ਕੁਦਰਤ ਨੇ ਹਰੇਕ ਜੀਵ-ਜੰਤੂ ਦੇ ਜੀਵਿਤ ਰਹਿਣ ਲਈ ਭੋਜਨ ਦਾ ਪ੍ਰਬੰਧ ਕੀਤਾ ਹੈ। ਮਨੁੱਖ ਨੇ ਬਹੁਤ ਸਾਰੇ ਜੀਵ-ਜੰਤੂਆਂ/ਜਾਨਵਰਾਂ ਨੂੰ ਆਪਣੇ ਕੰਮਾਂ ਲਈ ਵਰਤਣ ਲਈ ਰੱਖਿਆ ਹੋਇਆ ਹੈ। ਇਹ ਸਾਰੇ ਜੀਵ/ਜਾਨਵਰ ਪਾਲਤੂ ਸ੍ਰੇਣੀ ਵਿਚ ਆ ਜਾਂਦੇ ਹਨ। ਇਸ ਲਈ ਮਨੁੱਖ ਇਨ੍ਹਾਂ ਦੀ ਸੁਰੱਖਿਆ ਵੀ ਕਰਦਾ ਹੈ। ਬਹੁਤ ਸਾਰੇ ਜੀਵ-ਜੰਤੂ/ਜਾਨਵਰਾਂ ਨੇ ਜਾਂਗਲਾਂ ਵਿਚ ਹੀ ਆਪਣੀ ਸੁਰੱਖਿਆ ਨੂੰ ਠੀਕ ਸਮਝਿਆ ਹੋਇਆ ਹੈ। ਸਰਕਾਰ ਨੇ ਵੀ ਜੰਗਲੀ ਜੀਵ ਸੁਰੱਖਿਆ ਐਕਟ ਬਣਾ ਕੇ ਉਨ੍ਹਾਂ ਦੀ ਸੁਰੱਖਿਆ ਦੀ ਜਿੰਮੇਵਾਰੀ ਵੀ ਲਈ ਹੋਈ ਹੈ। ਜੰਗਲੀ ਜੀਵਾਂ ਦਾ ਸ਼ਿਕਾਰ ਖੇਡਣਾ ਵੀ ਇਸ ਐਕਟ ਅਧੀਨ ਮਨ੍ਹਾ ਹੈ। ਜੰਗਲੀ ਜੀਵ ਮਾਰਨ ਦੇ ਦੋਸ਼ ਅਧੀਨ ਫਿਲਮੀ ਦੁਨੀਆਂ ਦੇ ਸਿਤਾਰੇ ਸਲਮਾਨ ਖਾਨ ਨੂੰ ਜੇਲ੍ਹ ਦੀ ਹਵਾ ਵੀ ਖਾਣੀ ਪਈ। ਪਰ ਇਕ ਹੋਰ ਕਿਸਮ ਦੇ ਜੀਵ/ਜਾਨਵਰ ਉਹ ਹਨ ਜਿਹੜੇ ਅਵਾਰਾ ਹੀ ਸ਼ਹਿਰਾਂ, ਪਿੰਡਾਂ ਅੰਦਰ ਹਰ ਥਾਂ ਘੁੰਮਦੇ ਦਿਖਾਈ ਦੇ ਰਹੇ ਹਨ। ਇਨ੍ਹਾਂ ਨੂੰ ਨਾਂ ਤਾਂ ਸਰਕਾਰ ਅਤੇ ਨਾ ਹੀ ਲੋਕ ਕਿਸੇ ਕਿਸਮ ਦੀ ਸੁਰੱਖਿਆ ਦਿੰਦੇ ਹਨ। ਇਨ੍ਹਾਂ ਵਿਚ ਜਿਆਦਾਤਰ ਗਾਵਾਂ ਅਤੇ ਕੁੱਤਿਆਂ ਦੀ ਗਿਣਤੀ ਜਿਆਦਾ ਹੈ ਜੋ ਕਈ ਸਮੱਸਿਆਵਾਂ ਦੇ ਕਾਰਨ ਬਣਦੇ ਹਨ। ਹੁਣ ਆਵਾਰਾ ਗਊਆਂ ਦੀ ਹੀ ਗੱਲ ਕਰ ਲਈਏ। ਕਿਸੇ ਸਮੇਂ ਗਊਆਂ ਦੀ ਬੜੀ ਕਦਰ ਸੀ। ਹਰੇਕ ਜਿਮੀਂਦਾਰ ਦੇ ਘਰ ਬਲਦਾਂ ਦੀ ਜੋੜੀ ਹੁੰਦੀ ਸੀ ਜਿਸ ਨਾਲ ਖੇਤੀ ਦੇ ਕੰਮਾਂ ’ਚ ਮਦਦ ਲਈ ਜਾਂਦੀ ਸੀ। ਗਊ ਦੇ ਵੱਛੇ ਨੂੰ ਬੜੇ ਪਿਆਰ ਨਾਲ ਪਾਲਿਆ ਜਾਂਦਾ ਸੀ ਤਾਂ ਜੋ ਖੇਤੀਬਾੜੀ ਦੇ ਕੰਮ ਲਈ ਜਲਦੀ ਕਾਬਲ ਹੋ ਸਕੇ। ਕਿਸੇ ਸਮੇਂ ‘ਗਊ ਪੁੰਨ ਦਾਨ’ ਕਰਕੇ ਆਪਣੇ ਲਈ ਫਲ ਦੀ ਪ੍ਰਾਪਤੀ ਦੀ ਕਾਮਨਾ ਕੀਤੀ ਜਾਂਦੀ ਸੀ। ਹਿੰਦੂਆਂ ਲਈ ਗਊ ‘ਮਾਤਾ’ ਦੇ ਸਮਾਨ ਸਮਝੀ ਜਾਂਦੀ ਹੈ। ਗਊ ਮਾਤਾ ਦੀ ਪੂਜਾ ਵੀ ਕੀਤੀ ਜਾਂਦੀ ਹੈ। ਬਹੁਤ ਸਾਰੇ ਲੋਕ ਆਪਣੇ ਕੰਮਾਂ ਦੀ ਪੂਰਤੀ ਲਈ ਜੋਤਸ਼ੀਆਂ/ਪੰਡਤਾਂ ਆਦਿ ਦੇ ਦੱਸੇ ਅਨੁਸਾਰ ਗਊਅਨਾਂ ਨੂੰ ਗੁੜ ਪੇੜੇ, ਚਾਰਾ ਆਦਿ ਖਾਣ ਲਈ ਦਾਨ ਕਰਦੇ ਹਨ। ਇਸ ਤਰ੍ਹਾਂ ਸਾਡੇ ਸਮਾਜ ਅੰਦਰ ਗਊ ਪ੍ਰਤੀ ਡੂੰਘੀ ਆਸਥਾ ਬਣੀ ਹੋਈ ਹੈ। ਪਰ ਅੱਜ ਗਊਆਂ ਦੀ ਹਾਲਤ ਤਰਸਯੋਗ ਦੇਖ ਕੇ ਮਨ ਨੂੰ ਦੁੱਖ ਹੁੰਦਾ ਹੈ। ਅਵਾਰਾ ਡੰਗਰਾਂ ਦੀਆਂ ਲੱਤਾਂ, ਸਿੰਗ ਆਦਿ ਲੋਕ ਗੁੱਸੇ ’ਚ ਤੇਜ਼ ਹਥਿਆਰਾਂ, ਸੋਟੀਆਂ ਆਦਿ ਨਾਲ ਬੇਦਰਦੀ ਨਾਲ ਕੁੱਟਮਾਰ ਕਰਕੇ ਤੋੜਨ ਤੋਂ ਇਲਾਵਾ ਜਖਮੀ ਕਰਨ ਦੀ ਕਸਰ ਵੀ ਨਹੀਂ ਛੱਡਕੇ। ਕਈ ਲੋਕ ਗਊਆਂ ਦਾ ਦੁੱਖ ਪੀਂਦੇ ਰਹਿੰਦੇ ਹਨ ਜਦੋਂ ਉਹ ਬੁੱਢੜੀਆਂ, ਕਮਜ਼ੋਰ ਹੋ ਜਾਂਦੀਆਂ ਹਨ ਤਾਂ ਉਨ੍ਹਾਂ ਦੇ ਰੱਸੇ ਗਲਾਂ ਤੋਂ ਖੋਲ੍ਹ ਦਿੰਦੇ ਹਨ। ਇਹੋ ਜਿਹੇ ਲੋਕਾਂ ਅੰਦਰ ਇਨਸਾਨੀਅਤ ਨਾਂ ਦੀ ਕੋਈ ਗੱਲ ਨਹੀਂ ਹੁੰਦੀ।
ਅੱਜ ਕੱਲ੍ਹ ਖੇਤੀਬਾੜੀ ਦੇ ਕੰਮ ਵਿਚ ਮਸ਼ੀਨਰੀ ਨੇ ਅਹਿਮ ਥਾਂ ਬਣਾ ਲਈ ਹੈ। ਜ਼ਮੀਨ ਵਾਹੀ ਦਾ ਕੰਮ ਜੋ ਕਈ ਦਹਾਕੇ ਪਹਿਲਾਂ ਬਲਦਾਂ, ਊਠਾਂ ਨਾਲ ਕਈ ਦਿਨਾਂ ’ਚ ਹੁੰਦਾ ਸੀ ਅੱਜ ਟਰੈਕਟਰ ਨਾਲ ਘੰਟਿਆਂ ’ਚ ਹੀ ਹੋ ਜਾਂਦਾ ਹੈ। ਇਸ ਲਈ ਗਊ ਦੇ ਵੱਛੜੇ ਵੀ ਅਵਾਰਾ ਹੀ ਫਿਰਦੇ ਨਜ਼ਰ ਆਉਂਦੇ ਹਨ। ਉਂਝ ਇਹ ਸਾਊ ਸੁਭਾਅ ਦੇ ਮੰਨੇ ਗਏ ਹਨ। ਇਸੇ ਕਰਕੇ ਸਾਊ ਅਤੇ ਨਰਮ ਸੁਭਾਅ ਵਾਲੇ ਨੂੰ ਪਿੰਡਾਂ ਵਿਚ ਆਮ ਹੀ ‘ਗਊ ਦਾ ਜਾਇਆ’ ਆਖਿਆ ਜਾਂਦਾ ਹੈ।
ਬਹੁਤ ਸਾਰੇ ਪਿੰਡਾਂ ਅਤੇ ਸ਼ਹਿਰਾਂ ਅੰਦਰ ਅਵਾਰਾ ਗਊਆਂ ਦੀ ਸਾਂਭ ਸੰਭਾਲ ਲਈ ਕਈ ਥਾਵਾਂ ਵੱਲੋਂ ਗਊਸ਼ਾਲਾਵਾਂ ਬਣੀਆਂ ਹੋਈਆਂ ਹਨ ਪਰ ਇਹ ਆਪਣੇ ਆਲੇ ਦੁਆਲੇ ਦੀਆਂ ਅਵਾਰਾ ਗਊਆਂ ਨੂੰ ਰੱਖਣ ਦੇ ਲਈ ਅਸਮਰੱਥ ਹਨ। ਉਂਝ ਵੀ ਇਨ੍ਹਾਂ ਦੇ ਪ੍ਰਬੰਧਕ ਬਿਮਾਰ, ਫੱਟੜ ਅਤੇ ਬੁੱਢੀਆਂ ਗਊਆਂ ਨੂੰ ਰੱਖਣ ਤੋਂ ਪਾਸਾ ਹੀ ਵੱਟਦੇ ਹਨ। ਉਹ ਆਪਣੇ ਐਸ਼ ਆਰਾਮ ਵੱਲ ਜ਼ਿਆਦਾ ਪਰ ਗਊਆਂ ਦੀ ਸੇਵਾ ਵੱਲ ਘੱਟ ਧਿਆਨ ਦਿੰਦੇ ਹਨ। ਜੇਕਰ ਇਨ੍ਹਾਂ ਸੰਸਥਾਵਾਂ ਦੇ ਅੰਦਰ ਦੀ ਸਥਿਤੀ ਨੂੰ ਬਾਰੀਕੀ ਨਾਲ ਦੇਖਿਆ ਜਾਵੇ ਤਾਂ ਕਈ ਗੱਲਾਂ ਦੇਖ ਕੇ ਹੈਰਾਨਗੀ ਹੁੰਦੀ ਹੈ। ਇਨ੍ਹਾਂ ਸੰਸਥਾਵਾਂਝ ਨੂੰ ਈਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ।
ਸੜਕਾਂ ਤੇ ਆਮ ਕਰਕੇ ਅਵਾਰਾ ਡੰਗਰਾਂ ਦੇ ਅਚਾਨਕ ਆ ਜਾਣ ਕਾਰਨ ਭਿਆਨਕ ਦੁਰਘਟਨਾਵਾਂ ਹੋ ਜਾਂਦੀਆਂ ਹਨ ਅਤੇ ਕਈ ਵਾਰੀ ਕੀਮਤੀ ਜਾਨਾਂ ਵੀ ਚਲੀਆਂ ਜਾਂਦੀਆਂ ਹਨ। ਲੋਕ ਸੜਕਾਂ ਦੇ ਕਿਨਾਰਿਆਂ ਤੇ ਖਾਣ ਵਾਲੀਆਂ ਚੀਜ਼ਾਂ, ਚਾਰਾ ਆਦਿ ਜਾਨਵਰਾਂ ਦੇ ਖਾਣ ਲਈ ਪਾ ਦਿੰਦੇ ਹਨ, ਇੰਝ ਉਹ ਤਾਂ ਭਾਵੇਂ ਦਾਨ ਕਰਦੇ ਹਨ ਪਰ ਕਈ ਵਾਰ ਉਨ੍ਹਾਂ ਦਾ ਕੀਤਾ ਦਾਨ ਕਈਆਂ ਦਾ ਨੁਕਸਾਨ ਵੀ ਕਰ ਦਿੰਦਾ ਹੈ। ਸੜਕਾਂ ਦੇ ਕਿਨਾਰੇ ਬਾਂਦਰ, ਕੁੱਤੇ, ਡੰਗਰ ਆਦਿ ਜਦੋਂ ਕੋਈ ਦਾਨੀ ਖਾਣ ਵਾਲੀ ਚੀਜ਼ ਪਾਉਂਦਾ ਹੈ ਤਾਂ ਦੌੜ ਕੇ ਸੜਕ ਦੇ ਦੂਜੇ ਪਾਸਿਓਂ ਵੀ ਆਉਂਦੇ ਹਨ ਇਸ ਤਰ੍ਹਾਂ ਦੁਰਘਟਨਾਵਾਂ ਵਾਪਰ ਜਾਂਦੀਆਂ ਹਨ। ਬੀੜ ਵਾਲੇ ਇਲਾਕਿਆਂ ’ਚੋਂ ਜੋ ਸੜਕਾਂ ਲੰਘਦੀਆਂ ਹਨ ਉਥੋਂ ਲੰਘਣਾ ਖਤਰੇ ਤੋਂ ਖਾਲੀ ਨਹੀਂ। ਸਰਕਾਰ ਕਿਉਂ ਨਹੀਂ ਇਹਨਾਂ ਅਵਾਰਾ ਜੀਵਾਂ ਦੀ ਸੁਰੱਖਿਆ ਦੀ ਜਿੰਮੇਵਾਰੀ ਲੈਂਦੀ? ਭਵਿੱਖ ਵਿਚ ਇਹ ਸਮੱਸਿਆ ਸਾਡੇ ਆਵਾਜਾਈ ਤੰਤਰ ਵਿਚ ਵਿਘਨ ਨੂੰ ਹੋਰ ਵਧਾਏਗੀ। ਜਿਸ ਨੂੰ ਕੰਟਰੋਲ ਕਰਨਾ ਅਸੰਭਵ ਹੋਵੇਗਾ। ਸੋ ਸਰਕਾਰ ਅਤੇ ਸਮਾਜ ਸੁਧਾਰਕ ਜਥੇਬੰਦੀਆਂ ਵੱਲੋਂ ਲੋਕਾਂ ਨੂੰ ਬੇਕਾਰ ਡੰਗਰਾਂ ਨੂੰ ਘਰੋਂ ਕੱਢਣ ਦੀ ਬਜਾਇ ਗਊਸ਼ਾਲਾ ਵਿਚ ਸੌਂਪਣ ਲਈ ਪ੍ਰੇਰਨਾ ਚਾਹੀਦਾ ਹੈ। ਸਰਕਾਰ ਵੱਲੋਂ ਇਹਨਾਂ ਸੰਸਥਾਵਾਂ ਦੀ ਮਦਦ ਕਰਨ ਤੋਂ ਇਲਾਵਾ ਆਪਣੇ ਪੱਧਰ ’ਤੇ ਵੀ ਇਹਨਾਂ ਅਵਾਰਾ ਡੰਗਰਾਂ ਦੀ ਸੰਭਾਲ ਲਈ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਆਵਾਜਾਈ ਸਮੱਸਿਆਵਾਂ ਤੋਂ ਬਚਿਆ ਜਾ ਸਕੇ।
ਗੁਰੂ ਤੇਗ ਬਹਾਦਰ ਨਗਰ,
ਕਰਤਾਰ ਕਲੋਨੀ, ਅਲੌਹਰਾਂ ਗੇਟ,
ਨਾਭਾ।

0 comments:
Speak up your mind
Tell us what you're thinking... !