ਇਸ ਵੇਲੇ ਪਿੰਡਾਂ ਵਿਚ ਪੰਚਾਇਤੀ ਚੋਣਾਂ ਦਾ ਮੈਦਾਨ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਹਰੇਕ ਪਿੰਡ ਵਿਚ ਇਸ ਵਾਰ ਉਮੀਦਵਾਰਾਂ ਦੀ ਗਿਣਤੀ ਬਹੁਤ ਜਿਆਦਾ ਹੈ। ਤਕਰੀਬਨ ਕਈ ਤਾਂ ਅਜਿਹੇ ਵੀ ਦੇਖੇ ਗਏ ਹਨ ਜੋ ਗੁਆਢੀਂ-ਗੁਆਢੀਂ ਹੀ ਇਕ-ਦੂਜੇ ਦੇ ਖਿਲਾਫ਼ ਚੋØਣਾਂ ਵਿਚ ਖੜੇ ਹੋਏ ਹਨ। ਪਿੰਡ ਦੇ ਹਰ ਮੋੜ ਗਲੀ-ਮਹੱਲੇ ਤੇ ਉਮੀਦਵਾਰਾਂ ਦੇ ਚੋਣ ਦਫ਼ਤਰ ਦੇਖਣ ਨੂੰ ਮਿਲ ਰਹੇ ਹਨ। ਇਸ ਵਾਰ ਬਹੁਤੇ ਪਿੰਡਾਂ ਵਿਚ ਸਰਪੰਚਾਂ ਦਾ ਕੋਟਾ ਵੀ ਬਦਲ ਗਿਆ ਹੈ, ਬਹੁਤ ਥਾਂਵਾ ਤੇ ਰਿਜਰਵਰੇਸ਼ਨ ਕੀਤੀ ਜਾ ਚੁੱਕੀ ਹੈ। ਕਈ ਥਾਂਵਾਂ ਤੇ ਔਰਤਾਂ ਲਈ ਸੀਟਾਂ ਰਾਖਵੀਂਆਂ ਕੀਤੀਆਂ ਜਾ ਚੁੱਕੀਆਂ ਹਨ, ਜਿਸ ਕਰਕੇ ਆਦਮੀਆਂ ਦੇ ਨਾਲ-ਨਾਲ ਔਰਤਾਂ ਵੀ ਵੋਟਾਂ ਦੀ ਮੰਗ ਕਰਦੀਆਂ ਨਜ਼ਰ ਪੈ ਰਹੀਆਂ ਹਨ। ਕਈ ਆਦਮੀ ਆਪਣੀ ਪਤਨੀ ਦੇ ਜਿੱਤਣ ਲਈ ਵੋਟਾਂ ਦੀ ਮੰਗ ਕਰ ਰਹੇ ਹਨ, ਕਈ ਔਰਤਾਂ ਆਪਣੇ ਪਤੀਆਂ ਲਈਆਂ ਵੋਟਾਂ ਦੀ ਮੰਗ ਕਰ ਰਹੀਆਂ ਹਨ। ਸਾਰਾ-ਸਾਰਾ ਦਿਨ ਪਿੰਡਾਂ ਦੇ ਗਲੀ-ਮੁਹੱਲਿਆਂ ਵਿਚ ਰੌਣਕਾਂ ਲੱਗੀਆਂ ਰਹਿੰਦੀਆਂ ਹਨ। ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਪਿੰਡਾਂ ਵਿਚ ਇਸ ਸਮੇਂ ਵਿਆਹਾਂ ਵਰਗਾਂ ਮਾਹੌਲ ਬਣਿਆ ਹੋਇਆ ਹੈ, ਕਿਉਂਕਿ ਉਮੀਦਵਾਰਾਂ ਦੇ ਘਰ ਹਰ ਸਮੇਂ ਲੋਕਾਂ ਤਾਂ ਇਕੱਠ ਬਣਿਆ ਰਹਿੰਦਾ ਹੈ। ਵੋਟਾਂ ਪਵਾਉਣ ਲਈ ਲੋਕਾਂ ਨੂੰ ਹੋਰ ਲਾਲਚ ਦੇਣ ਦੇ ਨਾਲ-ਨਾਲ ਸਾਰਾ-ਸਾਰਾ ਦਿਨ ਕੋਲਡ ਡ੍ਰਿੰਕ ਦੇ ਨਾਲ ਹੋਰ ਨਮਕੀਨ ਚੀਜਾਂ ਉਮੀਦਵਾਰਾਂ ਦੇ ਘਰ ਆਏ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਹਨ ਅਤੇ ਸਭ ਤੋਂ ਵੱਡੀ ਗੱਲ ਸ਼ਾਮ ਵੇਲੇ ਸ਼ਰਾਬ ਦੀ ਵੀ ਖੁੱਲੀ ਵਰਤੋਂ ਕੀਤੀ ਜਾਂਦੀ ਹੈ, ਪੀਣ ਦੇ ਨਾਲ-ਨਾਲ ਸ਼ਰਾਬ ਦੀਆਂ ਬੋਤਲਾਂ ਘਰ ਲਿਜਾਣ ਲਈ ਵੀ ਦਿੱਤੀਆਂ ਜਾਂਦੀਆਂ ਹਨ, ਜਿਸ ਕਰਕੇ ਲੋਕ ਸ਼ਾਮ ਵੇਲੇ ਤਾਂ ਪਿੰਡਾਂ ਦੇ ਲੋਕ ਨਸ਼ੇ ਵਿਚ ਟੱਲੀ ਹੋਏ ਹੀ ਮਿਲਦੇ ਹਨ। ਜੋ ਲੋਕ ਸ਼ਰਾਬ ਪੀਣ ਤੇ ਆਦੀ ਹਨ ਉਹ ਤਾਂ ਇਹ ਕਹਿੰਦੇ ਨਜ਼ਰ ਪੈਂਦੇ ਹਨ ਕਿ ‘ਇਹੀ ਤਾਂ ਦਿਨ ਨੇ ਨਜ਼ਾਰੇ ਲੈਣ ਦੇ ਮਗਰੋਂ ਆਪਾਂ ਨੂੰ ਕਿਸਨੇ ਪੁੱਛਣਾ। ਉਮੀਦਵਾਰਾਂ ਨੇ ਲੋਕਾਂ ਦੇ ਬੈਠਣ ਆਦਿ ਲਈ ਚੰਗੇ ਟੈਂਟਾਂ ਦਾ ਪ੍ਰਬੰਧ ਕੀਤਾ ਹੋਇਆ ਹੈ। ਕਈਆਂ ਨੇ ਤਾਂ ਸ਼ਰਾਬ ਵੱਡੀ ਤਦਾਦ ਵਿਚ ਲਿਆਂਦੀ ਹੋਈ ਹੈ, ਸਾਰੇ ਲੋਕਾਂ ਨੂੰ ਖੁੱਲੇ ਦਿਲ ਨਾਲ ਸ਼ਰਾਬ ਪਿਆਈ ਜਾਂਦੀ ਹੈ।
ਇਕ ਦੂਜੇ ਨੂੰ ਹਰਾਉਣ ਲਈ ਉਮੀਦਵਾਰਾਂ ਵੱਲੋਂ ਅੱਡੀ-ਚੋਟੀ ਦਾ ਜੋਰ ਲਾਇਆ ਜਾ ਰਿਹਾ ਹੈ। ਹੁਣ ਤਾਂ ਹਰੇਕ ਆਦਮੀ ਤੱਕ ਪਹੁੰਚ ਕੀਤੀ ਜਾ ਰਹੀ ਹੈ। ਹਰੇਕ ਆਦਮੀ ਅੱਗੇ ਹੱਥ ਜੋੜ ਕੇ ਉਮੀਦਵਾਰ ਵੋਟਾਂ ਦੀ ਮੰਗ ਕਰ ਰਹੇ ਹਨ। ਘਰ-ਘਰ ਜਾ ਕੇ ਚੋਣ ਨਿਸ਼ਾਨ ਦੀਆਂ ਕਾਪੀਆਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਸਭ ਨੂੰ ਵੋਟ ਪਾਉਣ ਸਮੇਂ ਚੋਣ ਨਿਸ਼ਾਨ ਯਾਦ ਰਹੇ, ਜੋ ਬਜ਼ੁਰਗ ਆਦਮੀ ਅਤੇ ਔਰਤ ਹੁੰਦੇ ਹਨ ਉਨ੍ਹਾਂ ਨੂੰ ਵੋਟ ਪਾਉਣ ਸਮੇਂ ਪਤਾ ਨਹੀਂ ਚੱਲਦਾ ਕਿ ਗਲਤ ਜਗ੍ਹਾ ਤੇ ਹੀ ਨਿਸ਼ਾਨ ਲਗਾ ਦਿੰਦੇ ਹਨ ਤਾਂ ਇਹ ਵੋਟਾਂ ਗਿਣਤੀ ਸਮੇਂ ਰੱਦ ਹੋ ਜਾਂਦੀਆਂ ਹਨ। ਜਿਵੇਂ ਪਹਿਲਾਂ ਵੀ ਜਿਕਰ ਕੀਤਾ ਗਿਆ ਹੈ ਕਿ ਇਸ ਵਾਰ ਉਮੀਦਵਾਰਾਂ ਦੀ ਗਿਣਤੀ ਜਿਆਦਾ ਹੈ। ਜਿਨ੍ਹਾਂ ਕੋਲ ਕੋਈ ਖਾਸ ਕਮਾਈ ਦਾ ਸਾਧਨ ਵੀ ਨਹੀਂ ਹੈ ਉਹ ਵੀ ਇਸ ਵਾਰ ਪੰਚਾਇਤੀ ਚੋਣਾਂ ਵਿਚ ਆਪਣੀ ਕਿਸਮਤ ਅਜਮਾ ਰਹੇ ਹਨ, ਸਗੋਂ ਪੱਲਿਓ ਰੁਪਏ ਵੀ ਵੱਡੀ ਪੱਧਰ ਤੇ ਖਰਚ ਕਰ ਰਹੇ ਹਨ। ਸਾਰੇ ਇਹੀ ਕਹਿੰਦੇ ਸੁਣੇ ਗਏ ਹਨ ਕਿ ਇਸ ਵਾਰ ਤਾਂ ਵੋਟਾਂ ਵਿਚ ਜਿੱਤ ਪ੍ਰਾਪਤ ਕਰਨੀ ਹੀ ਹੈ ਭਾਂਵੇ ਕਿੰਨੇ ਵੀ ਰੁਪਏ ਲੱਗ ਜਾਣ, ਪਰ ਅਜੇ ਤੱਕ ਇਹ ਸਮਝ ਵਿਚ ਨਹੀਂ ਆ ਰਿਹਾ ਕਿ ਇਹ ਚੋਣਾਂ ਜਿੱਤ ਕੇ ਸਰਪੰਚ-ਪੰਚ ਕੀ ਕਮਾ ਲੈਣਗੇ? ਜਿਹੜੇ ਇੰਨੇ ਖੁੱਲ੍ਹੇ ਦਿਲ ਨਾਲ ਪੈਸੇ ਲਾ ਰਹੇ ਹਨ।
ਇਸ ਵਾਰ ਪਿੰਡਾਂ ਅੰਦਰ ਪਹਿਲੀ ਵਾਰ ਵਾਰਡਬੰਦੀ ਕੀਤੀ ਗਈ ਹੈ। ਇਸ ਵਾਰਡਬੰਦੀ ਕਾਰਨ ਜਿੰਨ੍ਹਾਂ ਲੋਕਾਂ ਨੇ ਆਪਣੇ ਭਾਈਚਾਰੇ ਵਾਲੇ ਉਮੀਦਵਾਰ ਖੜੇ ਕੀਤੇ ਹਨ ਹੁਣ ਕਈ ਲੋਕ ਤਾਂ ਆਪਣਿਆਂ ਨੂੰ ਵੋਟਾਂ ਨਹੀਂ ਪਾ ਸਕਦੇ ਕਿਉਂਕਿ ਕਿਸੇ ਦੀਆਂ ਵੋਟਾਂ ਕਿਸ ਵਾਰਡ ਅੰਦਰ ਆ ਗਈਆਂ ਕਿਸੇ ਦੀਆਂ ਕਿਸੇ ਵਾਰਡ ਅੰਦਰ। ਜਿਸ ਕਰਕੇ ਸਾਰੇ ਪਾਸੇ ਹਾਹਾਕਾਰ ਮਚੀ ਪਈ ਹੈ। ਜਿਵੇਂ ਪਹਿਲਾ ਇਕ ਗੀਤ ਆਇਆ ਸੀ ਕਿ ‘ਲੈ ਲਾ ਸਰਪੰਚੀ ਵੇ ਸਰਕਾਰੀ ਪੈਸਾ ਖਾਵਾਂਗੇ’’ ਪਰ ਜੇਕਰ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਸਰਕਾਰੀ ਪੈਸਾ ਖਾਣਾ ਵੀ ਕਿਸੇ ਦੇ ਵੱਸ ਦੀ ਗੱਲ ਨੀ ਰਿਹਾ ਕਿਉਂ ਕਿ ਹੁਣ ਤਾਂ ਤਕਰੀਬਨ ਸਾਰਾ ਕੰਮਕਾਜ ਜਨਤਕ ਹੋ ਜਾਂਦਾ ਹੈ। ਹਰੇਕ ਆਦਮੀ ਹਰ ਪਾਸੇ ਦੀ ਖ਼ਬਰ ਰੱਖਦਾ ਹੈ ਕਿ ਕਿੱਧਰ ਕੀ ਹੋ ਰਿਹਾ ਹੈ? ਹੁਣ ਤਾਂ ਕਈ ਅਜਿਹੇ ਕਾਨੂੰਨ ਵੀ ਬਣ ਚੁੱਕੇ ਹਨ ਜਿਸ ਨਾਲ ਕੋਈ ਵੀ ਆਦਮੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਕੋਲੋਂ ਕੋਈ ਵੀ ਜਾਣਕਾਰੀ ਹਾਸਿਲ ਕਰ ਸਕਦਾ ਹੈ।
ਅਸਲ ਵਿਚ ਜੋ ਪਿੰਡਾਂ ਦੀਆਂ ਅਜੋਕੇ ਸਮੇਂ ਵਿਚ ਗੰਭੀਰ ਸਮੱਸਿਆਵਾਂ ਹਨ। ਉਨ੍ਹਾਂ ਵੱਲ ਤਾਂ ਕਿਸੇ ਵੀ ਧਿਆਨ ਨਹੀਂ ਜਾ ਰਿਹਾ ਹੈ। ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਲੋਕ ਸ਼ਹਿਰਾਂ ਵੱਲ ਵਹੀਰਾਂ ਘੱਤਣ ਲੱਗ ਪਏ ਹਨ ਕਿਉਂਕਿ ਜੋ ਉਹ ਸਹੂਲਤਾਂ ਪਿੰਡਾਂ ਵਿਚ ਚਾਹੁੰਦੇ ਹਨ ਆਧੁਨਿਕ ਜਮਾਨੇ ਦੇ ਹਿਸਾਬ ਨਾਲ ਉਹ ਪਿੰਡਾਂ ਵਿਚ ਮਿਲਣੀਆਂ ਨਾਮੁਮਕਿਨ ਹੈ ਇਹ ਤਾਂ ਬਸ ਇਕ ਦੂਜੇ ਨੂੰ ਹਰਾਉਣ ਦੇ ਚੱਕਰ ਵਿਚ ਵਾਧੂ ਖਰਚਾ ਕਰਨ ਤੇ ਜੋਰ ਦਿੱਤਾ ਜਾ ਰਿਹਾ ਹੈ। ਅਸਲ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਉਹ ਲੋਕ ਕੀ ਪਿੰਡਾਂ ਦੀਆਂ ਸਮੱਸਿਆਵਾਂ ਹੱਲ ਕਰਨਗੇ ਜੋ ਆਪ ਖ਼ੁਦ ਹੀ ਸਮੱਸਿਆਵਾਂ ਵਿਚ ਘਿਰੇ ਪਏ ਹਨ। ਕਈ ਅਜਿਹੇ ਉਮੀਦਵਾਰ ਖੜ੍ਹੇ ਹੋਏ ਹਨ ਜਿਨ੍ਹਾਂ ਨੂੰ ਪੜ੍ਹਾਈ ਦਾ ਗਿਆਨ ਤੱਕ ਨਹੀਂ ਅਤੇ ਗੱਲਾਂ ਵੱਡੀਆਂ-ਵੱਡੀਆਂ ਮਾਰ-ਮਾਰ ਰਹੇ ਹਨ। ਅਜਿਹੇ ਸਖ਼ਸ਼ ਕਈ ਪ੍ਰਮੁੱਖ ਪਾਰਟੀਆਂ ਵੱਲੋਂ ਵੀ ਚੋਣ ਮੈਦਾਨ ਵਿਚ ਖੜੇ ਕੀਤੇ ਗਏ ਹਨ। ਜੋ ਖੁਦ ਆਪ ਅਨਪੜ੍ਹ ਹੋਣਗੇ ਉਹ ਕੀ ਪਿੰਡਾਂ ਦੇ ਲੋਕਾਂ ਨੂੰ ਨਵੀਂ ਸੇਧ ਦੇ ਸਕਣਗੇ। ਅੱਜ ਕੱਲ੍ਹ ਤਾਂ ਅਨਪੜ੍ਹ ਲੋਕਾਂ ਨੂੰ ਕੋਈ ਪੁੱਛਦਾ ਹੀ ਨਹੀਂ। ਇਸ ਤੋਂ ਇਲਾਵਾ ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਕਈ ਬਜ਼ੁਰਗ ਔਰਤਾਂ ਅਤੇ ਆਦਮੀ ਵੀ ਇਨ੍ਹਾਂ ਚੋਣਾਂ ਵਿਚ ਉਮੀਦਵਾਰ ਵਜੋਂ ਚੋਣ ਮੈਦਾਨ ਉਤਰੇ ਹਨ। ਇਨ੍ਹਾਂ ਬਜ਼ੁਰਗਾਂ ਦੀ ਆਰਾਮ ਕਰਨ ਦੀ ਉਮਰ ਹੈ ਪਰ ਇਹ ਘਰ-ਘਰ ਜਾ ਕੇ ਆਪਣੇ ਵਾਸਤੇ ਵੋਟਾਂ ਦੀ ਮੰਗ ਕਰ ਰਹੇ ਹਨ ਇਨ੍ਹਾਂ ਦਾ ਸਾਰਾ-ਸਾਰਾ ਦਿਨ ਹੀ ਭੱਜ-ਦੋੜ ਵਿਚ ਲੰਘ ਜਾਂਦਾ ਹੈ। ਕਈ ਵਾਰਡਾਂ ਵਿਚ ਅਜਿਹਾ ਵੀ ਮਾਹੌਲ ਬਣਿਆ ਹੋਇਆ ਹੈ ਕਿ ਉਨੇ ਘਰ ਦੇ ਮੈਂਬਰ ਨਹੀਂ ਹਨ ਵੋਟਾਂ ਪਾਉਣ ਵਾਲੇ ਜਿੰਨ੍ਹੇ ਉਥੇ ਉਮੀਦਵਾਰ ਖੜ੍ਹੇ ਹੋਏ ਹਨ। ਹੁਣ ਤਾਂ ਆਮ ਲੋਕ ਜਿਹੜੇ ਵੋਟਾਂ ਆਦਿ ਦੇ ਚੱਕਰ ਤੋਂ ਦੂਰ ਰਹਿੰਦੇ ਹਨ ਉਹ ਵੀ ਇਹ ਕਹਿਣ ਲੱਗ ਗਏ ਹਨ ‘ਆਹ ਵੋਟਾਂ ਵਾਲਿਆਂ ਨੇ ਤਾਂ ਘਰ-ਘਰ ਗੇੜੇ ਮਾਰ-ਮਾਰ ਕੇ ਅਕਾਇਆ ਪਿਆ ਹੈ’।
ਜੋ ਇਸ ਵਾਰ ਭਾਰੀ ਗਿਣਤੀ ਵਿਚ ਵੋਟਾਂ ’ਚ ਆਪਣੀ ਕਿਸਮਤ ਅਜਮਾ ਰਹੇ ਹਨ ਅਤੇ ਵਾਧੂ ਖਰਚਾ ਕਰ ਰਹੇ ਹਨ ਇਨ੍ਹਾਂ ਦੀਆਂ ਆਸਾਂ ਨੂੰ ਬੂਰ ਪੈਂਦਾ ਹੈ ਜਾਂ ਨਹੀਂ ਇਹ ਤਾਂ ਹੁਣ ਇਨ੍ਹਾਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੀ ਸਾਫ਼ ਹੋ ਸਕੇਗਾ ਅਤੇ ਸਾਰੇ ਲੋਕਾਂ ਦੀਆਂ ਨਜ਼ਰਾਂ ਵੀ ਇਨ੍ਹਾਂ ਚੋਣਾਂ ਦੇ ਨਤੀਜਿਆਂ ਤੇ ਹੀ ਖੜ੍ਹੀਆਂ ਹਨ ਕਿ ਕੋਣ ਕਿੰਨੀਆਂ ਵੋਟਾਂ ਨਾਲ ਜਿੱਤਦਾ ਹੈ ਅਤੇ ਕੋਣ ਕਿੰਨੀਆਂ ਵੋਟਾਂ ਨਾਲ ਹਰਦਾ ਹੈ। ਅਸਲ ਵਿਚ ਇਹ ਵੀ ਇਨ੍ਹਾਂ ਨਤੀਜਿਆਂ ਤੋਂ ਬਾਅਦ ਹੀ ਅੰਦਾਜਾ ਲਗਾਇਆ ਜਾ ਸਕੇ ਜੋ ਜਿੱਤੇਗਾ ਉਹ ਪਿੰਡ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾ ਸਕੇਗਾ ਜਾਂ ਨਹੀਂ?
ਸੁਖਰਾਜ ਚਹਿਲ ਧਨੌਲਾ
ਪਿੰਡ ਅਤੇ ਡਾਕ ਧਨੌਲਾ
ਜਿਲ੍ਹਾ ਬਰਨਾਲਾ
ਮੋਬਾ: 97810-48055

0 comments:
Speak up your mind
Tell us what you're thinking... !