ਇੱਕ ਕ੍ਰਾਂਤੀ, ਇੱਕ ਅੰਦੋਲਨ, ਇੱਕ ਤੂਫਾਨ ਭਗਤ ਸਿੰਘ, ਜਿਸਨੇ ਲੋਕਾਂ ਦੀ ਮਾਨਸਿਕਤਾ ਨੂੰ ਹਲੂਣਿਆ ਅਤੇ ਆਜ਼ਾਦੀ ਦਾ ਰਾਹ ਵਿਖਾਇਆ । ਗੁਲਾਮੀ ਦੀ ਜ਼ਿੰਦਗੀ ਨਾਲੋਂ ਸਵੈ-ਮਾਣ ਦੀ ਜ਼ਿੰਦਗੀ ਦਾ ਜਿਸਨੇ ਰਾਹ ਦੱਸਿਆ, ਦੇਸ਼ ਭਗਤੀ ਦੇ ਜਜ਼ਬੇ ਦੇ ਰੰਗ ਵਿੱਚ ਰੰਗਣ ਵਾਲਾ ਸੀ ਮਹਾਂ ਨਾਇਕ ਸ਼ਹੀਦ ਭਗਤ ਸਿੰਘ ।
ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਨੂੰ ਅੱਜ ਕੌਣ ਨਹੀਂ ਯਾਦ ਕਰਦਾ, ਜਿਸਨੇ ਆਪਣਾ ਸਾਰਾ ਜੀਵਨ ਆਪਣੇ ਦੇਸ਼ ਦੀ ਸੇਵਾ ਦੇ ਲੇਖੇ ਲਾ ਦਿੱਤਾ ਤੇ ਇੰਨੀ ਵੱਡੀ ਕੁਰਬਾਣੀ ਕਰਕੇ ਆਪਣੇ ਦੇਸ਼ ਨੂੰ ਆਜ਼ਾਦ ਕਰਵਾਇਆ । ਦੇਸ਼ ਆਜ਼ਾਦ ਹੋਏ ਨੂੰ ਵੀ ਕਾਫ਼ੀ ਸਮਾਂ ਗੁਜ਼ਰ ਗਿਆ ਤੇ ਕਰੋੜਾਂ ਲੋਕ ਅੱਜ ਵੀ ਉਸ ਮਹਾਨ ਸ਼ਹੀਦ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹਨ । ਯਾਦ ਕਰਨ ਵੀ ਕਿਉਂ ਨਾ, ਕਿਉਂਕਿ ਜਿਸ ਤਰ੍ਹਾਂ ਦਾ ਸਮਾਜ ਉਹ ਸ਼ਹੀਦ ਸਿਰਜਣਾ ਚਾਹੁੰਦਾ ਸੀ, ਕੀ ਉਹ ਅੱਜ ਸਾਨੂੰ ਮਿਲ ਗਿਆ ? ਉਹ ਚਾਹੁੰਦਾ ਸੀ ਕਿ ਉਸਦੇ ਦੇਸ਼ਵਾਸੀ ਇੱਕ ਵਧੀਆ ਜ਼ਿੰਦਗੀ ਜਿਉਣ ਤੇ ਹੱਸਦਾ-ਵੱਸਦਾ ਦੇਸ਼ ਹੋਵੇ । ਇੰਨੀ ਵੱਡੀ ਕੁਰਬਾਨੀ ਉਸਨੇ ਕਾਹਦੇ ਲਈ ਦਿੱਤੀ ਸੀ ? ਪਰ ਉਸ ਮਹਾਨ ਸ਼ਹੀਦ ਦੇ ਸੁਪਨੇ ਅੱਜ ਚੱਕਨਾ-ਚੂਰ ਹੋਏ ਪਏ ਹਨ । ਜੋ ਕਿ ਸਾਡੇ ਦੇਸ਼ ਦੀ ਮਾੜੀ ਰਾਜਨੀਤੀ ਦਾ ਹੀ ਸਿੱਟਾ ਹੈ । ਦੇਸ਼ ਦੇ ਲੋਕ ਖੁਸ਼ ਨਹੀਂ, ਬਲਕਿ ਰੋ ਕੁਰਲਾ ਕੇ ਕਹਿ ਰਹੇ ਹਨ ਕਿ ਸ਼ਹੀਦ ਭਗਤ ਸਿੰਹਾਂ ਇੱਕ ਵਾਰ ਫਿਰ ਆ ਜਾ, ਬਚਾ ਲੈ ਆਪਣੇ ਦੇਸ਼ ਨੂੰ, ਨਹੀਂ ਤਾਂ ਤੇਰੇ ਦੇਸ਼ ਨੇ ਫਿਰ ਉੱਜੜ ਜਾਣਾ ਤੇ ਤੇਰੀ ਦਿੱਤੀ ਸ਼ਹੀਦੀ ਕਿਸੇ ਵੀ ਲੇਖੇ ਨਹੀਂ ਲੱਗਣੀ । ਦੇਸ਼ ਜਾਂ ਪ੍ਰਾਂਤਾ ਉੱਪਰ ਜਿਸ ਤਰ੍ਹਾਂ ਦੀ ਅੱਜ ਸਤ੍ਹਾ ਕਾਬਜ ਹੋਈ ਪਈ ਹੈ, ਉਹ ਉਨ੍ਹਾਂ ਮਹਾਨ ਦੇਸ਼ ਭਗਤਾਂ ਦੀਆਂ ਸੋਚਾਂ ਤੋਂ ਪੂਰੀ ਤਰ੍ਹਾਂ ਉਲਟ ਜਾਪਦੀ ਹੈ । ਭਗਤ ਸਿੰਘ ਦੀਆਂ ਇੱਛਾਵਾਂ ਵਿੱਚ ਗੰਦੀ ਰਾਜਨੀਤੀ ਨੂੰ ਅਸਹਿ ਮੰਨਿਆ ਹੈ ਅਤੇ ਰਾਜ ਭਾਗ ਦੇ ਮਾਲਕ ਮਜ਼ਦੂਰਾਂ ਤੇ ਕਿਸਾਨਾਂ ਦੇ ਸੁਪਨੇ ਮੰਨੇ ਹਨ । ਪਰ ਸੋਚਿਆ ਜਾਵੇ ਕੀ ਅੱਜ ਸੱਚਮੁੱਚ ਭਗਤ ਸਿੰਘ ਦੇ ਸੁਪਨੇ ਪੂਰੇ ਹੋ ਰਹੇ ਹਨ । ਜਿਸ ਲਈ ਉਨ੍ਹਾਂ ਦੇਸ਼ ਨੂੰ ਹੱਸਦੇ-ਵੱਸਦੇ ਰੱਖਣ ਲਈ ਏਡੀ ਵੱਡੀ ਕੁਰਬਾਨੀ ਦਿੱਤੀ । ਭਗਤ ਸਿੰਘ ਨੇ ਸਮਾਜਵਾਦੀ ਵਿਚਾਰਧਾਰਾ ਨੂੰ ਅਪਨਾਇਆ ਸੀ । ਉਸਨੇ ਬੇਰੁਜ਼ਗਾਰੀ ਵਿਰੁੱਧ ਆਵਾਜ਼ ਉਠਾਈ, ਮਜ਼ਦੂਰਾਂ ਤੇ ਕਿਸਾਨਾਂ ਦੀ ਲੁੱਟ-ਖਸੁੱਟ ਦੇ ਖਾਤਮੇ ਨੂੰ ਉਨ੍ਹਾਂ ਆਪਣਾ ਨਿਸ਼ਾਨਾ ਮੰਨਿਆ । ਪਰ ਅਜੋਕੀ ਸਥਿਤੀ ਵਿੱਚ ਅੱਜ ਜੋ ਵੀ ਹੋ ਰਿਹੈ, ਉਹ ਸਭ ਉਨ੍ਹਾਂ ਮਹਾਨ ਸ਼ਹੀਦਾਂ ਦੀਆਂ ਸੋਚਾਂ ਦੇ ਉਲਟ । ਪੜ੍ਹ-ਲਿੱਖ ਕੇ ਵੱਡੀਆਂ-ਵੱਡੀਆਂ ਡਿਗਰੀਆਂ ਹਾਸਲ ਕਰਕੇ ਨੌਜਵਾਨ ਦਰ-ਦਰ ਠੋਕਰਾਂ ਖਾਣ ਲਈ ਮਜ਼ਬੂਰ ਹਨ । ਉਨ੍ਹਾਂ ਨੂੰ ਤਿੰਨ ਟਾਈਮ ਤੇ ਕੀ ਇੱਕ ਟਾਈਮ ਦੀ ਰੋਟੀ ਦਾ ਪ੍ਰਬੰਧ ਕਰਨਾ ਮੁਸ਼ਕਲ ਹੋਇਆ ਪਿਆ ਹੈ । ਨੌਜਵਾਨ ਲੜਕੀਆਂ ਨੂੰ ਜੇਕਰ ਉਨ੍ਹਾਂ ਦੇ ਮਾਪਿਆਂ ਨੇ ਅੱਜ ਪੜ੍ਹਾ-ਲਿਖਾ ਕੇ ਉੱਪਰ ਚੁੱਕਿਆਂ ਤਾਂ ਸਾਡੀ ਮਾੜੀ ਸਿਆਸਤ ਨੇ
ਉਨ੍ਹਾਂ ਨੂੰ ਹੇਠਾਂ ਵੱਲ ਠਾਅ ਕਰਕੇ ਮਾਰਿਆ । ਹੱਕ ਮੰਗਦੇ ਮੁੰਡੇ-ਕੁੜੀਆਂ ਨੂੰ ਸੜਕਾਂ ’ਤੇ ਇਸ ਤਰ੍ਹਾਂ ਰੋਲਿਆ ਜਾ ਰਿਹੈ, ਜਿਵੇਂ ਉਨ੍ਹਾਂ ਆਪਣੇ ਹੱਕ ਮੰਗ ਕੇ ਦੇਸ਼ ਲਈ ਕੋਈ ਵੱਡਾ ਖਤਰਾ ਪੈਦਾ ਕਰ ਦਿੱਤਾ ਹੋਵੇ, ਜਿੰਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਨਹੀਂ ਬਖਸ਼ਿਆ ਜਾਣਾ ਚਾਹੀਦਾ । ਸਰਦਾਰਾਂ ਦੀ ਪੱਗਾਂ ਤੇ ਕੁੜੀਆਂ ਦੀਆਂ ਚੁੰਨੀਆਂ ਹਾਕਮ ਸਰਕਾਰਾਂ ਦੇ ਪੈਰਾਂ ਵਿੱਚ ਰੁੱਲ ਰਹੀਆਂ ਹਨ । ਕੀ ਇਹੀ ਸਭ ਹੋਣ ਲਈ ਭਗਤ ਸਿੰਘ ਨੇ ਕੁਰਬਾਨੀ ਦਿੱਤੀ ਸੀ ? ਭਗਤ ਸਿੰਘ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਆਜ਼ਾਦ ਭਾਰਤ ਵਿੱਚ ਜਵਾਨੀ ਬੇਰੁਜ਼ਗਾਰੀ ਦੇ ਹੜ੍ਹ ਵਿੱਚ ਇਸ ਤਰ੍ਹਾਂ ਵਹਿ ਰਹੀ ਹੋਵੇਗੀ ਕਿ ਹਰ ਕੋਈ ਨੌਜਵਾਨ ਆਪਣੇ ਅਤੇ ਸ਼ਹੀਦਾਂ ਦੇ ਸੁਪਨੇ ਪੂਰੇ ਕਰਨ ਲਈ ਮੁਹਤਾਜ ਹੋਇਆ ਫਿਰੇ ।
ਸ਼ਾਇਦ ਅੱਜ ਵੀ ਕੁੱਝ ਨੌਜਵਾਨ ਅਜਿਹੇ ਹੋਣਗੇ, ਜੋ ਭਗਤ ਸਿੰਘ ਦੇ ਚਰਿੱਤ ਨੂੰ ਆਪਣੀ ਵਿਚਾਰਧਾਰਾ ਮੰਨ ਕੇ ਅਪਨਾ ਰਹੇ ਹਨ ।
ਸਰ ਫਰੋਸ਼ੀ ਕੀ ਤਮੰਨਾ, ਅਬ ਹਮਾਰੇ ਦਿਲ ਮੇਂ ਹੈ ।
ਦੇਖਨਾ ਹੈ ਜ਼ੋਰ ਕਿਤਨਾ, ਬਾਜੂਏ ਕਾਤਿਲ ਮੇਂ ਹੈ ।
ਅੱਜ ਦੇਸ਼ ਦੇ ਕਿੰਨੇ ਹੀ ਨੌਜਵਾਨ ਭਗਤ ਸਿੰਘ ਬਣ ਕੇ, ਕੇਸਰੀ ਪੰਗਾਂ ਬੰਨ੍ਹ ਕੇ ਉਸਦਾ ਰੂਪ ਧਾਰ ਰਹੇ ਹਨ, ਮੋਟਰਸਾਈਕਲਾਂ ਅਤੇ ਹੋਰ ਛੋਟੇ-ਵੱਡੇ ਵਾਹਨਾਂ ’ਤੇ ਸ਼ਹੀਦਾਂ ਦੀਆਂ ਤਸਵੀਰਾਂ ਲਗਾ ਕੇ ਆਪਣੇ ਅੰਦਰ ਭਗਤ ਸਿੰਘ ਵਰਗਾ ਜੋਸ਼ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ । ਪਰ ਸਹੀ ਅਰਥਾਂ ਵਿੱਚ ਉਸਦੀ ਵਿਚਾਰਧਾਰਾ ਨੂੰ ਅਜੇ ਤੱਕ ਕੋਈ ਵੀ ਨਹੀਂ ਅਪਣਾ ਸਕਿਆ । ਨਾ ਹੀ ਸਾਡੀਆਂ ਸਰਕਾਰਾਂ ਅਤੇ ਨਾ ਹੀ ਸਾਡੇ ਨੌਜਵਾਨ । ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੇ ਅਨੇਕਾ ਨੌਜਵਾਨ ਭਗਤ ਸਿੰਘ ਦਾ ਸਮਾਜ ਕਿਵੇਂ ਸਿਰਜ ਸਕਦੇ ਹਨ ? ਇਹ ਇੱਕ ਗੰਭੀਰ ਮਸਲਾ ਬਣਦਾ ਜਾ ਰਿਹਾ ਹੈ । ਅਨੇਕਾ ਧੀਆਂ-ਭੈਣਾਂ ਅਤੇ ਉਨ੍ਹਾਂ ਦੇ ਮਾਪੇ ਅੱਜ ਵੀ ਪਹਿਲਾਂ ਵਰਗੇ ਦੁਖੜੇ ਰੋ ਰਹੇ ਹਨ । ਕੁੜੀਆਂ ਪੜ੍ਹ-ਲਿੱਖ ਤਾਂ ਗਈਆਂ ਹਨ, ਪਰ ਬਹੁਤੀਆਂ ਨੂੰ ਅਜੇ ਵੀ ਸਮਾਜ ਵਿੱਚ ਉਹ ਥਾਂ ਨਹੀਂ ਮਿਲ ਸਕੀ, ਜੋ ਮਿਲਣੀ ਚਾਹੀਦੀ ਸੀ । ਸੋ ਅੱਜ ਵੀ ਲੋੜ ਨੌਜਵਾਨ ਵਰਗ ਨੂੰ ਅੱਗੇ ਆ ਕੇ ਭਗਤ ਸਿੰਘ ਦੇ ਚਰਿੱਤਰ ਤੋਂ ਸੇਧ ਲੈਣ ਦੀ ਅਤੇ ਉਸਦੀ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਸਮਝਣ ਦੀ । ਵਿਚਾਰਧਾਰਾ ਕੇਵਲ ਸਿਆਸੀ ਲੀਡਰਾਂ ਵਾਂਗੂੰ ਸਟੇਜਾਂ ਉੱਪਰ ਨਹੀਂ ਬਲਕਿ ਸਮਾਜ ਵਿੱਚ ਲਿਆਉਣ ਦੀ । ਜਿਸ ਨਾਲ ਭਗਤ ਸਿੰਘ ਦੀ ਦਿੱਤੀ ਸ਼ਹੀਦੀ ਨੂੰ ਸੱਚੀ ਸ਼ਰਧਾਂਝਲੀ ਮਿਲ ਸਕੇ ਅਤੇ ਉਸਦੇ ਸੁਪਨੇ ਪੂਰੇ ਕੀਤੇ ਜਾ ਸਕਣ ।
ਸੁਖਦੀਪ ਸਿੰਘ
98888-26029


0 comments:
Speak up your mind
Tell us what you're thinking... !