾਉਣੀ ਔਖੀ ਹੈ।

ਅਸੀਂ ਆਪਣੇ ਵਿਰਸੇ ਤੇ ਬਹੁਤ ਮਾਣ ਮਹਿਸੂਸ ਕਰਦੇ ਹਾਂ, ਆਪਣੇ ਗੁਰੂਆਂ ਪੀਰਾਂ ਦੇ ਅੱਗੇ ਸਿਰ ਝੁਕਾਉਂਦੇ ਹਾਂ, ਸਾਡੇ ਪਿਆਰੇ ਭਾਰਤ ਨੂੰ ਆਜ਼ਾਦੀ ਦਿਵਾਉਣ ਲਈ ਸ਼ਹੀਦ ਹੋਏ ਆਜ਼ਾਦੀ ਦੇ ਪਰਵਾਨਿਆਂ ਨੂੰ ਯਾਦ ਕਰਦੇ ਹਾਂ | ਪਰ ਕੀ ਉਹਨਾਂ ਮਹਾਨ ਲੋਕਾਂ ਨੇ ਕਿਸੇ ਕੋਖ ਤੋਂ ਜਨਮ ਨਹੀਂ ਸੀ ਲਿਆ ? ਕੀ ਉਹਨਾਂ ਨੂੰ ਆਪਣੀ ਛਾਤੀ ਦਾ ਅੰਮ੍ਰਿਤ ਪਿਲਾ ਕੇ ਵੱਡਾ ਕਰਨ ਵਾਲੀ ਮਾਂ ਇੱਕ ਔਰਤ ਨਹੀਂ ਸੀ ? ਉਹ ਔਰਤ ਵੀ ਤਾਂ ਕਦੇ ਬੱਚੀ ਸੀ | ਜੇਕਰ ਉਸ ਬੱਚੀ ਦੇ ਮਾਂ-ਬਾਪ ਨੇ ਅਜੋਕੇ ਸਮਾਜ ਵਿੱਚ ਪਨਪ ਰਹੀ ਬੇਹੱਦ ਸ਼ਰਮਨਾਕ ਲਾਹਣਤ “ਭਰੂਣ ਹੱਤਿਆ” ਦਾ ਸਹਾਰਾ ਲਿਆ ਹੁੰਦਾ ਤਾਂ ਕਿਥੋਂ ਅਜਿਹੇ ਮਹਾਨ ਲੋਕ ਸਾਡਾ ਮਹਾਨ ਵਿਰਸਾ ਬਣ ਸਕਦੇ ਸੀ ? ਜੇ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਲਾਲਾ ਲਾਜਪਤ ਰਾਏ ਜਾਂ ਹੋਰ ਸ਼ਹੀਦਾਂ ਦੀਆਂ ਮਾਵਾਂ ਵੀ ਇਸ ਲਾਹਣਤ ਦਾ ਸ਼ਿਕਾਰ ਹੋ ਜਾਂਦੀਆਂ ਤਾਂ ਭਾਰਤ ਮਾਤਾ ਨੂੰ ਇਹ ਲਾਲ ਕਿੱਥੋਂ ਲੱਭਣੇ ਸਨ ?


ਇਸ ਸਮਾਜ ਦੀਆਂ ਨੂੰਹਾਂ ਜਾਂ ਮੁਟਿਆਰਾਂ ਜਿਨਾਂ ਨੇ ਅੱਜ ਜਾਂ ਕੱਲ ਨੂੰ ਕਿਸੇ ਦੀ ਨੂੰਹ ਬਨਣਾ ਹੈ, ਉਹਨਾਂ ਨੂੰ “ਭਰੂਣ ਹੱਤਿਆ” ਪ੍ਰਤੀ ਜਾਗਰੂਕ ਹੋ ਜਾਣਾ ਚਾਹੀਦਾ ਹੈ ਕਿ ਲੜਕਾ ਜਾਂ ਲੜਕੀ ਦੇ ਚੱਕਰ ਨੂੰ ਛੱਡ ਕੇ ਸਿਹਤਮੰਦ ਸੋਚ ਅਪਣਾਓ | ਤੁਹਾਨੂੰ ਅਬਾਰਸ਼ਨ ਕਰਵਾਉਣ ਲਈ ਕੋਈ ਵੀ ਮਜ਼ਬੂਰ ਨਹੀਂ ਕਰ ਸਕਦਾ, ਚਾਹੇ ਉਹ ਤੁਹਾਡੇ ਪਰਿਵਾਰ ਦਾ ਕੋਈ ਵੀ ਮੈਂਬਰ ਕਿਉਂ ਨਾਂ ਹੋਵੇ | ਕਈ ਪਰਿਵਾਰਾਂ ਵਿੱਚ ਲੜਕੇ ਦੇ ਚੱਕਰ ਵਿੱਚ ਚਾਰ-ਚਾਰ, ਪੰਜ-ਪੰਜ ਵਾਰ ਅਬਾਰਸ਼ਨ ਕਰਵਾਇਆ ਜਾਂਦਾ ਹੈ | ਜਿਨਾਂ ਮੁਟਿਆਰਾਂ ਨੂੰ ਵਾਰ-ਵਾਰ ਅਬਾਰਸ਼ਨ ਦੀ ਦਰਦਨਾਕ ਹਾਲਤ ਵਿੱਚੋਂ ਨਿਕਲਣਾ ਪੈਂਦਾ ਹੈ, ਉਹਨਾਂ ਦੇ ਸਰੀਰ ਮਿੱਟੀ ਹੋ ਜਾਂਦੇ ਹਨ ਤੇ ਬਾਅਦ ਵਿੱਚ ਅਨੇਕਾਂ ਬਿਮਾਰੀਆਂ ਦੇ ਘਰ ਬਣ ਜਾਂਦੇ ਹਨ | ਕਈ ਪਰਿਵਾਰਾਂ ਵਿੱਚ ਲੜਕੇ ਦੇ ਇੰਤਜ਼ਾਰ ਵਿੱਚ ਚਾਰ-ਚਾਰ, ਪੰਜ-ਪੰਜ ਲੜਕੀਆਂ ਨੂੰ ਜਨਮ ਦਿੱਤਾ ਜਾਂਦਾ ਹੈ | ਜਨਮ ਲੈਣ ਵਾਲੀਆਂ ਬੇਕਸੂਰ ਲੜਕੀਆਂ ਨਾਲ ਮਤਰੇਇਆਂ ਵਰਗਾ ਸਲੂਕ ਕੀਤਾ ਜਾਂਦਾ ਹੈ | ਆਖਿਰ ਕੀ ਕਸੂਰ ਹੈ ਉਹਨਾਂ ਮਾਸੂਮ ਬੱਚੀਆਂ ਦਾ | ਸੁਣੋ ਬੇਦਰਦ ਮਾਪਿਓ ਸੁਣੋ, ਉਹਨਾਂ ਬੱਚੀਆਂ ਨੂੰ ਤੁਸੀਂ ਆਪਣੇ ਮਤਲਬ ਲਈ ਇਸ ਦੁਨੀਆਂ ਵਿੱਚ ਲੈ ਕੇ ਆਏ ਹੋ | ਉਹਨਾਂ ਦਾ ਪਾਲਣ-ਪੋਸ਼ਣ, ਪੜਾਈ ਤੇ ਜਿੰਦਗੀ ਵਿੱਚ ਚੰਗਾ ਮੁਕਾਮ ਹਾਸਲ ਕਰਨਾ ਉਹਨਾਂ ਦਾ ਅਧਿਕਾਰ ਹੈ | ਜੇਕਰ ਤੁਸੀਂ ਉਹਨਾਂ ਨੂੰ ਇਹਨਾਂ ਅਧਿਕਾਰਾਂ ਤੋਂ ਵਾਝਿਆਂ ਰੱਖਦੇ ਹੋ ਤਾਂ ਤੁਸੀਂ ਬੇਇਨਸਾਫ਼ੀ ਕਰ ਰਹੇ ਹੋ | ਮੁੰਡੇ ਦੇ ਹੱਥ ਵਿੱਚ ਚਾਕਲੇਟ ਤੇ ਕੁੜੀ ਦੀਆਂ ਚੀਜ਼ੀ ਲੈਣ ਨੂੰ ਤਰਸਦੀਆਂ ਨਿਗਾਹਾਂ, ਮੁੰਡੇ ਖੜਾ ਅੰਗਰੇਜ਼ੀ ਸਕੂਲ ਦੀ ਬੱਸ ਜਾਂ ਵੈਨ ਦਾ ਇੰਤਜ਼ਾਰ ਕਰ ਰਿਹਾ ਹੁੰਦਾ ਹੈ ਤੇ ਨਿੱਕੀ ਜਿਹੀ ਬੱਚੀ ਤੱਪੜਾਂ ਵਾਲੇ ਸਕੂਲ ਜਾ ਰਹੀ ਹੁੰਦੀ ਹੈ | ਕਿਉਂ ਹੈ ਇਹ ਫ਼ਰਕ ? ਜ਼ਰਾ ਗੌਰ ਨਾਲ ਆਪਣੇ ਚਾਰ ਚੁਫੇਰੇ ਦੇਖੋ, ਰੋਜ਼ ਅਖਬਾਰਾਂ ਵਿੱਚ ਪੜਦੇ ਹੋ ਕਿ ਫਲਾਣੀ ਪ੍ਰੀਖਿਆ ਵਿੱਚ ਲੜਕੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਫਲਾਣੇ ਸਕੂਲ ਦੀਆਂ ਲੜਕੀਆਂ ਨੇ ਰਾਜ ਪੱਧਰ ਤੇ ਪਹਿਲੀਆਂ ਪੁਜੀਸ਼ਨਾਂ ਤੇ ਕਬਜ਼ਾ ਕੀਤਾ | ਉਦੋਂ ਤਾਂ ਬੜੇ ਚਾਅ ਨਾਲ ਸਾਰਾ ਪਰਿਵਾਰ ਅਖ਼ਬਾਰ ਲਈ ਮੁਸਕਰਾਉਂਦੇ ਹੋਏ ਚਿਹਰਿਆਂ ਨਾਲ ਫੋਟੋ ਖਿਚਵਾਉਂਦਾ ਹੈ | ਫਿਰ ਜਦ ਉਸੇ ਲੜਕੀ ਦੇ ਅੱਗੇ ਦੋ ਬੇਟੀਆਂ ਜਨਮ ਲੈ ਲੈਂਦੀਆਂ ਹਨ ਤਾਂ ਉਸ ਉੱਪਰ ਮਾਣ ਕਰਨ ਵਾਲੇ ਚਿਹਰੇ ਹੀ ਮੁਰਝਾ ਜਾਂਦੇ ਹਨ | ਪਤਾ ਨਹੀਂ ਇਸ ਦੇਸ਼ ਵਿੱਚ ਕਿੰਨੀਆਂ ਲਤਾ ਮੰਗੇਸ਼ਕਰ, ਕਿੰਨੀਆਂ ਕਲਪਨਾਂ ਚਾਵਲਾ ਜਨਮ ਲੈਣ ਤੋਂ ਪਹਿਲਾਂ ਹੀ ਸਮਾਜ ਦੀ ਸੌੜੀ ਸੋਚ ਦਾ ਨਿਸ਼ਾਨਾ ਬਣ ਜਾਂਦੀਆਂ ਹਨ |

ਸੋ ਨਿਚੋੜ ਇਹ ਹੈ ਕਿ ਜੇਕਰ ਅਸੀਂ ਭਰੂਣ ਹੱਤਿਆ ਵਰਗੀ ਲਾਹਣਤ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਇਸਦੇ ਕਾਰਣਾਂ ਵੱਲ ਝਾਤ ਮਾਰਨੀ ਪਵੇਗੀ | “ਭਰੂਣ ਹੱਤਿਆ ਬੁਰੀ ਲਾਹਣਤ ਹੈ” ਦੇ ਨਾਅਰੇ ਲਗਾ ਕੇ, ਭਾਸ਼ਣ ਦੇ ਕੇ, ਸੈਮੀਨਾਰ ਕਰਵਾ ਕੇ, ਸਰਕਾਰੀ ਤੰਤਰ ਜਾਂ ਉਸਦਾ ਪੈਸਾ ਵਰਤਕੇ ਜਾਂ ਡਾਕਟਰਾਂ ਨੂੰ ਜਿੰਮੇਵਾਰ ਠਹਿਰਾ ਕੇ ਇਸਤੋਂ ਛੁਟਕਾਰਾ ਨਹੀਂ ਪਾਇਆ ਜਾ ਸਕਦਾ | ਇਸ ਲਾਹਣਤ ਨੂੰ ਉਤਸ਼ਾਹ ਦੇਣ ਲਈ ਮਾਪੇ ਵੀ ਬਰਾਬਰ ਦੇ ਜੁੰਮੇਵਾਰ ਹਨ | ਸੋ ਜੇਕਰ ਸਾਡਾ ਸਮਾਜ ਇਸਤੋਂ ਮੁਕਤੀ ਚਾਹੁੰਦਾ ਹੈ ਤਾਂ ਪਹਿਲਾਂ ਸਾਨੂੰ ਇਸਦੇ ਕਾਰਣਾਂ ਨੂੰ ਨੱਥ ਪਾਉਣੀ ਪਵੇਗੀ |

“ਸੋ ਕਿਉਂ ਮੰਦਾ ਆਖੀਐ ਜਿਤੁ ਜੰਮੈ ਰਾਜਾਨ।।”

Mandeep Kaur Nandha (Ferozepur)
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template