ਆ ਸਖੀ ਆ ,ਹੱਥ ਵਧਾ ਲੈਮੇਰੇ ਹੱਥ ਨਾਲ ਹੱਥ ਵਟਾ ਲੈ ।
ਆ ਅੜੀਏ,ਆਪਾਂ ਰੁੱਖ ਲਗਾਈਏ
ਧਰਤੀ ਮਾ ਦੀ ਕੁੱਖ ਬਚਾਈਏ।
ਤੂੰ ਫੜ ਰੰਬੀ,ਮੈਂ ਮਿੱਟੀ ਲਿਆਵਾਂ-
ਪਾਣੀ ਦੀ ਬਾਲਟੀ ਤੇ ਰੂੜੀ ਪਾਵਾਂ।
ਆਹ ਅੰਬੀ ਦੇ ਬੂਟੇ ਵਿਚੋਂ ਮੈਨੂੰ ਅੰਮੜੀ ਦਿਸੇ-
ਆਹ ਤੁਲਸੀ ਮੇਰੀ ਭਾਬੀ ਜਾਪੇ,
ਆਹ ਬੇਰੀ ਮੈਨੂੰ ਲਗੇ ਭੈਣ,
ਆਹ ਖੁਰਮਾਨੀ ਤਾਂ ਮੈਨੂੰ ਜਾਪੇ ਨਾਨੀ
ਆਹ ਬੋਹੜ ਮੇਰੇ ਬਾਬਾ ਜਿਹਾ
ਆਹ ਪਿੱਪਲ ਮੇਰੇ ਨਾਨਾ ਜਿਹਾ
ਆਹ ਤੂਤ ਮੇਰੇ ਪਿਤਾ ਜਿਹਾ
ਆਹ ਜਾਮਨ ਮੇਰੇ ਵਾਂਗ ਭਰਾਵਾਂ
ਧਰੇਕਾ ਤੇ ਆਲ੍ਹਣੇ ਪਾਏ ਚਿੜੀਆਂ ਕਾਵਾਂ
ਚੈਰੀ ਮੇਰੀ ਧੀ ਧਿਆਣੀ,
ਇਮਲੀ ਮੇਰੀ ਲਾਡੋ ਰਾਣੀ
ਸੋਨਾ,ਘੋਲ ਘੋਲ ਪਾਣੀ ਪਾਈਏ,
ਸੂਰਜ ਦੀਆਂ ਕਿਰਨਾ ਨਾਲ ਨਵ੍ਹਾਈਏ।
ਕਿੱਕਰਾ ਨਾਲ ਛੱਤ ਬਣਾਈਏ।
ਟਾਹਲੀ ਦੇ ਫਿਰ ਬੂਹੇ ਲਾਈਏ
ਤੁਰ ਗਿਆ ਵਿਰਸਾ ਮੋੜ ਲਿਆਈਏ
ਚਮੇਲੀ ਦੇ ਬੂਟੇ ਨਾਲ ਹਰੀ ਕਿਆਰੀ
ਗੁਲਾਬ ਦੇ ਫੁਲਾਂ ਨਾਲ ਭਰੀ ਕਿਆਰੀ
ਆ ,ਇਕ ਦੂਜੇ ਦਾ ਹੱਥ ਵਟਾਈਏ
ਵਾਤਾਵਰਣ, ਸ਼ੁਧ ਬਣਾਈਏ।
ਦਰਵੇਸ਼ਾਂ ਵਰਗੇ ਦਰੱਖਤ ਨੇ ਇਹ
ਮਸ਼ੀਨੀ ਯੁੱਗ ਦੇ ਰੱਬ ਨੇ ਇਹ।
ਆ,ਅੜੀਏ,ਆਪਾਂ ਇਕ ਰੁੱਖ ਲਗਾਈਏ।
ਧਰਤੀ ਮਾਂ ਦੀ ਕੁੱਖ ਬਚਾਈਏ।
ਆ,ਸਖੀ ਮੇਰਾ ਹੱਥ ਵਟਾ ਦੇ,
ਮੇਰੇ ਨਾਲ ਦੋ ਰੁੱਖ ਲਵਾ ਦੇ।
ਆ-ਸਖੀ ਆ-ਹੱਥ ਵਧਾ ਲੈ,
ਮੇਰੇ ਹੱਥ ਨਾਲ ਹੱਥ ਵਟਾ ਲੈ।
ਰਣਜੀਤ ਕੌਰ
ਤਰਨ ਤਾਰਨ।

0 comments:
Speak up your mind
Tell us what you're thinking... !