ਗੁਰਦਾਸਪੁਰ-ਜ਼ਿਲ੍ਹਾ (ਗੁਰਦਾਸਪੁਰ) ਦਾ ਕਸਬਾ ਬਹਿਰਾਮਪੁਰ ਗੁਰਦਾਸਪੁਰ ਸ਼ਹਿਰ ਤੋਂ ਕੋਈ 10 ਕਿਲੋਮੀਟਰ ਦੀ ਵਿੱਥ ’ਤੇ ਉੱਤਰ ਦਿਸ਼ਾ ਵੱਲ ਸਥਿਤ ਹੈ। ਮੁੱਗਲ ਸਲਤਨਤ ਵਿੱਚ ਅਹਿਮ ਅਤੇ ਬਾਦਸ਼ਾਹ ਅਕਬਰ ਦੇ ਬਾਲ ਅਵਸਥਾ ਵਿੱਚ ਸਰਪ੍ਰਸਤ ਤੇ ਮੁੱਖ ਸਲਾਹਕਾਰ ਬੈਰਮ ਖਾਂ ਦਾ ਵਸਾਇਆ ਅਤੇ ਅਨੇਕਾਂ ਹੋਰ ਇਤਿਹਾਸਕ ਘਟਨਾਵਾਂ ਨਾਲ ਜੁੱੜੇ ਹੋਣ ਦੇ ਬਾਵਜ਼ੂਦ ਇਸਦਾ ਇਤਿਹਾਸ ਅੰਦਰ ਕਿਧਰੇ ਜਿਆਦਾ ਜਿਕਰ ਤੱਕ ਨਹੀਂ ਹੈ। ਅਕਬਰ ਦੀ ਤਾਜਪੋਸ਼ੀ ਜਾਂ ਬੈਰਮ ਖਾਂ ਦਾ ਜਿਕਰ ਕਰੀਏ ਤਾਂ ਆਮ ਕਰਕੇ ਪੰਜਾਬ ਅੰਦਰ ਕਸਬਾ ਕਲਾਨੌਰ ਹੀ ਅੱਖਾਂ ਅੱਗੇ ਆਉਾਂਦਾ । ਜਿਥੇ ਬੈਰਮ ਖਾਂ ਨੇ ਹਮਾਊ ਦੀ ਮੌਤ ਦੀ ਖ਼ਬਰ ਮਿਲਣ ਬਾਅਦ ਅਕਬਰ ਦੀ ਤਾਜਪੋਸ਼ੀ ਕਰਕੇ ਮੁੱਗਲ ਸਲਤਨਤ ਦਾ ਰਾਜਾ ਐਲਾਨਿਆ ਸੀ।
![]() |
| ਬਹਿਰਾਮਪੁਰ-ਰਾਏਪੁਰ ਲਿੰਕ ਸੜਕ ’ਤੇ ਸਥਿਤ ਇੱਕ ਪੁਰਾਣੀ ਮਸਜ਼ਿਦ। |
2ਲੇਕਿਨ ਬੈਰਮ ਖਾਂ ਨੇ ਆਪਣੇ ਦੁਸ਼ਮਣਾਂ ਤੋਂ ਬਚਾਅ ਲਈ ਜਿੰਦਗੀ ਦਾ ਕੁਝ ਹਿੱਸਾ ਬਹਿਰਾਮਪੁਰ ਵਿਖੇ ਵੀ ਗੁਜਾਰਿਆ ਸੀ ਇਹ ਅੱਜ ਤੱਕ ਪੂਰੀ ਤਰ੍ਹਾਂ ਉਜ਼ਾਗਰ ਨਹੀਂ ਹੋਇਆ ਹੈ। ਪੁਰਾਤਤਵ ਵਿਭਾਗ ਵੀ ਇਸ ਜਗ੍ਹਾਂ ਨੂੰ ਉਜ਼ਾਗਰ ਕਰਨ ਦੀ ਬਜ਼ਾਏ ਕੁੰਭਕਰਨੀ ਨੀਂਦ ਸੁੱਤਾ ਜਾਪ ਰਿਹਾ ਹੈ। ਹਾਲਾਂਕਿ ਬਹਿਰਾਮਪੁਰ ਅਤੇ ਇਲਾਕੇ ਅੰਦਰ ਖੰਡਰਾਤ ਰੂਪ ਵਿੱਚ ਮੁੱਗਲਾਂ ਦੇ ਸਮੇਂ ਤੋਂ ਲੈ ਕੇ ਅਨੇਕਾਂ ਹੋਰ ਇਤਿਹਾਸਕਤ ਘਟਨਾਵਾਂ ਦੀ ਯਾਦ ਦਿਵਾਉਾਂਦੀਆਂ ਨਸ਼ਾਨੀਆਂ ਅੱਜ ਵੀ ਮੌਜੂਦ ਹਨ। ਇੱਕਤਰ ਕੀਤੀ ਜਾਣਕਾਰੀ ਦੇ ਅਨੁਸਾਰ ਬੈਰਮ ਖਾਂ ਨੇ ਬਾਦਸ਼ਾਹ ਅਕਬਰ ਨੂੰ ਬਾਲ ਅਵਸਥਾ ਦੌਰਾਨ ਹਿਮਾਊ ਦੇ ਕੱਟੜ ਵਿਰੋਧੀ ਸ਼ੇਰਸ਼ਾਹ ਸੂਰੀ ਦੀ ਅੱਖ ਤੋਂ ਬਚਾਉਣ ਲਈ ਇਸ ਜਗ੍ਹਾ ਨੂੰ ਆਪਣਾ ਟਿਕਾਣਾ ਬਣਾਇਆ ਸੀ। ਉਸ ਸਮੇਂ ਇਲਾਕੇ ਅੰਦਰ ਪਠਾਣਾਂ ਅਤੇ ਮੁਸਲਮਾਨਾਂ ਦੀ ਵੱਸੋਂ ਸੀ। ਬੈਰਮ ਖਾਂ ਨੇ ਦੁਸ਼ਮਣਾਂ ਤੋਂ ਰਾਖੀ ਲਈ ਇਸ ਜਗ੍ਹਾ ਦੇ ਚਾਰ-ਚੁਫੇਰੇ ਨਾਨਕਸ਼ਾਹੀ ਇੱਟ ਨਾਲ ਕੰਧ ਬਣਵਾ ਕੇ ਇੱਕ ਵੱਡਾ ਕਿਲਾ ਉਸਾਰ ਲਿਆ। ਅੰਦਰ ਆਉਣ ਲਈ ਵੱਖ-ਵੱਖ ਥਾਈੰ ਸੱਤ ਦਰਵਾਜੇ ਰੱਖੇ ਹੋਏ ਸਨ। ਇਨ੍ਹਾਂ ਦਰਵਾਜਿਆਂ ਨੂੰ ਸਥਾਨਕ ਲੋਕ ‘ਚੌਣਾ ਦਰਵਾਜਾ, ਬ੍ਰਾਹਮਣੀ ਦਰਵਾਜਾ, ਸੁਲਤਾਨੀ ਦਰਵਾਜਾ, ਤਾਕੀ ਦਰਵਾਜਾ, ਘਾਹ ਮੰਡੀ ਦਰਵਾਜਾ’ ਆਦਿ ਵੱਜੋਂ ਪੁਕਾਰਦੇ ਹਨ। ਬੈਰਮ ਖਾਂ ਵੱਲੋਂ ਇਲਾਕੇ ਅੰਦਰ ਕਈ ਮਸਜਿਦਾਂ ਅਤੇ ਈਦਗਾਹਾਂ ਦਾ ਨਿਰਮਾਣ ਵੀ ਕਰਵਾਇਆ ਗਿਆ ਸੀ।
ਕਿਹਾ ਜਾਂਦਾ ਹੈ ਕਿ ਸੂਰਜ ਛਿੱਪਣ ਦੇ ਨਾਲ ਹੀ ਇਨ੍ਹਾਂ ਸਾਰਿਆਂ ਦਰਵਾਜਿਆਂ ਨੂੰ ਬੰਦ ਕਰ ਦਿੱਤਾ ਜਾਂਦਾ ਸੀ ਅਤੇ ਸਵੇਰ-ਸਾਰ ਹੀ ਮੁੜ ਦਰਵਾਜਿਆਂ ਨੂੰ ਖੋਲ੍ਹਿਆ ਜਾਂਦਾ ਸੀ। ਕਿਲੇ ਦੀ ਕੰਧ ਏਨੀ ਚੋੜੀ ਬਣਾਈ ਗਈ ਸੀ ਕਿ ਉਸ ਉੱਤੇ ਘੋੜ ਸਵਾਰ ਪਹਿਰਾ ਦਿੰਦੇ ਸਨ। ਇਲਾਕੇ ਦੇ ਬਜ਼ੁਰਗਾਂ ਦੇ ਦੱਸਣ ਅਨੁਸਾਰ ਕੁਝ ਸਮਾਂ ਪਹਿਲਾਂ ਕਸਬੇ ਦੁਆਲੇ ਉਸਾਰੀ ਵਿਸ਼ਾਲ ਕੰਧ ਅਤੇ ਦਰਵਾਜਿਆਂ ਦੇ ਅਵਸ਼ੇਸ਼ ਬਾਕੀ ਸਨ। ਜਿਨ੍ਹਾਂ ਨੂੰ ਹੋਲੀ-ਹੋਲੀ ਨਸ਼ਟ ਕਰ ਦਿੱਤਾ ਗਿਆ ਹੈ। ਕੁਝ ਸਥਾਨਕ ਲੋਕਾਂ ਨੇ ਅੱਜੇ ਵੀ ਪੁਰਾਣੀ ਨੂੰ ਯਾਦ ਨੂੰ ਸੁਰਜੀਤ ਰੱਖਣ ਦੇ ਉਪਰਾਲੇ ਵੱਜੋਂ ਤਾਕੀ ਦਰਵਾਜੇ ਨੂੰ ਬਚਾਅ ਕੇ ਰੱਖਿਆ ਹੋਇਆ ਹੈ। ਦਰਵਾਜੇ ਨੂੰ ਢਹਿਣ ਤੋਂ ਬਚਾਉਣ ਨਾਨਕਸ਼ਾਹੀ ਇੱਟਾਂ ਤੋਂ ਬਣੇ ਇਸ ਦਰਵਾਜ਼ੇ ਉੱਪਰ ਪਲਸਤਰ ਅਤੇ ਰੰਗ-ਰੋਗਣ ਕਰ ਦਿੱਤਾ ਗਿਆ ਹੈ। ਬਹਿਰਾਮਪੁਰ ਦੇ ਮੁੱਖ ਬਾਜਾਰਾਂ ਅੰਦਰ ਜਾਂਦੀਆਂ ਗੱਲੀਆਂ ਅੱਜ ਵੀ ਇੰਨੀਆਂ ਛੋਟੀਆਂ ਹਨ ਕਿ ਲੰਘਣਾ ਔਖਾ ਹੁੰਦਾ ਹੈ। ਕਹਿੰਦੇ ਹਨ ਕਿ ਬੈਰਮ ਖਾਂ ਗੱਲੀਆਂ ਦਾ ਨਿਰਮਾਣ ਇਹ ਸੋਚ ਕੇ ਛੋਟਾ ਕਰਵਾਇਆ ਸੀ ਕਿ ਦੁਸ਼ਮਨ ਜਲਦੀ ਕਿਧਰੇ ਅੰਦਰ ਪ੍ਰਵੇਸ਼ ਨਾ ਕਰ ਸਕੇ। ਬਹਿਰਾਮਪੁਰ-ਰਾਏਪੁਰ ਲਿੰਕ ਸੜਕ ’ਤੇ ਦੱਖਣ ਵਾਲੇ ਪਾਸੇ ਇੱਕ ਵੱਡੀ ਮਸਜ਼ਿਦ ਅੱਜੇ ਵੀ ਹੈ। ਮਸੀਤ ਦੀ ਖਾਸੀਅਤ ਇਹ ਹੈ ਕਿ ਇਸਦੀ ਸ਼ਕਲ ਅਯੋਧਿਆ ਵਿਖੇ ਵਿਵਾਦਿਤ ਥਾਂ ਕਿਸੇ ਵੇਲੇ ਸਥਿਤ ਬਾਬਰੀ ਮਸਜਿਦ ਵਰਗੀ ਹੈ। ਉਸੇ ਤਰ੍ਹਾਂ ਮਸਜ਼ਿਦ ਉੱਤੇ ਗੋਲਾਕਾਰ ਰੂਪ ਵਿੱਚ ਤਿੰਨ ਵੱਡੇ ਗੁੰਬਦ ਬਣੇ ਹੋਏ ਹਨ। ਇਲਾਕੇ ਦੇ ਮੁਸਲਮਾਨ ਭਾਈਚਾਰੇ ਨਾਲ ਸਬੰਧਤ ਲੋਕ ਇਸ ਮਸਜਿਦ ਵਿੱਚ ਨਮਾਜ ਪੜ੍ਹਨ ਲਈ ਆਉਾਂਦੇ ਨ। ਇਸਦੀ ਦੇਖਭਾਲ ਲਈ ਕਮੇਟੀ ਬਣਾਈ ਗਈ ਹੈ।
ਇਲਾਕੇ ਦੇ ਪੁਰਾਣੇ ਬਜ਼ੁਰਗਾਂ ਦਾ ਮੰਨਣਾ ਹੈ ਕਿ ਇਸ ਮਸਜਿਦ ਦਾ ਨਿਰਮਾਣ ਵੀ ਅਕਬਰ ਦੇ ਸਰਪ੍ਰਸਤ ਬੈਰਮ ਖਾਂ ਵੱਲੋਂ ਕਰਵਾਇਆ ਗਿਆ ਸੀ। ਲੇਕਿਨ ਮਸਜ਼ਿਦ ਅੰਦਰ ਫਾਰਸੀ ਭਾਸ਼ਾ ਵਿੱਚ ਟੰਗੀ ਇੱਕ ਤਖ਼ਤੀ ਤੋਂ ਇੱਕ ਦੂਜੇ ਬਹਿਰਾਮ ਨਾਂ ਦੇ ਹਾਜ਼ੀ ਦਾ ਜਿਕਰ ਵੀ ਮਿਲਦਾ ਹੈ। ਫਾਰਸੀ ਦਾ ਪੰਜਾਬੀ ਭਾਸ਼ਾ ਵਿੱਚ ਤਰਜ਼ਮਾ ਕਰਕੇ ਨੇੜ੍ਹੇ ਹੀ ਇੱਕ ਬੋਰਡ ਟੰਗ ਦਿੱਤਾ ਗਿਆ ਹੈ। ਜਿਸ ’ਤੇ ਲਿੱਖਿਆ ਹੈ ਕਿ ਧਾਰਮਿਕ ਆਗੂ ਹਾਜ਼ੀ ਰਹਿਮਤ ਉੱਲਾ ਦੀ ਵਸੀਹਤ ਮੁਤਾਬਕ ਉਸਦੇ ਧਰਮ ਭਾਈ ਜੰਮੂ ਤੇ ਕਾਂਗੜਾ ਦੇ ਫੌਜਦਾਰ ਹਾਜ਼ੀ ਬਹਿਰਾਮ ਨੇ ਇਹ ਮਸਜਿਦ 6 ਰੱਜਬ 1096 ਹਿਜ਼ਰੀ 6 ਅਗਸਤ 1676 ਨੂੰ ਤਾਮੀਰ ਕਰਵਾਈ। ਬਹਿਰਾਮਪੁਰ ਬਾਰੇ ਮਿਥੀਹਾਸ ਇਹ ਵੀ ਹੈ ਕਿ ਛੇਵੇਂ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਆਪਣੀ ਸ੍ਰੀ ਨਗਰ ਫੇਰੀ ਦੌਰਾਨ ਇਸ ਨਗਰ ’ਚੋਂ ਲੰਘੇ ਸਨ। ਇਸ ਮੌਕੇ ਬਹਿਰਾਮਪੁਰ ਕਿਲੇ ਦੀ ਕੰਧ ਦੇ ਬਾਹਰ ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਸੁਣ ਕੇ ਗੁਰੂ ਜੀ ਰੁੱਕ ਗਏ ਅਤੇ ਬੱਚੇ ਦੇ ਰੋਣ ਦਾ ਕਾਰਨ ਪੁੱਛਿਆ। ਬੱਚਾ ਜਨਮ ਤੋਂ ਹੀ ਅਜੀਬ ਕਿਸਮ ਦਾ ਸੀ। ਜੰਮਦਿਆਂ ਉਸਦੇ ਮੂੰਹ ਵਿੱਚ ਦੰਦ ਅਤੇ ਮੂੰਹ ’ਤੇ ਦਾੜੀ-ਮੂੱਛਾਂ ਸਨ।
ਕਿਹਾ ਜਾਂਦਾ ਹੈ ਕਿ ਇਹ ਬੱਚਾ ਕਿਸੇ ੰਿਹੰਦੂ ਰਾਜੇ ਦਾ ਸੀ। ਬੱਚੇ ਦੇ ਜਨਮ ਬਾਅਦ ਪੰਡਿਤਾਂ ਰਾਜੇ ਨੂੰ ਭਵਿੱਖਵਾਣੀ ਕੀਤੀ ਇਹ ਬੱਚਾ ਤੇਰੇ ਪੱਤਣ ਦਾ ਕਾਰਨ ਬਣੇਗਾ। ਜਿਸ ਕਾਰਨ ਰਾਜਾ ਬੱਚੇ ਨੂੰ ਲੰਘਦਿਆਂ ਇਥੇ ਸੁੱਟ ਗਿਆ ਸੀ। ਗੁਰੂ ਸਾਹਿਬ ਦੇ ਪੁੱਛਣ ’ਤੇ ਇਲਾਕੇ ਦੇ ਲੋਕਾਂ ਜੁਆਬ ਦਿੱਤਾ ਕਿ ਇੱਕ ਗੰਦਾ ਜਿਹਾ ਬੱਚਾ ਪਿਆ ਹੈ। ਸੁਣ ਕੇ ਗੁਰੂ ਜੀ ਨੇ ਸਹਿਜ ਸੁਭਾਅ ਆਖਿਆ ਕਿ ਇਹ ਤਾਂ ਸੁਥਰਾ ਹੈ। ਇਸ ਬੱਚੇ ਨੂੰ ਬਾਅਦ ਵਿੱਚ ਸੁਥਰੇ ਸ਼ਾਹ ਦਾ ਨਾਂ ਦਿੱਤਾ ਗਿਆ। ਸੁਥਰੇ ਸ਼ਾਹ ਦੇ ਨਾਂ ਤੇ ਅੱਜ ਵੀ ਬਹਿਰਾਮਪੁਰ ਦੀ ਹਦਬਸਤ ਵਿੱਚ ਕਾਫ਼ੀ ਜ਼ਮੀਨ ਬੋਲਦੀ ਹੈ। ਨੇੜ੍ਹੇ ਹੀ ਗੁਰੂ ਸਾਹਿਬ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਵੀ ਸਥਾਪਤ ਕੀਤਾ ਗਿਆ ਹੈ। ਜਿਸਦਾ ਪ੍ਰਬੰਧ ਇੱਕ ਸਥਾਨਕ ਕਮੇਟੀ ਵੇਖਦੀ ਹੈ। ਸੁਥਰਾ ਸ਼ਾਹ ਦੇ ਨਾਂ ’ਤੇ ਬੋਲਦੀ ਜ਼ਮੀਨ ਦੇ ਜਿਆਦਾਤਰ ਹਿੱਸੇ ’ਤੇ ਲੋਕਾਂ ਦਾ ਕਬਜ਼ਾ ਹੈ। ਸੁਥਰਾ ਸ਼ਾਹ ਦੀ ਜ਼ਮੀਨ ’ਤੇ ਬਣੀ ਗਰਾਊੰਡ ਵਿੱਚ ਨਿਰੰਤਰ ਗੰਦਗੀ ਸੁੱਟੀ ਜਾ ਰਹੀ ਹੈ।
ਇੱਕ ਹੋਰ ਘਟਨਾ ਬਹਿਰਾਮਪੁਰ ਨਾਲ ਜੁੜੀ ਹੋਈ ਹੈ ਜੋ ਇਸ ਜਗ੍ਹਾ ਦੀ ਇਤਿਹਾਸਕ ਮਹਤੱਤਾ ਨੂੰ ਦਰਸਾਉਾਂਦੀ । ਬਹਿਰਾਮਪੁਰ-ਰਾਏਪੁਰ ਦੇ ਮੈਦਾਨਾਂ ਵਿੱਚ ਦੱਸਵੇਂ ਪਾਤਸ਼ਾਹ ਦੇ ਅੱਦਨੇ ਸੇਵਕ ਬਾਬਾ ਬੰਦਾ ਸਿੰਘ ਬਹਾਦੁਰ ਨੇ ਮੁੱਗਲਾਂ ਨਾਲ ਲੋਹਾ ਲਿਆ ਸੀ ਅਤੇ ਜਿੱਤ ਹਾਸਲ ਕਰਕੇ ਇੱਕ ਨਵਾਂ ਇਨਕਲਾਬ ਲਿਆਂਦਾ ਸੀ। ਗਿਆਨੀ ਤਰਲੋਕ ਸਿੰਘ ਵੱਲੋਂ ਲਿਖੀ ਪੁਸਤਕ ‘ਗੁਰਦਾਸਨੰਗਲ ਦੇ ਸ਼ਹੀਦ’ ਅੰਦਰ ਵੀ ਬਹਿਰਾਮਪੁਰ ਦਾ ਜਿਕਰ ਮਿਲਦਾ ਹੈ। ਲੇਖਕ ਨੇ ਲਿੱਖਿਆ ਹੈ ਕਿ ਮਈ 1711 ਨੂੰ ਬਹਿਰਾਮਪੁਰ-ਰਾਏਪੁਰ ਦੇ ਮੁਕਾਮ ਉੱਤੇ ਬਾਯਜ਼ੀਦ ਖਾਂ ਖ਼ੇਸ਼ਗੀ ਅਤੇ ਬੰਦਾ ਸਿੰਘ ਬਹਾਦੁਰ ਦੇ ਦਲਾਂ ਵਿਚਾਲੇ ਘਮਾਸ਼ਾਨ ਮੁਕਾਬਲਾ ਹੋਇਆ ਸੀ। ਇਸ ਘਮਾਸ਼ਾਨੀ ਲੜਾਈ ਵਿੱਚ ਬਾਬਾ ਬੰਦਾ ਬਹਾਦੁਰ ਦੀਆਂ ਫੋਜਾਂ ਦੀ ਜਿੱਤ ਹੋਈ ਅਤੇ ਬਾਯਜੀਦ ਖਾਂ ਖੇਸ਼ਗੀ ਅਤੇ ਉਸਦਾ ਭਤੀਜਾ ਸ਼ਮਸ਼ ਖਾਂ ਮਾਰਿਆ ਗਿਆ। ਇਸ ਫਤਿਹ ਦੇ ਬਾਅਦ ਪਹਾੜੀ ਇਲਾਕਿਆਂ ਅੰਦਰ ਇਨਕਲਾਬ ਆ ਗਿਆ।
ਭਾਰਤ-ਪਾਕਿਸਤਾਨ ਵੰਡ ਤੋਂ ਪਹਿਲਾਂ ਬਹਿਰਾਮਪੁਰ ਮੁਸਲਮਾਨਾਂ ਦਾ ਹੈੱਡ-ਕੁਆਟਰ ਅਤੇ ਦੋਵਾਂ ਮੁੱਲਕਾਂ ਦਾ ਸਾਂਝਾ ਵਪਾਰਕ ਕੇਂਦਰ ਸੀ। ਇਸ ਸਮੇਂ ਪਾਕਿਸਤਾਨ ਦੀ ਤਹਿਸੀਲ ਸ਼ਕਰਗੜ ਜ਼ਿਲ੍ਹਾ (ਗੁਰਦਾਸਪੁਰ) ਦਾ ਹਿੱਸਾ ਹੋਇਆ ਕਰਦੀ ਸੀ। ਮੁਸਲਮਾਨਾਂ ਵਿੱਚ ਤੇਲੀ, ਅਰਾਈੰ (ਸਬਜੀ ਉਗਾਉਣ) ਅਤੇ ਸ਼ੇਖ ਆਦਿ ਸਨ। ਇਨ੍ਹਾਂ ਦੇ ਨਾਂ ’ਤੇ ਅੱਜ ਵੀ ਕਸਬੇ ਅੰਦਰ ਤੇਲੀ ਮੁੱਹਲਾ, ਸ਼ੇਖ ਮੁੱਹਲਾ ਮੌਜੂਦ ਹਨ। ਬਹਿਰਾਮਪੁਰ ਕਿਸੇ ਵੇਲੇ ਬਾਗਾਂ ਕਰਕੇ ਵੀ ਮਸ਼ਹੂਰ ਸੀ। ਵੰਡ ਉਪਰੰਤ ਮੁਸਲਮਾਨਾਂ ਦੇ ਉਜੜ ਕੇ ਪਾਕਿਸਤਾਨ ਚੱਲੇ ਜਾਣ ਕਾਰਨ ਇਥੇ ਮਹਾਜਨਾਂ ਅਤੇ ਖਤਰੀਆਂ ਦਾ ਕਬਜ਼ਾ ਹੋ ਗਿਆ ਸੀ। ਇਥੇ ਅੰਗੂਰਾਂ ਅਤੇ ਅੰਬਾਂ ਦੇ ਸੰਘਣੇ ਬਾਗ ਹੋਇਆ ਕਰਦੇ ਸਨ। ਇਸ ਤੋਂ ਇਲਾਵਾ ਵੱਡੇ ਪੱਧਰ ਉੱਤੇ ਵੱਖ-ਵੱਖ ਕਿਸਮਾਂ ਦੀਆਂ ਖਜ਼ੂਰਾਂ ਵੀ ਉਗਾਈਆਂ ਜਾਂਦੀਆਂ ਸਨ। ਇਲਾਕੇ ਅੰਦਰ ਖਜ਼ੂਰ ਦੀ ਬਹੁਤਾਤ ਹੋਣ ਕਰਕੇ ਖਾਦੀ ਗ੍ਰਾਮ ਉਦਯੋਗ ਵੱਲੋਂ 1953-54 ਵਿੱਚ ਤਾੜਗੁੜ ਕੇਂਦਰ ਵੀ ਸਥਾਪਤ ਕੀਤਾ ਗਿਆ ਸੀ। ਕੇਂਦਰ ਕਰੀਬ ਚਾਰ-ਪੰਜ ਵਰ੍ਹੇ 1959 ਤੱਕ ਚੱਲਦਾ ਰਿਹਾ ਹੈ ਅਤੇ ਖਜ਼ੂਰ ਤੋਂ ਤਿਆਰ ਗੁੜ ਬਾਹਰ ਭੇਜਿਆ ਜਾਂਦਾ ਸੀ। ਇਲਾਕੇ ਅੰਦਰ ਅੱਜ ਵੀ ਕਿਧਰੇ-ਕਿਧਰੇ ਖਜ਼ੂਰ ਦੇ ਪੌਦੇ ਨਜ਼ਰੀ ਪੈੰਦੇ ਹਨ। ਬਹਿਰਾਮਪੁਰ ਤੋਂ ਗੁਰਦਾਸਪੁਰ ਨੂੰ ਆਉਾਂਦੀ ਲੰਕ ਸੜਕ ਦੁਆਲੇ ਵੀ ਕੁਝ ਸਮਾਂ ਖਜ਼ੂਰ ਦੇ ਅਨੇਕਾਂ ਦਰਖ਼ਤ ਸਨ ਜਿਨ੍ਹਾਂ ਦੀ ਗਿਣਤੀ ਹੁਣ ਸੀਮਤ ਰਹਿ ਗਈ ਹੈ।
ਅਨੇਕਾਂ ਮਹਾਨ ਸ਼ਖਸ਼ੀਅਤਾਂ ’ਚੋਂ ਪੰਜਾਬ ਨੈਸ਼ਨਲ ਬੈਂਕ ਦੇ ਮੋਢੀ ਚੇਅਰਮੈਨ ਬਿਸ਼ਨ ਦਾਸ ਪੁਰੀ (ਬੀ.ਡੀ.ਪੁਰੀ), ਕੇਂਦਰ ਸਰਕਾਰ ਵਿੱਚ ਕਾਨੂੰਨ ਤੇ ਨਿਆਂ ਮੰਤਰੀ ਡਾ. ਅਸ਼ਵਨੀ ਕੁਮਾਰ ਦੇ ਪਿਤਾ ਮਰਹੂਮ ਬਾਬੂ ਪ੍ਰਬੋਧ ਚੰਦਰ, ਅੰਮ੍ਰਿਤਸਰ ਮਿਊਨਿਸੀਪਲ ਦੇ ਪ੍ਰਧਾਨ ਪੰਨਾ ਲਾਲ ਮਹਾਜਨ, ਵਪਾਰੀ ਜਾਨਕੀ ਸ਼ਾਹ ਤੇ ਗੁਰਦਿਆਲ ਸ਼ਾਹ, ਉਦਯੋਗਪਤੀ ਜੋਗਿੰਦਰ ਪਾਲ ਤੇ ਮਹਿੰਦਰ ਪਾਲ ਸਮੇਤ ਅਨੇਕਾਂ ਹੋਰ ਸ਼ਖਸ਼ੀਅਤਾਂ ਦਾ ਸਬੰਧ ਬਹਿਰਾਮਪੁਰ ਨਾਲ ਰਿਹਾ ਹੈ। ਅਕਾਲੀ-ਭਾਜਪਾ ਸਰਕਾਰ ਵੱਲੋਂ ਹੁਣ ਜ਼ਿਲ੍ਹਾ (ਗੁਰਦਾਸਪੁਰ) ’ਚੋਂ ਪਹਿਲਾ ਜੂਨੀਅਰ ਐਡਵੋਕੇਟ ਜਨਰਲ ਅਸ਼ੀਸ਼ ਕਾਂਤ ਸ਼ਰਮਾ ਨੂੰ ਬਣਾਇਆ ਗਿਆ ਹੈ। ਬਹਿਰਾਮਪੁਰ ਵਾਸੀ ਕਾਮਰੇਡ ਤਰਲੋਕ ਸਿੰਘ ਇਲਾਕੇ ਅੰਦਰ ਕਿਰਤੀ ਕਿਸਾਨ ਯੂਨੀਅਨ ਦੇ ਸਿਰਕੱਢ ਆਗੂ ਹਨ ਅਤੇ ਕਿਰਤੀ ਲਹਿਰ ਨੂੰ ਸੁਰਜੀਤ ਰੱਖੇ ਹੋਏ ਹਨ। ਡਾ. ਅਸ਼ਵਨੀ ਦਾ ਜਨਮ ਵੀ ਬਹਿਰਾਮਪੁਰ ਦਾ ਹੈ। ਭਲੇ ਜ਼ਮਾਨਿਆਂ ’ਚ ਸ੍ਰੀ ਬੀ.ਡੀ ਪੁਰੀ ਨੇ ਆਪਣੇ ਕੋਲੋਂ 50 ਹਜ਼ਾਰ ਰੁਪਏ ਅਤੇ ਇਮਾਰਤ ਦਾ ਨਿਰਮਾਣ ਕਰਵਾ ਕੇ ‘ਬੀ.ਡੀ.ਪੁਰੀ ਡੀ.ਏ.ਵੀ ਸਕੂਲ ਚਾਲੁੂ ਕਰਵਾਇਆ ਸੀ। ਬਹਿਰਾਮਪੁਰ ਤੋਂ ਇਲਾਵਾ ਇਲਾਕੇ ਦੇ ਬੱਚੇ ਪੜ੍ਹਨ ਲਈ ਆਇਆ ਕਰਦੇ ਸਨ। ਬਹਿਰਾਮਪੁਰ-ਰਾਏਪੁਰ ਲਿੰਕ ਸੜਕ ’ਤੇ ਸਥਿਤ ਮਸਜ਼ਿਦ ਦੇ ਦੱਖਣ ਵਾਲੇ ਪਾਸੇ ਇੱਕ ਇਸਲਾਮੀਆਂ ਸਕੂਲ ਵੀ ਹੋਇਆ ਕਰਦਾ ਸੀ।
ਬਹਿਰਾਮਪੁਰ ਅੰਦਰ ਬਾਬਾ ਲਾਲ ਦਿਆਲ ਜੀ ਧਿਆਨਪੁਰ ਵਾਲਿਆਂ ਦੀ ਯਾਦ ’ਚ ਮੰਦਰ ਬਣਾਇਆ ਗਿਆ ਹੈ। ਮੰਦਰ ਵਿੱਚ ਕਾਫ਼ੀ ਪੁਰਾਣੀਆਂ ਮੂਰਤੀਆਂ ਸ਼ੁਸ਼ੋਭਿਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਇੱਕ ਰਵੀਦਾਸ ਮੰਦਰ ਵੀ ਹੈ। 1988 ਤੋਂ ਲੈ ਕੇ 90 ਤੱਕ ਬਹਿਰਾਮਪੁਰ ਵਿਖੇ ਪੜ੍ਹੇ ਵਿਦਿਆਰਥੀਆਂ ਵੱਲੋਂ ਬਹਿਰਾਮਪੁਰ ਐਲੂਮੀਨੀ ਕਲੱਬ ਦਾ ਗਠਨ ਕੀਤਾ ਗਿਆ ਹੈ। ਕਲੱਬ ਵੱਲੋਂ ਆਪਣੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਡਾ. ਗੁਰਦੇਵ ਸਿੰਘ ਕੋਆਰਡੀਨੇਟਰ ਹਨ। ਜਦੋਂਕਿ ਦਵਿੰਦਰਜੀਤ ਸਿੰਘ, ਐਕਸਾਈਜ਼ ਇੰਸਪੈਕਟਰ ਲਖਵਿੰਦਰ ਸਿੰਘ, ਮਾਸਟਰ ਅਮਿਤ ਮਹਾਜਨ, ਡਾ. ਅਰੁਣ ਮਲਹੋਤਰਾ ਸਮੇਤ 22 ਜਣੇ ਇਸਦੇ ਸਰਗਰਮ ਮੈਂਬਰ ਹਨ। ਬਹਿਰਾਮਪੁਰ ਵਾਸੀ ਬਜ਼ੁਰਗ ਮਾਸਟਰ ਜਨਕ ਸਿੰਘ, ਕਰਨੈਲ ਸਿੰਘ ਸੈਣੀ ਨੇ ਦੱਸਿਆ ਕਿ ਇਸਲਾਮੀਆ ਸਕੂਲ 1947 ਤੱਕ ਚੱਲਦਾ ਰਿਹਾ ਹੈ। ਬਾਅਦ ਵਿੱਚ ਪੰਚਾਇਤ ਨੇ ਇਸਲਾਮੀਆ ਸਕੂਲ ਨੂੰ ਜਨਤਾ ਸਕੂਲ ਦਾ ਨਾਂ ਦੇ ਦਿੱਤਾ। ਜਨਤਾ ਸਕੂਲ ਨੂੰ ਬਾਅਦ ਵਿੱਚ ਸਰਕਾਰ ਵੱਲੋਂ ਟੇਕ ਓਵਰ ਕਰ ਲਿਆ ਗਿਆ। ਓਨੀ ਦਿੱਨੀਂ ਬਾਬੂ ਪ੍ਰਬੋਧ ਚੰਦਰ ਮੰਤਰੀ ਬਣੇ ਸਨ। ਇਸਲਾਮੀਆ ਸਕੂਲ ਦੇ ਬੋਰਡਿੰਗ ਹਾਊਸ ਵਿੱਚ 1962 ਤੋਂ ਲੈ ਕੇ1973 ਤੱਕ ਟੀਚਰ ਟਰੇਨਿੰਗ ਸੈਂਟਰ (ਜੇ.ਬੀ.ਟੀ) ਵੀ ਚੱਲਦਾ ਰਿਹਾ ਹੈ। ਇਸ ਸੈਂਟਰ ਤੋਂ ਵੱਡੀ ਗਿਣਤੀ ’ਚ ਇਲਾਕੇ ਦੇ ਨੌਜਵਾਨਾਂ ਅਧਿਆਪਨ ਦੀ ਸਿਖ਼ਲਾਈ ਲੈ ਕੇ ਪੈਰਾਂ ਸਿਰ ਖੜੇ ਹੋਏ ਹਨ। ਬਾਅਦ ਵਿੱਚ ਇਸ ਸੈਂਟਰ ਨੂੰ ਬੰਦ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਬੀ.ਡੀ ਪੁਰੀ ਹਾਈ ਸਕੂਲ ਪੁਰਾਣੇ ਥਾਂ ਤੋਂ ਹੁਣ ਬਾਹਰ ਤਬਦੀਲ ਕਰ ਦਿੱਤਾ ਗਿਆ ਹੈ। ਦੇਖਭਾਲ ਨਾ ਹੋਣ ਕਾਰਨ ਸਕੂਲ ਦੀ ਪੁਰਾਣੀ ਇਮਾਰਤ ਖੰਡਰ ਬਣ ਚੁੱਕੀ ਹੈ। ਸੇਵਾ ਭਾਰਤੀ (ਬਹਿਰਾਮਪੁਰ) ਦੇ ਆਗੂ ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਮਾਰਤ ਦੀ ਜ਼ਮੀਨ ਕਰੋੜਾ ਰੁਪਏ ਦੀ ਹੋਣ ਦੇ ਬਾਵਜ਼ੂਦ ਇਸਨੂੰ ਵਰਤੋਂ ਵਿੱਚ ਨਹੀਂ ਲਿਆਂਦਾ ਜਾ ਰਿਹਾ ਹੈ। ਜ਼ਮੀਨ ’ਤੇ ਲੋਕਾਂ ਵੱਲੋ ਗੈਰ-ਕਾਨੂੰਨੀ ਤਰੀਕੇ ਨਾਲ ਕਬਜ਼ਾ ਕੀਤਾ ਜਾ ਰਿਹਾ ਹੈ।
![]() |
| ਇਲਾਕੇ ਪਿੰਡ ਮਛਰਾਲਾ ਨੇੜ੍ਹੇ ਈਦਗਾਹ ਦੀ ਬਾਰੀ ਰਹਿ ਗਈ ਕੰਧ। |
ਇਲਾਕੇ ਦੇ ਪੁਰਾਣੇ ਬਜ਼ੁਰਗਾਂ ਦੱਸਿਆ ਕਿ ਬਹਿਰਾਮਪੁਰ ਦੀ ਨੀਂਹ ਬੈਰਮ ਖਾਂ ਵੱਲੋਂ ਰੱਖੀ ਗਈ ਸੀ। ਉਸ ਦੀਆਂ ਬਣਾਈਆਂ ਨਿਸ਼ਾਨੀਆਂ ਅੱਜੇ ਵੀ ਮੌਜੂਦ ਹਨ। ਬਹਿਰਾਮਪੁਰ ਵਿਖੇ ਜਿਥੇ ਬੱਸਾਂ ਖੜਦੀਆਂ ਹਨ ਅਤੇ ਦੁਕਾਨਾਂ ਹਨ ਉਥੇ ਮਸੀਤਾਂ ਹੁੰਦੀਆਂ ਸਨ। ਇਹ ਜਗ੍ਹਾ ਹੁਣ ਵਕਫ਼ ਬੋਰਡ ਅਧੀਨ ਹੈ। ਬਹਿਰਾਮਪੁਰ ਨੇੜ੍ਹੇ ਪੈਂਦੇ ਪਿੰਡ ਮਛਰਾਲਾ ਵਿਖੇ ਇੱਕ ਵੱਡੀ ਈਦਗਾਹ ਹੁੰਦੀ ਸੀ, ਜਿਥੇ ਇੱਕ ਸਮੇਂ ਡੇਢ-ਦੋ ਹਜਾਰ ਬੰਦਾ ਇੱਕ ਸਮੇਂ ਇੱਕਠਿਆ ਨਮਾਜ ਅਦਾ ਕਰਦਾ ਸੀ। ਈਦ ਨੂੰ ਬਚਾਉਣ ਦਾ ਕੋਈ ਉਪਰਾਲਾ ਨਹੀਂ ਕੀਤਾ ਗਿਆ ਅਤੇ ਹੁਣ ਇੱਕ ਕੰਧ ਹੀ ਬਾਕੀ ਰਹਿ ਗਈ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਬਹਿਰਾਮਪੁਰ ਅੰਦਰ ਹਰ ਜਾਤ ਨਾਲ ਸਬੰਧਤ ਲੋਕ ਇਥੇ ਰਹਿ ਰਹੇ ਹਨ। ਇਥੋਂ ਦੀ ਵੱਸੋਂ 10 ਹਜ਼ਾਰ ਤੋਂ ਉੱਪਰ ਹੋ ਚੁੱਕੀ ਹੈ। ਇਸਦੇ ਬਾਵਜ਼ੂਦ ਇੱਕ ਪੰਚਾਇਤ ਹੀ ਕੰਮ ਕਰ ਰਹੀ ਹੈ। ਆਬਾਦੀ ਅਨੁਸਾਰ ਇਸਨੂੰ ਬਲਾਕ ਬਨਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਮੇਂ-ਸਮੇਂ ’ਤੇ ਵਿਕਾਸ ਕੰਮਾਂ ਲਈ ਮਿਲਣ ਵਾਲੀ ਗ੍ਰਾਂਟ ਤੋਂ ਇਲਾਵਾ ਨਿੱਜੀ ਵਸੀਲਿਆਂ ਤੋਂ ਪੰਚਾਇਤ ਨੂੰ 5-6 ਲੱਖ ਰੁਪਏ ਦੀ ਆਮਦਨ ਹੋਣ ਦੇ ਬਾਵਜ਼ੂਦ ਆਸ ਮੁਤਾਬਕ ਵਿਕਾਸ ਕੰਮ ਨਹੀਂ ਹੋਏ ਹਨ। ਬਹਿਰਾਮਪੁਰ ਵਾਸੀ ਤੇ ਯੂਥ ਅਕਾਲੀ ਦਲ ਜ਼ਿਲ੍ਹਾ ਗੁਰਦਾਸਪੁਰ ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ਨੇ ਕਿਹਾ ਕਿ ਇਥੋਂ ਦੇ ਇਤਿਹਾਸ ਤੇ ਸਮੱਸਿਆਵਾਂ ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਧਿਆਨ ਵਿੱਚ ਲਿਆਉਣਗੇ। ਉਨ੍ਹਾਂ ਦੱਸਿਆ ਕਿ ਗੰਦੇ ਪਾਣੀ ਦੀ ਨਿਕਾਸੀ ਨਾ ਹੋਣਾ ਇੱਕ ਵੱਡੀ ਸੱਮਸਿਆ ਹੈ। ਬਰਸਾਤ ਦੇ ਦਿਨਾਂ ’ਚ ਬਾਜ਼ਾਰ ਅੰਦਰ ਪਾਣੀ ਭਰ ਜਾਂਦਾ ਹੈ। ਇਸ ਤੋਂ ਇਲਾਵਾ ਕੋਈ ਬੱਸ ਸਟੈਂਡ ਅਤੇ ਪਬਲਿਕ ਪੈਖਾਨਾ ਨਾ ਹੋਣ ਕਰਕੇ ਔਰਤਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਬਹਿਰਾਮਪੁਰ ਦੇ ਸਰਪੰਚ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਪਿਛਲੇ 10 ਵਰ੍ਹਿਆਂ ਤੋਂ ਸਰਪੰਚੀ ਉਨ੍ਹਾਂ ਦੇ ਪਰਿਵਾਰ ਕੋਲ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਨਿਰਮਲਾ ਦੇਵੀ ਸਰਪੰਚ ਸੀ। ਪੰਜਾਬ ਅੰਦਰ ਵਿਰੋਧੀ ਸਰਕਾਰ ਹੋਣ ਦੇ ਬਾਵਜ਼ੂਦ ਰਿਕਾਰਡ ਤੋੜ ਕੰਮ ਕਰਵਾਏ ਹਨ। ਬਹਿਰਾਮਪੁਰ ਦੀ ਸਾਰਾ ਵਿਕਾਸ ਉਨ੍ਹਾਂ ਦੇ ਕਾਰਜ਼ਕਾਲ ਦੌਰਾਨ ਹੀ ਹੋਇਆ ਹੈ। ਉਨ੍ਹਾਂ 24 ਘੰਟੇ ਬਿਜਲੀ ਸਪਲਾਈ ਚਾਲੂ ਕਰਾਉਣ ਅਤੇ ਪੀਣ ਵਾਲਾ ਸਾਫ਼ ਪਾਣੀ ਮੁੱਹਈਆ ਕਰਾਉਣ ਦਾ ਵਾਅਦਾ ਵੀ ਪੂਰਾ ਹੈ। ਬਹਿਰਾਮਪੁਰ ਅੰਦਰ ਵੱਖ-ਵੱਖ ਬੈਂਕਾਂ ਦੀ ਤਿੰਨ ਸ਼ਖਾਵਾਂ, ਇੱਕ ਸਰਕਾਰੀ ਪ੍ਰਾਇਮਰੀ ਤੇ ਦੋ ਸੀਨੀਅਰ ਸੈਕੰਡਰੀ ਸਕੂਲ ਅਤੇ ਇੱਕ ਸਰਕਾਰੀ ਹਸਪਤਾਲ ਹੈ। ਲੋਕਾਂ ਦੀ ਗੈਸ ਏਜੰਸੀ ਖੋਲ੍ਹਣ, ਸਾਇੰਸ ਤੇ ਕਾਮਰਸ ਵਿਸ਼ਿਆਂ ਦੀ ਪੜ੍ਹਾਈ ਸ਼ੁਰੂ ਕਰਾਉਣਾ, ਨਿਰਵਿਘਣ ਤੇ ਸੁਚਾਰੂ ਬਿਜਲੀ ਸਪਲਾਈ ਲਈ 66 ਕੇ.ਵੀ ਸਬ-ਸਟੇਸ਼ਨ ਸਥਾਪਤ ਕਰਨ, ਆਬਾਦੀ ਦੇ ਹਿਸਾਬ ਨਾਲ ਬਹਿਰਾਮਪੁਰ ਨੂੰ ਬਲਾਕ ਦਾ ਦਰਜ਼ਾ ਦੇਣਾ ਆਦਿ ਕੁਝ ਪ੍ਰਮੁੱਖ ਮੰਗਾਂ ਹਨ।
![]() |
| ਬੈਰਮ ਖਾਂ ਦਾ ਬਣਵਾਇਆ ਤਾਕੀ ਦਰਵਾਜ਼ਾ |
ਜਤਿੰਦਰ ਸਿੰਘ ਬੈਂਸ
ਗੁਰਦਾਸਪੁਰ
ਮੋਬਾਇਲ ਨੰ: 94781-93370
![]() |
| ਕਸਬੇ ਅੰਦਰ ਬੀ.ਡੀ.ਪੁਰੀ ਸਕੂਲ ਦੀ ਪੁਰਾਣੀ ਖ਼ਸਤਾਹਾਲਤ ਇਮਾਰਤ ਦਾ ਦ੍ਰਿਸ਼। |





0 comments:
Speak up your mind
Tell us what you're thinking... !