ਮਾਂ ਦੀ ਮਮਤਾ, ਪਿਆਰ ਪਿਤਾ ਦਾ, ਪੁੱਤਰ ਕਿਵੇਂ ਭੁਲਾਵੇ?
ਪੈਰਾਂ ਉਤੇ ਖੜ੍ਹਾ ਕਰਨ ਲਈ , ਦਰ ਦਰ ਠੇਡੇ ਖਾਵੇ।
ਪੁੱਤਰ ਜਨਮ ਦੀ ਖਬਰ ਮਿਲਦਿਆਂ, ਗਿੱਠ ਗਿੱਠ ਚੜ੍ਹਦੀ ਲਾਲੀ।
ਸੱਧਰਾਂ ਦੇ ਨਾਲ ਭਰ ਗਈ ਝੋਲੀ , ਅੱਜ ਤੱਕ ਜੋ ਸੀ ਖ਼ਾਲੀ।
ਤਾਹੀਂਓਂ ਖੁਸ਼ੀ ‘ਚ’ ਝੂਮ ਝੂਮ ਕੇ , ਦੌਲਤ ਪਿਆ ਲੁਟਾਵੇ।
ਪੈਰਾਂ ਉਤੇ ਖੜ੍ਹਾ ਕਰਨ ਲਈ , …………….
ਖ਼ਰਚ ਨੂੰ ਨਜ਼ਰ ਅੰਦਾਜ਼ ਕਰਦਿਆਂ, ੳ ੁੱਚ ਦਰਜੇ ਦੀ ਵਿਦਿਆ।
ਜਿੰਨੀ ਲੈ ਸਕਦਾ ਸੀ ਦਿੱਤੀ , ਖੁਸ਼ੀ-ਖੁਸ਼ੀ , ਨਾ ਖਿਝਿਆ।
ਹਰ ਪਲ ਉਸਦੇ ਸਾਹੀਂ ਬਿਸਮੇ , ਰੱਬ ਤੱਤੀ ਵਾ ਨਾ ਲਾਵੇ।
ਪੈਰਾਂ ਉਤੇ ਖੜ੍ਹਾ ਕਰਨ ਲਈ , …………….
ਸਫ਼ਲ ਹੋਇਆ ਤਾਂ, ਲਵ-ਮੈਰਿਜ਼ ਰਾਹੀਂ,ਵਿਆਹ ਓਸਦਾ ਹੋਇਆ।
ਨੂੰਹ-ਰਾਣੀ ਨੇ ਘਰ ਵਿੱਚ ਆ ਕੇ , ਪੁੱਤਰ ਮਾਂ ਤੋਂ ਖੋਹ੍ਹਿਆ।
ਫ਼ਸੀਆਂ ਤੰਦਾਂ ਉਲਝੀ ਤਾਣੀ , ਅੱਜ ਕੌਣ ਸੁਲਝਾਵੇ!
ਪੈਰਾਂ ਉਤੇ ਖੜ੍ਹਾ ਕਰਨ ਲਈ , …………….
ਸਮਾਂ ਬੀਤਿਆ ਪੋਤਾ-ਪੋਤੀ , ਘਰ ਅੰਦਰ ਖੇਡਣ ਲੱਗੇ।
ਕੋਈ ਨਾ ਪੁੱਛੇ ਬਾਤ ਪਿਤਾ ਦੀ , ਅਕਲ ਨੂੰ ਜੰਦਰੇ ਵੱਜੇ।
ਜਿਸ ਨੂੰ ਮੂੰਹੋ ਕੱਢ ਖਵਾਇਆ , ਅੱਜ ਉਹ ਖਾਣ ਨੂੰ ਆਵੇ।
ਪੈਰਾਂ ਉਤੇ ਖੜ੍ਹਾ ਕਰਨ ਲਈ , …………….
ਹੋਸ਼ ਕਰੋ! ਐ ਨੌਜਵਾਨ ਪੁੱਤਰੋ , ਮਾਂ ਪਿਓ ਨਾ ਸਤਾਈਏ।
ਕਪੁੱਤ ਦੀ ਥਾਂ ਸਪੁੱਤਰ ਹੋ ਕੇ , ਬਣ ਸਰਬਣ ਸੇਵ ਕਮਾਈਏ।
ਪਿਓ ਦਾ ਕਰਜ਼ , ਪੁੱਤ ਦੇ ਨਹੀਂ ਸਕਦਾ ‘ਫ਼ਤਿਹਪੁਰੀ’ ਫੁਰਮਾਵੇ।
ਪੈਰਾਂ ਉਤੇ ਖੜ੍ਹਾ ਕਰਨ ਲਈ , ਦਰ ਦਰ ਠੇਡੇ ਖਾਵੇ ।
ਗਿਆਨੀ ਅਜੀਤ ਸਿੰਘ ‘ਫ਼ਤਿਹਪੁਰੀ’
ਮੋਬਾਇਲ ਨੰਬਰ 8146633646


0 comments:
Speak up your mind
Tell us what you're thinking... !