Headlines News :
Home » » ਸੋਚਾਂ ਦੇ ਖੰਬ-.ਰਵੀ ਸੱਚਦੇਵਾ

ਸੋਚਾਂ ਦੇ ਖੰਬ-.ਰਵੀ ਸੱਚਦੇਵਾ

Written By Unknown on Sunday, 30 June 2013 | 02:34

ਭੱਠੀ ਵਾਂਗ ਤਪਦੀ ਦੁਪਿਹਰ ਦਾ ਪਰਛਾਵਾਂ ਲੱਥਣ ਤੇ ਆ ਗਿਆ ਸੀ। ਸੱਪ ਵਾਂਗ ਸ਼ੂਕਦੀ ਸੜਕ 'ਤੇ ਦੂਰ ਤੱਕ ਗੰਭੀਰ ਚੁੱਪੀ ਛਾਈ ਹੋਈ ਸੀ। ਗਾਹਕਾਂ ਦੀ ਉਡੀਕ ਵਿੱਚ ਉਹ ਵਾਰ-ਵਾਰ ਬਾਹਰ ਤੱਕਦਾ, ਉਬਾਸੀਆਂ ਲੈ ਰਿਹਾ ਸੀ। ਸਵੇਰ ਤੋਂ ਸ਼ਾਮ ਤੱਕ ਦੇ ਵੱਟੇ ਪੈਸਿਆਂ ਨਾਲ ਦੁਕਾਨ ਦਾ ਕਿਰਾਇਆ ਵੀ ਪੂਰਾ ਨਹੀਂ ਸੀ ਹੋਇਆਂ। ਚਮੜੇ ਨੂੰ ਸੂਤ ਨਾਲ ਹੱਥੀਂ ਸਿਊਂਕੇ ਪੰਜਾਬੀ ਜੁੱਤੀ ਬਣਾਉਣ ਦਾ ਉਹਦਾ ਜੱਦੀ ਧੰਦਾ ਮਹਿੰਗਾਈ  ਦੀ ਮਾਰ ਹੇਠ ਸਹਿਕ ਰਿਹਾ ਸੀ।  ਚੰਗੇ ਚਮੜੇ ਦੀ ਕਿੱਲਤ, ਬਹੁਮੁੱਲੀ ਮਜ਼ਦੂਰੀ, ਕਾਰੀਗਰ ਦੀ ਥੁੜ  'ਤੇ ਆਰਥਿਕ ਸੰਕਟ ਦੇ ਕਾਰਨ  ਹੁਣ ਜੁੱਤੀ ਮਹਿੰਗੀ ਤੇ ਗਰੀਬੜਿਆਂ ਦੀ ਪਹੁੰਚ ਤੋਂ ਦੂਰ ਹੋ ਗਈ ਸੀ। ਇੱਕ ਵੇਲਾ ਸੀ ਜਦ ਓਦੀ ਦੁਕਾਨ ਦੀ ਹੱਥ ਬਣੀ ਲੰਬੀ ਨੋਕ, ਨਹੁੰ ਕਟ, ਖੁੱਸਾ, ਪੈਰੀ, 'ਤੇ ਤਿੱਲੇਦਾਰ ਪੰਜਾਬੀ ਜੁੱਤੀ ਦੀ ਬੜ੍ਹੀ ਮੰਗ ਹੁੰਦੀ ਸੀ। ਹੁਣ ਲੋਕ ਮਹਿੰਗੀ ਜੁੱਤੀ ਨਾਲੋਂ ਸਸਤੇ ਮਸ਼ੀਨੀ ਬੂਟ ਤੇ ਚੱਪਲਾਂ ਵਧੇਰੇ ਪਸੰਦ ਕਰਨ ਲੱਗੇ ਨੇ। ਚਮੜੇ ਦੀ ਥਾਂ ਬਣਾਉਟੀ ਚਮੜੇ (ਸਿੰਥੈਟਿਕ ਲੈਦਰ) ਨੇ ਲੈ ਲਈ ਹੈ।  ਨੌਜਵਾਨ ਪੀੜ੍ਹੀ ਮਹਿੰਗੇ ਤੇ ਨਵੇਂ ਫੈਸ਼ਨ ਦੇ ਬੂਟਾਂ ਵੱਲ ਭੱਜਦੀ ਹੈ। ਉਸ ਨੂੰ ਪੰਜਾਬੀ ਜੁੱਤੀ ਨਾਲ ਕੋਈ ਮੋਹ ਪਿਆਰ ਨਹੀਂ ਰਹਿ ਗਿਆ ਹੈ। ਪੰਜਾਬੀ ਵਿਰਸੇ ਦੀ ਪਹਿਚਾਣ "ਪੰਜਾਬੀ ਜੁੱਤੀ" ਹੁਣ ਆਖਰੀ ਸਾਹ ਲੈਣ ਲੱਗੀ ਹੈ। ਪੈਸੇ ਦੀ ਕਿੱਲਤ ਕਾਰਨ ਧੰਦਾ ਬਦਲ ਦੀ ਹੈਸੀਅਤ ਨਹੀਂ ਸੀ। ਅਜਿਹੀ ਤੰਗੀਲੀ ਦਸ਼ਾ 'ਚ ਖਾਨਦਾਨੀ ਧੰਦਾ ਛੱਡਣ ਦੀ ਹਮਾਕਤ ਕਰਨਾ ਵੀ ਵੱਡੀ ਬੇਅਕਲੀ ਸੀ। ਢਿੱਡ ਭਰਨ ਲਈ ਆਸ ਰੱਖਣਾ ਜ਼ਰੂਰੀ ਸੀ। ਪਰ ਇਹ ਆਸ ਪਰਛਾਵਾਂ ਲੱਥਣ ਦੇ ਨਾਲ-ਨਾਲ ਖ਼ਤਮ ਹੁੰਦੀ ਜਾਂਦੀ ਸੀ। ਅਚਾਨਕ.....
-"ਐਕਸ ਕਿਊਜ ਮੀ ਪਲੀਜ਼...., 
ਦਿਲਕਸ਼ ਪਹਿਰਾਵੇਂ ਵਾਲੀ ਇੱਕ ਕੁੜੀ ਨੇ ਦੁਕਾਨ ਅੰਦਰ ਪੈਰ ਧਰਿਆ।  ਪਹਿਲੀ ਨਜ਼ਰ 'ਚ ਹੀ ਮੁੰਡਾ ਕੁੜੀ ਦੇ ਜੋਬਨਵੰਤੀ ਹੁਸਨ ਦਾ ਘਾਇਲ ਹੋ ਗਿਆ। ਉਹਨੂੰ  ਦੂਹਰੀ ਆਸ ਬੱਝੀ।    
ਕੁੜੀ ਦੇ ਮੱਥੇ 'ਚੋ ਪਸੀਨੇ ਦੇ ਤੁਬਕੇ ਨੁੱਚੜ ਰਹੇ ਸਨ। ਹਫ਼ਦੇ ਸ਼ਾਹਾ ਨਾਲ ਉਨ੍ਹੇ ਆਪਣੇ ਖ਼ੁਸ਼ਕ ਬੁੱਲਾਂ ਤੇ ਜੀਬ  ਫੇਰੀ 'ਤੇ ਮੁੰਡੇ ਨੂੰ ਕਿਹਾ- 
-"ਜੀ.... ਪੀਣ ਨੂੰ ਪਾਣੀ ਮਿਲੇਗਾ, ਬੜ੍ਹੀ ਪਿਆਸ ਲੱਗੀ ਏ।
-"ਜੀ ਜ਼ਰੂਰ....,ਉਂਗਲਾ ਨਾਲ ਆਪਣੇ ਸਿਰ 'ਤੇ ਕੰਘੀ ਕਰਦਾ, ਮੁੰਡਾ ਫਰੀਜ਼ 'ਚੋ ਪਾਣੀ ਦੀ ਥਾਂ ਗੋਲੀ ਵਾਲਾ ਬੱਤਾ ਕੱਢ ਲਿਆਇਆ। ਕੱਚ ਦੇ ਗਿਲਾਸ 'ਚ ਪਾ ਕੇ ਉਨ੍ਹੇ ਕੁੜੀ ਅੱਗੇ ਪੇਸ਼ ਕੀਤਾ।"
-"ਬਹੁਤ-ਬਹੁਤ ਮਿਹਰਬਾਨੀ ਜੀ" ਕਹਿੰਦੇ ਹੀ ਕੁੜੀ ਬੱਤੇ ਦੇ ਘੁੱਟ ਭਰਨ ਲੱਗੀ। 
ਮੁੰਡਾ ਕੁੜੀ ਦੇ ਬਦਨ ਦੀਆਂ ਗੁਲਾਈਆਂ 'ਤੇ ਗੁੰਦਵੇਂ , ਲਚਕੀਲੇ ਅੰਗਾਂ ਦੇ ਰਹੱਸ ਨੂੰ ਆਪਣੀਆਂ ਅੱਖਾਂ ਨਾਲ ਸਕੈਨ ਕਰਨ ਵਿੱਚ ਮਸਤ ਹੋ ਗਿਆ। ਬਾਹਰਲੀ ਗਰਮੀ ਨੂੰ ਅੰਦਰੂਨੀ ਗਰਮੀ ਕੱਟ ਰਹੀ ਸੀ। ਓਦੇ ਰੋਮ-ਰੋਮ 'ਚ ਦੌੜਦੀਆਂ ਏਨ੍ਹਾਂ ਸੁਆਦਲੀਆਂ ਕਿਰਮਚੀ ਲੀਕਾਂ ਨੇ ਉਹਨੂੰ ਅਧੂਰੀ ਦਿਹਾੜੀ ਦੇ ਫ਼ਿਕਰ ਤੋਂ ਮੁਕਤ ਕਰ ਦਿੱਤਾ ਸੀ।
".............." 
ਦੌ-ਚਾਰ ਘੁੱਟ ਭਰਨ ਤੋਂ ਬਾਅਦ ਕੁੜੀ ਨੇ ਇੱਕ ਲੰਬਾ ਜਿਹਾ ਸ਼ਾਹ ਲਿਆ 'ਤੇ  ਬੋਲੀ -
- "ਜੀ.... ਤੁਹਾਡੇ ਕੋਲ ਕੋਈ ਇੰਪੋਰਟਿਡ ਜੁੱਤੀ ਹੈ....?" 
-"ਜੀ ਨਹੀਂ ....!!"  ਜੁੱਤੀ ਤਾਂ ਪੰਜਾਬ 'ਚ ਹੀ ਬਣਦੀ ਏ ਕੱਲੀ। ਮਸ਼ੀਨੀ ਮੇਡ-ਇਨ-ਚਾਇਨਾ ਆਈ ਸੀ ਪਿੱਛੇ ਜੇ। ਪੰਜਾਬੀ ਬਹੁਰੰਗੀ ਕਢਾਈ ਵਾਲੀ ਜੁੱਤੀ ਦੀ ਰੀਸ ਕਰ ਹੀ ਨਹੀਂ ਸਕਦੀ ਉਹ ਜੁੱਤੀ ਜੀ। ਪੰਜਾਬੀਆਂ ਦੀ ਸ਼ਾਨ ਏ ਏਹ ਜੁੱਤੀ। ਪੰਜਾਬੀਆਂ ਦੀ ਪਹਿਚਾਣ ਏ ਏਹ ਜੁੱਤੀ। ਜਿੰਨਾ ਮਰਜ਼ੀ ਜ਼ੋਰ ਲਾ ਲੈਣ ਇਹ ਵਿਦੇਸ਼ੀ ਕੰਪਨੀਆਂ, ਪੰਜਾਬੀ ਜੁੱਤੀ ਦੀ ਨਕਲ ਕੋਈ ਬਣਾ ਹੀ ਨਹੀਂ ਸਕਦਾ।
 -"ਸੁਣੀਆਂ ਹੈ ਜੀ.. ਉਹਦੇ 'ਚ ਚਮੜੇ ਦੀ ਬੋ ਨਹੀਂ ਮਾਰਦੀ....?"
-"ਮੈਡਮ ਜੀ...,ਗੱਲ ਪੈਸੇ ਦੀ ਏ ਸਾਰੀ" ਚਮੜਾ ਰੰਗਣ ਲਈ ਪਾਇਆ ਜਾਣ ਵਾਲਾ ਮਸਾਲਾ ਤੇ ਹੋਰ ਸਮਾਨ ਸ਼ੁੱਧ ਤੇ ਪੂਰੀ ਮਾਤਰਾ ’ਚ ਪਾਇਆ ਜਾਵੇ ਤਾਂ ਚਮੜਾ ਬਹੁਤ ਵਧੀਆ, ਮੁਲਾਇਮ, ਸੁੰਦਰ, ਉਘੜਵੇਂ ਰੰਗ ਵਾਲਾ ਤੇ ਹੰਢਣਸਾਰ ਬਣ ਜਾਂਦੈ। ਬੋ ਵੀ ਤਕਰੀਬਨ ਖ਼ਤਮ ਹੋ ਜਾਂਦੀ ਏ। ਅੱਜਕੱਲ ਰਵਾਇਤੀ ਢੰਗ ਦੀ ਬਜਾਏ ਚਮੜਾ ਤੇਜ਼ਾਬ ਪਾ ਕੇ ਮਸ਼ੀਨਾਂ ਨਾਲ ਰੰਗਿਆ ਜਾਂਦਾ ਏ। ਜਿਸ ਨਾਲ ਚਮੜੇ ਦੀ ਗੁਣਵੱਤਾ ਬਹੁਤ ਘੱਟ ਜਾਂਦੀ ਏ। ਪਰ ਆਪਾ ਸਾਰਾ ਕੁਝ ਆਪਣੀ ਹੱਥੀ ਕਰੀਦਾ ਏ। ਇੱਕ ਵਾਰ ਸੇਵਾ ਦਾ ਮੌਕਾ ਦੇਓ।  ਵਿਸ਼ਵਾਸ਼ ਕਰੋ ਜੀ ਕੋਈ ਉਲਾਹਮਾ ਨਹੀਂ ਆਉਂਣਾ।" ਬੱਤੇ ਦੇ ਗਿਲਾਸ 'ਚ ਉਲਰਦੀ ਝੱਗ ਵਾਂਗ ਮੁੰਡਾ ਕੁੜੀ ਵੱਲ ਉਲਰਦਾ ਹੋਇਆਂ ਇੱਕੋ ਸਾਹੀ ਬੋਲ ਗਿਆ।
-"ਦੇ ਦਿਉ ਜੀ ਇੱਕ  ਜੋੜਾ ਫਿਰ"
-"ਕਿਸ ਤਰ੍ਹਾਂ ਦੀ ਦੇਖਣਾ ਚਾਹੁੰਦੇ ਹੋ ਜੀ?" 
-"ਜੋ ਤੁਹਾਨੂੰ ਚੰਗੀ ਲੱਗੇ" 
ਮੁੰਡੇ ਦੀ ਰਮਜ਼ ਸਮਝਦੇ ਹੋਏ, ਕੁੜੀ ਨੇ ਉਹਦੀ ਹਰਕਤ ਦਾ ਜਵਾਬ ਓਦੇ ਹੀ ਤਰੀਕੇ ਨਾਲ ਹੀ ਦਿੱਤਾ।
  -"ਆ ਲੋ ਜੀ ਫਿਰ ਓਰਿਜ਼ਨਲ ਹੱਥ ਮੇਡ ਤਿੱਲੇਦਾਰ ਪੰਜਾਬੀ ਜੁੱਤੀ, ਪਾਉਗੇ ਤਾ ਯਾਦ ਰੱਖੋਗੇ ਇਸ ਨਾਚੀਜ ਨੂੰ"
  -"ਕਿੰਨੇ ਦੀ ਹੈ ਜੀ ਇਹ...?"
-"ਜੀ ਤੁਹਾਡੇ ਵਾਸਤੇ ਸਿਰਫ਼ ਚੌਦਾਂ ਸੌ ਦੀ"
-"ਮਾਫ਼ ਕਰਨਾ ਜੀ ਏਨ੍ਹੇ ਪੈਸੇਂ ਤਾਂ ਮੇਰੇ ਕੋਲ ਹੈ ਨਹੀਂ ਇਸ ਵਕਤ...., ਕੁੜੀ ਆਪਣੇ ਪਰਸ ਵਿੱਚ ਹੱਥ ਮਾਰਦੀ ਹੋਈ, ਅਦੁੱਤੀ ਮੁਸਕਰਾਹਟ ਨਾਲ ਥੌੜਾ ਪੰਘਰਦੇ ਹੋਏ ਬੋਲੀ।
-"ਕੋਈ ਗੱਲ ਨਹੀਂ ਜੀ ਹੱਟੀ ਤੁਹਾਡੀ ਏ, ਫਿਰ ਦੇ ਜਾਣਾ। ਮੁੰਡੇ ਨੇ ਕੁੜੀ ਵੱਲ 'ਤੇ ਕੁੜੀ ਨੇ ਮੁੰਡੇ ਵੱਲ ਅਰਥ ਭਰਪੂਰ ਨਜ਼ਰਾਂ ਨਾਲ ਤੱਕਿਆ।
ਦੋਹਾਂ ਦੇ ਚਿਹਰੇ ਤੇ ਸਹਿਮਤੀ ਭਰੇ ਚਿੰਨ੍ਹ ਸਨ। 
ਮੁੰਡੇ ਦੇ ਮਨ ਦੀਆਂ ਅਭਿਲਾਸ਼ੀ ਤਰੰਗ ਨੇ ਸੋਚਾਂ ਨੂੰ ਖੰਭ ਲਗਾਏ 'ਤੇ ਭਰੀ ਇੱਕ ਲੰਬੀ ਉਡਾਰੀ...  
- ਪੱਤਛੜ ਤੋਂ ਬਾਅਦ ਬੂਰ ਪਈ ਹਰਿਆਲੇ ਵਾਂਗ ਅੱਖਾਂ ਨੂੰ ਭਾਉਂਦੀ  ਝਲ-ਝਲ ਝਲਕਦੀ ਜੁਆਨੀ ਤੇ ਅੰਗ-ਅੰਗ 'ਚ ਡੁੱਲ੍ਹਦੇ ਵੇਗਾ ਭਰੀ ਹੱਦੋ ਸੋਹਣੀ ਏਸ ਕੁੜੀ ਨਾਲ, ਜੇ ਗੱਲ ਬਣ ਗਈ ਤਾ ਲਾਈਫ਼ ਮੇਰੀ ਪੂਰੀ ਦੀ ਪੂਰੀ ਸੈਟਲ ਹੋ ਚੂ....!!
ਕੁੜੀ ਦੇ ਮਨ ਦੀਆਂ ਅਭਿਲਾਸ਼ੀ ਤਰੰਗ ਨੇ ਵੀ ਸੋਚਾਂ ਨੂੰ ਖੰਭ ਲਗਾਏ 'ਤੇ ਭਰੀ ਇੱਕ ਲੰਬੀ ਉਡਾਰੀ...  
- ਪੰਜਾਬੀ ਜੁੱਤੀ ਦੀਆਂ ਸਿਰਫ਼ ਦੌ ਦੁਕਾਨਾ ਨੇ ਸ਼ਹਿਰ 'ਚ। ਤਕੜੀ ਅਸਾਮੀ ਲੱਗਦੈ ਇਹ ਲਾਈਲੱਗ ਭੋਲਾ ਪੰਛੀ? ਅਸਾਨੀ ਨਾਲ ਪਿਛਾੜੀ ਵੀ ਲੱਗ ਜੂ। ਫਸ ਗਿਆ ਤਾ ਮੇਰੀ ਤਾ ਪੌ-ਬਾਰ੍ਹਾਂ। ਦਸੇ ਉਗਲਾਂ ਘਿਓ 'ਚ।  ਪੈਸੇ-ਧੈਲੇ ਦੀ ਮੇਰੀ ਕਿੱਲਤ ਦੂਰ ਵੀ ਕਰ ਦੇਊ। ਨਿੱਤ ਮੁਰਗੀਆਂ ਵਾਂਗ  ਆਡੇ ਦੇਊ ਏਹ ਮੁਰਗਾ, ਉਹ ਵੀ ਖਰੇ ਸੋਨੇ ਦੇ....!!
.ਰਵੀ ਸੱਚਦੇਵਾ 

ਸੱਚਦੇਵਾ ਮੈਡੀਕੋਜ -  ਸ੍ਰੀ ਮੁਕਤਸਰ ਸਾਹਿਬ 

ਅਜੋਕੀ ਰਿਹਾਇਸ਼ - ਮੈਲਬੋਰਨ (ਆਸਟੇ੍ਲੀਆ)
ਮੋਬਾਇਲ ਨੰਬਰ - 0061- 449965340

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template