
ਹਰ ਇਨਸਾਨ ਦੀ ਹਸਰਤ ਹੁੰਦੀ ਹੈ ਕਿ ਉਸ ਦੀ ਹਸਤੀ ਦੀਆਂ ਸਿਫ਼ਤਾਂ ਜਹਾਨ ਦਾ ਜ਼ੱਰਾ-ਜ਼ੱਰਾ ਕਰੇ, ਪਰ ਇਹ ਚਾਹਤ ਉਨ੍ਹਾਂ ਸਿਰੜੀਆਂ ਦੀ ਹੀ ਪੂਰੀ ਹੁੰਦੀ ਹੈ ਜੋ ਹੌਂਸਲੇ ਨੂੰ ਯਾਰ ਬਣਾਕੇ ਜਵੀਨ-ਪੱਥ ’ਤੇ ਚੱਲਦੇ ਹਨ। ਅਜਿਹੇ ਲੋਕਾਂ ਦੇ ਫ਼ੌਲਾਦੀ ਕਦਮਾਂ ਦੀ ਆਹਟ ਨੂੰ ਸੁਣ ਕੇ ਮੰਜ਼ਲ ਖੁਦ ਅੱਗੇ ਚੱਲ ਕੇ ਉਨ੍ਹਾਂ ਦੇ ਪੈਰਾਂ ’ਚ ਵਿਛ ਜਾਂਦੀ ਹੈ। ਲੇਕਿਨ, ਅਸਲੀ ਪ੍ਰੀਖਿਆ ਇੱਥੋਂ ਸ਼ੁਰੂ ਹੁੰਦੀ ਹੈ ਕਿਉਂਕਿ ਬਹੁਤੇ ਮੰਜ਼ਲ ’ਤੇ ਪੁੱਜ ਕੇ ਹਾਉਮੈ ’ਚ ਗੜੁੱਚ ਹੋ ਸਭ ਕੁਝ ਵਿਸਾਰ ਮਾਰਦੇ ਹਨ ਪਰ ਕੁਝ ਵਿਰਲੇ ‘ਨੌਨਿਹਾਲ’ ਐਸੇ ਹੁੰਦੇ ਹਨ, ਜੋ ਫ਼ਰਸ਼ ਤੋਂ ਅਰਸ਼ ’ਤੇ ਪਹੁੰਚ ਕੇ ਵੀ ਆਪਣੇ ਉਂਪਰ ਹੋਛੇਪਣ ਦਾ ਪਰਛਾਵਾਂ ਨਹੀਂ ਪੈਣ ਦਿੰਦੇ, ਸਗੋਂ ਉਹ ਖ਼ੁਦ ਨੂੰ ਮਾਂ-ਬੋਲੀ ਤੇ ਮਾਪਿਆਂ ਦੇ ਚਰਨਾਂ ਦਾ ‘ਦਾਸ’ ਬਣਾਈ ਰੱਖਦੇ ਹਨ। ਅਜਿਹੇ ਹੀ ਗੈਰਤਮੰਦਾਂ ’ਚੋਂ ਇਕ ਹੈ ਮਨਦੀਪ ਖੁਰਮੀ ਹਿੰਮਤਪੁਰੀਆ, ਜੋ ਸੰਘਰਸ਼ ਦੀ ਭੱਠੀ ’ਚ ਤਪ ਕੇ ਬਹੁ-ਪੱਖੀ ਸ਼ਖਸੀਅਤ ਨਾਲ ਲਬਰੇਜ਼ ਅਫ਼ਲਾਤੂਨ ਬਣ ਬੈਠਾ ਪਰ ਬੁਲੰਦੀ ਦੀ ਟੀਸੀ ’ਤੇ ਪਹੁੰਚ ਕੇ ਵੀ ਉਹ ਆਪਣੇ ਆਪ ਨੂੰ ਮਾਂ-ਬੋਲੀ ਦੇ ਦਰ ਦਾ ਝਾੜੂਬਰਦਾਰ ਸਮਝਦੈ। ਕਦੇ ਰੋਡਵੇਜ਼ ਦੀ ਲਾਰੀ ’ਤੇ ਹੋਕੇ ਦੇ ਕੇ ਸੀਟੀਆਂ ਮਾਰਨ ਵਾਲੇ ਮਨਦੀਪ ਖੁਰਮੀ ਨੇ ਅਧਿਆਪਨ ਵੀ ਕੀਤਾ ਤੇ ਪੱਤਰਕਾਰੀ ਵੀ, ਪੱਤਝੜਾਂ ਵੀ ਦੇਖੀਆਂ ਤੇ ਬਹਾਰਾਂ ਵੀ ਮਾਣੀਆਂ। ਬਹੁ-ਰੰਗੀ ਜਿੰਦਗੀ ਦੇ ਰੰਗ-ਤਮਾਸ਼ੇ ਦੇਖਦਾ ਮਨਦੀਪ ਵਲੈਤਾਂ ਦਾ ਵਣਜਾਰਾ ਹੋ ਗਿਆ, ਪਰ ਮਿੱਟੀ ਦਾ ਮੋਹ ਉਸ ਨੇ ਮਨ ’ਚੋਂ ਫ਼ਿੱਕਾ ਨਹੀਂ ਪੈਣ ਦਿੱਤਾ। ਉਸ ਨੇ ਪ੍ਰਦੇਸਾਂ ’ਚ ਰਹਿ ਕੇ ਵੀ ਮਾਂ-ਬੋਲੀ ਦੇ ਚਰਨ ਘੁੱਟਣੇ ਜਾਰੀ ਰੱਖੇ। ਮਾਂ-ਬੋਲੀ ਦੀ ਸੇਵਾ ਕਰਕੇ ਉਸ ਨੂੰ ਸਕੂਨ ਮਿਲਦਾ ਹੈ ਪਰ ਉਹ ਲੋਕਾਂ ਵਾਂਗ ਉਹ ਸੇਵਾ ਨਹੀਂ ਕਰਦਾ ਜਿਸ ਦਾ ਢਿੰਡੋਰਾ ਪਿੱਟ ਕੇ ਲੋਕ ਆਪਣੀ ‘ਸੇਵਾ’ ਕਰਵਾਉਂਦੇ ਹਨ। ਉਸ ਦੀ ਸੇਵਾ ਨਿਰਸਵਾਰਥ ਤੇ ਨਿਰਮਲ ਹੈ। ਕਲਮ ਨਾਲ ਵਿਰਸੇ ਨੂੰ ਬਚਾਉਣ ਲਈ ਉਸਾਰੂ ਲਫ਼ਜਾਂ ਦਾ ਘਾੜਨਹਾਰਾ ਮਨਦੀਪ ਖੁਰਮੀ ਹੁਣ ਆਪਣੇ ਲਿਖੇ ਤੇ ਗਾਏ ਗੀਤਾਂ ਰਾਹੀਂ ‘ਟੁੱਚਰ’ ਗਾਇਕਾ ਨੂੰ ਦੱਸੇਗਾ ਕਿ ਗਾਇਕੀ ਮੁਰਗੇ ਦੀਆਂ ਟੰਗਾਂ ਖਾਣ ਜੋਗੇ ਪੈਸੇ ਬਣਾਉਣ ਦੀ ਚਾਹਤ ’ਚ ਇਨਸਾਨੀ ਰਿਸ਼ਤਿਆਂ ਨੂੰ ਸ਼ਰਮਸ਼ਾਰ ਕਰਨ ਲਈ ਨਹੀਂ ਹੁੰਦੀ ਬਲਕਿ ਸੰਗੀਤਕ ਸੁਰ ਰੂਹਾਂ ਨੂੰ ਠਾਰਨ ਤੇ ਮਾਂ-ਬੋਲੀ ਨੂੰ ਉਧਾਰਣ ਲਈ ਹੁੰਦੇ ਹਨ। ਇੱਥੋਂ ਤੱਕ ਪਹੁੰਚਣ ਲਈ ਮਨਦੀਪ ਖੁਰਮੀ ਨੇ ਕੋਈ ਸ਼ਾਰਟਕੱਟ ਨਹੀਂ ਅਪਣਾਇਆ, ਸਗੋਂ ਕਰੜੀ ਘਾਲਣਾ ਘਾਲੀ ਹੈ। ਮਨਦੀਪ ਨੇ ਮੋਗਾ ਜਿਲ੍ਹੇ ਦੇ ਪਿੰਡ ਹਿੰਮਤਪੁਰਾ ਵਿਖੇ 30 ਮਈ 1979 ਨੂੰ ਪਿਤਾ ਗੁਰਬਚਨ ਸਿੰਘ ਅਤੇ ਮਾਤਾ ਹਰਜਿੰਦਰ ਕੌਰ ਦੇ ਘਰ ਪਹਿਲੀ ਕਿਲਕਾਰੀ ਮਾਰੀ। ਛੋਟੀ ਭੈਣ ਸੰਦੀਪ ਕੌਰ ਤੇ ਵੱਡੇ ਭਰਾ ਮਿੰਟੂ ਖੁਰਮੀ ਦਾ ਲਾਡਲਾ ਵੀਰ ਮਨਦੀਪ ਰੰਗਲੇ ਬਚਪਨ ਵਿਚ ਜਦੋਂ ਤੋਤਲੇ ਬੋਲਾਂ ’ਚ ਗਾਉਂਦਾ ਸੀ ਤਾਂ ਮਿੰਟੂ ਖੁਰਮੀ ਡਾਲਡੇ ਘਿਉ ਵਾਲੀ ਪੀਪੀ ਤੋਂ ਢੋਲਕੀ ਦਾ ਕੰਮ ਲੈ ਕੇ ਭਰਾ ਹੋਣ ਦੇ ਫ਼ਰਜ਼ ਅਦਾ ਕਰਿਆ ਕਰਦਾ। ਆਪਣੇ ਪਿਤਾ ਦੇ ਲਿਖੇ ਗੀਤ ਮਨਦੀਪ ਨਗਰ ਕੀਰਤਨਾਂ ਅਤੇ ਬਾਲ ਸਭਾਵਾਂ ’ਚ ਗਾਉਂਦਾ ਰਿਹਾ ਤਾਂ ਸੰਗ ਖੁੱਲ੍ਹ ਗਈ। ਮੁੱਢਲੀ ਸਿੱਖਿਆ ਮਨਦੀਪ ਨੇ ਹਿੰਮਤਪੁਰਾ, ਭਾਗੀਕੇ ਅਤੇ ਬਿਲਾਸਪੁਰ ਦੇ ਸਰਕਾਰੀ ਸਕੂਲਾਂ ਤੋਂ ਪ੍ਰਾਪਤ ਕੀਤੀ। ਬੀ.ਏ. ਉਸ ਨੇ ਲਾਲਾ ਲਾਜਪਤ ਰਾਏ ਜੀ ਦੇ ਨਾਂਅ ਨਾਲ ਪ੍ਰਸਿੱਧ ਪਿੰਡ ਢੁੱਡੀਕੇ ਕਾਲਜ ਤੋਂ ਕਰਕੇ ਬੀਥ ਐਂਡ ਰਾਮਗੜ੍ਹੀਆ ਕਾਲਜ ਆਫ਼ ਐਜੂਕੇਸ਼ਨ ਫਗਵਾੜਾ ’ਚੋਂ ਕੀਤੀ। ਬੀ. ਐਂਡ. ਕਰਦਿਆਂ ਆਪਣੇ ਗਾਇਕ ਦੋਸਤਾਂ ਪ੍ਰਵਿੰਦਰ ਮੂਧਲ ਤੇ ਰਾਮ ਲੁਭਾਇਆ ਦੇ ਸਾਥ ਨਾਲ ਯੁਨੀਵਰਸਿਟੀ ਪੱਧਰ ਤੱਕ ਗਾਇਨ ਮੁਕਾਬਲਿਆਂ ’ਚ ਦਰਜ਼ ਕੀਤੀ ਜਿੱਤ ਨੂੰ ਆਪਣਾ ਹਾਸਲ ਮੰਨਦਾ ਹੈ ਮਨਦੀਪ। ਬੀ. ਏ. ’ਚ ਪੜ੍ਹਦਿਆਂ ਉਸ ਦਾ ਪਹਿਲਾ ਆਰਟੀਕਲ ‘ਨੌਜਵਾਨ ਜੱਥੇਬੰਦੀਆਂ ਨੂੰ ਇਕਸੁਰ ਹੋਣ ਦੀ ਲੋੜ’ ‘ਨਵਾਂ ਜਮਾਨਾ’ ’ਚ ਛਪਿਆ। ਇਸ ਆਰਟੀਕਲ ਨੇ ਮਨਦੀਪ ਦੇ ਪੱਤਰਕਾਰੀ ਕੈਰੀਅਰ ਦਾ ਮੁੱਢ ਬੰਨ ਦਿੱਤਾ। ਮਨਦੀਪ ਨੇ ਕਈ ਅਖ਼ਬਾਰਾਂ ਅਤੇ ਨਿਊਜ ਟਾਈਮ ਚੈਨਲ ਦੇ ਕੈਮਰਾਮੈਨ ਵੱਜੋਂ ਵੀ ਕੰਮ ਕੀਤਾ। ਇਸ ਦੇ ਨਾਲ ਹੀ ਉਸ ਨੇ ਗੌਰਮਿੰਟ ਸੀਨੀਅਰ ਸਕੈਡੰਰੀ ਸਕੂਲ ਹਿੰਮਤਪੁਰਾ ਵਿਚ ਸਰਵ-ਸਿੱਖਿਆ ਅਭਿਆਨ ਤਹਿਤ ਮਾਸਟਰੀ ਕੀਤੀ।ਇਸ ਦੌਰਾਂਨ ਵਕਤ ਨੇ ਅਜਿਹਾ ਮੋੜ ਖਾਧਾ ਕਿ ਮਨਦੀਪ ਨੂੰ ਉਸ ਬਾਪੂ ਦੀ ਅਰਥੀ ਮੋਢਿਆਂ ’ਤੇ ਉਠਾਉਣੀ ਪੈ ਗਈ, ਜਿਸ ਦੇ ਮੋਢਿਆਂ ’ਤੇ ਚੜ੍ਹਕੇ ਕਦੇ ਉਸ ਨੇ ਸੁਰਗੀ ਝੂਟੇ ਲਏ ਸਨ। 2007 ਵਿਚ ਪਿਤਾ ਦੀ ਡਿਊਟੀ ਦੌਰਾਨ ਹੋਈ ਮੌਤ ਕਾਰਨ ਮਨਦੀਪ ਨੂੰ ਰੋਡਵੇਜ਼ ’ਚ ਨੌਕਰੀ ਮਿਲ ਗਈ ਤੇ ਇੰਝ ਐਮ.ਏ./ਬੀ. ਅੱੈਡ. ਦੇ ਅਧਿਆਪਕ ਦੀ ਯੋਗਤਾ ਰੱਖਣ ਵਾਲਾ ਮਨਦੀਪ ਬੱਸ ਅੱਡਿਆਂ ’ਤੇ ਸੀਟੀਆਂ ਮਾਰਕੇ ‘‘ਮੋਗਾ....ਚੰਡੀਗੜ੍ਹ....ਮੋਗਾ’’ ਦੇ ਹੋਕੇ ਲਾਉਣ ਲੱਗਾ।ਬਾਪੂ ਵੱਲੋਂ 22 ਸਾਲ ਕੀਤੀ ਤਪੱਸਿਆ ਦਾ ਦਰਦ ਅਜੇ 10 ਮਹੀਨੇ ਹੀ ਹੰਢਾ ਕੇ ਕੰਡਕਟਰੀ ਕੀਤੀ ਸੀ ਕਿ ਮਨਦੀਪ ਦਾ ਰਿਸ਼ਤਾ ਯੂ.ਕੇ. ਵਿਚ ਤੈਅ ਹੋ ਗਿਆ। ਦਸੰਬਰ 2007 ਨੂੰ ਸ਼ਹਿਨਾਈਆਂ ਵੱਜੀਆਂ ਤੇ ਉਹ 2008 ਵਿਚ ਇੰਗਲੈਂਡ ਆ ਵੱਸਿਆ। ਇੱਥੇ ਆ ਕੇ ਉਹ ਲੋਕਾਂ ਵਾਂਗ ਪੌਡਾਂ ਪਿੱਛੇ ਅੰਨ੍ਹਾ ਹੋ ਕੇ ਨਹੀਂ ਦੌੜਿਆ। ਇੱਥੇ ਆ ਕੇ ਜਿੱਥੇ ਉਸ ਨੇਂ ਪਰਿਵਾਰਕ ਫ਼ਰਜ਼ ਅਦਾ ਕੀਤੇ ਉਂਥੇ ਨਾਲ ਹੀ ਮਾਂ ਬੋਲੀ ਨੂੰ ਗੰਧਲਾ ਕਰਨ ਵਾਲਿਆਂ ਖਿਲਾਫ਼ ਜੱਹਾਦ ਛੇੜੀ ਰੱਖਿਆ। ਮਨਦੀਪ ਖੁਰਮੀ ਦੇ ਮਨ ’ਚ ਪਿੰਡ ਦਾ ਹੇਜ਼ ਇਸ ਕਦਰ ਵਲਵਲੇ ਲੈ ਰਿਹਾ ਸੀ ਕਿ ਉਸ ਨੇ ‘‘ਹਿੰਮਤਪੁਰਾ ਡੌਟ ਕੌਮ’’ ਨਾਂਅ ਦੀ ਵੈਂਬਸਾਈਟ ਲਾਂਚ ਕਰ ਦਿੱਤੀ। ਇਸ ਵੈਂਬਸਾਈਟ ਨੂੰ ਵਿਸ਼ਵ ਦੀ ਪਹਿਲੀ ਵੈਂਬਸਾਈਟ ਹੋਣ ਦਾ ਮਾਣ ਹੈ ਜਿਸ ਵਿਚ ਦੁਨੀਆਂ ਭਰ ਦੇ ਪੰਜਾਬੀ ਅਖ਼ਬਾਰਾਂ ਦੇ ਲਿੰਕ ਉਪਲੱਬਧ ਹਨ। ਉਂਧਰ ਪੰਜਾਬ ’ਚ ਹੋਛੇ ਗਾਇਕਾਂ ਦੁਆਰਾ ਰੈਪ ਦੇ ਨਾਂਅ ’ਤੇ ਹੁੰਦੇ ਮਾਂ-ਬੋਲੀ ਦੇ ਰੇਪ (ਬਲਾਤਕਾਰ) ਨੇ ਮਨਦੀਪ ਦੀ ਰੂਹ ਨੂੰ ਧੁਰ ਅੰਦਰ ਤੱਕ ਛੱਲਣੀ ਕਰ ਦਿੱਤਾ। ਉਸ ਨੇ ਰੇਡੀਓ ‘‘ਦਿਲ ਆਪਣਾ ਪੰਜਾਬੀ’’ ਦੀ ਟੀਮ (ਗੁਰਤੀਰਥ ਪਾਸਲਾ ਅਤੇ ਹਰਜੋਤ ਸੰਧੂ ਹਾਲੈਂਡ) ਨਾਲ ਮਿਲ ਕੇ ਪੰਜਾਬੀ ਜ਼ਮੀਰਾਂ ਨੂੰ ਜਗਾਉਣ ਲਈ ਅਸ਼ਲੀਲ ਗਾਇਕੀ ਖਿਲਾਫ਼ ‘‘ਓਏ ਅਣਖ਼ੀ ਪੰਜਾਬੀਓ ! ਕੀ ਅਸੀਂ ਸੱਚਮੁੱਚ ਅਣਖੀ ਪੰਜਾਬੀ ਹਾਂ?’’ ਨਾਮੀਂ ਪੋਸਟਰ ਦੁਨੀਆਂ ਦੇ ਕੋਨੇ-ਕੋਨੇ ਵਿਚ ਪਹੁੰਚਾਇਆ। ਲੱਚਰ ਗਾਇਕੀ ਖਿਲਾਫ਼ ਸੱਤ ਸਮੁੰਦਰੋਂ ਪਾਰ ਲਹਿਰ ਪ੍ਰਚੰਡ ਕਰਕੇ ਮਨਦੀਪ ਖੁਰਮੀ ਨੇ ਸਿੱਧ ਕਰ ਦਿੱਤਾ ਕਿ ਬੰਦਾ ਕਿਤੇ ਵੀ ਹੋਵੇ ਉਹ ਸੱਭਿਆਚਾਰ ਦੀਆਂ ਜੜ੍ਹਾਂ ਨੂੰ ਅੰਮ੍ਰਿਤ ਦੇ ਸਕਦਾ ਹੈ, ਇਹ ਗੱਲ ਵੱਖਰੀ ਹੈ ਕਿ ਅੱਜ ਬਹੁਤੇ ਲੋਕ ਵਿਰਸੇ ਦੇ ਰੁੱਖ ਥੱਲੇ ਬੈਠੇ ਹੀ ਉਸ ਦੀਆਂ ਜੜ੍ਹਾਂ ’ਚ ਤੇਲ ਘੱਤ ਰਹੇ ਹਨ। ਬੇਬਾਕ ਪੱਤਰਕਾਰ ਜਤਿੰਦਰ ਪੰਨੂੰ, ਕਾਮਰੇਡ ਜਗਰੂਪ ਅਤੇ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦੀ ਕਲਮ ਦਾ ਮੁਰੀਦ ਮਨਦੀਪ ਮਾਂ-ਬੋਲੀ ਦੇ ਵਿਸਥਾਰ ਪ੍ਰਤੀ ਏਨਾ ਕੁ ਚਿੰਤਤ ਹੈ ਕਿ ਉਸ ਨੇ ਇੰਗਲੈਂਡ ’ਚ ਵੱਸਦਿਆਂ ਆਪਣੇ ਘਰ ਗੁਰਮੁੱਖੀ ਦੀ ਪੈਂਤੀ ਅੱਖਰੀ ਵਾਲਾ ਬਲੈਕ ਬੋਰਡ ਲਾਇਆ ਹੋਇਆ ਹੈ, ਜਿਸ ਦੀ ਨਿੱਘੀ ਤਾਸੀਰ ਉਸ ਦਾ ਫ਼ਰਜੰਦ ਹਿੰਮਤ ਖੁਰਮੀ ਤੇ ਬੇਟੀ ਕੀਰਤ ਖੁਰਮੀ ਮਾਣਦੇ ਹਨ। ਆਪਣੇ ਮਾਪਿਆਂ ਨੂੰ ਆਪਣਾ ਆਦਰਸ਼ ਮੰਨਣ ਵਾਲਾ ਮਨਦੀਪ ਖੁਰਮੀ ਮੌਜੂਦਾ ਸਮੇਂ ’ਚ ਪੱਤਰਕਾਰੀ ਕਰਨ ਦੇ ਨਾਲ-ਨਾਲ ਆਪਣੇ ਲੇਖਾਂ ਰਾਹੀਂ ਵੱਖ-ਵੱਖ ਮੁਲਕਾਂ ਦੇ ਅਖਬਾਰਾਂ ਜ਼ਰੀਏ ਲੋਕਾਂ ਨੂੰ ਉਸਾਰੂ ਸੁਨੇਹਾ ਦੇ ਰਿਹਾ ਹੈ। ਸ਼ਬਦਾਂ ਨਾਲ ਮਾਂ- ਬੋਲੀ ਦੀ ਸੇਵਾ ਕਰਨ ਵਾਲਾ ਮਨਦੀਪ ਹੁਣ ਸੁਰਾਂ ਨਾਲ ਵੀ ਮਾਂ-ਬੋਲੀ ਨੂੰ ਸਰਾਬੋਰ ਕਰਨ ਜਾ ਰਿਹਾ ਹੈ। ਬਚਪਨ ਤੋਂ ਆਪਣੇ ਅੰਦਰ ਇਕ ਗਾਇਕ ਨੂੰ ਲੁਕੋਈ ਬੈਠੇ ਮਨਦੀਪ ਖੁਰਮੀ ਦਾ ਇਨਸਾਨੀ ਰਿਸ਼ਤਿਆਂ ਦੀ ਪਾਕੀਜ਼ਗੀ ਨਾਲ ਲਬਰੇਜ਼ ਪਲੇਠਾ ਗੀਤ ‘ਸੁਪਨਾ’ ਸਰੋਤਿਆਂ ਦੀਆਂ ਬਰੂਹਾਂ ’ਤੇ ਦਸਤਕ ਦੇਣ ਆ ਰਿਹਾ ਹੈ। ਇਹ ਉਸ ਦੀ ਸਾਕਰਾਤਮਕ ਮਾਨਸਿਕਤਾ ਦੀ ਦੂਰ-ਅੰਦੇਸ਼ੀ ਹੀ ਹੈ ਕਿ ਉਸ ਨੇ ਆਪਣਾ ਪੁੱਤਾ ਵਾਂਗ ਤਿਆਰ ਕੀਤਾ ਗੀਤ ਆਪਣੀ ਮਾਂ ਹੱਥੋਂ ਰੀਲੀਜ਼ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ‘ਸੁਪਨਾ’ ਨੂੰ ਸੰਗੀਤ ਦੀ ਪੁੱਠ ਚਾੜ੍ਹੀ ਹੈ ਗਾਇਕ ਤੇ ਸੰਗੀਤਕਾਰ ਬਲਜਿੰਦਰ ਬਿੱਟੂ ਨੇ। ਇਸ ਕਦਮ ਬਾਰੇ ਉਹ ਦੱਸਦਾ ਹੈ, ਕਿ ਉਸ ਦਾ ਮਨੋਰਥ ਪੈਸੇ ਕਮਾਉਣਾ ਨਹੀਂ ਬਲਕਿ ਇਹ ਦੱਸਣਾ ਹੈ ਕਿ ਸਾਫ਼-ਸੁੱਥਰੀ ਗਾਇਕੀ ’ਚ ਸਰੋਤੇ ਅਤੇ ਕਲਾਕਾਰ ਲਈ ਅਥਾਹ ਸਕੂਨ ਹੈ। ਉਮੀਦ ਹੀ ਨਹੀਂ ਯਕੀਨ ਹੈ ਕਿ ਇਸ ਸੰਘਰਸ਼ਸ਼ੀਲ ਸ਼ਖਸੀਅਤ ਦੀ ਗਾਇਕੀ ਵੀ ਉਹੀ ਸੰਦੇਸ਼ ਦੇਵੇਗੀ ਜੋ ਹੁਣ ਤੱਕ ਉਸ ਦੇ ਸੈਕੜੇ ਲੇਖਾਂ ਤੇ ਰਚਨਾਵਾਂ ਨੇ ਦਿੱਤਾ ਹੈ। ਸ਼ਾਲਾ ! ਜੁੱਗ-ਜੁੱਗ ਜੀਵੇ ਮਾਂ-ਬੋਲੀ ਦੇ ਬਨੇਰੇ ਦਾ ‘ਦੀਪ’ ਮਨਦੀਪ ਖੁਰਮੀ ਹਿੰਮਤਪੁਰੀਆ ।
ਮਨਦੀਪ ਖੁਰਮੀ ਦੀ ਕਲਮ ’ਚੋਂ ਉਪਜ਼ੇ ਕੁਝ ਅਲਫਾਜ਼ -:
ਓਹਦੀ ਬਾਂਹ ਫੜ੍ਹ ਪੁੱਛਾਂ ਜੇ ਖ਼ੁਦਾ ਮੈਨੂੰ ਮਿਲੇ।
ਕਿ ਮੇਰਿਆਂ ਗੁਨਾਹਾਂ ਦੀ ਸਜ਼ਾ ਮੈਨੂੰ ਮਿਲੇ ।
ਕਿਸੇ ਮਜ਼ਲੂਮ ਲਈ ਜੇ ਹਾਅ ਦਾ ਨਾਅਰਾ ਮਾਰਿਆ ਨਾ,
ਓਹੀ ਸੇਕ ਖੁਦ ਝੱਲਾਂ, ਓਹੀ ਰਾਹ ਮੈਨੂੰ ਮਿਲੇ।
ਸੱਚ ਦੇ ਰਾਹ ਚਲਦੇ ਤੋਂ ਕਦੇ ਡੋਲੇ ‘‘ਖੁਰਮੀ’’ ਨਾ,
ਬਸ ਲੋਕਾਂ ਲੇਖੇ ਲੱਗੇ ਜੋ-ਜੋ ਸਾਹ ਮੈਨੂੰ ਮਿਲੇ ।
ਮਿੰਟੂ ਗੁਰੂਸਰੀਆ
ਪਿੰਡ ਤੇ ਡਾਕ. ਗੁਰੂਸਰ ਯੋਧਾ,
ਤਹਿ. ਮਲੋਟ,
ਜਿਲ੍ਹਾ ਸ੍ਰੀ ਮੁਕਤਸਰ ਸਾਹਿਬ (152115)
ਸੰਪਰਕ: 95921-56307


0 comments:
Speak up your mind
Tell us what you're thinking... !